31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਬਾਲ ਕਹਾਣੀ ਬਸ ਦੋ ਮਿੰਟ

ਬਾਲ ਕਹਾਣੀ ਬਸ ਦੋ ਮਿੰਟ

Ad Position 21
No active advertisement
ਅਜੀਤ ਡੈਸਕ 31-10-2026

ਕੱਲ੍ਹ ਦੀਵਾਲੀ ਦਾ ਤਿਉਹਾਰ ਹੈ | ਪੂਰੇ ਘਰ ਦੀ ਸਾਫ਼-ਸਫ਼ਾਈ ਹੋ ਰਹੀ ਸੀ ਪਰ ਦੀਪਾ ਅਜੇ ਵੀ ਸੁੱਤੀ ਪਈ ਸੀ | ਉਸ ਦੀ ਮੰਮੀ ਨੂੰ  ਪਤਾ ਸੀ ਕਿ ਅੱਜ ਸਕੂਲੋਂ ਛੁੱਟੀ ਹੋਣ ਕਰਕੇ ਦੀਪਾ ਛੇਤੀ ਉੱਠਣ ਵਾਲੀ ਨਹੀਂ | ਇਸ ਲਈ ਉਹ ਉਸ ਦੇ ਕਮਰੇ ਵਿਚ ਉਸ ਨੂੰ  ਉਠਾਉਣ ਲਈ ਨਾ ਗਏ ਪਰ ਦੀਪਾ ਦੇ ਪਾਪਾ ਨੇ ਜ਼ਰੂਰ ਦੀਪਾ ਨੂੰ  ਆਵਾਜ਼ ਦੇ ਕੇ ਕਿਹਾ, 'ਬੇਟਾ, ਉੱਠ ਕੇ ਹੱਥ ਮੂੰਹ ਧੋ ਲੈ | ਕੱਲ੍ਹ ਤਿਉਹਾਰ ਹੈ, ਤੇਰੇ ਕਮਰੇ ਦੀ ਸਫ਼ਾਈ ਵਿਚ ਮੰਮੀ ਨਾਲ ਹੱਥ ਵਟਾ ਦੇ |'

ਪਰ ਦੀਪਾ ਨੇ ਬਸ ਦੋ ਮਿੰਟ ਕਹਿ ਕੇ ਫਿਰ ਚਾਦਰ ਤਾਣ ਲਈ | ਇਹ ਇਕ ਦਿਨ ਦੀ ਗੱਲ ਨਹੀਂ ਸੀ | ਦੀਪਾ ਬਹੁਤ ਆਲਸੀ ਸੀ | ਜ਼ਿਆਦਾ ਦੇਰ ਤੱਕ ਸੋਣਾ ਤੇ ਕੰਮ ਤੋਂ ਟਲਣਾ ਉਸ ਦੀ ਆਦਤ ਵਿਚ ਸ਼ਾਮਿਲ ਸੀ | ਜੇਕਰ ਘਰ ਵਿਚ ਕੋਈ ਉਸ ਨੂੰ  ਕੰਮ ਕਹਿ ਦਿੰਦਾ ਤਾਂ ਉਹ ਅੱਗੋਂ ਆਖਦੀ, 'ਬਸ ਦੋ ਮਿੰਟ |' ਤੇ ਫਿਰ ਮੋਬਾਈਲ ਕਰਨ ਬੈਠ ਜਾਂਦੀ | ਅੱਗੋਂ ਉਸ ਦੇ ਮੰਮੀ ਵੀ ਉਸ ਦੇ ਪਾਪਾ ਅੱਗੇ ਉਸ ਦਾ ਪੱਖ ਪੂਰਦੇ ਹੋਏ ਆਖ ਦਿੰਦੇ, 'ਚਲੋ ਛੱਡੋ, ਇਸ ਨੂੰ  ਕੋਈ ਕੰਮ ਨਾ ਕਹੋ | ਇਹ ਵਿਚਾਰੀ ਦੇਰ ਰਾਤ ਤੱਕ ਪੜ੍ਹਦੀ ਐ, ਇਸ ਨੂੰ  ਆਰਾਮ ਕਰਨ ਦਿਓ |'
ਦੀਵਾਲੀ ਦੀ ਸਵੇਰ ਵੀ ਏਦਾਂ ਹੀ ਹੋਇਆ, ਦੀਪਾ ਆਪਣੇ ਕਮਰੇ ਵਿਚ ਸੁੱਤੀ ਪਈ ਸੀ | ਉਸ ਦੀਆਂ ਕਿਤਾਬਾਂ ਤੇ ਹੋਰ ਸਾਮਾਨ ਇਧਰ-ਉਧਰ ਬਿਖਰਿਆ ਪਿਆ ਸੀ | ਉਸ ਦੇ ਮੰਮੀ ਨੇ ਉਸ ਨੂੰ  ਮੋਢੇ ਤੋਂ ਹਿਲਾਉਂਦੇ ਹੋਏ ਕਿਹਾ, 'ਬੇਟਾ, ਮੈਂ ਤੇ ਤੇਰੇ ਪਾਪਾ ਦੀਵਾਲੀ ਦਾ ਸਮਾਨ ਖਰੀਦਣ ਲਈ ਬਾਜ਼ਾਰ ਜਾ ਰਹੇ ਹਾਂ | ਮੈਨੂੰ ਪਤਾ ਹੈ ਕਿ ਤੂੰ ਤਾਂ ਚੱਲਣਾ ਨਹੀਂ ਤੇ ਅਜੇ ਹੋਰ ਸੋਣਾ ਹੈ | ਇਸ ਲਈ ਉੱਠ ਕੇ ਨਾਸ਼ਤਾ ਕਰ ਲਵੀਂ | ਤੇਰੇ ਦਾਦੀ ਜੀ ਕੋਈ ਕੰਮ ਕਹਿਣ ਤਾਂ ਕਰ ਦੇਵੀਂ |' ਦੀਪਾ ਨੂੰ  ਇੰਜ ਲੱਗਿਆ ਜਿਵੇਂ ਮੰਮੀ ਨੇ ਉਸ ਨੂੰ  ਔਖਾ ਤੇ ਭਾਰਾ ਕੰਮ ਕਹਿ ਦਿੱਤਾ ਹੋਵੇ | ਦੀਪਾ ਦੇ ਪਾਪਾ ਮਜ਼ਾਕ ਵਿਚ ਬੋਲੇ, 'ਬੇਟਾ, ਸਾਡੇ ਆਉਣ ਤੋਂ ਪਹਿਲਾਂ ਸਾਰਾ ਘਰ ਸਾਫ਼ ਕਰ ਦੇਵੀਂ | ਹੈਪੀ ਦੀਵਾਲੀ... |'
ਮੰਮੀ-ਪਾਪਾ ਦੇ ਜਾਣ ਮਗਰੋਂ ਦੀਪਾ ਨੂੰ  ਅਹਿਸਾਸ ਹੋਇਆ ਕਿ ਉਸ ਦੇ ਪਾਪਾ ਬੇਸ਼ੱਕ ਮਜ਼ਾਕ ਵਿਚ ਹੀ ਉਸ ਨੂੰ  ਇਹ ਗੱਲ ਆਖ ਗਏ ਪਰ ਅੱਜ ਉਸ ਨੂੰ  ਵਿਖਾ ਦੇਣਾ ਚਾਹੀਦਾ ਹੈ ਕਿ ਉਹ ਆਲਸੀ ਨਹੀਂ ਹੈ |
ਫਿਰ ਕੀ ਸੀ ਉਸ ਨੇ ਸਭ ਤੋਂ ਪਹਿਲਾਂ ਆਪਣਾ ਕਮਰਾ ਸਾਫ਼ ਕੀਤਾ ਤੇ ਹਰ ਇਕ ਚੀਜ਼ ਅਨੁਸ਼ਾਸਨ ਨਾਲ ਰੱਖ ਦਿੱਤੀ | ਫਿਰ ਉਸ ਨੇ ਝਾੜੂ ਲੈ ਕੇ ਪੂਰਾ ਵਿਹੜਾ ਸਾਫ਼ ਕੀਤਾ ਤੇ ਨਾਸ਼ਤਾ ਕਰਕੇ ਸਾਰੇ ਬਰਤਨ ਵੀ ਧੋ ਕੇ ਸਲੀਕੇ ਨਾਲ ਚਿਣ ਦਿੱਤੇ | ਉਸ ਨੇ ਦਾਦੀ ਜੀ ਨੂੰ  ਚਾਹ ਵੀ ਗਰਮ ਕਰਕੇ ਦੇ ਦਿੱਤੀ ਤਾਂ ਉਹ ਵੀ ਹੈਰਾਨ ਰਹਿ ਗਏ ਕਿ ਦੀਪਾ ਵਿਚ ਇਹ ਪਰਿਵਰਤਨ ਕਿਵੇਂ ?
ਤਦੇ ਦੀਪਾ ਨੇ ਦੇਖਿਆ ਕਿ ਗਲੀ ਵਿਚੋਂ ਬੂਟੇ ਵੇਚਣ ਵਾਲਾ ਭਾਈ ਲੰਘ ਰਿਹਾ ਸੀ | ਉਸ ਨੇ ਬੂਟੇ ਤੇ ਪੌਦੇ ਵੇਚਣ ਵਾਲੇ ਭਾਈ ਨੂੰ  ਆਵਾਜ਼ ਦੇ ਕੇ ਰੋਕ ਲਿਆ ਤੇ ਫਿਰ ਆਪਣੇ ਇਕੱਠੇ ਕੀਤੇ ਪੈਸੇ ਚੁੱਕ ਲਿਆਈ | ਉਸ ਨੇ ਆਪਣੀ ਮਨਪਸੰਦ ਦੇ ਕੁਝ ਬੂਟੇ ਤੇ ਪੌਦੇ ਖਰੀਦੇ ਤੇ ਭਾਈ ਨੂੰ  ਖਾਲੀ ਪਏ ਗਮਲ਼ਿਆਂ ਵਿਚ ਲਗਾਉਣ ਲਈ ਕਿਹਾ |
ਫਿਰ ਉਸ ਨੇ ਭਾਈ ਨੂੰ  ਪੈਸੇ ਦੇ ਕੇ ਬੂਟਿਆਂ ਤੇ ਪੌਦਿਆਂ ਨੂੰ  ਆਪ ਹੀ ਪਾਣੀ ਵੀ ਦੇ ਦਿੱਤਾ | ਇਕ ਕਤਾਰ ਵਿਚ ਵਿਹੜੇ ਦੀ ਦੀਵਾਰ 'ਤੇ ਸਜੇ ਗਮਲ਼ੇ ਬਹੁਤ ਸੁੰਦਰ ਲੱਗ ਰਹੇ ਸਨ | ਦੀਪਾ ਉਨ੍ਹਾਂ ਨੂੰ  ਕਿੰਨਾ ਚਿਰ ਖੜ੍ਹੀ ਨਿਹਾਰਦੀ ਰਹੀ | ਉਸ ਨੇ ਦਾਦੀ ਜੀ ਨੂੰ  ਵੀ ਇਹ ਸਭ ਵਿਖਾਇਆ | ਉਹ ਵੀ ਬੜੇ ਖੁਸ਼ ਹੋਏ |
ਦੁਪਹਿਰ ਤੋਂ ਪਹਿਲਾਂ ਦੀਪਾ ਦੇ ਮੰਮੀ-ਪਾਪਾ ਜਦੋਂ ਘਰ ਆਏ ਤਾਂ ਉਹ ਹੈਰਾਨ ਰਹਿ ਗਏ ਕਿ ਘਰ ਦੇ ਵਿਹੜੇ ਦੀ ਦੀਵਾਰ 'ਤੇ ਗਮਲ਼ਿਆਂ ਵਿਚ ਪੌਦੇ ਤੇ ਬੂਟੇ ਕਿਸ ਨੇ ਲਗਾ ਦਿੱਤੇ ?
ਫਿਰ ਉਹ ਜਿਵੇਂ ਹੀ ਘਰ ਦੇ ਅੰਦਰ ਦਾਖ਼ਲ ਹੋਏ ਤਾਂ ਹੋਰ ਵੀ ਹੈਰਾਨ ਹੋਏ ਕਿ ਇਕ ਪਾਸੇ ਬੜੀ ਸੋਹਣੀ ਰੰਗੋਲੀ ਬਣਾਈ ਹੋਈ ਸੀ | ਪੂਰਾ ਘਰ ਸਾਫ਼ ਲੱਗ ਰਿਹਾ ਸੀ | ਉਨ੍ਹਾਂ ਨੂੰ  ਜਦੋਂ ਪਤਾ ਲੱਗਾ ਕਿ ਇਹ ਸਭ ਦੀਪਾ ਨੇ ਕੀਤਾ ਹੈ ਤਾਂ ਉਹਨਾਂ ਦੀ ਜਿਵੇਂ ਸਾਰੀ ਥਕਾਨ ਲਹਿ ਗਈ ਸੀ |
ਉਨ੍ਹਾਂ ਨੇ ਦੀਪਾ ਨੂੰ  ਸ਼ਾਬਾਸ਼ੀ ਦਿੰਦੇ ਹੋਏ ਗਲ ਨਾਲ ਲਗਾ ਲਿਆ | ਦੀਪਾ ਦੇ ਪਾਪਾ ਕਹਿਣ ਲੱਗੇ, 'ਵਾਹ, ਮੈਂ ਤਾਂ ਵੈਸੇ ਹੀ ਆਖਿਆ ਸੀ ਕਿ ਦੀਪਾ ਪੂਰਾ ਘਰ ਸਾਫ਼ ਕਰ ਦੇਵੀਂ ਪਰ ਤੂੰ ਤਾਂ ਜਿਵੇਂ ਜਾਦੂ ਹੀ ਕਰ ਦਿੱਤਾ | ਘਰ ਦੀ ਸਾਫ਼-ਸਫ਼ਾਈ ਦੇ ਨਾਲ ਹੀ ਹਰਿਆਲੀ ਨਾਲ ਵੀ ਪੂਰਾ ਘਰ ਮਹਿਕਾ ਦਿੱਤਾ ਹੈ | ਆਪਣੇ ਪਟਾਕਿਆਂ ਲਈ ਰੱਖੇ ਪੈਸਿਆਂ ਦੀ ਸਹੀ ਵਰਤੋਂ ਕੀਤੀ ਹੈ | ਇੰਜ ਲੱਗ ਰਿਹਾ ਹੈ ਕਿ ਜਿਵੇਂ ਅੱਜ ਹਰੀ ਦੀਵਾਲੀ ਹੋਵੇ | ਸ਼ਾਬਾਸ਼ ਧੀਏ, ਮੈਨੂੰ ਤੇਰੇ 'ਤੇ ਮਾਣ ਹੈ | ਕੌਣ ਕਹਿੰਦਾ ਹੈ ਸਾਡੀ ਬੇਟੀ ਆਲਸੀ ਹੈ...?' ਇਹ ਸੁਣ ਕੇ ਦੀਪਾ ਦਾ ਚਿਹਰਾ ਵੀ ਖੁਸ਼ੀ ਨਾਲ ਖਿੜ ਗਿਆ | ਫਿਰ ਉਹ ਚਹਿਕ ਕੇ ਬੋਲੀ, 'ਮੰਮੀ-ਪਾਪਾ ਤੁਸੀਂ ਕਾਫੀ ਥੱਕ ਗਏ ਹੋਵੋਗੇ | ਮੈਂ ਤੁਹਾਡੇ ਲਈ ਚਾਹ ਬਣਾਉਂਦੀ ਹਾਂ...ਬਸ ਦੋ ਮਿੰਟ... |' ਤੇ ਫਿਰ ਉਹ ਰਸੋਈ ਵਿਚ ਚਲੀ ਗਈ |
ਇਸ ਵਾਰ ਦੀਪਾ ਵਲੋਂ ਆਖੇ 'ਬਸ ਦੋ ਮਿੰਟ' ਕੰਮ ਤੋਂ ਟਲਣ ਲਈ ਨਹੀਂ ਸਗੋਂ ਉਸ ਦੇ ਉਤਸ਼ਾਹ ਤੇ ਮਿਹਨਤ ਦੀ ਪਛਾਣ ਬਣ ਗਏ ਸਨ |
-ਆਰ.ਟੀ.ਆਈ.ਸੈੱਲ ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਮੋਬਾ.: 98723-25960

Ad Position 22
No active advertisement
ਪਿਛਲੀ ਖ਼ਬਰ ਸੂਬੇਦਾਰ ਜਗਜੀਤ ਸਿੰਘ ਨਮਿਤ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਬੇਗੋਵਾਲ ’ਚ ਕੀਰਤਨ ਤੇ ਅੰਤਿਮ ਅਰਦਾਸ ਅਗਲੀ ਖ਼ਬਰ ਆਓ, ਆਤਿਸ਼ਬਾਜ਼ੀ ਦੀ ਖੋਜ ਬਾਰੇ ਜਾਣੀਏ
Ad Position 24