ਬਰਸਾਤ ਦਾ ਮੌਸਮ ਹੈ | ਅੱਜ ਸੁਬਹ ਤੋਂ ਅਸਮਾਨ ਵਿਚ ਕਾਲੀ ਘਟਾ ਛਾਈ ਹੋਈ ਹੈ | ਇਮਲੀ ਸਕੂਲ ਜਾਣ ਲਈ ਤਿਆਰ ਹੋ ਰਹੀ ਹੈ | ਇਮਲੀ! ਛਤਰੀ ਲੈ ਕੇ ਜਾਈਾ .... ਬਾਰਿਸ਼ ਆਉਣ ਵਾਲੀ ਹੈ - ਇਮਲੀ ਦੇ ਪਾਪਾ ਨੇ ਇਮਲੀ ਨੂੰ ਤਾਕੀਦ ਕੀਤੀ |
ਜੀ ਪਾਪਾ - ਇਮਲੀ ਨੇ ਹਮੇਸ਼ਾਂ ਦੀ ਤਰ੍ਹਾਂ ਬੜੇ ਪਿਆਰੇ ਅੰਦਾਜ਼ ਵਿਚ ਜਵਾਬ ਦਿੱਤਾ |
ਇਮਲੀ ਨੇ ਅਲਮਾਰੀ ਖੋਲ੍ਹੀ | ਛਤਰੀ ਚੁੱਕੀ ਤੇ ਹੱਥ ਵਿਚ ਫੜ ਲਈ | ਇਮਲੀ ਨੇ ਬਾਹਰ ਆ ਕੇ ਦੇਖਿਆ, ਥੋੜ੍ਹੀ-ਥੋੜ੍ਹੀ ਬਾਰਿਸ਼ ਪੈਣ ਲੱਗ ਗਈ ਸੀ | ਇਮਲੀ ਨੇ ਛਤਰੀ ਖੋਲ੍ਹੀ | ਛਤਰੀ ਦੀ ਇਕ ਤਾਰ ਟੁੱਟੀ ਹੋਈ ਸੀ | ਇਸ ਨਾਲ ਛਤਰੀ ਦੀ ਬਨਾਵਟ ਖ਼ਰਾਬ ਹੋ ਗਈ ਸੀ | ਇਮਲੀ ਨੂੰ ਲੱਗਿਆ ਇਹ ਟੁੱਟੀ ਛਤਰੀ ਅੱਜ ਉਸ ਦੀ ਸ਼ਾਨ ਨੂੰ ਕੁਝ ਘੱਟ ਕਰੇਗੀ | ਪਰ ਇਹ ਬਾਰਿਸ਼ ਤੋਂ ਬਚਾਅ ਵੀ ਕਰੇਗੀ-ਇਮਲੀ ਨੇ ਆਪਣੇ ਆਪ ਨੂੰ ਸਮਝਾਇਆ |
ਸਕੂਲ ਪਹੁੰਚ ਕੇ ਇਮਲੀ ਨੇ ਦੇਖਿਆ, ਬੱਚੇ ਰੰਗ-ਬਰੰਗੀਆਂ ਛਤਰੀਆਂ ਲੈ ਕੇ, ਰੇਨ ਕੋਟ ਪਾ ਕੇ ਸਕੂਲ ਆ ਰਹੇ ਸਨ |
ਪਹਿਲਾ ਪੀਰੀਅਡ ਸ਼ੁਰੂ ਹੋ ਗਿਆ | ਬਾਰਿਸ਼ ਪੈ ਰਹੀ ਸੀ | ਮੈਡਮ ਨੌਸ਼ੀਨ ਨੇ ਸਾਰੀ ਕਲਾਸ ਨੂੰ ਬਾਰਿਸ਼ ਉ ੱਤੇ ਕਵਿਤਾ ਜਾਂ ਨਿਬੰਧ ਲਿਖਣ ਲਈ ਕਿਹਾ | ਸਾਰੇ ਬੱਚੇ ਸੋਚ-ਸੋਚ ਕੇ ਲਿਖਣ ਲੱਗੇ | ਸਭ ਦੀ ਕਲਮ ਹੌਲੀ-ਹੌਲੀ ਚੱਲ ਰਹੀ ਸੀ | ਕੁਝ ਦੇਰ ਬਾਅਦ ਮੈਡਮ ਨੇ ਬੱਚਿਆਂ ਨੂੰ ਸੁਣਾਉਣ ਲਈ ਕਿਹਾ | ਸੁਨੈਨਾ ਨੇ ਛਤਰੀ ਉ ੱਤੇ ਲਿਖਿਆ ਨਿਬੰਧ ਸੁਣਾਇਆ | ਫਿਰ ਇਮਲੀ ਦੀ ਵਾਰੀ ਆਈ |
'ਇਮਲੀ! ਸੁਣਾਓ ਕੀ ਲਿਖਿਆ ਹੈ?' -ਮੈਡਮ ਨੇ ਇਮਲੀ ਵੱਲ ਦੇਖ ਕੇ ਕਿਹਾ |
ਮੈਡਮ ! ਮੈਂ ਛਤਰੀ ਉ ੱਤੇ ਕਵਿਤਾ ਲਿਖੀ ਹੈ | - ਇਮਲੀ ਇਕਦਮ ਬੋਲੀ |
ਸ਼ਾਬਾਸ਼ ! ਸੁਣਾਓ |
ਇਮਲੀ ਖੜ੍ਹੇ ਹੋ ਕੇ ਆਪਣੇ ਖ਼ੂਬਸੂਰਤ ਅੰਦਾਜ਼ ਵਿਚ ਕਵਿਤਾ ਗਾ ਕੇ ਸੁਣਾਉਣ ਲੱਗੀ | ਇਮਲੀ ਦੀ
ਅਦਾਇਗੀ ਬੜੇ ਕਮਾਲ ਦੀ ਸੀ -
ਇਮਲੀ ਦੀ ਛਤਰੀ ਬਹੁਤ ਹਸੀਨ
ਰਿਮਝਿਮ-ਰਿਮਝਿਮ ਬਾਰਿਸ਼ ਜਦੋਂ ਪੈਂਦੀ
ਇਮਲੀ ਦੀ ਛਤਰੀ ਉਸ ਨੂੰ ਬਚਾਉਂਦੀ
ਗੁਲਾਬੀ ਰੰਗ ਦੀ ਇਮਲੀ ਦੀ ਛਤਰੀ
ਬਹੁਤ ਪਿਆਰੀ ਇਮਲੀ ਦੀ ਛਤਰੀ
ਜਿਵੇਂ ਹੀ ਕਵਿਤਾ ਖ਼ਤਮ ਹੋਈ, ਬੰਟੂ ਇਕਦਮ ਖੜ੍ਹਾ ਹੋ ਗਿਆ, ਉ ੱਚੀ ਆਵਾਜ਼ ਵਿਚ ਬੋਲਿਆ, 'ਮੈਡਮ ! ਇਮਲੀ ਦੀ ਛਤਰੀ ਹਸੀਨ ਨਹੀਂ ਹੈ | ਇਕ ਪਾਸੇ ਤੋਂ ਟੁੱਟੀ ਹੋਈ ਹੈ | ਮੈਂ ਸਵੇਰੇ ਖ਼ੁਦ ਦੇਖਿਆ ਸੀ |
ਬੰਟੂ ਦੀ ਗੱਲ ਸੁਣ ਕੇ ਸਾਰੀ ਕਲਾਸ ਹੱਸਣ ਲੱਗ ਪੈਂਦੀ ਹੈ |
ਡੋਂਟ ਲਾਫ਼-ਮੈਡਮ ਗੁੱਸੇ ਵਿਚ ਸਾਰੀ ਕਲਾਸ ਨੂੰ ਡਾਂਟਦੀ ਹੈ |
ਐਨੇ ਨੂੰ ਪੀਰੀਅਡ ਖ਼ਤਮ ਹੋਣ ਦੀ ਘੰਟੀ ਵੱਜ ਜਾਂਦੀ ਹੈ |
ਬੰਟੂ ! ਕਮ ਆਊਟਸਾਈਡ - ਸਖ਼ਤ ਆਵਾਜ਼ ਵਿਚ ਇਹ ਕਹਿ ਕੇ ਮੈਡਮ ਕਲਾਸ ਤੋਂ ਬਾਹਰ ਆਉਂਦੀ ਹੈ |
ਬੰਟੂ ਮੈਡਮ ਦੇ ਪਿੱਛੇ-ਪਿੱਛੇ ਤੇਜ਼-ਤੇਜ਼ ਕਦਮਾਂ ਨਾਲ ਬਾਹਰ ਆਉਂਦਾ ਹੈ |
ਮੈਡਮ ਨੌਸ਼ੀਨ ਬੰਟੂ ਨੂੰ ਡਾਂਟਦੀ ਹੈ, ਅੱਗੇ ਤੋਂ ਅਜਿਹਾ ਕਰਨ ਤੋਂ ਰੋਕਦੀ ਹੈ |
ਬੰਟੂ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ | ਬੰਟੂ ਡਾਂਟ ਖਾ-ਖਾ ਕੇ ਪੱਕਿਆ ਪਿਆ ਹੈ |
ਇਮਲੀ ਨੂੰ ਪਤਾ ਹੈ ਕਿ ਇਹ ਕੰਮ ਵਿਵੇਕ ਦਾ ਹੈ | ਵਿਵੇਕ ਨੇ ਹੀ ਬੰਟੂ ਨੂੰ ਸਿਖਾ ਕੇ ਬੋਲਣ ਲਈ ਕਿਹਾ ਹੈ | ਬੇਹੱਦ ਸਾਊ ਬੰਟੂ ਵਿਵੇਕ ਦਾ ਕਹਿਣਾ ਮੰਨਦਾ ਹੈ ਤੇ ਡਾਂਟ ਖਾਂਦਾ ਰਹਿੰਦਾ ਹੈ | ਕਦੇ ਕਿਸੇ ਤੋਂ, ਕਦੇ ਕਿਸੇ ਤੋਂ | ਪਰ ਵਿਵੇਕ ਦੀ ਦੋਸਤੀ ਨਹੀਂ ਛੱਡਦਾ | ਵਿਵੇਕ ਦਾ ਨਾਂਅ ਹੀ ਵਿਵੇਕ ਹੈ ਪਰ ਉਸ ਵਿਚ ਵਿਵੇਕ ਬਿਲਕੁਲ ਨਹੀਂ ਹੈ |
ਖ਼ੈਰ, ਇਮਲੀ ਨੂੰ ਇਸ ਗੱਲ ਦਾ ਅੰਦਾਜ਼ਾ ਤਾਂ ਸੀ ਕਿ ਛਤਰੀ ਦੇ ਟੁੱਟੇ ਹੋਣ ਕਰਕੇ ਕੁਝ ਬੱਚਿਆਂ ਦੀ ਨੁਕਤਾਚੀਨੀ ਦਾ ਸਾਹਮਣਾ ਉਸ ਨੂੰ ਕਰਨਾ ਪੈ ਸਕਦਾ ਹੈ | ਮਾਫ਼ ਕਰਨਾ ਇਮਲੀ ਦੇ ਸੁਭਾਅ ਦਾ ਹਿੱਸਾ ਹੈ | ਇਸ ਕਰਕੇ ਉਸ ਨੂੰ ਕੋਈ ਬਹੁਤਾ ਫ਼ਰਕ ਨਹੀਂ ਪਿਆ |
ਅੱਜ ਸਕੂਲ ਤੋਂ ਆਉਂਦੇ ਵਕਤ ਇਮਲੀ ਦੀ ਨਜ਼ਰ ਸੜਕ ਕਿਨਾਰੇ ਇਕ ਦੁਕਾਨ ਉ ੱਤੇ ਪਈ, ਜਿਸ ਵਿਚ ਰੰਗ-ਬਰੰਗੀਆਂ ਛਤਰੀਆਂ ਸਜਾਈਆਂ ਹੋਈਆਂ ਸਨ |
ਵਾਹ ! ਕਿੰਨੀਆਂ ਪਿਆਰੀਆਂ ਛਤਰੀਆਂ - ਮਨ ਹੀ ਮਨ ਵਿਚ ਇਮਲੀ ਬੋਲੀ | ਇਕ ਹਰੇ ਰੰਗ ਦੀ ਛਤਰੀ ਇਮਲੀ ਨੂੰ ਬਹੁਤ ਪਸੰਦ ਆ ਗਈ |
ਇਹ ਛਤਰੀ ਕਿੰਨੇ ਦੀ ਹੈ ?- ਇਮਲੀ ਨੇ ਹਰੇ ਰੰਗ ਦੀ ਛਤਰੀ ਵੱਲ ਇਸ਼ਾਰਾ ਕਰਕੇ ਦੁਕਾਨਦਾਰ ਨੂੰ ਪੁੱਛਿਆ |
500 ਰੁਪਏ ਬਿਟੀਆ | ਇਮਲੀ ਨੂੰ 500 ਰੁਪਏ ਕੁਝ ਜ਼ਿਆਦਾ ਲੱਗੇ | ਉਸ ਨੇ ਛਤਰੀ ਲੈਣ ਦਾ ਇਰਾਦਾ ਛੱਡ ਦਿੱਤਾ |
ਸਕੂਲ ਨੂੰ ਜਾਂਦੇ ਆਉਂਦੇ ਵਕਤ ਇਮਲੀ ਦਾ ਧਿਆਨ ਇਸ ਛਤਰੀ ਉੱਤੇ ਹੀ ਰਹਿੰਦਾ | ਦੋ ਤਿੰਨ ਦਿਨ ਦੀ ਕਸ਼ਮਕਸ਼ ਤੋਂ ਬਾਅਦ ਇਮਲੀ ਇਸ ਨਤੀਜੇ ਉ ੱਤੇ ਪਹੁੰਚੀ ਕਿ ਉਸ ਨੂੰ ਹਰੀ ਛਤਰੀ ਲੈ ਲੈਣੀ ਚਾਹੀਦੀ ਹੈ |
ਸਕੂਲ ਤੋਂ ਆਉਂਦੇ ਵਕਤ ਇਮਲੀ ਛਤਰੀ ਖ਼ਰੀਦਣ ਲਈ ਜਦੋਂ ਰੁਕੀ ਤਾਂ ਉਸ ਨੂੰ ਹਰੇ ਰੰਗ ਦੀ ਛਤਰੀ ਨਜ਼ਰ ਨਾ ਆਈ | ਉਸ ਨੇ ਦੁਕਾਨਦਾਰ ਨੂੰ ਛਤਰੀ ਬਾਰੇ ਪੁੱਛਿਆ |
ਅਰੇ ਬਿਟੀਆ! ਵੋ ਤੋ ਬਿਕ ਗਈ |
ਪਰ ਸਵੇਰ ਤੱਕ ਤਾਂ ਸੀ-ਇਮਲੀ ਨੇ ਇਕਦਮ ਕਿਹਾ |
ਬਿਟੀਆ ! ਚੀਜ਼ੇਂ ਬਿਕਨੇ ਮੇਂ ਕਯਾ ਦੇਰ ਲਗਤੀ ਹੈ... ਬਿਕੇ ਨਾ ਦਸ ਦਿਨ ਨਾ ਬਿਕੇ.... ਬਿਕੇ ਤੋ ਏਕ ਮਿੰਟ ਮੇਂ ਬਿਕ ਜਾਏ |
ਇਮਲੀ ਨੂੰ ਬਹੁਤ ਅਫ਼ਸੋਸ ਹੋਇਆ |
ਕਾਸ਼ ! ਮੈਂ ਸਵੇਰ ਹੀ ਛਤਰੀ ਖ਼ਰੀਦ ਲੈਂਦੀ |
ਮੁਝੇ ਵੈਸੀ ਹੀ ਹਰੇ ਰੰਗ ਕੀ ਛਤਰੀ ਮੰਗਵਾ ਕੇ ਦੋ - ਇਮਲੀ ਨੇ ਦੁਕਾਨਦਾਰ ਨੂੰ ਕਿਹਾ |
ਯੇ ਤੋ ਮੁਸ਼ਕਿਲ ਹੈ ਬਿਟੀਆ.... ਮਾਲ ਪੀਛੇ ਸੇ ਆਤਾ ਹੈ.... ਬਿਲਕੁਲ ਵੈਸੀ ਛਤਰੀ ਮਿਲਨੀ ਤੋ ਮੁਸ਼ਕਿਲ ਹੈ |
ਪਰ ਇਮਲੀ ਨੂੰ ਤਾਂ ਹਰੀ ਛਤਰੀ ਹੀ ਪਸੰਦ ਸੀ | ਉਹ ਉਦਾਸ ਮਨ ਨਾਲ ਘਰ ਨੂੰ ਚੱਲ ਪਈ |
ਹੁਣ ਇਮਲੀ ਆਉਂਦੇ ਜਾਂਦੇ ਸਮੇਂ ਦੁਕਾਨ ਵੱਲ ਦੇਖਦੀ ਕਿ ਕਿਤੇ ਹਰੀ ਛਤਰੀ ਆ ਤਾਂ ਨਹੀਂ ਗਈ | ਪਰ ਦੁਕਾਨਦਾਰ ਦੀ ਗੱਲ ਸੱਚ ਸਾਬਤ ਹੋ ਰਹੀ ਸੀ | ਹਫ਼ਤੇ ਤੋਂ ਵੱਧ ਸਮਾਂ ਬੀਤ ਗਿਆ |
ਇਕ ਦਿਨ ਇਮਲੀ ਜਦੋਂ ਸਕੂਲ ਤੋਂ ਆ ਰਹੀ ਸੀ ਤਾਂ ਉਸ ਨੂੰ ਲੱਗਿਆ ਜਿਵੇਂ ਕਿਸੇ ਨੇ ਉਸ ਨੂੰ ਪਿੱਛੋਂ ਆਵਾਜ਼ ਦਿੱਤੀ ਹੈ | ਇਮਲੀ ਨੇ ਇਕਦਮ ਪਿੱਛੇ ਮੁੜ ਕੇ ਦੇਖਿਆ |
ਇਮਲੀ ਬਿਟੀਆ ! ਤੁਮਹਾਰੀ ਹਰੀ ਛਤਰੀ ਆ ਗਈ | - ਦੁਕਾਨਦਾਰ ਹਰੀ ਛਤਰੀ ਹੱਥ ਵਿਚ ਫੜੀ ਇਮਲੀ ਨੂੰ ਬੁਲਾ ਰਿਹਾ ਸੀ |
ਇਮਲੀ ਬਹੁਤ ਖ਼ੁਸ਼ ਹੋ ਗਈ | ਫਟਾ-ਫਟ ਦੁਕਾਨਦਾਰ ਕੋਲ ਗਈ | ਉਸਨੇ 500 ਰੁਪਏ ਆਪਣੇ ਬੈਗ ਵਿਚੋਂ ਕੱਢੇ, ਦੁਕਾਨਦਾਰ ਨੂੰ ਦੇ ਦਿੱਤੇ ਤੇ ਛਤਰੀ ਖ਼ਰੀਦ ਲਈ | ਛਤਰੀ ਨੂੰ ਖੋਲ੍ਹ ਕੇ ਇਮਲੀ ਦੇਖ ਹੀ ਰਹੀ ਸੀ ਕਿ ਬਾਰਿਸ਼ ਆ ਗਈ | ਹਰੀ ਛਤਰੀ ਹੱਥ ਵਿਚ ਫੜ ਕੇ ਇਮਲੀ ਤੇਜ਼-ਤੇਜ਼ ਘਰ ਵੱਲ ਨੂੰ ਚੱਲ ਪਈ |
ਇਮਲੀ ਬੇਹੱਦ ਖ਼ੁਸ਼ ਸੀ | ਅੱਜ ਬਾਰਿਸ਼ ਵੀ ਇਮਲੀ ਨੂੰ ਬਹੁਤ ਦਿਲਕਸ਼ ਲੱਗ ਰਹੀ ਸੀ | ਇਮਲੀ ਦੀ ਹਰੀ ਛਤਰੀ ਨੇ ਇਮਲੀ ਨੂੰ ਕੁਝ ਪਲਾਂ ਵਿਚ ਹੀ ਅਮੀਰ ਕਰ ਦਿੱਤਾ ਸੀ | ਗ਼ਜ਼ਬ ਦੀ ਸੀ ਇਹ ਅਮੀਰੀ | ਹੁਣ ਇਮਲੀ ਬਾਰਿਸ਼ ਦੇ ਕਰੀਬ ਸੀ |
ਮੁਝੇ ਨਾ ਪਤਾ ਥਾ ਬਾਰਿਸ਼ ਹਸੀਨ ਹੋਤੀ ਹੈ
ਮੇਰੀ ਹਰੀ ਛਤਰੀ ਨੇ ਬਤਾਇਆ ਮੁਝੇ
ਬਾਰਿਸ਼ ਐਸੀ ਭੀ ਹੋਤੀ ਹੈ
ਵਾਹ ! ਕਯਾ ਖ਼ੂਬ ਹੈ ਹਰੀ ਛਤਰੀ ਮੇਰੀ
ਕਯਾ ਖ਼ੂਬ ਵਫ਼ਾ ਕਰ ਰਹੀ ਹੈ ਮੁਝਸੇ |
-ਅਸਿਸਟੈਂਟ ਪ੍ਰੋਫੈਸਰ, ਸਰਕਾਰੀ ਰਿਪੁਦਮਨ ਕਾਲਜ, ਨਾਭਾ |
ਮੋਬਾਈਲ: 97794-85859