ਉੱਠ ਪੁੱਤ, ਉੱਠ ਪੁੱਤ ਮੰਮੀ ਵਾਜਾਂ ਮਾਰਦੀ
ਬੈਠ ਕੇ ਸਰਾਣੇ ਵੱਲ ਚਾਹ ਰਹੇ ਠਾਰਦੀ
ਪਰ ਯਾਰਾਂ ਦੇ ਤਾਂ ਵਾਰੇ ਹੀ ਨਿਆਰੇ ਹੁੰਦੇ ਨੇ
ਦਿਨ ਐਤਵਾਰ ਵੱਖਰੇ ਨਜ਼ਾਰੇ ਹੁੰਦੇ ਨੇ |
ਘੋੜੇ ਵੇਚ ਰਾਤੀਂ ਯਾਰ ਸੁੱਤੇ ਹੁੰਦੇ ਨੇ
ਨੀਕਰ ਬੁਨੈਣ ਕਿੱਥੇ ਜੁੱਤੇ ਹੁੰਦੇ ਨੇ
ਟੇਢੇ ਮੇਢੇ ਵਾਲ ਵੀ ਖਿਲਾਰੇ ਹੁੰਦੇ ਨੇ
ਦਿਨ ਐਤਵਾਰ ਵੱਖਰੇ ਨਜ਼ਾਰੇ ਹੁੰਦੇ ਨੇ |
ਸੁਬ੍ਹਾ ਜਲਦੀ ਨਾ ਸਾਨੂੰ ਉਠਾਇਓ ਮੰਮੀ ਜੀ
ਸਾਡੀ ਨੀਂਦ ਵਿਚ ਖਲਲ ਨਾ ਪਾਇਓ ਮੰਮੀ ਜੀ
ਮਸਾਂ ਛੁੱਟੀ ਵਾਲੇ ਬਲਖ ਬੁਖਾਰੇ ਹੁੰਦੇ ਨੇ
ਦਿਨ ਐਤਵਾਰ ਵੱਖਰੇ ਨਜ਼ਾਰੇ ਹੁੰਦੇ ਨੇ |
ਦਿਨੇ ਆਲੂ ਵਾਲੇ
ਪਰੌਂਠੇ ਪਕਾਇਓ ਮੰਮੀ ਜੀ
ਸਾਨੂੰ ਮਖਣੀਂ ਤੇ
ਦਹੀਂ ਨਾਲ ਖਿਲਾਇਓ ਮੰਮੀ ਜੀ
ਫ਼ੇਰ ਵੱਖਰੇ ਹੀ ਵੱਜਦੇ ਚਟਕਾਰੇ ਹੁੰਦੇ ਨੇ
ਦਿਨ ਐਤਵਾਰ ਵੱਖਰੇ ਨਜ਼ਾਰੇ ਹੁੰਦੇ ਨੇ |
ਨ੍ਹਾਉਣ ਧੋਣ ਵੱਲ ਸਾਡਾ
ਕੋਈ ਖ਼ਿਆਲ ਨ੍ਹੀਂ ਹੁੰਦਾ
ਸਾਡੇ ਉੱਤੇ ਕੋਈ ਕਿਸੇ ਦਾ ਸਵਾਲ ਨ੍ਹੀਂ ਹੁੰਦਾ
ਸਾਡੇ ਖੁਸ਼ੀਆਂ 'ਚ ਵੱਜਦੇ ਫੁਕਾਰੇ ਹੁੰਦੇ ਨੇ
ਦਿਨ ਐਤਵਾਰ ਵੱਖਰੇ ਨਜ਼ਾਰੇ ਹੁੰਦੇ ਨੇ |
ਕਹਿੰਦਾ 'ਲੰਗੇਆਣਾ' ਸਾਨੂੰ ਬੜਾ ਹੁੰਦਾ ਚਾਅ ਮਿੱਤਰੋ
ਲਈਏ ਮਨ ਮਰਜ਼ੀਆਂ ਮਨਾਂ ਦੀਆਂ ਪੁਗਾਅ ਮਿੱਤਰੋ
ਬੱਚੇ ਮਾਪਿਆਂ ਦੀਆਂ ਅੱਖੀਆਂ ਦੇ ਤਾਰੇ ਹੁੰਦੇ ਨੇ
ਦਿਨ ਐਤਵਾਰ ਵੱਖਰੇ ਨਜ਼ਾਰੇ ਹੁੰਦੇ ਨੇ |
-ਡਾ. ਸਾਧੂ ਰਾਮ ਲੰਗੇਆਣਾ
ਮੋਬਾਈਲ : 98781-17285