ਪਿਆਰੇ ਬੱਚਿਓ ਜਦੋਂ ਤੁਸੀਂ ਆਪਣੇ ਨਿੱਕੇ-ਨਿੱਕੇ ਹੱਥਾਂ 'ਚ ਮੋਬਾਈਲ ਫੜ ਲੈਂਦੇ ਹੋ ਤਾਂ ਇਹ ਤੁਹਾਨੂੰ ਵੀਡੀਓ ਦਿਖਾਉਂਦਾ ਏ, ਗੇਮਾਂ ਖਿਡਾਉਂਦਾ ਏ ਤੇ ਤੁਹਾਡਾ ਮਨੋਰੰਜਨ ਕਰਦਾ ਹੈ ਪਰ ਮੋਬਾਈਲ ਤੁਹਾਡਾ ਇੰਨਾ ਸਮਾਂ ਲੈ ਲੈਂਦਾ ਏ ਕਿ ਤੁਹਾਨੂੰ ਖੇਡਣ ਲਈ ਸਮਾਂ ਨਹੀਂ ਮਿਲਦਾ |

ਬੱਚਿਓ ਆਓ ਮੋਬਾਈਲ ਦੀ ਵਰਤੋਂ ਲੋੜ ਅਨੁਸਾਰ ਕਰੀਏ ਤੇ ਖੇਡਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ | ਤੰਦਰੁਸਤ ਸਰੀਰ 'ਚ ਹੀ ਤੰਦਰੁਸਤ ਸਰੀਰ ਦਾ ਨਿਵਾਸ ਹੁੰਦਾ ਹੈ | ਤੰਦਰੁਸਤ ਸਰੀਰ ਖੇਡਾਂ ਕਰਕੇ ਹੀ ਬਣਦਾ ਹੈ | ਖੇਡਾਂ ਸਾਡੇ ਜੀਵਨ ਲਈ ਬਹੁਤ ਮਹੱਤਵਪੂਰਨ ਹਨ | ਖੇਡਾਂ ਕੇਵਲ ਮਨੋਰੰਜਨ ਦਾ ਹੀ ਸਾਧਨ ਨਹੀਂ ਹਨ, ਬਲਕਿ ਸਾਡੇ ਸਰਬਪੱਖੀ ਵਿਕਾਸ ਲਈ ਵੀ ਜ਼ਰੂਰੀ ਹਨ | ਬੱਚਿਓ ਤੁਸੀਂ ਮੋਬਾਈਲ, ਟੈਲੀਵੀਜ਼ਨ ਤੇ ਕੰਪਿਊਟਰ ਦੇ ਨਾਲ ਆਪਣਾ ਸਮਾਂ ਬਿਤਾਉਣਾ ਪਸੰਦ ਕਰਦੇ ਹੋ ਪਰ ਇਸ ਦੇ ਨਾਲ ਆਲੇ-ਦੁਆਲੇ ਦੀ ਦੁਨੀਆ ਤੁਹਾਨੂੰ ਆਵਾਜ਼ਾਂ ਮਾਰਦੀ ਰਹਿ ਜਾਂਦੀ ਏ | ਜੇ ਤੁਸੀਂ ਖੇਡ ਮੈਦਾਨ' ਜਾਓਗੇ ਤਾਂ ਤੁਹਾਨੂੰ ਹੱਸਣ, ਦੌੜਣ, ਕੁੱਦਣ, ਦੋਸਤ ਬਣਾਉਣ ਤੇ ਆਪਣੀ ਪ੍ਰਤਿਭਾ ਦਿਖਾਉਣ ਦੇ ਅਨੇਕਾਂ ਮੌਕੇ ਮਿਲਣਗੇ | ਖੇਡਾਂ ਜਿਵੇਂ ਕਿ ਦੌੜਣਾ, ਕੁੱਦਣਾ, ਯੋਗਾ, ਕਬੱਡੀ, ਖੋ ਖੋ, ਫੁੱਟਬਾਲ, ਕ੍ਰਿਕਟ, ਹੈਾਡਬਾਲ ਆਦਿ ਨਾਲ ਸਰੀਰ ਮਜ਼ਬੂਤ ਹੁੰਦਾ ਹੈ ਤੇ ਚੁਸਤ ਵੀ ਰਹਿੰਦਾ ਹੈ | ਨਿਯਮਤ ਖੇਲਣ ਕੁੱਦਣ ਨਾਲ ਬੱਚਿਆਂ 'ਚ ਸਹਿਣਸ਼ੀਲਤਾ, ਸੰਤੁਲਨ, ਲਚਕੀਲਾਪਨ ਤੇ ਕਾਰਜ ਸਮਰੱਥਾ ਵੀ ਵਧਦੀ ਜਾਂਦੀ ਹੈ | ਇਸ ਤੋਂ ਬਿਨਾਂ ਖੇਡਾਂ ਨਾਲ ਸਾਡਾ ਮਾਨਸਿਕ ਵਿਕਾਸ ਵੀ ਹੁੰਦਾ ਹੈ ਜਿਵੇਂ ਕਿ ਇਕਾਗਰਤਾ, ਫ਼ੈਸਲੇ ਲੈਣ ਦੀ ਸਮਰੱਥਾ, ਯੋਗਤਾ ਤੇ ਸਾਡਾ ਆਤਮ ਵਿਸ਼ਵਾਸ ਵੀ ਵਧਦਾ ਜਾਂਦਾ ਹੈ | ਖੇਡ ਦੇ ਮੈਦਾਨ 'ਚ ਅਸੀਂ ਹਾਰ ਜਿੱਤ ਦੋਨਾਂ ਦਾ ਹੀ ਸਾਹਮਣਾ ਕਰਨਾ ਸਿੱਖਦੇ ਹਾਂ | ਇਸ ਨਾਲ ਧੀਰਜ ਤੇ ਸਕਾਰਾਤਮਕ ਸੋਚ ਦਾ ਵਿਕਾਸ ਵੀ ਹੁੰਦਾ ਹੈ | ਜਦੋਂ ਵੀ ਅਸੀਂ ਖੇਡਾਂ ਦੇ ਨਿਯਮਾਂ ਦੀ ਪਾਲਣਾ ਕਰਨਾ ਸਿੱਖਦੇ ਹਾਂ ਤਾਂ ਸਾਡੇ ਜੀਵਨ 'ਚ ਅਨੁਸ਼ਾਸਨ ਆਪਣੇ ਆਪ ਆ ਜਾਂਦਾ ਹੈ | ਇਸ ਤੋਂ ਬਿਨਾਂ ਖੇਡਾਂ ਨਾਲ ਅਸੀਂ ਦੂਸਰਿਆਂ ਦਾ ਸਨਮਾਨ ਕਰਨਾ ਸਿੱਖਦੇ ਹਾਂ ਤੇ ਆਪਣੀ ਜ਼ਿੰਮੇਦਾਰੀ ਨਿਭਾਉਣਾ ਵੀ ਸਿੱਖਦੇ ਹਾਂ | ਇਸ ਨਾਲ ਸਹਾਇਤਾ ਕਰਨ ਦੀ ਭਾਵਨਾ ਵੀ ਵਿਕਸਿਤ ਹੁੰਦੀ ਹੈ | ਖੇਡਾਂ ਨਾਲ ਹਾਰ ਤੋਂ ਸਿੱਖਣ ਤੇ ਜਿੱਤ ਨੂੰ ਸਵੀਕਾਰ ਕਰਨ ਦੀ ਸਮਰੱਥਾ ਵਧਦੀ ਹੈ | ਇਸ ਨਾਲ ਅਗਵਾਈ ਦੀ ਸਮਰੱਥਾ, ਆਤਮ ਨਿਰਭਰਤਾ ਤੇ ਆਤਮ ਸਨਮਾਨ ਦਾ ਵਿਕਾਸ ਵੀ ਹੁੰਦਾ ਹੈ | ਇਸ ਤੋਂ ਬਿਨ੍ਹਾਂ ਖੇਡਾਂ ਨਾਲ ਤਣਾਅ ਤੇ ਚਿੰਤਾ ਤੋਂ ਮੁਕਤੀ ਵੀ ਮਿਲਦੀ ਹੈ | ਹਾਂ, ਇੱਕ ਹੋਰ ਗੱਲ ਖੇਡਾਂ ਸਿੱਖਿਆ ਦਾ ਵਿਰੋਧ ਨਹੀਂ, ਬਲਕਿ ਸਿੱਖਿਆ ਦਾ ਮਹੱਤਵਪੂਰਨ ਹਿੱਸਾ ਹਨ | ਸਿੱਖਿਆ ਤੇ ਖੇਡਾਂ ਸਾਡੀ ਚੰਗੀ ਸੋਚ, ਮਦਦ, ਆਤਮ ਨਿਰਭਰਤਾ ਤੇ ਸਹਿਯੋਗ ਦੀ ਭਾਵਨਾ ਵਧਾਉਂਦੀਆਂ ਹਨ | ਪਿਆਰੇ ਬੱਚਿਓ ਕਈ ਬੱਚੇ ਸਿਰਫ ਇਸ ਕਰਕੇ ਕਿਸੇ ਖੇਡ ਦਾ ਹਿੱਸਾ ਨਹੀਂ ਬਣਦੇ ਕਿ ਕਿਤੇ ਉਹ ਹਾਰ ਨਾ ਜਾਣ, ਯਾਦ ਰੱਖੋ ਖੇਡਾਂ 'ਚ ਸਭ ਤੋਂ ਵੱਡੀ ਜਿੱਤ ਸਿਰਫ਼ ਮੈਡਲ ਪ੍ਰਾਪਤ ਕਰਨਾ ਹੀ ਨਹੀਂ ਹੁੰਦਾ, ਬਲਕਿ ਆਪਣੇ ਡਰ ਨੂੰ ਹਰਾਉਣਾ, ਮਿਹਨਤ ਕਰਨਾ ਤੇ ਹਾਰ ਤੋਂ ਬਾਅਦ ਮੁੜ ਕੋਸ਼ਿਸ਼ ਕਰਨਾ ਵੀ ਹੁੰਦਾ ਹੈ | ਆਓ ਬੱਚਿਓ ਕਿਤਾਬਾਂ ਤੋਂ ਗਿਆਨ ਲਈਏ, ਖੇਡਾਂ ਤੋਂ ਹਿੰਮਤ ਲਈਏ ਤੇ ਆਪਣੀ ਮਿਹਨਤ ਨਾਲ ਨਵੀਆਂ ਮੰਜ਼ਿਲਾਂ ਸਰ ਕਰੀਏ | ਹੁਣ ਫ਼ੈਸਲਾ ਤੁਹਾਡੇ ਹੱਥ ਹੈ | ਤੁਸੀਂ ਆਪਣਾ ਕੀਮਤੀ ਸਮਾਂ ਸਿਰਫ ਸਕਰੀਨ ਦੇ ਸਾਹਮਣੇ ਬਿਤਾਉਣਾ ਚਾਹੁੰਦੇ ਹੋ ਜਾਂ ਮੈਦਾਨ 'ਚ ਨਵੀਆਂ ਮੰਜ਼ਿਲਾਂ ਤੈਅ ਕਰਨੀਆਂ ਚਾਹੁੰਦੇ ਹੋ | ਤੁਹਾਡੇ ਮਾਤਾ-ਪਿਤਾ ਤੇ ਅਧਿਆਪਕਾਂ ਨੇ ਤੁਹਾਨੂੰ ਅਕਸਰ ਹੀ ਇਹ ਕਿਹਾ ਹੋਏਗਾ ਕਿ ਤੁਸੀਂ ਆਪਣੇ ਬਚਪਨ ਨੂੰ ਮੋਬਾਈਲ ਦੀ ਛੋਟੀ ਜਿਹੀ ਸਕਰੀਨ ਤੱਕ ਸੀਮਿਤ ਨਾ ਰੱਖੋ ਤੇ ਆਓ ਬੱਚਿਓ ਆਪਾਂ ਉਨ੍ਹਾਂ ਦਾ ਕਹਿਣਾ ਮੰਨੀਏ ਤੇ ਖੇਡਾਂ ਦੇ ਮੈਦਾਨਾਂ ਦੀ ਰੌਣਕਾਂ ਵਧਾਈਏ... ਮੋਬਾਈਲ ਛੱਡੋ, ਖੇਡੋ, ਸਿੱਖੋ ਤੇ ਖੇਡਾਂ ਨਾਲ ਆਪਣੇ ਸੁਪਨੇ ਸਵਾਰੋ |
ਤੁਹਾਡੀ ਦੀਦੀ....