20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਬਾਲ ਕਹਾਣੀ ਵੱਡੀ ਲੜਾਈ

ਬਾਲ ਕਹਾਣੀ ਵੱਡੀ ਲੜਾਈ

Ad Position 21
No active advertisement
ਅਜੀਤ ਡੈਸਕ 21-11-2026

ਜਮਾਤ ਵਿਚ ਪੜ੍ਹ ਰਹੇ ਗੁਰਮਨ ਨੂੰ  ਇੱਕ ਸ਼ਰਾਰਤੀ ਮੁੰਡਾ ਜਾਣ ਬੁੱਝ ਕੇ ਛੇੜ ਕੇ ਲੰਘਿਆ | ਗੁਰਮਨ ਨੇ ਮੁਸਕਰਾ ਕੇ ਉਸ ਵੱਲ ਦੇਖਿਆ ਫਿਰ ਪੜ੍ਹਨ ਲੱਗ ਪਿਆ | 

ਅੱਧੀ ਛੁੱਟੀ ਵੇਲੇ ਸਾਰੇ ਬੱਚੇ ਰੋਟੀ ਖਾ ਕੇ ਖੇਡਣ ਲੱਗੇ  | ਘੰਟੀ ਵੱਜਣ ਤੋਂ ਬਾਅਦ ਵੀ ਖੇਡਦੇ ਰਹੇ ਜਦੋਂ ਤੱਕ ਅਧਿਆਪਕ ਨੇ ਆਵਾਜ਼ ਨਹੀਂ ਮਾਰੀ | 
ਗੁਰਮਨ ਖੇਡਿਆ ਵੀ ਪਰ ਸਹੀ ਸਮੇਂ ਤੇ ਜਮਾਤ ਵਿਚ ਆ ਗਿਆ ਸੀ | 
ਅਕਸਰ ਹੀ ਏਦਾਂ ਹੁੰਦਾ ਜੇ ਕੋਈ ਬੱਚਾ ਉਸ ਨਾਲ ਲੜਨ ਦੀ, ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਲੜਾਈ ਨੂੰ  ਟਾਲ ਕੇ ਆਪਣਾ ਧਿਆਨ ਕੰਮ ਤੇ ਕੇਂਦਰਤ ਕਰਦਾ | 
ਗੁਰਮਨ ਦਾ ਇੱਕ ਆੜੀ ਸੀ ਦੀਪਕ | ਉਹ ਗੁਰਮਨ ਨੂੰ  ਬਹੁਤ ਆਖਦਾ ਕਿ ਜਦੋਂ ਕੋਈ ਤੈਨੂੰ ਪੜ੍ਹਦੇ ਨੂੰ  ਤੰਗ ਕਰਦਾ ਹੈ ਤਾਂ ਤੂੰ ਤੁਰੰਤ ਉਸ ਦੇ ਘਸੁੰਨ ਮਾਰ ਕੇ ਜਵਾਬ ਦਿਆ ਕਰ ਜਾਂ ਮੈਨੂੰ ਦੱਸਿਆ ਕਰ | 
ਗੁਰਮਨ ਕਹਿੰਦਾ, 'ਛੱਡ ਯਾਰ, ਮੈਂ ਇਨ੍ਹਾਂ ਲੜਾਈਆਂ ਲਈ ਨਹੀਂ ਬਣਿਆ | ਮੈਂ ਕੋਈ ਵੱਡੀ ਲੜਾਈ ਲੜਨੀ ਹੈ | '
'ਵੱਡੀ ਲੜਾਈ?'
'ਹਾਂ | '
'ਤੂੰ ਛੋਟੀਆਂ-ਛੋਟੀਆਂ ਲੜਾਈਆਂ ਤਾਂ ਕਦੇ ਲੜਿਆ ਨਹੀਂ | ਵੱਡੀ ਲੜਾਈ ਕੀ ਲੜੇਂਗਾ?'
ਗੁਰਮਨ ਮੁਸਕਰਾ ਛੱਡਦਾ | 
ਸਕੂਲ ਦੇ ਕਈ ਮੁੰਡੇ ਜਿਨ੍ਹਾਂ ਦਾ ਨਾਂਅ ਅਕਸਰ ਕਿਸੇ ਸ਼ਰਾਰਤ ਵਿਚ, ਲੜਾਈ ਵਿਚ ਜਾਂ ਸ਼ਿਕਾਇਤਾਂ ਵਿਚ ਆਉਂਦਾ ਤਾਂ ਉਨ੍ਹਾਂ ਬਾਰੇ ਕਈ ਬੱਚੇ ਸੋਚਦੇ ਕਿ ਇਹ ਬਹੁਤ ਤਕੜੇ ਤੇ ਬਹਾਦਰ ਨੇ ਜਿਹੜੇ ਅਧਿਆਪਕਾਂ ਨੂੰ  ਤੇ ਮਾਪਿਆਂ ਨੂੰ  ਵੀ ਟਿੱਚ ਜਾਣਦੇ ਨੇ | 
ਸਕੂਲ ਵਿਚ ਅਧਿਆਪਕ ਮਾਪਿਆਂ ਦੀ ਮਿਲਣੀ ਦੌਰਾਨ ਅਧਿਆਪਕ ਸ਼ਰਾਰਤੀ ਬੱਚਿਆਂ ਦੇ ਮਾਪਿਆਂ ਨੂੰ  ਬਹੁਤ ਸ਼ਿਕਾਇਤਾਂ ਲਾਉਂਦੇ ਪਰ ਉਹ ਕੋਈ ਪਰਵਾਹ ਨਾ ਕਰਦੇ | ਉਨ੍ਹਾਂ ਦੀ ਇਹ ਆਦਤ ਇਵੇਂ ਹੀ ਬਰਕਰਾਰ ਰਹੀ | ਉਨ੍ਹਾਂ ਵਿਚੋਂ ਕਈ ਫੇਲ੍ਹ ਹੋ ਗਏ | ਕਈਆਂ ਦੇ ਨੰਬਰ ਇੰਨੇ ਘੱਟ ਆਏ ਕਿ ਉਹ ਅੱਗੇ ਪੜ੍ਹ ਨਾ ਸਕੇ | ਬਹੁਤੇ ਮਜ਼ਦੂਰੀ ਕਰਨ ਲੱਗ ਗਏ | 
ਪਰ ਗੁਰਮਨ ਦਾ ਸਫ਼ਰ ਸਕੂਲ ਤੋਂ ਕਾਲਜ, ਕਾਲਜ ਤੋਂ ਯੂਨੀਵਰਸਿਟੀ ਤੱਕ ਚਲਦਾ ਰਿਹਾ | 
ਅੱਜ ਅਚਾਨਕ ਦੀਪਕ ਨੂੰ  ਕਿੰਨੇ ਸਾਲਾਂ ਬਾਅਦ ਗੁਰਮਨ ਦਾ ਫੋਨ ਆਇਆ ਕਿ ਉਹ ਪਰਸੋਂ ਆਪਣੇ ਸਕੂਲ ਆ ਰਿਹਾ ਹੈ ਅਧਿਆਪਕਾਂ ਨੂੰ  ਮਿਲਣ, ਤੂੰ ਵੀ ਆ ਜਾਣਾ | 
ਦੀਪਕ ਹੈਰਾਨ ਸੀ ਕਿ ਇੰਨੇ ਸਾਲਾਂ ਬਾਅਦ ਗੁਰਮਨ ਨੇ ਕੀ ਕਰਨਾ ਹੈ ਸਕੂਲ ਆ ਕੇ | 
ਸਕੂਲ ਨੇੜੇ ਆ ਕੇ ਦੀਪਕ ਨੇ ਦੇਖਿਆ ਕਿ ਗੁਰਮਨ ਦੇ ਸਵਾਗਤ ਲਈ ਸਕੂਲ ਦੇ ਅਧਿਆਪਕ ਤੇ ਪਿੰਡ ਦੇ ਲੋਕ ਹਾਰ ਲਈ ਖੜ੍ਹੇ ਸੀ | 
ਸਕੂਲ ਦੇ ਸਲਾਨਾ ਸਮਾਗਮ ਵਿਚ ਉਹ ਮੁੱਖ ਮਹਿਮਾਨ ਸੀ | ਦੀਪਕ ਹੈਰਾਨ ਹੋਇਆ ਜਦੋਂ ਸਟੇਜ ਤੋਂ ਬੋਲਿਆ ਗਿਆ ਕਿ ਸਾਡੇ ਸਕੂਲ ਦੇ ਵਿਦਿਆਰਥੀ ਗੁਰਮਨ ਜੋ ਦੇਸ਼ ਦੀ ਸਭ ਤੋਂ ਵੱਡੀ ਪ੍ਰੀਖਿਆ ਪਾਸ ਕਰਕੇ ਆਈ.ਏ.ਐੱਸ ਅਫਸਰ ਬਣੇ ਹਨ, ਅੱਜ ਸਾਡੇ ਸਕੂਲ ਪਹੁੰਚੇ ਹਨ | 
ਤਾੜੀਆਂ ਨਾਲ ਪੰਡਾਲ ਗੂੰਜ ਉੱਠਿਆ | 
ਬੱਚਿਆਂ ਦੀਆਂ ਪੇਸ਼ਕਾਰੀਆਂ ਤੋਂ ਬਾਅਦ ਗੁਰਮਨ ਨੂੰ  ਸਟੇਜ 'ਤੇ ਬੋਲਣ ਲਈ ਸੱਦਾ ਦਿੱਤਾ ਗਿਆ | 
ਗੁਰਮਨ ਪਹਿਲਾਂ ਤਾਂ ਭਾਵੁਕ ਹੋਇਆ ਫਿਰ ਉਸ ਨੇ ਦੱਸਿਆ ਕਿ ਇਸ ਸਕੂਲ ਦੇ ਟਾਟ ਜਿੱਥੇ ਉਹ ਬੈਠਦਾ ਸੀ, ਰੁੱਖ ਜਿੱਥੇ ਉਹ ਖੇਡਦਾ ਸੀ, ਕਮਰੇ ਜਿੱਥੇ ਉਹ ਪੜ੍ਹਦਾ ਸੀ, ਅਧਿਆਪਕ ਜਿਨ੍ਹਾਂ ਉਸ ਨੂੰ  ਜ਼ਿੰਦਗੀ ਵਿਚ ਅੱਗੇ ਵਧਣ ਦੇ ਰਾਹ ਦਿਖਾਏ, ਹਮੇਸ਼ਾ ਹੀ ਰਿਣੀ ਰਹੇਗਾ | 
ਇਸ ਅਹੁਦੇ 'ਤੇ ਕੰਮ ਕਰਦਿਆਂ ਉਹ ਆਪਣੇ ਸਕੂਲ ਲਈ ਬੁਨਿਆਦੀ ਸਹੂਲਤਾਂ ਵਾਸਤੇ ਕੋਸ਼ਿਸ਼ ਕਰੇਗਾ | ਪਿੰਡ ਦੇ ਲੋਕ ਬਿਮਾਰ ਹੋਣ ਤੇ ਬਹੁਤ ਦੂਰ ਦਵਾਈ ਲੈਣ ਜਾਂਦੇ ਹਨ | ਹਸਪਤਾਲ ਬਣਵਾਉਣ ਲਈ ਸਰਕਾਰ ਨੂੰ  ਪੱਤਰ ਲਿਖੇਗਾ | ਇਸ ਤੋਂ ਬਿਨਾਂ ਪਿੰਡ ਦੇ ਅਨੇਕਾਂ ਕੰਮ ਜਿਨ੍ਹਾਂ ਲਈ ਲੋਕ ਪ੍ਰੇਸ਼ਾਨ ਹੁੰਦੇ ਹਨ ਉਨ੍ਹਾਂ ਲਈ ਹਰ ਸੰਭਵ ਯਤਨ ਕਰੇਗਾ | 
ਪਿੰਡ ਅਤੇ ਸਕੂਲ ਲਈ ਉਹ ਸੱਚਮੁੱਚ ਬਹੁਤ ਕੁਝ ਕਰਨ ਦੇ ਯੋਗ ਬਣ ਗਿਆ ਸੀ | ਅੱਜ ਦੀਪਕ ਨੂੰ  ਸਮਝ ਆਇਆ ਕਿ ਗੁਰਮਨ ਅਕਸਰ ਕਿਹਾ ਕਰਦਾ ਸੀ ਉਹ ਛੋਟੀਆਂ ਲੜਾਈਆਂ ਲਈ ਨਹੀਂ ਬਣਿਆ | ਜਿੰਨੇ ਬੱਚੇ ਉਸ ਵਕਤ ਜਮਾਤ ਵਿਚ ਉਸ ਨਾਲ ਪੜ੍ਹਦੇ ਸੀ ਉਨ੍ਹਾਂ ਵਿਚੋਂ ਅੱਜ ਕਈ ਆਏ ਹੋਏ ਸਨ | ਉਨ੍ਹਾਂ ਨੇ ਆਪਣਾ ਪੜ੍ਹਾਈ ਵਾਲਾ ਸਮਾਂ ਤੇ ਆਪਣੀ ਊਰਜਾ ਛੋਟੀਆਂ ਲੜਾਈਆਂ ਵਿਚ ਹੀ ਖ਼ਤਮ ਕਰ ਲਏ ਸਨ | 
ਸਮਾਗਮ ਤੋਂ ਬਾਅਦ ਬੜੇ ਜੋਸ਼ ਤੇ ਪਿਆਰ ਨਾਲ ਗੁਰਮਨ ਆਪਣੇ ਪਿਆਰੇ ਮਿੱਤਰ ਦੀਪਕ ਨੂੰ  ਮਿਲਿਆ | 
ਦੀਪਕ ਕਹਿਣ ਲੱਗਿਆ, 'ਗੁਰਮਨ, ਸੱਚੀਂ ਤੂੰ ਛੋਟੀ ਲੜਾਈ ਲਈ ਨਹੀਂ ਸੀ ਬਣਿਆ | '
 ਦੋਵਾਂ ਦੇ ਅੱਖਾਂ ਵਿਚ ਹੰਝੂ ਆ ਗਏ | 

-ਲਲਤੋਂ ਕਲਾਂ, ਲੁਧਿਆਣਾ
ਮੋਬਾਈਲ : 98728-68913

Ad Position 22
No active advertisement
ਪਿਛਲੀ ਖ਼ਬਰ ਸੂਝਵਾਨ ਬੱਚਿਓ, ਇਕ-ਦੋ ਵਾਰ ਮਿਲੀ ਅਸਫ਼ਲਤਾ ਯਕੀਨਣ ਖੋਲ੍ਹਦੀ ਹੈ ਸਫ਼ਲਤਾ ਦੇ ਰਾਹ ਅਗਲੀ ਖ਼ਬਰ ਬਿਜਲੀ ਦੀਆਂ ਹਾਈ ਵੋਲਟੇਜ਼ ਤਾਰਾਂ 'ਤੇ ਬੈਠੇ ਪੰਛੀ ਨੂੰ ਕਰੰਟ ਕਿਉਂ ਨਹੀਂ ਲੱਗਦਾ?
Ad Position 24