ਅਸੀਂ ਹਰ ਵਾਰ ਸਬਜ਼ੀਆਂ ਦੀ ਕਾਸ਼ਤ ਦੀ ਸਿਫ਼ਾਰਸ਼ ਕਰਦੇ ਹਾਂ। ਗਰਮੀਆਂ ਦੀਆਂ ਸਬਜ਼ੀਆਂ ਦੀ ਕਾਸ਼ਤ ਦਾ ਹੁਣ ਢੁਕਵਾਂ ਸਮਾਂ ਹੈ। ਪੰਜਾਬ ਦਾ ਕੋਈ ਵੀ ਘਰ ਅਜਿਹਾ ਨਹੀਂ, ਜਿੱਥੇ ਟਮਾਟਰ, ਬੈਂਗਣ ਤੇ ਮਿਰਚਾਂ ਦੀ ਵਰਤੋਂ ਨਾ ਕੀਤੀ ਜਾਂਦੀ ਹੋਵੇ। ਟਮਾਟਰਾਂ ਨੂੰ ਸਲਾਦ ਦੇ ਰੂਪ ਵਿਚ ਵੀ ਵਰਤਿਆ ਜਾਂਦਾ ਹੈ ਤੇ ਅਜਿਹੀ ਕੋਈ ਵੀ ਦਾਲ-ਸਬਜ਼ੀ ਨਹੀਂ, ਜਿਸ ਵਿਚ ਇਨ੍ਹਾਂ ਦੀ ਵਰਤੋਂ ਨਾ ਕੀਤੀ ਜਾਂਦੀ ਹੋਵੇ। ਬੈਂਗਣ ਦੀ ਸਬਜ਼ੀ ਤਾਂ ਸਾਰਾ ਸਾਲ ਹੀ ਬਣਾਈ ਜਾਂਦੀ ਹੈ ਕਿਉਂ ਇਸ ਦੀਆਂ ਸਾਲ ਵਿੱਚ ਚਾਰ ਫ਼ਸਲਾਂ ਲਈਆਂ ਜਾ ਸਕਦੀਆਂ ਹਨ। ਮਿਰਚਾਂ ਵੀ ਪੰਜਾਬੀਆਂ ਦੀ ਖ਼ੁਰਾਕ ਦਾ ਅਨਿੱਖੜਵਾਂ ਅੰਗ ਹਨ। ਸ਼ਿਮਲਾ ਮਿਰਚ ਦੀ ਪਨੀਰੀ ਪੁੱਟ ਕੇ ਲਾਉਣ ਦਾ ਵੀ ਇਹ ਢੁਕਵਾਂ ਸਮਾਂ ਹੈ। ਟਮਾਟਰ, ਬੈਂਗਣ ਤੇ ਮਿਰਚਾਂ ਦੀਆਂ ਦੋਗਲੀਆਂ ਕਿਸਮਾਂ ਵੀ ਵਿਕਸਤ ਹੋ ਗਈਆਂ ਹਨ, ਜਿਨ੍ਹਾਂ ਦਾ ਝਾੜ ਵੱਧ ਹੈ। ਇਨ੍ਹਾਂ ਦੀ ਲੁਆਈ ਪਨੀਰੀ ਰਾਹੀਂ ਕੀਤੀ ਜਾਂਦੀ ਹੈ।
ਪੰਜਾਬ ਵਿਚ ਕਾਸ਼ਤ ਲਈ ਪੰਜਾਬ ਰੱਤਾ, ਉਪਮਾ, ਪੀਟੀਐਚ-2, ਪੰਜਾਬ ਛੁਹਾਰਾ, ਪੰਜਾਬ ਐਨਆਰ-7 ਟਮਾਟਰਾਂ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਪੀਟੀਐਚ-2 ਦੋਗਲੀ ਕਿਸਮ ਹੈ, ਜਿਸ ਦਾ ਝਾੜ ਸਭ ਤੋਂ ਵੱਧ (ਕੋਈ 270 ਕੁਇੰਟਲ ਪ੍ਰਤੀ ਏਕੜ) ਹੈ। ਬੂਟੇ ਲਾਉਂਦੇ ਸਮੇਂ ਕਤਾਰਾਂ ਵਿਚਕਾਰ 75 ਸੈ.ਮੀ ਅਤੇ ਬੂਟਿਆਂ ਵਿਚਕਾਰ 30 ਸੈ.ਮੀ. ਦਾ ਫ਼ਾਸਲਾ ਰੱਖਿਆ ਜਾਵੇ।
ਬੈਂਗਣ ਤਿੰਨ ਸ਼ਕਲਾਂ ਦੇ ਹੁੰਦੇ ਹਨ ਲੰਬੇ, ਗੋਲ ਤੇ ਬੈਂਗਣੀ। ਪੰਜਾਬ ਨੀਲਮ, ਬੀਐਚ-2, ਪੀਬੀਐਚਆਰ-41 ਤੇ ਪੀਬੀਐਚਆਰ 42 ਗੋਲ ਬੈਂਗਣਾਂ ਦੀ ਕਿਸਮਾਂ ਹਨ। ਪੀਬੀਐਚ-5, ਪੰਜਾਬ ਰੌਣਕ, ਪੀਬੀਐਚ-4, ਪੰਜਾਬ ਹਿੰਮਤ ਤੇ ਪੀਬੀਐਚ-6 ਲੰਬੇ ਬੈਂਗਣਾਂ ਦੀਆਂ ਅਤੇ ਪੰਜਾਬ ਨਗੀਨਾ, ਪੰਜਾਬ ਭਰਪੂਰ ਤੇ ਪੀਬੀਐਚ-3 ਬੈਂਗਣੀ ਦੀਆਂ ਕਿਸਮਾਂ ਹਨ। ਬੂਟੇ ਲਾਉਣ ਸਮੇਂ ਕਤਾਰਾਂ ਵਿਚਕਾਰ 60 ਸੈ.ਮੀ. ਤੇ ਬੂਟਿਆਂ ਵਿਚਕਾਰ 40 ਸੈ.ਮੀ. ਦਾ ਫ਼ਾਸਲਾ ਰੱਖਿਆ ਜਾਵੇ।
ਸੀਐਚ-27, ਸੀਐਚ-3 ਤੇ ਸੀਐਚ-1 ਮਿਰਚਾਂ ਦੀਆਂ ਦੋਗਲੀਆਂ ਕਿਸਮਾਂ ਹਨ। ਪੰਜਾਬ ਤੇਜ਼, ਪੰਜਾਬ ਗੁੱਛੇਦਾਰ ਤੇ ਪੰਜਾਬ ਸੁਰਖ਼ ਮਿਰਚਾਂ ਦੀਆਂ ਉੱਨਤ ਕਿਸਮਾਂ ਹਨ। ਇਨ੍ਹਾਂ ਦੇ ਬੂਟੇ ਲਾਉਂਦੇ ਸਮੇਂ ਕਤਾਰਾਂ ਵਿਚਕਾਰ 75 ਤੇ ਬੂਟਿਆਂ ਵਿਚਕਾਰ 45 ਸੈਂ.ਮੀ. ਫ਼ਾਸਲਾ ਰੱਖਿਆ ਜਾਵੇ। ਸ਼ਿਮਲਾ ਮਿਰਚ ਦੀ ਪਨੀਰੀ ਪੁੱਟ ਕੇ ਖੇਤ 'ਚ ਲਾਉਣ ਦਾ ਵੀ ਇਹ ਢੁਕਵਾਂ ਸਮਾਂ ਹੈ। ਪਨੀਰੀ ਲਾਉਂਦੇ ਸਮੇਂ ਬੂਟਿਆਂ ਵਿਚਕਾਰ 30 ਤੇ ਕਤਾਰਾਂ ਵਿਚਕਾਰ 60 ਸੈਂ.ਮੀ. ਦਾ ਫ਼ਾਸਲਾ ਰੱਖਿਆ ਜਾਵੇ। ਪੀਐਸਐਮ-1 ਉੱਨਤ ਕਿਸਮ ਹੈ। ਸਾਰੀਆਂ ਸਬਜ਼ੀਆਂ ਦੀ ਪਨੀਰੀ ਲਾਉਣ ਪਿੱਛੋਂ ਤੁਰੰਤ ਪਾਣੀ ਦੇਣਾ ਜ਼ਰੂਰੀ ਹੈ। ਖੇਤ ਤਿਆਰ ਕਰਦੇ ਸਮੇਂ 10-15 ਟਨ ਰੂੜੀ ਵੀ ਜ਼ਰੂਰ ਪਾਈ ਜਾਵੇ। ਰਸਾਇਣਕ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ 'ਤੇ ਕੀਤੀ ਜਾ ਸਕਦੀ ਹੈ।
ਭਿੰਡੀ ਗਰਮੀਆਂ ਦੀ ਇਕ ਮਹੱਤਵਪੂਰਨ ਸਬਜ਼ੀ ਹੈ। ਇਸ ਦੀ ਬਿਜਾਈ ਦਾ ਵੀ ਹੁਣ ਢੁਕਵਾਂ ਸਮਾਂ ਹੈ। ਪੰਜਾਬ ਸੁਹਾਵਣੀ, ਪੰਜਾਬ-8, ਪੰਜਾਬ-7 ਤੇ ਪੰਜਾਬ ਪਦਮਨੀ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਕ ਏਕੜ ਲਈ ਕੋਈ 15 ਕਿਲੋ ਬੀਜ ਚਾਹੀਦਾ ਹੈ। ਬਿਜਾਈ ਤੋਂ ਪਹਿਲਾਂ ਬੀਜ ਨੂੰ 24 ਘੰਟਿਆਂ ਲਈ ਪਾਣੀ 'ਚ ਭਿਉਂ ਕੇ ਰੱਖੋ। ਬਿਜਾਈ ਵੱਟਾਂ 'ਤੇ ਕਰੋ। ਵੱਟਾਂ ਵਿਚਕਾਰ 45 ਸੈਂ.ਮੀ. ਤੇ ਬੂਟਿਆਂ ਵਿਚਕਾਰ 15 ਸੈਂ.ਮੀ. ਦਾ ਫ਼ਾਸਲਾ ਰੱਖੋ। ਘੱਟੋ-ਘੱਟ 15 ਟਨ ਰੂੜੀ ਪ੍ਰਤੀ ਏਕੜ ਅਤੇ ਬਿਜਾਈ ਵੇਲੇ 40 ਕਿਲੋ ਯੂਰੀਆ ਪ੍ਰਤੀ ਏਕੜ ਪਾਓ। ਲੋਬੀਆ ਇਕ ਹੋਰ ਗਰਮੀਆਂ ਦੀ ਸਬਜ਼ੀ ਹੈ। ਕਾਉਪੀਜ਼-263 ਇਸ ਦੀ ਉੱਨਤ ਕਿਸਮ ਹੈ। ਇਕ ਏਕੜ ਵਿਚ 10 ਕਿਲੋ ਬੀਜ ਪਾਓ। ਬਿਜਾਈ ਸਮੇਂ ਕਤਾਰਾਂ ਵਿਚਕਾਰ 45 ਤੇ ਬੂਟਿਆਂ ਵਿਚਕਾਰ 15 ਸੈਂ.ਮੀ. ਦਾ ਫ਼ਾਸਲਾ ਰੱਖੋ। ਇਕ ਏਕੜ ਵਿਚ 45 ਕਿਲੋ ਯੂਰੀਆ, 100 ਕਿਲੋ ਸੁਪਰਫਾਸਫੇਟ ਤੇ 16 ਕਿਲੋ ਮਿਊਰੇਟ ਆਫ ਪੋਟਾਸ਼ ਪਾਓ।
ਮੂਲੀ ਦੀ ਬਿਜਾਈ ਸਾਰਾ ਸਾਲ ਹੀ ਕੀਤੀ ਜਾ ਸਕਦੀ ਹੈ। ਹੁਣ ਦੀ ਬਿਜਾਈ ਲਈ ਪੂਸਾ ਹਿਮਾਨੀ ਤੇ ਪੰਜਾਬ ਪਸੰਦ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਪਾਲਕ ਦੀ ਬਿਜਾਈ ਲਈ ਵੀ ਇਹ ਢੁਕਵਾਂ ਸਮਾਂ ਹੈ। ਪੰਜਾਬ ਗਰੀਨ ਸਿਫਾਰਸ਼ ਕੀਤੀ ਕਿਸਮ ਹੈ। ਇਕ ਏਕੜ ਲਈ ਘੱਟੋ-ਘੱਟ 10 ਕਿਲੋ ਬੀਜ ਪਾਓ। ਬਿਜਾਈ ਸਮੇਂ ਕਤਾਰਾਂ ਵਿਚਕਾਰ 20 ਸੈਂ.ਮੀ. ਦਾ ਫ਼ਾਸਲਾ ਰੱਖੋ। ਬੀਜ ਨੂੰ 3-4 ਸੈਂਟੀਮੀਟਰ ਡੂੰਘਾ ਬੀਜੋ। ਦਸ ਟਨ ਰੂੜੀ ਪ੍ਰਤੀ ਏਕੜ ਦੇ ਨਾਲ 35 ਕਿਲੋ ਯੂਰੀਆ, 75 ਕਿਲੋ ਸੁਪਰਫਾਸਫੇਟ ਪਾਓ। ਜੇ ਲੋੜ ਹੋਵੇ ਤਾਂ ਪਹਿਲੀ ਕਟਾਈ ਪਿੱਛੋਂ ਮੁੜ 20 ਕਿਲੋ ਯੂਰੀਆ ਪ੍ਰਤੀ ਏਕੜ ਪਾਓ। ਬਿਜਾਈ ਤੋਂ ਤੁਰੰਤ ਪਿੱਛੋਂ ਪਾਣੀ ਦੇਵੋ। ਇਕ ਮਹੀਨੇ ਪਿੱਛੋਂ ਪਹਿਲੀ ਕਟਾਈ ਕੀਤੀ ਜਾ ਸਕਦੀ ਹੈ। ਸਾਰੀਆਂ ਸਬਜ਼ੀਆਂ 'ਚ ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰੋ। ਨਦੀਨ ਨਾਸ਼ਕਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ।
ਕੱਦੂ ਜਾਤੀ ਦੀਆਂ ਸਬਜ਼ੀਆਂ 'ਚ ਘੀਆ ਕੱਦੂ, ਚੱਪਣ ਕੱਦੂ, ਹਲਵਾ ਕੱਦੂ, ਕਰੇਲਾ ਤੇ ਘੀਆ ਤੋਰੀ ਮੁੱਖ ਹਨ। ਪੰਜਾਬ ਚੱਪਣ ਕੱਦੂ-1, ਚੱਪਣ ਕੱਦੂ ਦੀ ਪੀਬੀਐਚ-1, ਪੀਏਯੂ ਮਗਜ਼ ਕੱਦੂ-1 ਤੇ ਪੰਜਾਬ ਸਮਾਰਟ ਹਲਵਾ ਕੱਦੂ ਦੀਆਂ ਪੰਜਾਬ ਬਰਕਤ, ਪੰਜਾਬ ਬਹਾਰ, ਪੰਜਾਬ ਲੌਂਗ ਤੇ ਪੰਜਾਬ ਕੋਮਲ ਘੀਆ ਕੱਦੂ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਪੰਜਾਬ ਕਰੇਲੀ-1, ਪੰਜਾਬ-14, ਪੰਜਾਬ ਕਰੇਲਾ-15 ਕਰੇਲੇ ਦੀਆਂ, ਪੰਜਾਬ ਝਾੜ ਕਰੇਲਾ-1 ਝਾੜ ਕਰੇਲੇ ਦੀ, ਪੰਜਾਬ ਨਿਖਾਰ, ਪੰਜਾਬ ਕਾਲੀ ਤੋਰੀ-9 ਤੇ ਪੂਸਾ ਚਿਕਨੀ ਘੀਆ ਤੋਰੀ ਦੀਆਂ ਕਿਸਮਾਂ ਹਨ। ਸਾਰੀਆਂ ਸਬਜ਼ੀਆਂ ਲਈ ਦੋ ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਵੇ, ਪਰ ਹਲਵਾ ਕੱਦੂ ਲਈ ਇਕ ਕਿਲੋ ਬੀਜ ਹੀ ਕਾਫ਼ੀ ਹੈ। ਕਰੇਲਾ ਤੇ ਚੱਪਣ ਕੱਦੂ ਲਈ 1.5 ਮੀਟਰ ਚੌੜੀਆਂ, ਘੀਆ ਕੱਦੂ ਲਈ ਦੋ ਮੀਟਰ, ਹਲਵਾ ਕੱਦੂ ਤੇ ਘੀਆ ਤੋਰੀ ਲਈ ਤਿੰਨ ਮੀਟਰ ਚੌੜੀਆਂ ਕਿਆਰੀਆਂ ਬਣਾਓ। ਕਿਆਰੀਆਂ ਦੇ ਦੋਵੇਂ ਪਾਸੇ ਬੀਜੇ ਜਾਣ 'ਤੇ ਇਕ ਥਾਂ ਦੋ ਬੀਜ ਬੀਜੋ। ਖੇਤ ਵਿਚ ਰੂੜੀ ਪਾਉਣੀ ਜ਼ਰੂਰੀ ਹੈ। ਰਸਾਇਣਕ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਕਰਨੀ ਚਾਹੀਦੀ ਹੈ। ਤਰ ਤੇ ਖੀਰਾ ਦੋ ਹੋਰ ਵੇਲਾਂ ਵਾਲੀਆਂ ਸਬਜ਼ੀਆਂ ਹਨ ਪਰ ਇਨ੍ਹਾਂ ਦੀ ਵਰਤੋਂ ਸਲਾਦ ਦੇ ਰੂਪ ਵਿਚ ਕੀਤੀ ਜਾਂਦੀ ਹੈ। ਪੰਜਾਬ ਲੌਂਗ ਮੈਲਨ-1 ਤਰ ਦੀ ਅਤੇ ਪੰਜਾਬ ਨਵੀਨ, ਪੀਕੇਐਚ-11, ਪੰਜਾਬ ਖੀਰਾ-1 ਖੀਰੇ ਦੀਆਂ ਉੱਨਤ ਕਿਸਮਾਂ ਹਨ। ਇਕ ਕਿਲੋ ਬੀਜ ਇਕ ਏਕੜ ਦੀ ਬਿਜਾਈ ਲਈ ਕਾਫ਼ੀ ਹੈ। ਇਨ੍ਹਾਂ ਦੀ ਬਿਜਾਈ ਲਈ 2.5 ਮੀਟਰ ਚੌੜੀਆਂ ਕਿਆਰੀਆਂ ਬਣਾਓ। ਬਿਜਾਈ ਤੇ ਖਾਦਾਂ ਦੀ ਵਰਤੋਂ ਦੂਜੀਆਂ ਸਬਜ਼ੀਆਂ ਵਾਂਗ ਹੀ ਕੀਤੀ ਜਾਵੇ। ਟੀਂਡਾ ਇਕ ਹੋਰ ਵੇਲਾਂ ਵਾਲੀ ਗਰਮੀਆਂ ਦੀ ਮੁੱਖ ਸਬਜ਼ੀ ਹੈ। ਟੀਂਡਾ-48 ਤੇ ਪੰਜਾਬ ਟੀਂਡਾ-1 ਇਸ ਦੀਆਂ ਉੱਨਤ ਕਿਸਮਾਂ ਹਨ। ਇਕ ਏਕੜ ਲਈ 1.5 ਕਿਲੋ ਬੀਜ ਚਾਹੀਦਾ ਹੈ। ਟੀਂਡੇ ਲਈ ਖੇਲਾਂ ਵਿਚਕਾਰ 1.5 ਮੀਟਰ ਦਾ ਫ਼ਾਸਲਾ ਰੱਖਿਆ ਜਾਵੇ।
-ਮੋਬਾਈਲ : 94170-87328