06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸਬਜ਼ੀਆਂ ਵਿਚ ਕੀੜੇ-ਮਕੌੜਿਆਂ ਦੀ ਸੁਚੱਜੀ ਰੋਕਥਾਮ ਦੇ ਨੁਕਤੇ

Ad Position 21
repet_subhas-goyals [Copy P29]
ਅਜੀਤ ਡੈਸਕ 03-03-2026

ਪੰਜਾਬ ਵਿਚ ਸਾਲ 2023-24 ਦੌਰਾਨ 3.56 ਲੱਖ ਹੈਕਟਅਰ ਰਕਬੇ 'ਤੇ ਸਬਜ਼ੀਆਂ ਦੀ ਕਾਸ਼ਤ ਕੀਤੀ ਗਈ, ਜਿਸ 'ਚੋਂ ਸਬਜ਼ੀਆਂ ਦੀ ਪੈਦਾਵਾਰ 71.72 ਲੱਖ ਟਨ ਸੀ ਪਰ ਜੇ ਅਸੀਂ ਪ੍ਰਤੀ ਜੀਅ ਪ੍ਰਤੀ ਦਿਨ ਸਬਜ਼ੀਆਂ ਦੀ ਖ਼ਪਤ ਵੇਖੀਏ ਤਾਂ ਇਹ 200 ਗ੍ਰਾਮ ਤੋਂ ਵੀ ਘੱਟ ਬਣਦੀ ਹੈ। ਇਸ ਮੰਗ ਨੂੰ ਪੂਰਾ ਕਰਨ ਲਈ ਸਬਜ਼ੀਆਂ ਦੀ ਪੈਦਾਵਾਰ ਨੂੰ ਦੁੱਗਣਾ ਕਰਨ ਦੀ ਲੋੜ ਹੈ। ਜੇ ਸੁਚੱਜੇ ਤਰੀਕਿਆਂ ਨਾਲ ਕੀੜਿਆਂ ਦੀ ਰੋਕਥਾਮ ਕੀਤੀ ਜਾਵੇ ਤਾਂ ਝਾੜ ਵਿਚ ਵਾਧਾ ਕਰਨ ਦੇ ਨਾਲ ਮੁਨਾਫ਼ਾ ਵੀ ਵੱਧ ਕਮਾਇਆ ਜਾ ਸਕਦਾ ਹੈ। ਇਸ ਲਈ ਕੀੜਿਆਂ ਦੇ ਹਮਲੇ ਦੀ ਸਮੇਂ ਸਿਰ ਪਛਾਣ ਕਰਕੇ ਸਿਫ਼ਾਰਸ਼ਸ਼ੁਦਾ ਢੰਗ-ਤਰੀਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਸਬਜ਼ੀਆਂ ਦੇ ਮੁੱਖ ਕੀੜੇ-ਮਕੌੜਿਆਂ ਦੇ ਹਮਲੇ ਦੀਆਂ ਨਿਸ਼ਾਨੀਆਂ ਤੇ ਰੋਕਥਾਮ ਦੇ ਤਰੀਕੇ ਹੇਠਾਂ ਦਿੱਤੇ ਗਏ ਹਨ। ਗੋਭੀ ਜਾਤੀ ਦੀਆਂ ਸਬਜ਼ੀਆਂ (ਫੁੱਲਗੋਭੀ, ਬੰਦਗੋਭੀ, ਬਰੌਕਲੀ, ਚੀਨੀ ਬੰਦਗੋਭੀ, ਮੂਲੀ ਤੇ ਸ਼ਲਗਮ)
1. ਚਮਕੀਲੀ ਪਿੱਠ ਵਾਲਾ ਪਤੰਗਾ-ਇਹ ਕੀੜਾ ਸੰਸਾਰ ਭਰ ਵਿਚ ਫੁੱਲਗੋਭੀ ਤੇ ਬੰਦਗੋਭੀ ਦਾ ਮੁੱਖ ਕੀੜਾ ਹੈ, ਜਿਸ ਦਾ ਹਮਲਾ ਪੰਜਾਬ ਵਿਚ ਫਰਵਰੀ ਤੋਂ ਮਾਰਚ ਤੱਕ ਰਹਿੰਦਾ ਹੈ। ਸ਼ੁਰੂਆਤੀ ਸਮੇਂ 'ਚ ਸੁੰਡੀਆਂ ਪੱਤੇ ਦੇ ਹੇਠਲੇ ਪਾਸੇ ਸੁਰੰਗਾਂ ਬਣਾ ਕੇ ਪੱਤਿਆਂ ਦਾ ਨੁਕਸਾਨ ਕਰਦੀਆਂ ਹਨ। ਬਾਅਦ ਵਿਚ ਵੱਡੀਆਂ ਸੁੰਡੀਆਂ ਪੱਤੇ ਦੇ ਹੇਠਲੇ ਪਾਸੇ ਤੋਂ ਪੂਰਾ ਪੱਤਾ ਖਾਂਦੀਆਂ ਹਨ। ਬੰਦਗੋਭੀ ਤੇ ਫੁੱਲਗੋਭੀ ਦੇ ਵਿਚਕਾਰਲੇ ਪੱਤੇ ਛਾਨਣੀ-ਛਾਨਣੀ ਹੋ ਜਾਂਦੇ ਹਨ। ਆਂਡਿਆਂ 'ਚੋਂ ਨਿਕਲੀ ਸੁੰਡੀ ਪੱਤੇ ਦੀ ਹੇਠਲੀ ਸਤ੍ਹਾ 'ਤੇ ਸੁਰੰਗਾਂ ਵਿਚ ਵੜ ਕੇ ਖਾਂਦੀਆਂ ਹਨ। ਇਹ ਸੁੰਡੀ ਕਿਸੇ ਵੀ ਚੀਜ਼ ਨਾਲ ਲੱਗਣ ਨਾਲ ਮਚਲ ਕੇ ਪੱਤੇ ਤੋਂ ਇਕ ਪਤਲੀ ਰੇਸ਼ਮੀ ਤਾਰ ਬਣਾ ਕੇ ਹੇਠਾਂ ਡਿੱਗ ਪੈਂਦੀ ਹੈ ਤੇ ਕੁਝ ਦੇਰ ਬਾਅਦ ਵਾਪਸ ਪਤਲੀ ਰੇਸ਼ਮੀ ਤਾਰ ਨਾਲ ਪੱਤੇ ਦੇ ਉੱਪਰ ਆ ਜਾਂਦੀ ਹੈ।
ਰੋਕਥਾਮ-ਇਸ ਦੀ ਰੋਕਥਾਮ ਲਈ ਲੋੜ ਅਨੁਸਾਰ 300 ਮਿ.ਲਿ. ਡਾਈਪੈਲ-8ਐਲ ਜਾਂ 300 ਗ੍ਰਾਮ ਹਾਲਟ ਡਬਲਿਊਪੀ ਜਾਂ ਡੈਲਫਿਨ ਡਬਲਿੳਜੀ (ਬੈਸੀਲਸ ਥੂਰੀਨਜੀਐਨਸਿਸ ਕਰਸਟਾਕੀ) ਜਾਂ 240 ਮਿ.ਲਿ. ਸਕਸੈੱਸ 2.5 ਐਸਸੀ (ਸਪਾਈਨੋਸੈਡ) ਜਾਂ 70 ਗ੍ਰਾਮ ਪਰੋਕਲੇਮ/ਇਗਾਓ 5 ਐਸਜੀ (ਐਮਾਮੈਕਟਿਨ ਬੈਂਜੋਏਟ) ਜਾਂ 130 ਮਿ.ਲਿ. ਅਵਾਂਟ 15.8 ਈਸੀ (ਇੰਡੋਕਸਾਕਾਰਬ) ਜਾਂ 150 ਮਿ.ਲਿ. ਰਿਮੋਨ 10 ਈਸੀ (ਨੋਵਾਲੂਰਾਨ) ਜਾਂ 100 ਮਿ.ਲਿ. ਸੁਮੀਸੀਡੀਨ 20 ਈਸੀ (ਫੈਨਵਲਰੇਟ) ਨੂੰ 80-100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਜੇਕਰ ਹਮਲਾ ਫਿਰ ਵੀ ਰਹਿੰਦਾ ਹੈ, ਤਾਂ ਡਾਈਪੈਲ/ਹਾਲਟ/ਡੈਲਫਿਨ ਦੀ 7 ਦਿਨਾਂ ਬਾਅਦ ਜਾਂ ਬਾਕੀ ਕੀਟਨਾਸ਼ਕਾਂ ਦੀ 10 ਦਿਨਾਂ ਬਾਅਦ ਦੁਬਾਰਾ ਵਰਤੋ ਕਰੋ। ਪਹਿਲੇ ਛਿੜਕਾਅ ਡਾਈਪੈਲ ਜਾਂ ਹਾਲਟ ਜਾਂ ਡੈਲਫਿਨ ਦੇ ਕਰੋ, ਕਿਉਕਿ ਇਹ ਮਿੱਤਰ ਕੀੜਿਆਂ ਲਈ ਸੁਰੱਖਿਅਤ ਹਨ। ਬੰਦਗੋਭੀ ਅਤੇ ਫੁੱਲਗੋਭੀ 'ਤੇ ਅਵਾਂਟ ਦੇ ਛਿੜਕਾਅ ਪਿੱਛੋ ਘੱਟੋ-ਘੱਟ ਤਿੰਨ ਦਿਨ ਤੱਕ ਤੁੜਾਈ ਨਾ ਕਰੋ। ਜਿੱਥੇ ਸਕਸੈੱਸ ਛਿੜਕੀ ਹੋਵੇ ਉੱਥੇ ਇਹ ਇੰਤਜ਼ਾਰ ਬੰਦਗੋਭੀ ਲਈ 5 ਦਿਨ ਤੇ ਫੁੱਲਗੋਭੀ ਲਈ 7 ਦਿਨ ਹੈ। ਪਰੋਕਲੇਮ/ਇਗਾਓ ਦੇ ਛਿੜਕਾਅ ਪਿੱਛੋਂ ਬੰਦਗੋਭੀ ਲਈ 3 ਦਿਨ ਤੇ ਫੁੱਲਗੋਭੀ ਲਈ 5 ਦਿਨ ਇੰਤਜ਼ਾਰ ਕਰੋ।
2. ਗੋਭੀ ਦੀ ਸੁੰਡੀ-ਇਹ ਇਕ ਗੰਭੀਰ ਕੀੜਾ ਹੈ ਤੇ ਗੋਭੀ ਜਾਤੀ ਦੀਆਂ ਸਬਜ਼ੀਆਂ 'ਤੇ ਹਮਲਾ ਕਰਦਾ ਹੈ। ਮਾਦਾ ਤਿੱਤਲੀ ਪੱਤਿਆਂ ਦੇ ਹੇਠਲੇ ਪਾਸੇ ਪੀਲੇ ਰੰਗ ਦੇ ਆਂਡੇ ਝੁੰਡਾਂ ਦੀ ਸ਼ਕਲ 'ਚ ਦਿੰਦੀ ਹੈ, ਜਿਨ੍ਹਾਂ 'ਚੋਂ 8-10 ਦਿਨਾਂ ਬਾਅਦ ਸੁੰਡੀਆਂ ਨਿਕਲ ਆਉਂਦੀਆਂ ਹਨ। ਇਸ ਕੀੜੇ ਦੀਆਂ ਸੁੰਡੀਆਂ ਕਾਫ਼ੀ ਨੁਕਸਾਨ ਕਰਦੀਆਂ ਹਨ। ਸ਼ੁਰੂਆਤ ਵਿਚ ਸੁੰਡੀ ਪੱਤੇ ਦੀ ਸਤ੍ਹਾ ਨੂੰ ਖਰੋਚਦੀ ਹੈ, ਜਦਕਿ ਵੱਡੀ ਸੁੰਡੀ ਪੱਤੇ ਨੂੰ ਕਿਨਾਰਿਆਂ ਤੋਂ ਅੰਦਰ ਵੱਲ ਖਾਂਦੀ ਹੈ ਤੇ ਪੱਤੇ ਦੀ ਮੁੱਖ ਨਾੜ ਨੂੰ ਛੱਡ ਕੇ ਸਾਰਾ ਪੱਤਾ ਹੀ ਖਾ ਜਾਂਦੀ ਹੈ। ਪੰਜਾਬ ਵਿਚ ਇਸ ਕੀੜੇ ਦਾ ਹਮਲਾ ਅਕਤੂਬਰ ਤੋਂ ਅਪ੍ਰੈਲ ਤੱਕ ਰਹਿੰਦਾ ਹੈ।
ਰੋਕਥਾਮ-ਇਸ ਦੇ ਆਂਡਿਆਂ ਅਤੇ ਸੁੰਡੀਆਂ ਵਾਲੇ ਪੱਤੇ ਇਕੱਠੇ ਕਰ ਕੇ ਨਸ਼ਟ ਕਰ ਦਿਓ।
3. ਚੇਪਾ-ਇਹ ਇਕ ਰਸ ਚੂਸਣ ਵਾਲਾ ਕੀੜਾ ਹੈ, ਜੋ ਆਮ ਕਰਕੇ ਜਨਵਰੀ-ਫਰਵਰੀ ਵਿਚ ਫ਼ਸਲ ਦਾ ਨੁਕਸਾਨ ਕਰਦਾ ਹੈ। ਇਹ ਪੱਤਿਆਂ ਦਾ ਰਸ ਚੂਸਦੇ ਹਨ, ਜਿਸ ਨਾਲ ਬੂਟੇ ਦਾ ਵਾਧਾ ਰੁਕ ਜਾਂਦਾ ਹੈ।
ਰੋਕਥਾਮ-ਇਸ ਦੀ ਰੋਕਥਾਮ ਲਈ 250-500 ਮਿ.ਲਿ. ਮੈਲਾਥੀਆਨ 50 ਈਸੀ ਨੂੰ 80-100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਲੋੜ ਪਵੇ ਤਾਂ 10 ਦਿਨਾਂ ਬਾਅਦ ਫਿਰ ਦੁਹਰਾਓ।
ਆਲੂ
1. ਤੇਲਾ ਤੇ ਚੇਪਾ-ਤੇਲੇ ਦੇ ਹਮਲੇ ਵਾਲੇ ਪੱਤਿਆਂ ਦੀਆਂ ਠੂਠੀਆਂ ਬਣ ਜਾਂਦੀਆਂ ਹਨ ਅਤੇ ਪੱਤੇ ਪੀਲੇ ਪੈ ਕੇ ਸੁੱਕ ਜਾਦੇ ਹਨ। ਬੂਟੇ ਮਧਰੇ ਰਹਿ ਜਾਂਦੇ ਹਨ ਅਤੇ ਝੁਲਸੇ/ਮਚੇ ਹੋਏ ਜਾਪਦੇ ਹਨ। ਚੇਪੇ ਦਾ ਹਮਲਾ ਫ਼ਸਲ ਦੇ ਅਖ਼ੀਰ ਵਿਚ ਹੁੰਦਾ ਹੈ। ਚੇਪੇ ਦੇ ਹਮਲੇ ਕਾਰਨ ਫ਼ਸਲ ਮਧਰੀ ਰਹਿ ਜਾਂਦੀ ਹੈ। ਰਸ ਚੂਸਣ ਤੋਂ ਬਿਨਾਂ ਚੇਪਾ ਵਿਸ਼ਾਣੂ ਰੋਗ ਦੀ ਛੂਤ ਵੀ ਫੈਲਾਉਂਦਾ ਹੈ ਅਤੇ ਬੀਜ ਦੀ ਗੁਣਵੱਤਾ ਵੀ ਘਟਾਉਂਦਾ ਹੈ। ਵਿਸ਼ਾਣੂ ਰੋਗ ਵਾਲੇ ਬੂਟਿਆਂ ਦੇ ਪਤਿਆਂ ਦੀਆਂ ਨਾੜਾਂ ਮੋਟੀਆਂ ਹੋ ਜਾਂਦੀਆਂ ਜਨ ਤੇ ਬੂਟਾ ਮਧਰਾ ਰਹਿ ਜਾਂਦਾ ਹੈ।
ਰੋਕਥਾਮ-ਚੇਪੇ ਦੀ ਰੋਕਥਾਮ ਲਈ ਲੋੜ ਅਨੁਸਾਰ ਫ਼ਸਲ 'ਤੇ 10 ਦਿਨ ਦੇ ਫ਼ਰਕ ਨਾਲ 300 ਮਿ.ਲਿ. ਮੈਟਾਸਿਸਟਾਕਸ 25 ਈਸੀ (ਆਕਸੀਡੈਮੇਟੋਨ ਮੀਥਾਈਲ) ਨੂੰ 80-100 ਲਿਟਰ ਪਾਣੀ 'ਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਮੈਟਾਸਿਸਟਾਕਸ ਨੂੰ ਆਲੂ ਪੁੱਟਣ ਦੇ ਤਿੰਨ ਹਫ਼ਤੇ ਦੇ ਅੰਦਰ ਛਿੜਕਾਅ ਨਾ ਕਰੋ।
2. ਕੁਤਰਾ ਸੰਡੀ (ਚੋਰ ਸੁੰਡੀ)-ਇਹ ਸੁੰਡੀ ਫਰਵਰੀ ਤੋਂ ਮਾਰਚ ਦੌਰਾਨ ਪੌਦਿਆਂ ਦਾ ਬਹੁਤ ਨੁਕਸਾਨ ਕਰਦੀ ਹੈ ਤੇ ਛੋਟੇ ਪੌਦਿਆਂ ਨੂੰ ਜ਼ਮੀਨ ਦੀ ਪੱਧਰ ਤੋਂ ਕੱਟ ਦਿੰਦੀ ਹੈ ਅਤੇ ਬਾਅਦ 'ਚ ਆਲੂਆਂ ਵਿਚ ਖੋਡਾਂ ਪਾ ਦਿੰਦੀ ਹੈ।
ਟਮਾਟਰ
1. ਫਲ ਦਾ ਗੜੂੰਆਂ-ਇਹ ਟਮਾਟਰ ਦੀ ਫ਼ਸਲ 'ਤੇ ਪਾਇਆ ਜਾਣ ਵਾਲਾ ਹਾਨੀਕਾਰਕ ਕੀੜਾ ਹੈ, ਜੋ ਟਮਾਟਰ ਤੋਂ ਇਲਾਵਾ ਛੋਲੇ, ਨਰਮਾ, ਬਰਸੀਮ ਆਦਿ ਦਾ ਵੀ ਨੁਕਸਾਨ ਕਰਦਾ ਹੈ। ਸੁੰਡੀਆਂ ਪਹਿਲਾਂ ਪੱਤਿਆਂ ਨੂੰ ਖਾਂਦੀਆਂ ਹਨ ਤੇ ਬਾਅਦ ਵਿਚ ਇਹ ਸੁੰਡੀਆਂ ਵੱਡੇ ਪੱਧਰ 'ਤੇ ਫਲਾਂ ਵਿਚ ਮੋਰ੍ਹੀਆਂ ਕਰਕੇ ਉਨ੍ਹਾਂ ਦਾ ਨੁਕਸਾਨ ਕਰਦੀਆਂ ਹਨ। ਅਜਿਹੇ ਫ਼ਲ ਮੰਡੀਕਰਨ ਲਈ ਤੇ ਖਾਣ ਦੇ ਯੋਗ ਨਹੀਂ ਰਹਿੰਦੇ। ਇਸ ਨਾਲ ਝਾੜ ਦਾ ਵੀ ਕਾਫ਼ੀ ਨੁਕਸਾਨ ਹੋ ਜਾਂਦਾ ਹੈ।
ਰੋਕਥਾਮ-ਇਸ ਦੀ ਰੋਕਥਾਮ ਲਈ 2 ਹਫ਼ਤੇ ਦੇ ਵਕਫੇ 'ਤੇ 3 ਛਿੜਕਾਅ ਫੁੱਲ ਪੈਣ ਸਮੇਂ ਕਰੋ। 60 ਮਿ.ਲਿ. ਕੋਰਾਜਨ 18.5 ਐਸਸੀ (ਕਲੋਰਐਂਟਰਾਨੀਲੀਪਰੋਲ) ਜਾਂ 30 ਮਿ.ਲਿ. ਫੇਮ 480 ਐਸਐਲ (ਫਲੂਬੈਂਡੀਆਮਾਈਡ) ਜਾਂ 200 ਮਿ.ਲਿ. ਇੰਡੋਕਸਾਕਾਰਬ 14.5 ਐਸ.ਸੀ. ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ 'ਚ ਘੋਲ ਕੇ ਛਿੜਕਾਅ ਕਰੋ। ਇਸ ਤੋਂ ਇਲਾਵਾ ਕਾਣੇ ਫ਼ਲ ਤੋੜ ਕੇ ਜ਼ਮੀਨ ਵਿਚ ਦਬਾ ਦਿਓ। ਛਿੜਕਾਅ ਤੋਂ ਪਹਿਲਾਂ ਮੰਡੀਕਰਨ ਯੋਗ ਤੇ ਪੱਕੇ ਹੋਏ ਫ਼ਲ ਤੋੜ ਲਵੋ। ਕੋਰਾਜਨ ਦੇ ਛਿੜਕਾਅ ਤੋਂ 1 ਦਿਨ ਤੇ ਫੇਮ ਦੇ ਛਿੜਕਾਅ ਤੋਂ 3 ਦਿਨ ਉਡੀਕ ਦਾ ਸਮਾਂ ਰੱਖ ਕੇ ਫ਼ਲ ਤੋੜਣੇ ਚਾਹੀਦੇ ਹਨ।
2. ਚੇਪਾ-ਟਮਾਟਰ 'ਤੇ ਰਸ ਚੂਸਣ ਵਾਲੇ ਕੀੜਿਆਂ 'ਚੋਂ ਚੇਪਾ ਕਾਫ਼ੀ ਹੱਦ ਤੱਕ ਨੁਕਸਾਨ ਕਰਦਾ ਹੈ। ਟਮਾਟਰ 'ਤੇ ਬੱਚੇ ਅਤੇ ਬਾਲਗ ਦੋਵੇਂ ਪੱਤਿਆਂ ਦਾ ਰਸ ਚੂਸਦੇ ਹਨ, ਜਿਸ ਕਾਰਨ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਤੇ ਉਹ ਕਮਜ਼ੋਰ ਰਹਿ ਜਾਂਦੇ ਹਨ। ਹਮਲੇ ਕਾਰਨ ਨਵੀਆਂ ਕਰੂੰਬਲਾਂ ਮੁਰਝਾਅ ਜਾਂਦੀਆਂ ਹਨ। ਬੱਦਲਵਾਈ ਤੇ ਠੰਢਾ ਮੌਸਮ ਇਸ ਕੀੜੇ ਦਾ ਵਾਧਾ ਕਰਦੇ ਹਨ।
3. ਚਿੱਟੀ ਮੱਖੀ-ਇਹ ਬਹੁ-ਫ਼ਸਲੀ ਕੀੜਾ ਹੈ, ਜੋ ਫ਼ਸਲਾਂ ਤੋਂ ਇਲਾਵਾ ਨਦੀਨਾਂ 'ਤੇ ਵੀ ਪਾਇਆ ਜਾਂਦਾ ਹੈ। ਚਿੱਟੀ ਮੱਖੀ ਦੇ ਬਾਲਗ ਤੇ ਬੱਚੇ ਪੱਤਿਆਂ ਦਾ ਰਸ ਚੂਸ ਕੇ ਨੁਕਸਾਨ ਕਰਦੇ ਹਨ। ਹਮਲੇ ਵਾਲੇ ਬੂਟੇ ਤਿੰਨ ਤਰ੍ਹਾਂ ਨਾਲ ਪ੍ਰਭਾਵਿਤ ਹੁੰਦੇ ਹਨ- ਰਸ ਚੂਸਣ ਕਰਕੇ ਬੂਟੇ ਛੋਟੇ ਰਹਿ ਜਾਂਦੇ ਹਨ, ਦੂਜਾ ਬੂਟਿਆਂ ਦੀ ਭੋਜਨ ਬਣਾਉਣ ਵਾਲੀ ਪ੍ਰਕਿਰਿਆ ਪ੍ਰਭਾਵਿਤ ਹੋ ਜਾਂਦੀ ਹੈ, ਕਿਉਂਕਿ ਪੱਤਿਆਂ 'ਤੇ ਕਾਲੀ ਉੱਲੀ ਲੱਗ ਜਾਂਦੀ ਹੈ ਅਤੇ ਝਾੜ 'ਤੇ ਵੀ ਕਾਫ਼ੀ ਮਾੜਾ ਅਸਰ ਪੈਂਦਾ ਹੈ। ਇਹ ਕੀੜਾ ਵਿਸ਼ਾਣੂ ਰੋਗ (ਪੱਤਾ ਮਰੋੜ ਵਿਸ਼ਾਣੂ) ਵੀ ਫੈਲਾਉਂਦਾ ਹੈ।
ਰੋਕਥਾਮ-ਇਸ ਦੀ ਰੋਕਥਾਮ ਲਈ 400 ਮਿ.ਲਿ. ਮੈਲਾਥਿਆਨ 50 ਈਸੀ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ 'ਚ ਘੋਲ ਕੇ ਫ਼ਲ ਪੈਣ ਤੋਂ ਪਹਿਲਾਂ ਛਿੜਕੋ।

-ਕੀਟ ਵਿਗਿਆਨ ਵਿਭਾਗ,
ਪੀ.ਏ.ਯੂ., ਲੁਧਿਆਣਾ।

Ad Position 22
No active advertisement
ਪਿਛਲੀ ਖ਼ਬਰ ਨਫ਼ਰਤ ਪ੍ਰੇਮ ਨਾਲ ਅਤੇ ਗ਼ਲਤਫਹਿਮੀ ਦੂਸਰੇ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਨਾਲ ਹੀ ਦੂਰ ਹੁੰਦੀ ਹੈ। ਮਹਾਤਮਾ ਬੁੱਧ ਅਗਲੀ ਖ਼ਬਰ ਸਬਜ਼ੀਆਂ ਉਗਾਓ, ਤਾਜ਼ੀਆਂ ਤੇ ਸ਼ੁੱਧ ਖਾਓ
Ad Position 24