26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਮਨ ਤੰਦਰੁਸਤ ਤੇ ਤਨ ਵੀ ਤੰਦਰੁਸਤ

ਮਨ ਤੰਦਰੁਸਤ ਤੇ ਤਨ ਵੀ ਤੰਦਰੁਸਤ

Ad Position 21
No active advertisement
ਅਜੀਤ ਡੈਸਕ 27-11-2026

ਮਨ ਪਾਣੀ ਦੀ ਉਸ ਬੂੰਦ ਵਾਂਗ ਹੈ ਜਿਹੜਾ ਗਰਮ ਲੋਹੇ 'ਤੇ ਪਵੇ ਤਾਂ ਸੜ ਕੇ ਖ਼ਤਮ ਹੋ ਜਾਂਦਾ ਹੈ, ਜੇਕਰ ਇਹੀ ਬੰੂਦ ਫੁੱਲ ਜਾਂ ਪੱਤਿਆਂ 'ਤੇ ਡਿੱਗੇ ਤਾਂ 'ਸ਼ਬਨਮ' ਕਹਾਉਂਦੀ ਹੈ | ਜੇਕਰ ਇਹ ਬੰੂਦ ਸਾਗਰ 'ਚ ਪਈ ਸਿੱਪੀ 'ਚ ਚਲੀ ਜਾਵੇ ਤਾਂ ਇਹ ਬੰੂਦ  'ਮੋਤੀ' ਅਖਵਾਉਂਦੀ ਹੈ | ਹੁਣ ਅਸੀਂ ਆਪਣੇ ਮਨ ਨੂੰ  ਕਿਸ ਦਿਸ਼ਾ ਵਿਚ ਲੈ ਕੇ ਜਾਣਾ ਹੈ, ਇਹ ਗੱਲ ਸਾਡੇ 'ਤੇ ਨਿਰਭਰ ਕਰਦੀ ਹੈ |
ਜ਼ਾਹਿਰ ਹੈ ਕਿ 'ਮਨ ਤੰਦਰੁਸਤ ਤੇ ਤਨ ਤੰਦਰੁਸਤ' | ਨਿਰੋਗੀ ਅਤੇ ਭਰਪੂਰ ਸ਼ਕਤੀਸ਼ਾਲੀ ਤਨ ਵੀ ਮੈਲੇ ਮਨ ਦੇ ਕਾਰਨ ਨਿੰਦਿਆ ਜਾਂਦਾ ਹੈ | ਜਦੋਂ ਕਿ ਚੰਗੀ ਕੱਦ-ਕਾਠੀ ਜਾਂ ਸੁੰਦਰ ਨਾ ਦਿਸਣ ਵਾਲੇ ਲੋਕ ਵੀ ਆਪਣੀ ਚੰਗੀ ਕਾਰਗੁਜ਼ਾਰੀ ਦਿਖਾਉਣ ਅਤੇ ਮਾਨਸਿਕ ਸਮਰੱਥਾ ਰੱਖਣ ਦੇ ਕਾਰਨ ਹਰਮਨ-ਪਿਆਰੇ ਬਣ ਜਾਂਦੇ ਹਨ |
ਦੁਨੀਆ 'ਚ ਚੰਗੀ ਤਰ੍ਹਾਂ ਸਿੱਖਿਅਤ ਮਨ ਹੀ ਇਕ ਚੰਗੀ ਸੰਪਤੀ ਹੈ | ਪੈਸਾ ਵੀ ਇਸ ਦਾ ਮੁਕਾਬਲਾ ਨਹੀਂ ਕਰ ਸਕਦਾ | ਮਨ ਦਾ ਮਹੱਤਵ ਜ਼ਿਆਦਾ ਹੋਣ ਕਰਕੇ ਮਨ ਹੀ ਸਰੀਰ ਦਾ ਰਾਜਾ ਮੰਨਿਆ ਗਿਆ ਹੈ | ਵਿਦਿਆਰਥੀ, ਸਾਹਿਤਕਾਰ, ਵਿਗਿਆਨੀ ਅਤੇ ਅਧਿਆਪਕ ਲਈ ਤਾਂ ਮਾਨਸਿਕ ਮੁਹਾਰਤ ਦਾ ਮੁੱਲ ਸਪੱਸ਼ਟ ਹੈ | ਵਪਾਰਕ ਅਤੇ ਦਸਤਕਲਾ ਆਦਿ 'ਚ ਭਾਵੇਂ ਸਰੀਰਕ ਕੰਮ ਜ਼ਿਆਦਾ ਹੋਵੇ ਪਰ ਮਾਨਸਿਕ ਕਾਰਜਕੁਸ਼ਲਤਾ ਦਾ ਮੁੱਲ ਘੱਟ ਨਹੀਂ ਹੈ |
ਮਨੁੱਖ ਦੇ ਖਾਸ ਕਰਕੇ ਦੋ ਪ੍ਰਮੁੱਖ ਅੰਗ ਹਨ, 'ਸਰੀਰ' ਅਤੇ 'ਮਨ' ਜੋ ਇਕ-ਦੂਸਰੇ 'ਤੇ ਕਿਰਿਆ ਅਤੇ ਪ੍ਰਤੀਕਿਰਿਆ ਕਰਕੇ ਆਪਸੀ ਪ੍ਰਭਾਵ ਪਾਉਂਦੇ ਹਨ | ਉਨ੍ਹਾਂ ਦਾ ਆਦਰਸ਼ ਸੰਯੋਗ ਤਾਂ ਇਹ ਹੋਣਾ ਚਾਹੀਦਾ ਹੈ ਕਿ ਸਿਹਤਮੰਦ ਸਰੀਰ 'ਚ ਸਿਹਤਮੰਦ ਮਨ ਹੋਵੇ | ਜੀਵਨ ਰੂਪੀ ਗੱਡੀ ਦੇ ਤਨ ਅਤੇ ਮਨ ਦੋ ਪਹੀਏ ਹਨ | ਇਸ ਲਈ ਇਨ੍ਹਾਂ ਦੇ ਸੰਤੁਲਿਤ ਬਣੇ ਰਹਿਣ ਲਈ ਦੋਵਾਂ ਦਾ ਸਿਹਤਮੰਦ ਹੋਣਾ ਵੀ ਜ਼ਰੂਰੀ ਹੈ | ਚਿੱਤ ਭਾਵ ਮਨ ਨੂੰ  ਅਸੀਂ ਚਿੰਤਨ 'ਚ ਲਗਾਈਏ ਨਾ ਕਿ ਚਿੰਤਾ 'ਚ | ਕਿਉਂਕਿ ਚਿੰਤਾ ਭਾਵ ਚਿਤਾ (ਲਾਸ਼) ਬਣਨ 'ਚ ਜ਼ਿਆਦਾ ਸਮਾਂ ਨਹੀਂ ਲਗਦਾ | ਜੀਵਨ ਦੀ ਸਫਲਤਾ ਆਪਣੇ ਸਰੀਰ ਅਤੇ ਮਨ 'ਤੇ ਵੀ ਨਿਰਭਰ ਕਰਦੀ ਹੈ |
ਮਨ ਤਾਂ ਬੱਚੇ ਵਰਗਾ ਹੁੰਦਾ ਹੈ | ਦਿਮਾਗ ਉਸ ਨੂੰ  ਰਾਹ ਦਿਖਾਉਂਦਾ ਹੈ | ਜ਼ਰੂਰਤ ਹੈ ਮਨ ਦੇ ਅੰਦਰ ਝਾਕਣ ਦੀ | ਇਹ ਕੰਮ ਅਸੀਂ ਮਾਨਸਿਕ ਮੁਹਾਰਤ ਨਾਲ ਪੂਰਾ ਕਰ ਸਕਦੇ ਹਾਂ | ਇਹ ਇਕ ਵਿਗਿਆਕਿ ਸੱਚ ਹੈ ਕਿ ਜਦੋਂ ਸਿਰਫ਼ 270 ਤੰਤੂਆਂ ਵਾਲੀ ਆਮ ਕੀੜੀ ਇਨ੍ਹਾਂ ਸ਼ਕਤੀਆਂ ਨਾਲ ਆਪਣਾ ਜੀਵਨ ਆਮ ਰੂਪ ਵਿਚ ਸ਼ੁਰੂ ਕਰ ਸਕਦੀ ਹੈ ਤਾਂ 1400 ਕਰੋੜ ਤੰਤੂਆਂ ਨਾਲ ਭਰਪੂਰ ਮਨੁੱਖ ਕਿਉਂ ਨਹੀਂ ਕਰ ਸਕਦਾ?
ਜ਼ਾਹਿਰ ਹੈ ਕਿ ਸਾਡੀ ਸਮਰੱਥ ਦਾ ਕੁਝ ਫ਼ੀਸਦੀ ਹੀ ਇਸਤੇਮਾਲ ਅਸੀਂ ਕਰ ਰਹੇ ਹਾਂ | ਕੁਝ ਖਾਸ ਯਤਨਾਂ ਨਾਲ ਅਸੀਂ ਤਾਕਤ ਨੂੰ  ਵਿਸਥਾਰਿਤ ਕਰ ਸਕਦੇ ਹਾਂ | ਜ਼ਰੂਰਤ ਹੈ ਅਸੀਂ ਟੀਚੇ ਨੂੰ  ਭਾਵ ਜੀਵਨ ਦੇ ਉਦੇਸ਼ਾਂ ਨੂੰ  ਤੈਅ ਕਰ ਲਈਏ | ਅਸੀਂ ਉਹੀ ਚੀਜ਼ਾਂ ਨੂੰ  ਵਾਰ-ਵਾਰ ਦੁਹਰਾਉਂਦੇ ਆ ਰਹੇ ਹਾਂ ਜਿਵੇਂ ਉਹੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ | ਇਸੇ ਤਰ੍ਹਾਂ ਇਕ ਦਿਨ ਇਸ ਸੰਸਾਰ ਤੋਂ ਵਿਦਾਈ ਹੋ ਜਾਂਦੀ ਹੈ |
ਸਰੀਰਕ ਤੰਦਰੁਸਤੀ, ਮਾਨਸਿਕ ਨਿਰਮਲਤਾ ਸ਼ਾਨੋ-ਸ਼ੌਕਤ, ਖ਼ੁਸ਼ਹਾਲੀ ਪਰਿਵਾਰਕ ਸਨੇਹ ਅਤੇ ਸਮਾਜਿਕ ਏਕਤਾ ਦੇ ਨਾਲ-ਨਾਲ ਆਤਮ ਖੋਜ ਦੇ ਵਿਹਾਰਿਕ ਵਿਚਾਰਾਂ ਦੀ ਵਰਤੋਂ ਨਾਲ ਜੀਵਨ ਜਿਊਣ ਦੀ ਕਲਾ ਰਾਹੀਂ ਸਾਨੂੰ ਇਸ ਗੱਲ ਦਾ ਸਪੱਸ਼ਟ ਗਿਆਨ ਹੋ ਜਾਣਾ ਜ਼ਰੂਰੀ ਹੈ ਕਿ ਅਸੀਂ ਜੀਵਨ ਵਿਚ ਕੀ ਪਾਉਣਾ ਹੈ? ਸਾਡੇ ਜੀਵਨ ਦਾ ਟੀਚਾ ਕੀ ਹੈ? ਕਿਉਂਕਿ ਹਰ ਤਰ੍ਹਾਂ ਦੀ ਸਫਲਤਾ ਪਹਿਲਾਂ ਮਨ ਦੇ ਵਿਚਾਰਾਂ ਵਿਚ ਪੈਦਾ ਹੁੰਦੀ ਹੈ | ਮਨ ਨੂੰ  ਵਿਕਸਿਤ ਕਰਨਾ ਬੇਹੱਦ ਜ਼ਰੂਰੀ ਹੈ |
ਇੱਛਾ ਨੂੰ  ਉਦੇਸ਼ ਨਹੀਂ ਸਮਝਣਾ ਚਾਹੀਦਾ ਹੈ | ਉਦੇਸ਼ 'ਚ ਇਕ ਵਿਸ਼ੇਸ਼ ਟੀਚੇ ਦਾ ਹੋਣਾ ਜ਼ਰੂਰੀ ਹੁੰਦਾ ਹੈ | ਸਾਡੀ ਮਹੱਤਵਪੂਰਨ ਜ਼ਰੂਰਤ ਜਾਂ ਇੱਛਾ ਹੈ ਵੱਡਾ ਪਹਿਲਵਾਨ ਬਣਨ ਦੀ ਤਾਂ ਸਿਰਫ਼ ਇੱਛਾ ਰੱਖਣ ਨਾਲ ਹੀ ਅਖਾੜੇ ਨੂੰ  ਦੇਖਣ ਨਾਲ ਕੰਮ ਨਹੀਂ ਬਣਨਾ | ਅਖਾੜੇ ਵਿਚ ਜਾ ਕੇ ਜਦੋਂ ਤੱਕ ਲਗਾਤਾਰ ਅਸੀਂ ਕਸਰਤ ਨਹੀਂ ਕਰਾਂਗੇ ਤੇ ਫਲ ਕਿਥੋਂ ਮਿਲੇਗਾ | ਇਸ ਲਈ ਇੱਛਾ ਨੂੰ  ਇੱਛਾ ਸ਼ਕਤੀ ਵਿਚ ਬਦਲਣਾ ਹੋਵੇਗਾ |
ਕਦੀ-ਕਦੀ ਬੁੱਧੀਮਾਨ ਮਨੁੱਖ ਨੂੰ  ਚਾਹੀਦਾ ਹੈ ਕਿ ਆਪਣੀਆਂ ਇੰਦਰੀਆਂ ਨੂੰ  ਕਾਬੂ 'ਚ ਰੱਖ ਕੇ ਸਮੇਂ ਅਨੁਸਾਰ ਹੀ ਕੰਮ ਕਰਕੇ ਜੀਵਨ ਨੂੰ  ਸਫਲ ਕਰੇ |
ਮਨ ਦੇ ਤਿੰਨ ਮੁੱਖ ਤੱਤਾਂ ਵਿਚ ਮਾਨਸਿਕ ਬਲ ਦਾ ਧਰਮ ਹੈ ਸੋਚਣਾ, ਸਮਝਣਾ, ਯਾਦ ਕਰਨਾ ਅਤੇ ਨਵੇਂ ਵਿਚਾਰਾਂ ਨੂੰ  ਪੈਦਾ ਕਰਨਾ | ਇੱਛਾ ਸ਼ਕਤੀ ਦਾ ਮੁੱਖ ਰੂਪ ਹੈ ਉਦਯੋਗ ਅਤੇ ਉਸ ਦਾ ਮੁੱਖ ਧਰਮ ਹੈ ਸਰੀਰਕ ਸ਼ਕਤੀ ਨੂੰ  ਕੰਮ ਵਿਚ ਲਾ ਕੇ ਨਤੀਜੇ ਤੱਕ ਪਹੁੰਚਣਾ |
ਸੁਡੌਲ ਸਰੀਰ 'ਚ ਹੀ ਤਾਕਤਵਰ ਮਨ ਰਹਿੰਦਾ ਹੈ | ਮਨ ਨੂੰ  ਇਕਾਗਰ ਕਰਨ ਲਈ ਸੰਕਲਪ ਨਾਲ ਕੰਮ ਵਿਚ ਲੱਗ ਜਾਣਾ ਚਾਹੀਦਾ ਹੈ | ਵਿਆਕੁਲਤਾ ਨੂੰ  ਹਟਾ ਕੇ ਸਾਹਸ, ਆਸ਼ਾ, ਆਤਮ-ਵਿਸ਼ਵਾਸ ਅਤੇ ਪਰਮਾਤਮਾ ਦਾ ਸ਼ਰਧਾ ਭਾਵ 'ਚ ਧਿਆਨ ਲਗਾਉਣਾ ਚਾਹੀਦਾ ਹੈ |
ਸਾਡਾ 'ਮਨ' ਇਹ ਉਸ ਦਿਮਾਗ ਦੀ ਉਪਜ ਹੈ ਜੋ ਸਾਰੇ ਸਰੀਰ ਨੂੰ  (ਦਿਲ ਨੂੰ  ਵੀ) ਕਾਬੂ 'ਚ ਕਰਦਾ ਹੈ | ਦਿਮਾਗ ਦਾ ਮੁੱਲ ਅਸੀਮਤ ਹੈ | ਇਸ ਲਈ ਜੇਕਰ ਅਸੀਂ ਇਸ ਦੀ ਕਾਰਜਪ੍ਰਣਾਲੀ ਨੂੰ  ਸਮਝ ਕੇ ਉਸ ਦੀਆਂ ਸ਼ਕਤੀਆਂ ਨੂੰ  ਵਿਕਸਿਤ ਕਰੀਏ ਤਾਂ ਸਾਡਾ ਸੰਪੂਰਨ ਜੀਵਨ ਕਾਬੂ 'ਚ ਆ ਜਾਵੇਗਾ | ਬਜ਼ੁਰਗ ਹੋਣ ਤੱਕ ਸਰੀਰ ਭਾਵੇਂ ਕਮਜ਼ੋਰ ਹੋ ਜਾਵੇ, ਮਨ ਮਜ਼ਬੂਤ ਹੀ ਹੁੰਦਾ ਰਹਿੰਦਾ ਹੈ | ਇਕ ਨਿਪੰੁਨ ਮਨ ਆਤਮਾ ਦਾ ਸਭ ਤੋਂ ਵੱਡਾ ਸੇਵਕ ਅਤੇ ਸਹਾਇਕ ਹੈ |

Ad Position 22
No active advertisement
ਪਿਛਲੀ ਖ਼ਬਰ ਖਾਂਸੀ ਨਾ ਬਣੇ ਫਾਂਸੀ ਅਗਲੀ ਖ਼ਬਰ ਚੁਕੰਦਰ ਖਾਓ, ਜੋੜਾਂ ਦੇ ਦਰਦ ਮਿਟਾਓ
Ad Position 24