28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਔਰਤ ਦੀ ਹੋਣੀ

Ad Position 21
No active advertisement
ਅਜੀਤ ਡੈਸਕ 04-01-2026

ਨਵਾਂ ਵਰ੍ਹਾ ਚੜ੍ਹਨ 'ਤੇ ਪਿਛਲੇ ਸਾਲ ਦਾ ਅਕਸਰ ਲੇਖਾ-ਜੋਖਾ ਕੀਤਾ ਜਾਂਦਾ ਹੈ। ਇਹ ਵੀ ਸੋਚਿਆ ਜਾਂਦਾ ਹੈ ਕਿ ਪਿਛਲੇ ਸਮੇਂ ਵਿਚ ਦੁਨੀਆ ਭਰ ਵਿਚ ਕੀ ਕੁਝ ਗ਼ਲਤ ਹੋਇਆ ਹੈ ਅਤੇ ਭਵਿੱਖ ਲਈ ਬੀਤੇ ਸਾਲ ਦੇ ਵਰਤਾਰਿਆਂ ਤੋਂ ਕੀ ਸਬਕ ਸਿੱਖਿਆ ਜਾ ਸਕਦਾ ਹੈ? ਨਵੇਂ ਸਾਲ ਵਿਚ ਕਿਵੇਂ ਅੱਗੇ ਵਧਣਾ ਹੈ ਭਾਵ ਇਸ ਲੇਖੇ-ਜੋਖੇ ਵਿਚ ਔਰਤ ਦੀ ਦਸ਼ਾ ਬਾਰੇ ਵਿਸ਼ਲੇਸ਼ਣ ਵੀ ਸ਼ਾਮਿਲ ਹੈ। ਭਾਰਤ ਦੀ ਗੱਲ ਹੀ ਕਰਦੇ ਹਾਂ। ਔਰਤ ਸਮਾਜ ਦਾ ਅੱਧਾ ਹਿੱਸਾ ਹੁੰਦਾ ਹੈ। ਇਹ ਕਿਸ ਪੱਧਰ 'ਤੇ ਜੀਵਨ ਜਿਊਂਦੀ ਰਹੀ ਹੈ, ਇਸ ਬਾਰੇ ਨਿਰੰਤਰ ਵਿਚਾਰ-ਚਰਚਾ ਹੁੰਦੀ ਰਹਿੰਦੀ ਹੈ ਤੇ ਕਈ ਵਾਰ ਔਰਤ ਵਿਰੋਧੀ ਸੰਵੇਦਨਸ਼ੀਲ ਘਟਨਾਕ੍ਰਮ ਵਾਪਰਨ 'ਤੇ ਚਿੰਤਾ ਵੀ ਪ੍ਰਗਟਾਈ ਜਾਂਦੀ ਹੈ।
ਅੰਗਰੇਜ਼ਾਂ ਵੇਲੇ ਦੀ ਹਕੂਮਤ ਦੀ ਗੱਲ ਤਾਂ ਛੱਡੀਏ ਭਾਰਤ ਨੂੰ ਆਜ਼ਾਦ ਹੋਇਆਂ 78 ਵਰ੍ਹੇ ਹੋ ਗਏ ਹਨ। ਇਨ੍ਹਾਂ ਵਰ੍ਹਿਆਂ ਵਿਚ ਅਨੇਕਾਂ ਅਨੇਕ ਪੱਧਰਾਂ 'ਤੇ ਜੀਅ ਰਹੀ ਔਰਤ ਕਿਨ੍ਹਾਂ-ਕਿਨ੍ਹਾਂ ਖੇਤਰਾਂ 'ਚ ਅੱਗੇ ਵਧੀ ਹੈ, ਉਸ ਨੇ ਬਿਹਤਰ ਜ਼ਿੰਦਗੀ ਲਈ ਕਿੰਨੇ ਪੜਾਅ ਪਾਰ ਕਰ ਲਏ ਹਨ, ਇਸ ਦਾ ਲੇਖਾ-ਜੋਖਾ ਕਰਦਿਆਂ ਪਿਛਲੇ 8 ਦਹਾਕਿਆਂ 'ਚ ਔਰਤ ਦੀ ਜ਼ਿੰਦਗੀ ਦੇ ਪੱਧਰਾਂ 'ਚ ਆਈਆਂ ਅਨੇਕਾਂ ਤਬਦੀਲੀਆਂ ਦੇਖੀਆਂ ਜਾ ਸਕਦੀਆਂ ਹਨ। ਕਿਸ ਤਰ੍ਹਾਂ ਉਸ ਦੇ ਜੀਵਨ 'ਚ ਸੁਧਾਰ ਆਇਆ ਹੈ ਅਤੇ ਵੱਖ-ਵੱਖ ਖੇਤਰਾਂ ਵਿਚ ਉਹ ਕਿੰਨੀਆਂ ਕੁ ਪ੍ਰਾਪਤੀਆਂ ਕਰਨ ਦੇ ਸਮਰੱਥ ਹੋਈ ਹੈ? ਅਜਿਹਾ ਸੋਚਦਿਆਂ ਭਾਰਤੀ ਔਰਤ ਦੀਆਂ ਪ੍ਰਾਪਤੀਆਂ 'ਤੇ ਸੰਤੁਸ਼ਟੀ ਵੀ ਪ੍ਰਗਟ ਕੀਤੀ ਜਾਂਦੀ ਰਹੀ ਹੈ ਅਤੇ ਉਸ ਵਲੋਂ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ ਬਾਰੇ ਉਸ ਨੂੰ ਸ਼ਾਬਾਸ਼ ਵੀ ਦਿੱਤੀ ਜਾਂਦੀ ਰਹੀ ਹੈ। ਭਾਰਤ ਦੀ ਆਜ਼ਾਦੀ ਵਿਚ ਵੀ ਔਰਤਾਂ ਨੇ ਅਹਿਮ ਹਿੱਸਾ ਪਾਇਆ ਸੀ। ਆਜ਼ਾਦੀ ਤੋਂ ਬਾਅਦ ਬਣੇ ਭਾਰਤ ਦੇ ਸੰਵਿਧਾਨ ਵਿਚ ਉਸ ਨੂੰ ਹਰ ਪੱਖ ਤੋਂ ਬਰਾਬਰ ਦੇ ਅਧਿਕਾਰ ਦਿੱਤੇ ਗਏ ਸਨ। ਉਹ ਆਪਣੀ ਵੋਟ ਰਾਹੀਂ ਸਿਆਸੀ ਤਬਦੀਲੀਆਂ ਲਿਆਉਣ ਵਿਚ ਵੀ ਭਾਈਵਾਲ ਬਣੀ ਹੈ। ਸਮਾਜਿਕ ਅਤੇ ਆਰਥਿਕ ਖੇਤਰ 'ਚ ਉਸ ਦੀਆਂ ਪ੍ਰਾਪਤੀਆਂ ਬੜੀਆਂ ਅਹਿਮ ਰਹੀਆਂ ਹਨ। ਸ੍ਰੀਮਤੀ ਇੰਦਰਾ ਗਾਂਧੀ ਲੰਮੇ ਸਮੇਂ ਤੱਕ ਦੇਸ਼ ਦੀ ਪ੍ਰਧਾਨ ਮੰਤਰੀ ਬਣੀ ਰਹੀ। ਪਿਛਲੇ ਲੰਮੇ ਅਰਸੇ ਤੋਂ ਮਮਤਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣੀ ਆ ਰਹੀ ਹੈ। ਉਸ ਦੀ ਉਦਾਹਰਨ ਸਾਡੇ ਸਾਹਮਣੇ ਹੈ। ਸਿਆਸੀ ਖੇਤਰ 'ਚ ਔਰਤ ਦੀਆਂ ਪ੍ਰਾਪਤੀਆਂ ਵੱਡੀ ਪੱਧਰ 'ਤੇ ਗਿਣਾਉਣਯੋਗ ਰਹੀਆਂ ਹਨ। ਅੱਜ ਵੀ ਹਰ ਖੇਤਰ 'ਚ ਔਰਤ ਦੇ ਪਾਏ ਠੋਸ ਯੋਗਦਾਨ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ।
ਪਰ ਇਸ ਦੇ ਬਾਵਜੂਦ ਸਮਾਜਿਕ ਪੱਧਰ 'ਤੇ ਵਿਚਰਦਿਆਂ ਔਰਤ ਸਾਹਮਣੇ ਖੜ੍ਹੀਆਂ ਵੱਡੀਆਂ ਚੁਣੌਤੀਆਂ ਅਤੇ ਵੱਖ-ਵੱਖ ਪੱਧਰਾਂ 'ਤੇ ਉਸ ਨਾਲ ਹੁੰਦੀਆਂ ਜ਼ਿਆਦਤੀਆਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਸਗੋਂ ਵਿਤਕਰਿਆਂ ਅਤੇ ਜ਼ਿਆਦਤੀਆਂ ਦਾ ਪਲੜਾ ਅੱਜ ਵੀ ਭਾਰੀ ਦਿਖਾਈ ਦਿੰਦਾ ਹੈ। ਅੱਜ ਵੀ ਸਮਾਜ ਦੇ ਇਕ ਵੱਡੇ ਵਰਗ ਦਾ ਔਰਤ ਪ੍ਰਤੀ ਨਜ਼ਰੀਆ ਬੇਹੱਦ ਨਕਾਰਾਤਮਕ ਬਣਿਆ ਨਜ਼ਰ ਆਉਂਦਾ ਹੈ। ਇਸ ਲਈ ਸਮਾਜ ਵਿਚ ਮਰਦਾਂ ਦੇ ਨਾਲ-ਨਾਲ ਔਰਤਾਂ ਵੀ ਵੱਡੀ ਗਿਣਤੀ ਵਿਚ ਜ਼ਿੰਮੇਵਾਰ ਹਨ। ਸਮਾਜਿਕ ਅਪਰਾਧਾਂ 'ਤੇ ਨਜ਼ਰ ਮਾਰਦਿਆਂ ਅੱਜ ਵੀ ਔਰਤ ਦਯਾ ਤੇ ਬਚਾਅ ਦੀ ਨੀਤੀ ਤੇ ਖੜ੍ਹੀ ਨਜ਼ਰ ਆਉਂਦੀ ਹੈ। ਪਿਛਲੇ ਸਮੇਂ ਦੇ ਅੰਕੜਿਆਂ 'ਤੇ ਝਾਤ ਮਾਰਦਿਆਂ ਔਰਤ ਦੀ ਅਜਿਹੀ ਵਿਚਾਰਗੀ ਵਾਲੀ ਜ਼ਿੰਦਗੀ ਹੀ ਸਾਹਮਣੇ ਆਉਂਦੀ ਹੈ। ਇਕ ਅੰਕੜੇ ਮੁਤਾਬਕ ਪਿਛਲੇ 5 ਸਾਲਾਂ ਵਿਚ 50 ਹਜ਼ਾਰ ਤੋਂ ਵੱਧ ਔਰਤਾਂ ਆਪਣੇ ਨਾਲ ਹੋਈਆਂ ਤਰ੍ਹਾਂ-ਤਰ੍ਹਾਂ ਦੀਆਂ ਜ਼ਿਆਦਤੀਆਂ ਕਾਰਨ ਮੌਤ ਦੀ ਬਲੀ ਚੜ੍ਹੀਆਂ ਹਨ। ਇਸ ਸੰਬੰਧੀ ਚਾਹੇ ਸਮੇਂ-ਸਮੇਂ 'ਤੇ ਔਰਤਾਂ ਦੀ ਹਰ ਤਰ੍ਹਾਂ ਦੀ ਰੱਖਿਆ ਲਈ ਕਾਨੂੰਨ ਵੀ ਬਣਾਏ ਜਾਂਦੇ ਰਹੇ ਹਨ ਤੇ ਦੇਸ਼ ਵਿਚ ਔਰਤਾਂ ਪ੍ਰਤੀ ਅਪਰਾਧ ਨਾ ਰੁਕਦੇ ਦੇਖ ਕੇ ਕਾਨੂੰਨਾਂ 'ਚ ਸਖ਼ਤੀ ਵੀ ਲਿਆਂਦੀ ਗਈ ਹੈ ਪਰ ਤਾਂ ਵੀ ਔਰਤ ਪ੍ਰਤੀ ਅਪਰਾਧਾਂ ਵਿਚ ਕਮੀ ਆਉਂਦੀ ਨਹੀਂ ਦਿਖਾਈ ਦਿੱਤੀ। ਪਿਛਲੇ ਸਾਲਾਂ 'ਚ ਔਰਤ ਨਾਲ ਹੁੰਦੇ ਜਬਰ-ਜਨਾਹ ਦੀਆਂ ਅਨੇਕਾਂ-ਅਨੇਕ ਖ਼ਬਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਸਾਲ 2024 'ਚ ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਦੀ ਡਾਕਟਰ ਨਾਲ ਹੋਇਆ ਜਬਰ-ਜਨਾਹ, ਇਸ ਤੋਂ ਵੀ ਪਹਿਲਾਂ ਸਾਲ 2012 ਵਿਚ ਦਿੱਲੀ 'ਚ ਹੋਇਆ ਨਿਰਭੈਆ ਜਬਰ-ਜਨਾਹ ਕਾਂਡ ਅਤੇ ਹੁਣ ਉਨਾਵ ਵਿਚ ਸਾਲ 2017 'ਚ ਹੋਏ ਜਬਰ-ਜਨਾਹ ਦੇ ਮਾਮਲੇ ਵਿਚ ਆਏ ਅਦਾਲਤੀ ਫ਼ੈਸਲੇ ਕਾਰਨ ਇਹ ਕੇਸ ਵੱਡੀ ਪੱਧਰ 'ਤੇ ਮੁੜ ਚਰਚਾ ਵਿਚ ਆਇਆ ਹੈ, ਜਿਸ ਵਿਚ ਇਕ ਬਾਹੂਬਲੀ ਨੇ ਜ਼ਿਆਦਤੀ ਦੀਆਂ ਸਾਰੀਆਂ ਹੱਦਾਂ ਹੀ ਟੱਪ ਦਿੱਤੀਆਂ ਸਨ। ਇਸੇ ਹੀ ਤਰ੍ਹਾਂ ਅੱਜ ਵੀ ਸਮਾਜ ਦੇ ਇਕ ਵੱਡੇ ਵਰਗ ਵਿਚ ਵਿਆਹ ਸਮੇਂ ਵੱਧ ਤੋਂ ਵੱਧ ਦਾਜ ਲੈਣ ਦੀ ਪੁਰਾਣੀ ਪ੍ਰਥਾ ਨੂੰ ਰੋਕਿਆ ਨਹੀਂ ਜਾ ਸਕਿਆ, ਸਗੋਂ ਇਹ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ। ਅਸੀਂ ਇਸ ਲਈ ਵੱਖ-ਵੱਖ ਧਰਮਾਂ ਵਿਚ ਜਾਰੀ ਪੁਰਾਤਨ ਰੀਤੀ ਰਿਵਾਜਾਂ ਨੂੰ ਵੀ ਦੋਸ਼ੀ ਮੰਨਦੇ ਹਾਂ, ਜਿਨ੍ਹਾਂ ਤੋਂ ਕੱਟੜ ਧਾਰਮਿਕ ਜਨੂੰਨੀ ਪਿੱਛੇ ਹਟਣ ਲਈ ਤਿਆਰ ਨਹੀਂ ਹਨ। ਇਸ ਲਈ ਇਕ ਵੱਡੇ ਵਰਗ ਵਲੋਂ ਲੜਕੀ ਦੇ ਪੈਦਾ ਹੋਣ ਨੂੰ ਅੱਜ ਵੀ ਇਕ ਭਾਰ ਮੰਨਿਆ ਜਾਂਦਾ ਹੈ।
ਇਕ ਅੰਦਾਜ਼ੇ ਅਨੁਸਾਰ ਅੱਜ ਵੀ ਜਬਰ-ਜਨਾਹ ਤੇ ਦਾਜ ਨਾਲ ਸੰਬੰਧਿਤ ਮਾਮਲਿਆਂ ਕਾਰਨ ਦੇਸ਼ 'ਚ ਹਰ ਸਾਲ 60 ਹਜ਼ਾਰ ਤੋਂ ਵਧੇਰੇ ਔਰਤਾਂ ਦੀ ਮੌਤ ਹੁੰਦੀ ਹੈ। ਅੱਜ ਵੀ ਇਹ ਰੁਝਾਨ ਸਰਕਾਰਾਂ ਲਈ ਇਕ ਵੱਡੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਸਮਾਜ ਨੂੰ ਚਿੰਬੜੀਆਂ ਇਨ੍ਹਾਂ ਲਾਹਨਤਾਂ 'ਤੇ ਕਿਵੇਂ ਕਾਬੂ ਪਾਇਆ ਜਾ ਸਕੇ, ਇਸ ਲਈ ਹਰ ਪੱਧਰ 'ਤੇ ਸਵੈ-ਸੇਵੀ ਸੰਸਥਾਵਾਂ ਨੂੰ ਵੀ ਵੱਡੀਆਂ ਲਹਿਰਾਂ ਚਲਾਉਣ ਦੀ ਲੋੜ ਹੋਵੇਗੀ, ਜੋ ਸਦੀਆਂ ਤੋਂ ਚਲੀ ਆ ਰਹੀ ਮਰਦ ਦੀ ਪ੍ਰਧਾਨਤਾ ਵਾਲੀ ਮਾਨਸਿਕਤਾ ਨੂੰ ਬਦਲਣ 'ਚ ਸਹਾਈ ਹੋ ਸਕਣ। ਬਿਨਾਂ ਸ਼ੱਕ ਸਮੁੱਚੇ ਰੂਪ 'ਚ ਅੱਜ ਵੀ ਔਰਤ ਨੂੰ ਆਪਣੀ ਜ਼ਿੰਦਗੀ ਜਿਊਣ ਤੇ ਮਰਦ ਸਮਾਜ ਦੀਆਂ ਜ਼ਿਆਦਤੀਆਂ ਤੋਂ ਨਿਜਾਤ ਪਾਉਣ ਲਈ ਲੰਬੇ ਸੰਘਰਸ਼ ਦੀ ਜ਼ਰੂਰਤ ਹੋਵੇਗੀ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਰੰਗਮੰਚ ਪੱਖੋਂ ਸਰਗਰਮੀਆਂ ਭਰਪੂਰ ਰਿਹਾ 2025 ਅਗਲੀ ਖ਼ਬਰ ਇਸਤਰੀ ਦੇ ਸਨਮਾਨ ਨਾਲ ਹੀ ਸੱਭਿਅਤਾ ਦੀ ਪਛਾਣ ਹੁੰਦੀ ਹੈ। -ਕਰਟਿਸ
Ad Position 24