ਲੋਕ ਸਰੋਕਾਰਾਂ ਨਾਲ ਜੁੜੇ ਖੇਡੇ ਗਏ ਨਾਟਕ
ਪੰਜਾਬੀ ਰੰਗਮੰਚ ਦੇ ਕਿਰਦਾਰ ਦੀ ਵਿਲੱਖਣਤਾ ਇਹ ਹੈ ਕਿ ਇਹ ਵਰਤਮਾਨ ਦੀਆਂ ਚੁਣੌਤੀਆਂ ਨੂੰ ਸਵੀਕਾਰ ਕਰਦਿਆਂ ਆਪਣਾ ਰਾਹ ਚੁਣਦਾ ਰਿਹਾ ਹੈ..ਕਦੇ ਵਰਤਮਾਨ 'ਚ ਵਾਪਰੀ ਘਟਨਾ ਨੂੰ ਅਤੀਤ ਦੀ ਕੁਠਾਲੀ 'ਚ ਕੁੱਟ ਛਾਣ ਢਾਲ ਕੇ ਇਸ ਦਾ ਤਾਲਮੇਲ ਬਿਠਾ ਕੇ ਕੋਈ ਗਹਿਰੀ ਰਮਜ਼ ਸੁੱਟਣ ਲਈ, ਤੇ ਕਦੇ ਵਰਤਮਾਨ ਦੇ ਵਰਤਾਰੇ ਨੂੰ ਸਿੱਧਾ ਸਿੰਗਾਂ ਤੋਂ ਫੜ ਕੇ ਕੋਈ ਟਿੱਪਣੀ ਕਰਨ ਲਈ, ਪਰ ਪੰਜਾਬੀ ਰੰਗਮੰਚ ਕਦੇ ਵੀ ਅਤੀਤ ਦੇ ਵੇਲਾ ਵਿਹਾ ਚੁੱਕੇ ਲੱਛਣਾਂ ਨੂੰ ਵਡਿਆਉਣ ਦੇ ਰਾਹ ਨਹੀਂ ਤੁਰਿਆ, ਬਲਕਿ ਇਹ ਭਵਿੱਖਮੁਖੀ ਰਿਹਾ ਹੈ। 2025 ਦੇ ਬਾਰਾਂ ਮਹੀਨਿਆਂ 'ਚ ਪੇਸ਼ ਹੋਏ ਪੰਜਾਬੀ ਰੰਗਮੰਚ ਦੀ ਦਸ਼ਾ ਤੇ ਦਿਸ਼ਾ ਨੂੰ ਸਮਝਣ ਬੈਠਿਆ ਹਾਂ ਤਾਂ ਇਸ ਦੇ ਨੈਣ ਨਕਸ਼ ਨਿੱਖਰਦੇ ਦਿਖਾਈ ਦੇ ਰਹੇ ਹਨ ਤੇ ਇਸ ਦਾ ਭਵਿੱਖ ਉਜਲਾ ਪ੍ਰਤੀਤ ਹੋ ਰਿਹਾ ਹੈ। ਸਾਰਾ ਸਾਲ ਖੇਡਿਆ ਗਿਆ ਨਾਟਕ ਰਾਜਨੀਤਕ ਸਥਿਤੀਆਂ ਦਾ ਵਿਸ਼ਲੇਸ਼ਣ ਕਰਦਾ ਵੀ ਨਜ਼ਰ ਆ ਰਿਹਾ ਹੈ, ਸਮਾਜਕ ਤਬਦੀਲੀ ਦਾ ਪੈਗ਼ਾਮ ਵੀ ਦੇ ਰਿਹਾ ਹੈ, ਆਰਥਕ ਅਸਾਵੇਂਪੁਣੇ ਕਾਰਨ ਪਿਸ ਰਹੀ ਜਨਤਾ ਦੇ ਦਰਦ ਨੂੰ ਆਵਾਜ਼ ਵੀ ਦੇ ਰਿਹਾ ਹੈ, ਧਾਰਮਿਕ ਕੱਟੜਤਾ ਕਾਰਨ ਮਨੁੱਖ ਦੀ ਆਜ਼ਾਦ ਜ਼ਿੰਦਗੀ ਜਿਊਣ ਦੀ ਹਸਰਤ ਦਾ ਕਤਲ ਹੋਣ ਦੀ ਪੀੜ ਵੀ ਪੇਸ਼ ਕਰ ਰਿਹਾ ਹੈ, ਸਮਾਜ ਦੇ ਦਲਿਤ ਦਮਿਤ ਵਰਗ ਦਾ ਸੰਘਰਸ਼ ਵੀ ਰੂਪਮਾਨ ਕਰ ਰਿਹਾ ਹੈ, ਔਰਤ ਦੀ ਬੁਲੰਦ ਹਸਤੀ ਦੇ ਰਾਹ 'ਚ ਖੜ੍ਹੀਆਂ ਕੰਧਾਂ ਨੂੰ ਵੰਗਾਰਦਾ ਵੀ ਨਜ਼ਰ ਆ ਰਿਹਾ ਹੈ, ਇਤਿਹਾਸਕ ਨਾਇਕਾਂ ਦੀ ਜੀਵਨ ਗਾਥਾ ਪੇਸ਼ ਕਰਦਿਆਂ ਪ੍ਰੇਰਨਾ ਦਾ ਛੱਟਾ ਵੀ ਦੇ ਰਿਹਾ ਹੈ, ਹਾਸ਼ੀਆਗਤ ਵਿਸ਼ਿਆਂ ਨੂੰ ਹਨੇਰੀਆਂ ਨੁੱਕਰਾਂ 'ਚੋਂ ਖਿੱਚ ਘੜੀਸ ਕੇ ਚਾਨਣ ਦੇ ਘੇਰੇ ਵਿਚ ਲਿਆਉਣ ਤੇ ਦਿਖਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ, ਕੁਝ ਸਦੀਵੀ ਅਲਾਮਤਾਂ ਦਾ ਵਿਸ਼ਲੇਸ਼ਣ ਵੀ ਕਰ ਰਿਹਾ ਹੈ ਤੇ ਕੁੱਝ ਸਦੀਆਂ ਤੋਂ ਜੜ ਹੋਈਆਂ ਘੁੰਡੀਆਂ ਨੂੰ ਖੋਲ੍ਹ ਕੇ ਤੇ ਮੁੜ ਪ੍ਰੀਭਾਸ਼ਿਤ ਕਰ ਕੇ ਸੱਜਰਾ ਤੇ ਸੁਥਰਾ ਪੰਨਾ ਖੋਲ੍ਹਣ ਦੀ ਕਵਾਇਦ ਵੀ ਕਰਦਾ ਦਿਸ ਰਿਹਾ ਹੈ। ਪੰਜਾਬੀ ਰੰਗਮੰਚ ਤੇ ਸਮਾਜ ਦਾ ਰਿਸ਼ਤਾ ਹੋਰ ਗੂੜ੍ਹਾ ਹੋਇਆ ਹੈ।
ਕੇਵਲ ਧਾਲੀਵਾਲ ਸਿਰਫ਼ ਅਮ੍ਰਿਤਸਰ ਵਿਚ ਹੀ ਨਹੀਂ ਬਲਕਿ ਕੌਮੀ ਪੱਧਰ 'ਤੇ ਭਾਰਤ ਦੇ ਅਲੱਗ ਅਲੱਗ ਸ਼ਹਿਰਾਂ ਵਿਚ ਪੰਜਾਬੀ ਰੰਗਮੰਚ ਦਾ ਸ਼ਮਲ੍ਹਾ ਉੱਚਾ ਕਰਦੇ ਰਹੇ। ਕਲਕੱਤਾ, ਉਜੈਨ, ਉਦੈਪੁਰ, ਪਾਕਿਸਤਾਨ ਵਿਚ ਰਚਾਏ ਗਏ ਗਏ ਨੈਸ਼ਨਲ ਥੀਏਟਰ ਉਤਸਵਾਂ ਦੌਰਾਨ ਉਸ ਦੀ ਸੰਸਥਾ ਮੰਚ ਰੰਗਮੰਚ ਅੰਮ੍ਰਿਤਸਰ ਦੀ ਟੀਮ ਨੇ ਪੰਜਾਬੀ ਨਾਟਕ ਪੇਸ਼ ਕੀਤੇ। ਅੰਮ੍ਰਿਤਸਰ ਵਿਖੇ ਦਸ ਰੋਜ਼ਾ 'ਨੈਸ਼ਨਲ ਥੀਏਟਰ ਫੈਸਟੀਵਲ' ਰਚਾਇਆ ਜਿਸ ਵਿਚ ਵੱਖ ਵੱਖ ਸੂਬਿਆਂ ਤੋਂ ਆਏ ਨਾਟਕਾਂ ਸੰਗ ਪੰਜਾਬੀ ਨਾਟਕ ਪੇਸ਼ ਹੋਏ ਤੇ ਕੇਵਲ ਧਾਲੀਵਾਲ ਦੀ ਟੀਮ ਨੇ ਨਵਾਂ ਨਾਟਕ 'ਪੰਜਾਬ ਵੇ!' ਖੇਡਿਆ। ਜੂਨ ਮਹੀਨੇ ਉਨ੍ਹਾਂ ਇਕ ਮਹੀਨੇ ਦੀ ਨੈਸ਼ਨਲ ਥੀਏਟਰ ਵਰਕਸ਼ਾਪ ਲਗਾਈ ਜਿਸ ਵਿਚ ਦੂਰ ਦੁਰਾਡੇ ਤੋਂ ਪਹੁੰਚ ਕੇ ਰੰਗਕਰਮੀਆਂ ਨੇ ਰੰਗਮੰਚ ਦੀਆਂ ਬਾਰੀਕੀਆਂ ਸਿੱਖੀਆਂ ਤੇ ਵਿਸ਼ੇਸ਼ ਤੌਰ 'ਤੇ 'ਆਗਾਥਾ ਕ੍ਰਿਸਟੀ' ਦੇ ਮਸ਼ਹੂਰ ਨਾਟਕ ' ਮਾਊਸ ਟਰੈਪ' ਦਾ ਪੰਜਾਬੀ ਅਨੁਵਾਦ 'ਕੁੜਿੱਕੀ' ਪ੍ਰੀਤਪਾਲ ਰੁਪਾਣਾ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ। ਪੂਰਾ ਸਾਲ ਕੇਵਲ ਧਾਲੀਵਾਲ ਦੀ ਟੀਮ ਜਿਸ 'ਲਹੌਰ ਨਹੀਂ ਵੇਖਿਆ', 'ਅਦਾਕਾਰ', 'ਇਕ ਸੀ ਮੰਟੋ', 'ਮੇਰਾ ਰੰਗ ਦੇ ਬਸੰਤੀ ਚੋਲ਼ਾ', 'ਮਾਹੀ ਮੇਰਾ ਠਾਣੇਦਾਰ', 'ਸਾਂਦਲ ਬਾਰ', 'ਭਾਰ', 'ਜਿਨ ਸਚੁ ਪਲੈ ਹੋਇ,' 'ਕੱਲਰ', ' ਅਰਮਾਨ', '1675' ਦੀਆਂ ਪੇਸ਼ਕਾਰੀਆਂ ਨਾਲ ਪੰਜਾਬੀ ਰੰਗਮੰਚ ਦੀ ਪੀਂਘ ਨੂੰ ਰੰਗਦੀ ਰਹੀ।
ਮੇਰਾ ਆਪਣਾ 2025 ਦਾ ਰੰਗਮੰਚ ਸਫ਼ਰ ਕਈ ਰੰਗਾਂ 'ਚ ਫੈਲਦਾ ਹੋਇਆ ਅਖ਼ੀਰ ਇਕ ਅਤਿ ਗਹਿਰੀ ਪੇਸ਼ਕਾਰੀ ਨਾਲ ਸੰਪੰਨ ਹੋਇਆ। ਇਸ ਸਾਲ ਆਪਣਾ ਨਵਾਂ ਨਾਟਕ 'ਤੂੰ ਅਗਲਾ ਵਰਕਾ ਫੋਲ' ਲਿਖਿਆ ਤੇ ਇਸ ਦੀ ਪਹਿਲੀ ਪੇਸ਼ਕਾਰੀ ਕੈਨੇਡਾ ਦੇ ਸ਼ਹਿਰ ਕੈਲਗਰੀ ਵਿਚ ਕਰਨ ਤੋਂ ਬਾਅਦ ਪੰਜਾਬ 'ਚ ਪਹਿਲਾ ਸ਼ੋਅ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਗਦਰੀ ਬਾਬਿਆਂ ਦੇ ਮੇਲੇ ਦੌਰਾਨ ਕੀਤਾ ਤੇ ਫਿਰ ਇਹ ਲਗਾਤਾਰ ਦੋ ਮਹੀਨੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ 'ਚ ਪੇਸ਼ ਹੁੰਦਾ ਰਿਹਾ। ਇਸ ਤੋਂ ਇਲਾਵਾ ਨਵਾਂ ਨਾਟਕ 'ਬੇਸਮੈਂਟ 'ਚ ਤਰੇੜ' ਹੈ ਲਿਖਿਆ ਤੇ ਪ੍ਰੋਗਰੈਸਿਵ ਕਲਾ ਮੰਚ ਕੈਲਗਰੀ ਦੇ ਕਲਾਕਾਰਾਂ ਨਾਲ ਤਿਆਰ ਕਰ ਕੇ ਪੇਸ਼ ਕੀਤਾ। ਇਸੇ ਤਰ੍ਹਾਂ ਸਰੀ ਕੈਨੇਡਾ ਦੇ ਕਲਾਕਾਰਾਂ ਨਾਲ ਨਵਜੋਤ ਢਿੱਲੋਂ ਦਾ ਲਿਖਿਆ ਨਾਟਕ 'ਪੂਅਰ ਕਨੈਕਸ਼ਨ' ਨਿਰਦੇਸ਼ਿਤ ਕੀਤਾ। ਆਪਣੇ ਸੋਲੋ ਨਾਟਕਾਂ 'ਸੰਮਾਂ ਵਾਲੀ ਡਾਂਗ', 'ਲੱਛੂ ਕਬਾੜੀਆ', 'ਸੰਦੂਕੜੀ ਖੋਲ੍ਹ ਨਰੈਣਿਆਂ', 'ਧਨੁ ਲੇਖਾਰੀ ਨਾਨਕਾ', 'ਤੂੰ ਅਗਲਾ ਵਰਕਾ ਫੋਲ' ਦੀਆਂ 113 ਪੇਸ਼ਕਾਰੀਆਂ ਦੇਸ਼ ਵਿਦੇਸ਼ ਅਤੇ ਇਥੇ ਪਿੰਡਾਂ ਤੇ ਸ਼ਹਿਰਾਂ ਵਿਚ ਕੀਤੀਆਂ।
ਰਾਜਵਿੰਦਰ ਸਮਰਾਲਾ ਦੀ ਨਿਰਦੇਸ਼ਨਾ ਹੇਠ ਤਿਆਰ ਕੀਤਾ ਨਾਟਕ 'ਰਾਹਾਂ ਵਿਚ ਅੰਗਿਆਰ ਬੜੇ ਸੀ' ਕਮਲਜੀਤ ਨੂਰ ਦੀ ਜ਼ੋਰਦਾਰ ਅਦਾਕਾਰੀ ਸੰਗ ਇਸ ਸਾਲ ਵੀ ਪੰਜਾਬੀ ਰੰਗਮੰਚ ਦੀ ਸ਼ਾਨ ਬਣਿਆ ਤੇ ਇਸ ਦੇ 22 ਸ਼ੋਅ ਕੀਤੇ ਗਏ। ਇਸੇ ਤਰ੍ਹਾਂ ਅਕਸ ਰੰਗਮੰਚ ਸਮਰਾਲਾ ਦੀ ਟੀਮ ਨੇ ਨਾਟਕ 'ਸੂਰਜ ਕਦੇ ਮਰਦੇ ਨਹੀਂ' ਦੀਆਂ 26 ਪੇਸ਼ਕਾਰੀਆਂ ਕੀਤੀਆਂ, ਇੱਕ ਸੀ ਜਲਪਰੀ, ਦੇਹੀ, ਬੁੱਲ੍ਹਾ ਕੀ ਜਾਣਾ ਮੈਂ ਕੌਣ, ਚਾਂਦਨੀ ਚੌਕ ਤੋਂ ਸਰਹਿੰਦ ਤੀਕ ਨਾਟਕਾਂ ਦੀਆਂ ਬਹੁਤ ਸਾਰੀਆਂ ਪੇਸ਼ਕਾਰੀਆਂ ਕੀਤੀਆਂ। ਨੌਜਵਾਨ ਨਾਟਕਕਾਰ, ਨਿਰਦੇਸ਼ਕ ਤੇ ਅਦਾਕਾਰ ਡਾ. ਸੋਮਪਾਲ ਹੀਰਾ ਸਾਰਾ ਸਾਲ ਆਪਣੇ ਸੋਲੋ ਨਾਟਕਾਂ ਨਾਲ ਰੰਗਮੰਚ ਦੀ ਧੂਣੀ ਮਘਾਉਂਦਾ ਰਿਹਾ। ਉਸ ਨੇ ਭਾਸ਼ਾ ਵਹਿੰਦਾ ਦਰਿਆ, ਛੱਲਾ, ਤਿਰਸਕਾਰੀਆਂ ਧੀਆਂ, ਬੱਚੇ ਜੋ ਬਚੇ ਨਹੀਂ ਆਦਿ ਨਾਟਕਾਂ ਦੀਆਂ 28 ਪੇਸ਼ਕਾਰੀਆਂ ਕੀਤੀਆਂ। ਸੋਮਪਾਲ ਹੀਰਾ ਨੇ ਆਪਣੇ ਨਾਟਕ ਸਾਊਥਾਲ ਤੇ ਗਲਾਸਗੋ ਵਿਖੇ ਵੀ ਖੇਡੇ ਤੇ ਦਰਸ਼ਕਾਂ ਦਾ ਪਿਆਰ ਹਾਸਲ ਕੀਤਾ। ਡਾ. ਪਾਲੀ ਭੁਪਿੰਦਰ ਨੇ ਲੰਮੇ ਵਕਫੇ ਬਾਅਦ ਵਿਚਾਰ ਉਤੇਜਕ ਨਾਟਕ 'ਜਾਮ' ਪੇਸ਼ ਕੀਤਾ ਜਿਸ ਦੇ ਚੰਡੀਗੜ੍ਹ ਤੋਂ ਇਲਾਵਾ ਪੰਜਾਬ ਦੇ ਕੁਝ ਸ਼ਹਿਰਾਂ ਵਿਚ ਵੀ ਸ਼ੋਅ ਕੀਤੇ ਗਏ ਤੇ ਵਿਚਾਰਾਂ ਦੀ ਹਲਚਲ ਉਭਰੀ ਜੋ ਕਿ ਰੰਗਮੰਚ ਦਾ ਮਕਸਦ ਹੈ!
ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਸਾਰਾ ਸਾਲ ਨਾਟ ਸਰਗਰਮੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿਚ ਪਰਿੰਦੇ ਭਟਕ ਗਏ, ਝਨਾਂ ਦੇ ਪਾਣੀ, ਛਿਪਣ ਤੋਂ ਪਹਿਲਾਂ, ਅੱਲੜ੍ਹ ਉਮਰਾਂ ਘੁੱਪ ਹਨੇਰੇ, ਬੇੜੀਆਂ ਲੱਗੇ ਸੁਪਨੇ, ਧਰਤ ਵੰਗਾਰੇ ਤਖ਼ਤ ਨੂੰ, ਚਾਂਦਨੀ ਚੌਕ ਤੋਂ ਸਰਹਿੰਦ ਤੀਕ ਨਾਟਕਾਂ ਦੀਆਂ ਪੇਸ਼ਕਾਰੀਆਂ ਸ਼ਾਮਲ ਹਨ। ਵਿਸ਼ੇਸ਼ ਜ਼ਿਕਰ ਕੀਤਾ ਜਾਂਦਾ ਹੈ ਕਿ ਹਰਕੇਸ਼ ਚੌਧਰੀ ਦੀ ਅਗਵਾਈ ਹੇਠ ਮੰਡੀ ਮੁੱਲਾਂਪੁਰ ਵਿਖੇ ਗੁਰਸ਼ਰਨ ਕਲਾ ਭਵਨ ਵਿਚ ਹਰ ਮਹੀਨੇ ਦੇ ਆਖ਼ਰੀ ਸ਼ਨੀਵਾਰ ਨੂੰ ਨਾਟ ਪੇਸ਼ਕਾਰੀ ਕੀਤੀ ਗਈ ਤੇ ਨਵੰਬਰ ਮਹੀਨੇ ਵਿਚ ਚਾਰ ਰੋਜ਼ਾ ਰੰਗਮੰਚ ਉਤਸਵ ਵੀ ਰਚਾਇਆ ਗਿਆ ਜਿਸ ਦੌਰਾਨ ਪ੍ਰੋ ਅਜਮੇਰ ਔਲਖ ਦੇ ਨਾਮ 'ਤੇ ਓਪਨ ਏਅਰ ਥੀਏਟਰ ਬਣਾਉਣ ਦਾ ਐਲਾਨ ਵੀ ਕੀਤਾ ਗਿਆ। ਸੁਰਿੰਦਰ ਸ਼ਰਮਾ ਦੀ ਨਿਰਦੇਸ਼ਨਾ ਹੇਠ ਇਸ ਸਾਲ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਟੀਮ ਨੇ 'ਮੈਂ ਕਿਤੇ ਨਹੀਂ ਗਿਆ', 'ਇਨ੍ਹਾਂ ਜ਼ਖਮਾਂ ਦਾ ਕੀ ਕਰੀਏ', 'ਇਹ ਕੇਹੀ ਰੁੱਤ ਆਈ', 'ਛਿਪਣ ਤੋਂ ਪਹਿਲਾਂ', 'ਨਵਾਂ ਜਨਮ', 'ਇਹ ਲਹੂ ਕਿਸ ਦਾ ਹੈ', 'ਮਿੱਟੀ ਦੇ ਰਿਸ਼ਤੇ', 'ਸੂਹੇ ਰੰਗ' ਆਦਿ ਨਾਟਕਾਂ ਦੇ ਅਨੇਕਾਂ ਸ਼ੋਅ ਕੀਤੇ ਗਏ। ਸੁਰਿੰਦਰ ਸ਼ਰਮਾ ਨੇ ਇਸ ਸਾਲ ਨਵਾਂ ਨਾਟਕ 'ਦੋ ਰੋਟੀਆਂ' ਲਿਖਿਆ ਤੇ ਸਰੀ ਦੇ ਕਲਾਕਾਰਾਂ ਨਾਲ ਤਿਆਰ ਕਰ ਕੇ ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਪ੍ਰਬੰਧ ਅਧੀਨ ਪੇਸ਼ ਕੀਤਾ, ਉਸ ਤੋਂ ਬਾਅਦ ਪੰਜਾਬ ਦੀ ਟੀਮ ਨਾਲ ਵੀ ਇਸ ਨਾਟਕ ਦੇ ਸ਼ੋਅ ਕੀਤੇ। ਨਟਰੰਗ ਅਬੋਹਰ ਦੀ ਟੀਮ ਵੱਲੋਂ ਭੁਪਿੰਦਰ ਉਤਰੇਜਾ ਤੇ ਹਨੀ ਉਤਰੇਜਾ ਦੀ ਅਗਵਾਈ ਹੇਠ ਬਹੁਤ ਸਾਰੀਆਂ ਰੰਗਮੰਚ ਵਰਕਸ਼ਾਪ ਕੀਤੀਆਂ ਗਈਆਂ ਤੇ ਜੀ ਆਇਆਂ ਨੂੰ, ਨਵੀਂ ਸ਼ੁਰੂਆਤ, ਟੈਕ 2025 ਆਦਿ ਨਾਟਕਾਂ ਰਾਹੀਂ ਹਾਜ਼ਰੀ ਲਗਵਾਈ ਗਈ ।
ਚੰਡੀਗੜ੍ਹ ਦੀਆਂ ਟੀਮਾਂ ਵਿਚ ਥੀਏਟਰ ਫਾਰ ਥੀਏਟਰ ਨੇ ਸੁਦੇਸ਼ ਸ਼ਰਮਾ ਦੀ ਨਿਰਦੇਸ਼ਨ ਹੇਠ ਸਾਰਾ ਸਾਲ ਹਿੰਦੀ ਨਾਟਕਾਂ ਦੀਆਂ ਬਹੁਤ ਸਾਰੀਆਂ ਪੇਸ਼ਕਾਰੀਆਂ ਕੀਤੀਆਂ ਪਰ ਪੰਜਾਬੀ ਨਾਟਕ ਕਣਕ ਦੀ ਬੱਲੀ, ਹਿੰਦ ਦੀ ਚਾਦਰ, ਸ਼ਹੀਦ ਊਧਮ ਸਿੰਘ ਦੀਆਂ ਪੇਸ਼ਕਾਰੀਆਂ ਚੰਡੀਗੜ੍ਹ, ਭੋਪਾਲ ਤੇ ਪੰਜਾਬ ਵਿਚ ਕਈ ਵਾਰ ਕੀਤੀਆਂ । ਸੰਗੀਤਾ ਗੁਪਤਾ ਦੀ ਟੀਮ ਰੂਪਕ ਕਲਾ ਮੰਚ ਨੇ ਇਸ ਸਾਲ ਵੀਨਾ ਵਰਮਾ ਦੀਆਂ ਬਹੁਤ ਸਾਰੀਆਂ ਰਚਨਾਵਾਂ ਜਿਵੇਂ ਇੱਕ ਸੀ ਮੈਂ, ਸਤੀ, ਗਲਤ ਔਰਤ, ਚੁੱਪ ਕੀਤੀ, ਖਾਲੀ ਪਲਾਟ, ਫਿਰੰਗੀਆਂ ਦੀ ਨੂੰਹ ਦੇ ਨਾਟਕੀ ਰੂਪਾਂਤਰਣ ਨਿਰੋਲ ਕੁੜੀਆਂ ਦੀ ਟੀਮ ਨਾਲ ਖੇਡੇ ਗਏ। ਸੁਚੇਤਕ ਰੰਗਮੰਚ ਮੁਹਾਲੀ ਵਲੋਂ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨ ਹੇਠ ਨਵਾਂ ਨਾਟਕ ਖਿੜਦੇ ਰਹਿਣ ਗੁਲਾਬ ਤਿਆਰ ਕੀਤਾ ਗਿਆ, ਜਿਸ ਦੇ 9 ਸ਼ੋਅ ਇੰਗਲੈਂਡ ਅਤੇ ਅਮਰੀਕਾ ਵਿਚ ਕੀਤੇ ਗਏ ਤੇ ਦੋ ਪੇਸ਼ਕਾਰੀਆਂ ਪੰਜਾਬ ਵਿਚ ਕੀਤੀਆਂ ਗਈਆਂ, ਇਸ ਤੋਂ ਇਲਾਵਾ ਸੁਚੇਤਕ ਰੰਗਮੰਚ ਨੇ ਲਗਾਤਾਰ 22ਵਾਂ ਗੁਰਸ਼ਰਨ ਸਿੰਘ ਨਾਟ ਉਤਸਵ ਰਚਾਇਆ ਜਿਸ ਵਿਚ ਵੱਖ-ਵੱਖ ਨਿਰਦੇਸ਼ਕਾਂ ਵਲੋਂ ਪੰਜ ਦਿਨ ਨਾਟਕ ਪੇਸ਼ ਕੀਤੇ ਗਏ। ਬਨਿੰਦਰਜੀਤ ਸਿੰਘ ਬਨੀ ਦੀ ਨਿਰਦੇਸ਼ਨਾ ਹੇਠ ਇੰਪੈਕਟ ਆਰਟਸ ਦੀ ਟੀਮ ਵੱਲੋਂ ਹਿੰਦ ਦੀ ਚਾਦਰ ਨਾਟਕ ਤਿਆਰ ਕਰ ਕੇ ਖੇਡਿਆ ਗਿਆ ਅਤੇ ਇਸ ਤੋਂ ਇਲਾਵਾ ਸਾਲ ਵਿਚ ਤਿੰਨ ਰੰਗਮੰਚ ਉਤਸਵ ਰਚਾਏ ਗਏ ਜਿਨ੍ਹਾਂ ਵਿਚ ਤਿੰਨ ਰੋਜ਼ਾ ਉਤਸਵ ਅਸ਼ਰਫੀਆਂ, ਦਸ ਰੋਜ਼ਾ ਉਤਸਵ ਸ਼ਗੂਫ਼ੇ, ਤਿੰਨ ਰੋਜ਼ਾ ਉਤਸਵ ਅਜ਼ਮਤ ਇਸ ਗਰੁੱਪ ਦੀ ਲਗਾਤਾਰਤਾ ਤੇ ਸ਼ਿੱਦਤ ਦਾ ਪ੍ਰਗਟਾਵਾ ਕਰਦੇ ਹਨ ।
(ਬਾਕੀ ਕੱਲ੍ਹ)
ਮੋਬਾਈਲ : 9888011096
ਈ-ਮੇਲ : sssahebealam@gnail.com