ਅੱਜ ਦੀ ਗੱਲ ਸਾਈਬਰ ਕ੍ਰਾਈਮ ਦੇ ਠੱਗਾਂ ਤੋਂ ਸ਼ੁਰੂ ਕਰਦੇ ਹਾਂ। ਕੋਈ ਤਿੰਨ ਕੁ ਸਾਲ ਪਹਿਲਾਂ ਇਨ੍ਹਾਂ ਨੇ ਮੇਰੇ ਕੋਲੋਂ ਚਾਰ ਲੱਖ ਤੀਹ ਹਜ਼ਾਰ ਰੁਪਏ ਠੱਗ ਲਏ ਸਨ ਤੇ ਮੇਰੇ ਜਾਣੂ ਸ਼ਾਮ ਸਿੰਘ ਅੰਗ ਸੰਗ ਕੋਲੋਂ ਡੇਢ ਲੱਖ ਠੱਗਣ ਵਾਲੇ ਵਕੀਲ ਵੀ ਬਣ ਗਏ ਸਨ। ਹੁਣ ਤਾਂ ਇਨ੍ਹਾਂ ਠੱਗਾਂ 'ਚ ਔਰਤਾਂ ਵੀ ਸ਼ਾਮਿਲ ਹੋ ਗਈਆਂ ਹਨ, ਜੋ ਖ਼ੁਦ ਨੂੰ ਸੁਪਰਡੈਂਟ ਪੁਲਿਸ ਦੱਸਦੀਆਂ ਹਨ ਤੇ ਤੁਹਾਡੀਆਂ ਹਮਦਰਦ ਬਣ ਕੇ ਆਪਣੇ-ਆਪ ਨੂੰ ਐਂਟੀ ਟੈਰਾਰਿਜ਼ਮ ਸਕੁਐਡ ਦੀਆਂ ਕਾਰਕੁੰਨ ਕਹਿ ਕੇ ਗੱਲ ਸ਼ੁਰੂ ਕਰਦੀਆਂ ਹਨ। ਅਕਸਰ ਤੁਹਾਨੂੰ ਇਹ ਕਹਿ ਕੇ ਡਰਾਇਆ ਜਾਂਦਾ ਹੈ ਕਿ ਤੁਹਾਡੇ ਮੋਬਾਈਲ ਫ਼ੋਨ ਤੋਂ ਪਾਕਿਸਤਾਨ ਦੇ ਮਿਲਟਰੀ ਅਫ਼ਸਰਾਂ ਨੂੰ ਭਾਰਤ ਬਾਰੇ ਗੁਪਤ ਜਾਣਕਾਰੀ ਭੇਜੀ ਜਾ ਰਹੀ ਹੈ, ਜੋ ਦੇਸ਼ ਨੂੰ ਤਬਾਹ ਕਰ ਸਕਦੀ ਹੈ। ਮੈਨੂੰ ਡਰਾਉਣ ਵਾਲੀ ਨੇ ਖ਼ੁਦ ਨੂੰ ਐਸ.ਪੀ. ਮਹਿਤਾ ਦੱਸਿਆ ਤੇ ਉਹ ਚਾਹੁੰਦੀ ਸੀ ਕਿ ਮੈਂ ਪੂਨੇ ਵਿਚ ਉਨ੍ਹਾਂ ਦੇ ਵੱਡੇ ਦਫ਼ਤਰ ਨਾਲ ਸੰਪਰਕ ਕਰਾਂ ਤੇ ਉਸ ਦਫ਼ਤਰ ਦਾ ਮੁਖੀ ਮੈਨੂੰ ਇਸ ਕੇਸ 'ਚੋਂ ਬਚਣ ਦਾ ਰਾਹ ਦੱਸ ਦੇਵੇਗਾ। ਇਸ ਘਟਨਾ ਨੇ ਮੈਨੂੰ ਮੇਰੇ ਕੋਲੋਂ ਚਾਰ ਲੱਖ ਤੀਹ ਹਜ਼ਾਰ ਰੁਪਏ ਠੱਗਣ ਵਾਲਾ ਪੁਰਾਣਾ ਠੱਗ ਚੇਤੇ ਕਰਾ ਦਿੱਤਾ। ਮੈਂ ਆਪਣੇ ਥਾਣੇ ਦੇ ਪੁਲਿਸ ਇੰਸਪੈਕਟਰ ਰਾਮ ਦਿਆਲ ਨੂੰ ਫ਼ੋਨ ਕਰਕੇ ਦੱਸਿਆ ਤਾਂ ਉਹ ਤੁਰੰਤ ਮੇਰੇ ਘਰ ਆ ਗਿਆ। ਮੈਂ ਉਸ ਨੂੰ ਸਾਰੀ ਕਹਾਣੀ ਦੱਸੀ ਤੇ ਇਹ ਦੱਸਿਆ ਕਿ ਮੈਂ ਉਸ ਜਾਅਲੀ ਐਸ.ਪੀ. ਨੂੰ ਇਹ ਕਹਿ ਦਿੱਤਾ ਹੈ ਕਿ ਉਹ ਮੈਨੂੰ ਗ੍ਰਿਫ਼ਤਾਰ ਕਰਨ ਲਈ ਬੰਦੇ ਭੇਜ ਦੇਵੇ, ਮੈਂ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਹਾਂ। ਰਾਮ ਦਿਆਲ ਨੇ ਮੇਰੀ ਹਾਂ 'ਚ ਹਾਂ ਮਿਲਾਈ ਤੇ ਇਹ ਵੀ ਕਿਹਾ ਕਿ ਅੱਗੇ ਤੋਂ ਅਜਿਹੇ ਫ਼ੋਨ ਕਰਨ ਵਾਲਿਆਂ ਦੀ ਚੰਗੀ ਝਾੜ-ਝੰਬ ਕਰਨਾ। ਉਸ ਨੇ ਇਹ ਵੀ ਕਿਹਾ ਕਿ ਮੈਂ ਇਹ ਘਟਨਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਦੀ ਕਰਾਂ ਤਾਂ ਕਿ ਪੜ੍ਹਨ-ਸੁਣਨ ਵਾਲੇ ਇਨ੍ਹਾਂ ਠੱਗਾਂ ਤੋਂ ਖ਼ਬਰਦਾਰ ਰਹਿਣ।
2025 ਦੇ ਆਖ਼ਰੀ ਦਿਨਾਂ ਵਿਚ ਮੇਰੀ ਪਤਨੀ ਨਾਲ ਇਕ ਮਾੜੀ ਘਟਨਾ ਵਾਪਰ ਗਈ ਸੀ। ਉਸ ਨੇ 24 ਦਸੰਬਰ 2025 ਨੂੰ ਦਿੱਲੀ ਜਾਣਾ ਸੀ ਕਿ 23 ਦਸੰਬਰ ਨੂੰ ਸੱਟ ਲੱਗ ਗਈ ਤੇ ਹਸਪਤਾਲ ਦਾਖਲ ਕਰਾਉਣਾ ਪਿਆ, ਜਿੱਥੇ ਆਪ੍ਰੇਸ਼ਨ ਕਰਕੇ ਟੁੱਟੀ ਹੱਡੀ ਨੂੰ ਜੋੜਿਆ ਗਿਆ। ਹੁਣ ਉਸ ਨੂੰ ਮਹੀਨਾ-ਡੇਢ ਮਹੀਨਾ ਤੁਰਨਾ ਮਨ੍ਹਾਂ ਕਰ ਦਿੱਤਾ। ਦਿੱਲੀ ਤਾਂ ਕੀ ਹੁਣ ਉਹ ਆਪਣੇ ਘਰ ਦਾ ਗੇਟ ਵੀ ਪਾਰ ਨਹੀਂ ਕਰ ਸਕਦੀ।
ਹੁਣ ਮਿੱਠੀਆਂ ਗੱਲਾਂ ਵੱਲ ਪਰਤਦੇ ਹਾਂ। ਸਭ ਤੋਂ ਵਧੀਆ ਗੱਲ ਤਾਂ ਪੁਰਾਣੀ ਹੈ ਪਰ ਮੇਰੀ ਜਾਣਕਾਰੀ 'ਚ ਹੁਣ ਆਈ ਹੈ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ 12ਵੀਂ ਦੇ ਪੰਜਾਬੀ ਪਾਠਕ੍ਰਮ 'ਚ ਪੰਜਾਬੀ ਸੱਭਿਆਚਾਰ ਦੀ ਜਾਣ-ਪਛਾਣ ਵਾਲਾ ਭਾਗ ਵੀ ਰੱਖਿਆ ਹੈ, ਜਿਸ ਵਿਚ ਮੇਰਾ ਲੇਖ 'ਪੰਜਾਬ ਦੇ ਰਸਮ-ਰਿਵਾਜ਼' ਵੀ ਸ਼ਾਮਿਲ ਕੀਤਾ ਗਿਆ ਹੈ ਅਤੇ ਕਹਾਣੀਆਂ ਵਾਲੇ ਭਾਗ 'ਚ ਮੇਰੀ ਕਹਾਣੀ 'ਘਰ ਜਾ ਆਪਣੇ' ਵੀ। ਇਸ ਭਾਗ ਵਿਚ ਕਰਤਾਰ ਸਿੰਘ ਦੁੱਗਲ ਤੇ ਸੁਜਾਨ ਸਿੰਘ ਦਾ ਸ਼ਾਮਿਲ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ, ਜਿਨ੍ਹਾਂ ਦੀਆਂ ਕਹਾਣੀਆਂ ਮੇਰੀ ਵਿੱਦਿਆ ਪ੍ਰਾਪਤੀ ਦੇ ਸਮੇਂ ਮੇਰੇ ਪਾਠਕ੍ਰਮ ਦਾ ਹਿੱਸਾ ਸਨ। ਪੰਜਾਬੀ ਲਾਜ਼ਮੀ ਦੇ ਕਵਿਤਾ ਭਾਗ ਵਿਚ ਸ਼ਾਮਿਲ ਕਵੀ ਭਾਈ ਵੀਰ ਸਿੰਘ, ਪ੍ਰੋ. ਮੋਹਣ ਸਿੰਘ, ਨੰਦ ਲਾਲ ਨੂਰਪੂਰੀ, ਅੰਮ੍ਰਿਤਾ ਪ੍ਰੀਤਮ, ਹਰਿਭਜਨ ਸਿੰਘ ਤੇ ਸ਼ਿਵ ਕੁਮਾਰ ਬਟਾਲਵੀ ਵਰਗੀਆਂ ਉੱਚ ਸ਼ਖ਼ਸੀਅਤਾਂ ਹਨ, ਜਿਨ੍ਹਾਂ ਦੀ ਸ਼ਮੂਲੀਅਤ ਨੇ ਮੇਰੇ ਸਿਰ ਦੀ ਕਲਗੀ ਹੋਰ ਵੀ ਉੱਚੀ ਕਰ ਦਿੱਤੀ ਹੈ। ਮੇਰੇ ਲਈ ਤਾਂ ਇਹ ਵੀ ਵੱਡੀ ਗੱਲ ਹੈ ਕਿ ਪੰਜਾਬੀ ਲਾਜ਼ਮੀ ਨੂੰ ਸੇਧ ਦੇਣ ਵਾਲੀ ਜਿਹੜੀ ਪੁਸਤਕ ਤਿਆਰ ਕੀਤੀ ਗਈ ਹੈ, ਉਸ ਵਿਚ ਲੇਖਕਾਂ ਦੇ ਜਨਮ ਦਿਨ, ਜਨਮ ਸਥਾਨ ਤੇ ਕੰਮ-ਧੰਦੇ ਦੇ ਨਾਲ ਉਨ੍ਹਾਂ ਦੇ ਮਾਪਿਆਂ ਦੇ ਨਾਂਅ ਵੀ ਲਿਖੇ ਹੋਏ ਹਨ। ਪ੍ਰਮਾਣ ਵਜੋਂ ਮੇਰੀ ਜਾਣਕਾਰੀ ਦਿੰਦੇ ਸਮੇਂ ਮੈਨੂੰ 'ਹਰੀ ਸਿੰਘ ਜੀ ਦੇ ਘਰ ਸ੍ਰੀਮਤੀ ਗੁਰਚਰਨ ਕੌਰ ਦੀ ਕੁੱਖੋਂ ਪੈਦਾ ਹੋਇਆ' ਲਿਖਿਆ ਗਿਆ ਹੈ। ਕਾਸ਼ ਇਹ ਜਾਣਕਾਰੀ ਮੇਰੇ ਮਾਪਿਆਂ ਦੇ ਜਿਊਂਦੇ ਹੁੰਦਿਆਂ ਛਪੀ ਹੁੰਦੀ। ਇਸ ਪੁਸਤਕ ਵਿਚ ਉਨ੍ਹਾਂ ਦੋਵਾਂ ਦਾ ਨਾਂਅ ਇਕ-ਦੂਜੇ ਦੇ ਬਰਾਬਰ ਛਪਿਆ ਹੋਣਾ ਨਵੀਂ ਤੇ ਵੱਡੀ ਗੱਲ ਹੈ। 2025 ਦੇ ਅੰਤਲੇ ਦਿਨਾਂ ਦੀ ਇਕ ਹੋਰ ਮਿੱਠੀ ਗੱਲ ਲਾਹੌਰ ਨਿਵਾਸੀ ਪ੍ਰੋਫੈਸਰ ਮੁਹੰਮਦ ਅਮਾਨਤ ਅਲੀ ਮੁਸਾਬਰ ਦਾ ਉਰਦੂ ਤੇ ਪੰਜਾਬੀ ਭਾਸ਼ਾ ਦੀ ਜਾਣਕਾਰੀ ਬਾਰੇ ਕਾਇਦਾ ਮੇਰੇ ਹੱਥ ਲੱਗਣਾ ਹੈ, ਜਿਸ ਵਿਚ 'ਮ' ਅੱਖਰ ਸਮਝਾਉਣ ਲਈ ਗੁਰਮੁਖੀ ਤੇ ਸ਼ਾਹਮੁਖੀ 'ਚ ਮੌਲਵੀ ਤੇ ਮਹਾਰਾਜ ਲਿਖ ਕੇ ਮੋਰ ਚਿਤਰਿਆ ਮਿਲਦਾ ਹੈ। 'ਬ' ਅੱਖਰ ਸਮਝਾਉਣ ਲਈ ਬਾਵਾ ਤੇ ਬਾਦਲ ਲਿਖ ਕੇ ਬਾਪੂ ਦਰਸਾਉਣ ਲਈ ਮੇਰੀ ਫੋਟੋ ਅਤੇ 'ਸ਼' ਸਮਝਾਉਣ ਲਈ ਸ਼ੁਕਰੀਆ ਤੇ ਸ਼ਹੀਦ ਲਿਖ ਕੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਦਾ ਚਿੱਤਰ ਬਣਾਇਆ ਗਿਆ ਹੈ। ਕਾਇਦੇ ਦਾ ਮੁਖਬੰਦ ਲੇਖਕ ਲਾਲ ਸਿੰਘ ਸਲਹਾਣੀ ਇਸ ਭਾਵਨਾ ਨੂੰ ਸ਼ੇਖ ਬਾਬਾ ਫ਼ਰੀਦ ਤੇ ਗੁਰੂ ਨਾਨਕ ਦੇਵ ਜੀ ਦੀ ਅਦੁੱਤੀ ਸਾਂਝ ਲਿਖ ਕੇ ਉਸ ਨੂੰ ਮਾਂ ਬੋਲੀ ਪੰਜਾਬ ਦਾ ਸ਼ੈਦਾਈ ਦੱਸਦਾ ਹੈ ਤੇ ਆਸ ਕਰਦਾ ਹੈ ਕਿ ਇਹ ਭਾਵਨਾ ਆਰ-ਪਾਰ ਦੀਆਂ ਦੂਰੀਆਂ ਮਿਟਾਉਣ ਦਾ ਸਬੱਬ ਬਣੇਗੀ, ਅੱਜ ਨਹੀਂ ਤਾਂ ਕੱਲ੍ਹ। ਵੱਡੀ ਗੱਲ ਇਹ ਕਿ ਪਾਕਿਸਤਾਨ ਦੇ ਪਾਠਕ ਮੇਰੇ ਚਿੱਤਰ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਚਿੱਤਰ ਵਾਂਗ ਵੇਖਣਗੇ। ਜਾਂਦੇ-ਜਾਂਦੇ ਇਹ ਵੀ ਦੱਸ ਦਿਆਂ ਕਿ 1, 2 ਤੇ 3 ਫਰਵਰੀ 2026 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ (ਜਿੱਥੋਂ ਦਾ ਮੈਂ ਵਿਦਿਆਰਥੀ ਸਾਂ) ਵਿਖੇ ਪਹਿਲੀ ਵਾਰ ਇਕ ਅਜਿਹਾ ਉਤਸਵ ਕੀਤਾ ਜਾ ਰਿਹਾ ਹੈ, ਜਿੱਥੇ ਪੁਸਤਕ ਪ੍ਰਦਰਸ਼ਨੀ ਵੀ ਹੋਵੇਗੀ ਤੇ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਵੀ। ਉੱਥੇ ਮੇਰੇ ਵਰਗੇ ਹੋਰ ਕੌਣ ਸ਼ਿਰਕਤ ਕਰਨਗੇ, ਇਹ ਸਮੇਂ ਨੇ ਦੱਸਣਾ ਹੈ। ਪ੍ਰਿੰ. ਪਰਵਿੰਦਰ ਸਿੰਘ ਦਾ ਉਤਸ਼ਾਹ ਸ਼ਲਾਘਾ ਦਾ ਹੱਕਦਾਰ ਹੈ।
ਈ-ਮੇਲ : sandhugulzar@yahoo.com