28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਸਾਇੰਸ ਦੀ ਬਿਹਤਰ ਸਮਝ ਲਈ ਜ਼ਰੂਰੀ ਹੈ ਮਾਂ-ਬੋਲੀ ਵਿਚ ਸਿੱਖਿਆ

Ad Position 21
No active advertisement
ਅਜੀਤ ਡੈਸਕ 04-01-2026

ਸਭ ਤੋਂ ਪਹਿਲਾਂ ਮੈਂ ਆਪਣੇ ਤੁਆਰਫ਼ ਲਈ ਇਹ ਵੀ ਦੱਸ ਦਿਆਂ ਕਿ ਭਾਵੇਂ ਮੈਂ ਅੱਜ ਰੁੱਖਾਂ-ਬੂਟਿਆਂ ਦੀ ਸਾਇੰਸ ਅੰਗਰੇਜ਼ੀ ਵਿਚ ਪੜ੍ਹਦਾ-ਪੜ੍ਹਾਉਂਦਾ ਹਾਂ ਪਰ ਮੈਂ ਆਪ ਦਸਵੀਂ ਤੱਕ ਸਾਇੰਸ ਮੈਥ ਸਮੇਤ ਸਾਰੇ ਮਜ਼ਮੂਨ ਪੰਜਾਬੀ ਮੀਡੀਅਮ ਵਿਚ ਪੜ੍ਹੇ ਨੇ। ਸਾਡੇ ਸਰਕਾਰੀ ਸਕੂਲ ਵਿਚ ਸਿੱਖਿਆ ਦਾ ਮਾਧਿਅਮ ਪੰਜਾਬੀ ਸੀ। ਸ਼ਾਇਦ ਇਹੀ ਕਾਰਨ ਹੈ ਕਿ ਖੇਤੀਬਾੜੀ ਪਸਾਰ ਸਿੱਖਿਆ agricultural extension ਮੇਰਾ ਪਹਿਲਾ ਇਸ਼ਕ ਬਣਿਆ। agricultural extension ਦਾ ਮਤਲਬ ਹੈ ਖੇਤੀਬਾੜੀ ਸਾਇੰਸ ਦੀ ਆਧੁਨਿਕ ਜਾਣਕਾਰੀ ਸੌਖੀ ਕਰਕੇ ਆਮ ਕਿਸਾਨਾਂ ਤੱਕ ਪਹੁੰਚਦੀ ਕਰਨੀ। ਸੋ, ਮੈਂ ਜਿਹੜੀਆਂ ਗੱਲਾਂ ਦਾ ਏਥੇ ਜ਼ਿਕਰ ਕਰਾਂਗਾ ਉਨ੍ਹਾਂ ਨੂੰ ਮੇਰੇ ਜਾਤੀ ਤਜਰਬੇ ਅਤੇ ਸ਼ਿੱਦਤ ਦਾ ਤੜਕਾ ਲੱਗਾ ਹੋਇਆ ਹੈ।
ਦੁਨੀਆ ਦੇ ਵੱਖ-ਵੱਖ ਮੁਲਕਾਂ ਵਿਚ ਹੋਈ ਖੋਜ ਦੱਸਦੀ ਹੈ ਕਿ ਬੱਚੇ ਦੇ ਘਰ ਬੋਲੀ ਜਾਂਦੀ ਉਸ ਦੀ ਮਾਂ ਬੋਲੀ ਬੱਚੇ ਦੀ ਪੜ੍ਹਾਈ ਵਿਚ ਰੁਕਾਵਟ ਨਹੀਂ, ਸਗੋਂ ਉਹ ਤਾਂ ਨਤੀਜਿਆਂ ਨੂੰ ਹੋਰ ਨਿਖਾਰਦੀ ਹੈ। ਕੈਨੇਡੀਅਨ ਖੋਜੀ ਜਿਮ ਕਮਿਨਸ ਦੱਸਦਾ ਹੈ ਕਿ ਜਿਹੜੇ ਬੱਚਿਆਂ ਨੂੰ ਮੁਢਲੀ ਤਲੀਮ ਉਨ੍ਹਾਂ ਦੀ ਮਾਂ ਬੋਲੀ ਵਿਚ ਦਿੱਤੀ ਜਾਵੇ, ਉਹ ਅੰਗਰੇਜ਼ੀ ਸਮੇਤ ਹੋਰਨਾਂ ਮਜ਼ਮੂਨਾਂ ਨੂੰ ਵਧੇਰੇ ਮਜ਼ਬੂਤੀ ਨਾਲ ਸਿੱਖਦੇ ਨੇ। ਇਹਦਾ ਕਾਰਨ ਉਨ੍ਹਾਂ ਇਹ ਦੱਸਿਆ ਕਿ ਕਿਸੇ ਵੀ ਮਜ਼ਮੂਨ ਨੂੰ ਸਿੱਖਣ ਲਈ ਬੱਚੇ ਵਿਚ ਤਿੰਨ ਤਰ੍ਹਾਂ ਦੀ ਸਮਰੱਥਾ ਲੋੜੀਂਦੀ ਹੈ- ਪਹਿਲੀ Congnitive Capability ਮਤਲਬ ਗਿਆਨ ਹਾਸਿਲ ਕਰਨ ਦੀ ਸਮਰੱਥਾ , ਸ਼ਊਰ ਦੀ ਸਲਾਹੀਅਤ; ਦੂਸਰਾ ਹੈ Conative Capability ਮਤਲਬ ਕਿਸੇ ਕੰਮ ਨੂੰ ਕਰਨ ਦਾ ਵਲ/ਚੱਜ ਸਿੱਖਣ ਦੀ ਸਮਰੱਥਾ ਅਤੇ ਤੀਸਰੀ ਹੈ Affective Capability ਮਤਲਬ ਜਜ਼ਬਾਤ ਨੂੰ ਬਿਆਨ ਕਰ ਸਕਣ ਦੀ ਸਮਰੱਥਾ। ਇਹ ਤਿੰਨੋਂ ਜਨਮ ਤੋਂ ਹੀ ਮਾਂ ਬੋਲੀ ਦੇ ਜ਼ਰੀਏ ਬੱਚਾ ਹਾਸਿਲ ਕਰਦਾ ਹੈ ਤੇ ਮੁਢਲੀ ਵਿੱਦਿਆ ਹਾਸਿਲ ਕਰਨ ਵਾਸਤੇ ਇਹੀ ਤਿੰਨ ਮਜ਼ਬੂਤ ਥੰਮ੍ਹ ਨੇ। ਸਾਲ 2010 ਵਿਚ ਬ੍ਰਿਟਿਸ਼ ਕੌਂਸਲ ਨੇ ਪਾਕਿਸਤਾਨ ਵਿਚ ਕੀਤੀ ਖੋਜ ਦੀ ਰਿਪੋਰਟ ਨਸ਼ਰ ਕੀਤੀ ਸੀ, ਜਿਹਦੇ ਵਿਚ ਦੱਸਿਆ ਗਿਆ ਸੀ ਕਿ ਸ਼ੁਰੂਆਤੀ ਪੜ੍ਹਾਈ ਦਾ ਮਾਧਿਅਮ ਜੇ ਮਾਂ ਬੋਲੀ ਵਿਚ ਹੋਵੇ ਤਾਂ ਬੱਚੇ ਲਈ ਇਹ ਜ਼ਿਆਦਾ ਲਾਹੇਵੰਦ ਹੁੰਦਾ ਹੈ। ਇਹ ਖੋਜ ਉਨ੍ਹਾਂ ਪਾਕਿਸਤਾਨ ਅੰਦਰ ਸੱਤ ਜ਼ੁਬਾਨਾਂ ਬੋਲਦੇ ਬੱਚਿਆਂ ਉੱਤੇ ਕੀਤੀ।
ਤਾਰੀਖੀ ਰਿਪੋਰਟਾਂ ਦੱਸਦੀਆਂ ਨੇ ਕਿ ਅੰਗਰੇਜ਼ੀ ਹਮੇਸ਼ਾ ਹੀ ਸਾਇੰਸ ਦੀ ਜ਼ੁਬਾਨ ਨਹੀਂ ਰਹੀ, ਸਗੋਂ ਇਹ ਤਾਂ ਦੂਸਰੀ ਸੰਸਾਰ ਜੰਗ ਮਗਰੋਂ ਅਮਰੀਕਾ ਦੀ ਚੌਧਰ ਵਧਣ ਦੇ ਨਾਲ-ਨਾਲ ਹੀ ਵਧੀ। 2014 ਦੇ ਇੱਕ ਖੋਜ ਪਰਚੇ ਵਿਚMT Khan ਨੇ ਲਿਖਿਆ ਹੈ ਕਿ ਜਿਨ੍ਹਾਂ ਮੁਲਕਾਂ ਨੇ ਆਹਲਾ ਸਾਇੰਸਦਾਨ ਪੈਦਾ ਕੀਤੇ ਨੇ ਉਨ੍ਹਾਂ ਸਾਰਿਆਂ ਵਿਚ ਇੱਕ ਗੱਲ ਸਾਂਝੀ ਹੈ, ਕਿ ਉੱਥੇ ਸਾਇੰਸ ਉਨ੍ਹਾਂ ਦੀ ਆਪਣੀ ਜ਼ੁਬਾਨ ਵਿਚ ਪੜ੍ਹਾਈ ਜਾਂਦੀ ਹੈ ਮਿਸਾਲ ਵਜੋਂ ਜਪਾਨ ਜਰਮਨੀ ਚੀਨ, ਫ਼ਰਾਂਸ, ਦੱਖਣੀ ਕੋਰੀਆ,ਅਮਰੀਕਾਆਦਿ। ਮੈਰੀਸਾ ਰੋਲਨਿਕ ਨਾਂਅ ਦੀ ਰਿਸਰਚਰ ਨੇ ਦੱਖਣੀ ਅਫ਼ਰੀਕਾ ਵਿਚ ਨਿੱਕੇ ਨਿਆਣਿਆਂ ਨੂੰ ਮਾਂ-ਬੋਲੀ ਵਿਚ ਸਾਇੰਸ ਪੜ੍ਹਾਉਣ ਉੱਤੇ ਖੋਜ ਕੀਤੀ-ਉਸ ਨੇ ਸਿੱਟਾ ਕੱਢਿਆ ਕਿ ਸਾਇੰਸ ਦੀਆਂ ਬਰੀਕੀਆਂ ਤੇ ਉਲਝਣਾਂ ਸਮਝਣ ਵੇਲੇ ਅਕਸਰ ਬੱਚਿਆਂ ਨੂੰ ਇਹ ਦੱਸਣ ਜਾਂ ਪੁੱਛਣ ਦੀ ਲੋੜ ਪੈਂਦੀ ਹੈ, ਕਿ ਉਨ੍ਹਾਂ ਨੂੰ ਕੀ ਸਮਝ ਨਹੀਂ ਆਇਆ ਤੇ ਕਿਉਂ ਸਮਝ ਨਹੀਂ ਆਇਆ? ਇਸ ਗੱਲਬਾਤ ਵਾਸਤੇ ਉਨ੍ਹਾਂ ਦੀ ਮਾਂ ਬੋਲੀ ਹੀ ਕੰਮ ਆਉਂਦੀ ਹੈ। 2020 ਦੀ ਇਕ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਸੂਬੇ ਖੈਬਰ ਪਖੂਤਨਖਵਾ ਵਿਚ ਪਸ਼ਤੋ ਬੋਲਣ ਵਾਲੀਆਂ ਬੱਚੀਆਂ ਨੂੰ ਸਾਇੰਸ ਦੀ ਸਿੱਖਿਆ ਉਰਦੂ ਦੇ ਮੁਕਾਬਲੇ ਪਸ਼ਤੋ ਜ਼ੁਬਾਨ ਵਿਚ ਬਿਹਤਰ ਸਮਝ ਆਈ। ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਅਜਿਹਾ ਹੁੰਦਾ ਕਿਉਂ ਹੈ?
ਪਹਿਲਾ ਕਾਰਨ ਤਾਂ ਇਹ ਹੈ ਕਿ ਸਾਇੰਸ ਤੇ ਮੈਥ ਪੇਚੀਦਾ ਵਿਸ਼ੇ ਨੇ ਤੇ ਇਨ੍ਹਾਂ ਨੂੰ ਸਮਝਣ ਵਿਚ ਜਜ਼ਬਾਤੀ ਸਮਰੱਥਾ ਦਾ ਡੂੰਘਾ ਕੰਮ ਦਰਕਾਰ ਹੈ, ਮਤਲਬ ਬਾਰੀਕ ਨੁਕਤਿਆਂ ਨੂੰ ਸਮਝਣ ਵਾਸਤੇ ਬੱਚਿਆਂ ਨੂੰ ਇਹ ਜ਼ਰੂਰੀ ਹੈ ਕਿ ਉਹ ਆਪਣੇ ਜਜ਼ਬਾਤ ਆਸਾਨੀ ਨਾਲ ਸਾਂਝੇ ਕਰ ਸਕਣ, ਜੋ ਸਿਰਫ ਉਨ੍ਹਾਂ ਦੀ ਮਾਂ ਬੋਲੀ ਵਿਚ ਹੀ ਹੋ ਸਕਦੇ ਹਨ।
ਦੂਜਾ ਕਾਰਨ ਇਹ ਵੇਖਿਆ ਗਿਆ ਹੈ ਕਿ ਜੇ ਕਲਾਸ ਵਿਚ ਉਨ੍ਹਾਂ ਦੀ ਮਾਂ ਬੋਲੀ ਵਿਚ ਗੱਲ ਸਮਝਾਈ ਜਾਂਦੀ ਹੈ ਤਾਂ ਬੱਚੇ ਵਧੇਰੇ ਦਿਲਚਸਪੀ ਨਾਲ ਸੁਣਦੇ ਨੇ ਤੇ ਉਨ੍ਹਾਂ ਨੂੰ ਉਹ ਗੱਲ ਸੌਖੀ ਲੱਗਦੀ ਹੈ। ਜਿਵੇਂ ਪਸ਼ਤੋ ਵਿਚ ਸਾਇੰਸ ਪੜ੍ਹਨ ਕਰਕੇ ਉਹ ਬੱਚੀਆਂ ਆਪਣੀਆਂ ਅਧਿਆਪਕਾਵਾਂ ਦੇ ਜ਼ਿਆਦਾ ਨੇੜੇ ਸਨ ਅਤੇ ਉਹ ਕਲਾਸ ਵਿਚ ਹਮੇਸ਼ਾ ਹਾਜ਼ਰ ਰਹਿੰਦੀਆਂ ਸਨ, ਸਗੋਂ ਆਮ ਨਾਲੋਂ ਜ਼ਿਆਦਾ ਸਮਾਂ ਪੜ੍ਹਦੀਆਂ ਸਨ।
ਤੀਸਰਾ ਕਾਰਨ ਇਹ ਹੈ ਕਿ ਮਾਂ ਬੋਲੀ ਜ਼ਰੀਏ ਤਾਲੀਮ ਵਿਚ ਗੈਰ ਰਸਮੀ ਤੌਰ-ਤਰੀਕੇ ਲਿਆਉਣੇ ਸੌਖੇ ਨੇ। ਮਿਸਾਲ ਵਜੋਂ- ਬੱਚਿਆਂ ਨੂੰ ਸਮਝਾਉਣ ਵਾਸਤੇ ਨਜ਼ਮਾਂ, ਡਰਾਮੇ, ਗੀਤ, ਬੋਲੀਆਂ, ਪਹਾੜੇ ਆਦਿ ਸੌਖੇ ਢੰਗ-ਤਰੀਕੇ ਵਰਤ ਕੇ ਪੇਚੀਦਾ ਗੱਲਾਂ ਆਸਾਨੀ ਨਾਲ ਸਮਝਾਈਆਂ ਜਾ ਸਕਦੀਆਂ ਨੇ।
ਚੌਥਾ ਕਾਰਨ ਇਹ ਕਿ ਜੇਕਰ ਸਾਇੰਸ ਮੈਥ ਕਿਸੇ ਦੂਸਰੀ ਜ਼ੁਬਾਨ ਵਿਚ ਪੜ੍ਹਾਵਾਂਗੇ ਮਸਲਨ ਅੰਗਰੇਜ਼ੀ ਵਿਚ ਤਾਂ ਪਹਿਲੋਂ ਬੱਚੇ ਨੂੰ ਉਹ ਜ਼ੁਬਾਨ ਚੰਗੀ ਤਰ੍ਹਾਂ ਸਿਖਾਉਣੀ ਪੈਣੀ ਹੈ ਨਿੱਕੇ ਬੱਚਿਆਂ ਉੱਤੇ ਇਹ ਦੂਹਰਾ ਬੋਝ ਹੈ। ਸਾਇੰਸ ਵਿਚ ਦੋ ਤਰ੍ਹਾਂ ਦੀ ਸ਼ਬਦਾਵਲੀ ਹੁੰਦੀ ਹੈ-ਇੱਕ ਟੈਕਨੀਕਲ ਸ਼ਬਦ ਤੇ ਦੂਸਰੇ ਨਾਨ-ਟੈਕਨੀਕਲ ਸ਼ਬਦ। ਇਨ੍ਹਾਂ ਸ਼ਬਦਾਂ ਦੇ ਦੋਹਰੇ ਤੀਹਰੇ ਮਤਲਬ ਹੁੰਦੇ ਨੇ। ਜਦੋਂ ਨਿੱਕੀ ਉਮਰ ਦੇ ਬੱਚੇ ਦੀ ਹਾਲੇ ਭਾਸ਼ਾ ਉੱਤੇ ਪਕੜ ਬਣ ਹੀ ਰਹੀ ਹੋਵੇ ਉਸ ਵੇਲੇ ਇਸ ਤਰ੍ਹਾਂ ਦੇ ਡੂੰਘੇ ਤੇ ਦੋਹਰੇ ਸ਼ਬਦ ਬੱਚਿਆਂ ਉੱਤੇ ਵਾਧੂ ਬੋਝ ਪਾਉਂਦੇ ਨੇ। ਇਸ ਕਰਕੇ ਜੇ ਅਸੀਂ ਪੰਜਾਬੀ ਵਿਚ ਸਾਇੰਸ ਦੀਆਂ ਗੱਲਾਂ ਸਮਝਾ ਸਕਾਂਗੇ ਤਾਂ ਬੱਚਿਆਂ ਨੂੰ ਇਨ੍ਹਾਂ ਨਾਨ ਟੈਕਨੀਕਲ ਲਫ਼ਜ਼ਾਂ ਦੇ ਦੂਹਰੇ ਤੀਹਰੇ ਅਰਥਾਂ ਬਾਰੇ ਦਿਮਾਗ ਨਹੀਂ ਲਾਉਣਾ ਪਵੇਗਾ। ਯਿਓਂਗ ਤੇ ਲਿਓ ਦਾ 2012 ਦਾ ਖੋਜ ਪਰਚਾ ਇਸ ਵਰਤਾਰੇ ਨੂੰ ਤਫ਼ਸੀਲ ਵਿਚ ਬਿਆਨ ਕਰਦਾ ਹੈ।
ਪੰਜਵਾਂ ਕਾਰਨ-ਮਨੁੱਖੀ ਦਿਮਾਗ਼ ਉੱਪਰ ਹੋਈ ਖੋਜ ਦੱਸਦੀ ਹੈ ਕਿ ਸੰਗੀਤ, ਜ਼ੁਬਾਨ ਅਤੇ ਗਣਿਤ-ਤਿੰਨਾਂ ਦੀਆਂ ਜ਼ਿਹਨੀ ਤੌਰ 'ਤੇ ਜੜ੍ਹਾਂ ਸਾਂਝੀਆਂ ਨੇ। ਮਤਲਬ ਦਿਮਾਗ਼ ਵਿਚਲੇ ਨਿਊਰਲ ਸੈੱਲ ਬੁਨਿਆਦੀ ਤੌਰ 'ਤੇ ਸਾਂਝੇ ਨੇ।Pattern recognition ਤਰਤੀਬ ਪਛਾਨਣੀ, ਤਾਲ, ਗਿਣਤੀ, Syntax ਪੜਾਅ ਦਰ ਪੜਾਅ ਫ਼ਿਕਰਿਆਂ ਦੀ ਬਣਤਰ ਜਾਂ ਰਾਗਾਂ ਦੀ ਬਣਤਰ, ਇਹ ਸਾਰੀ ਸਮਝ ਬੂਝ ਸਾਡੇ ਦਿਮਾਗ਼ ਦੇ fronto-lateral cortex ਮਤਲਬ ਮੱਥੇ ਦੇ ਪਿਛਲੇ ਹਿੱਸੇ ਵਿਚ ਬੈਠੇ ਸਾਂਝੇ ਸੈੱਲਾਂ ਦਾ ਕੰਮ ਹੈ। ਇਸ ਵਾਸਤੇ ਜਨਮ ਤੋਂ ਲੈ ਕੇ ਮਾਂ ਬੋਲੀ ਰਾਹੀਂ ਜਿਹੜੀ ਬੁਨਿਆਦ ਬਣੀ ਹੈ, ਬੱਚੇ ਨੂੰ ਉਹਦੇ ਨਾਲੋਂ ਤੋੜ ਕੇ ਕਿਸੇ ਤਾਲੀਮ ਦੀ ਇਮਾਰਤ ਤਾਮੀਰ ਨਹੀਂ ਕਰ ਸਕਦੇ। ਸਾਡੇ ਕੋਲ ਪੰਜਾਬੀ ਜ਼ੁਬਾਨ ਵਿਚ, ਲੋਕ ਧਾਰਾ ਵਿਚ ਅਜਿਹਾ ਵਿਗਿਆਨਕ ਗਿਆਨ ਹੈ, ਜਿਹੜਾ ਸਾਡੇ ਪੁਰਖਿਆਂ ਨੇ ਹਜ਼ਾਰਾਂ ਸਾਲਾਂ ਵਿਚ ਤਿਆਰ ਕੀਤਾ ਹੈ। ਖੇਤੀ ਕਰਨ ਦੇ ਢੰਗ ਤਰੀਕੇ, ਰੁੱਖਾਂ ਬੂਟਿਆਂ ਦੇ ਗੁਣ-ਔਗੁਣ, ਦਵਾਈਆਂ ਦੇ ਦੇਸੀ ਨੁਸਖੇ, ਕਾਰੀਗਰੀ ਤੇ ਸੰਦਾਂ ਔਜ਼ਾਰਾਂ ਦਾ ਰਵਾਇਤੀ ਗਿਆਨ। ਨਵੀਂ ਸਾਇੰਸ ਤੇ ਤਕਨਾਲੋਜੀ ਨੂੰ ਸਮਝਣ ਦੇ ਨਾਲ-ਨਾਲ ਉਹ ਸਭ ਪੁਰਾਣੀ ਸਮਝ-ਬੂਝ ਨਾਲ ਲੈ ਕੇ ਚੱਲਣੀ ਪਵੇਗੀ। ਇਕ ਮਿਸਾਲ ਹੈ ਕਿ ਖੇਤੀ ਵਿਚ ਕਿੰਨਾ ਫ਼ਾਸਲਾ ਰੱਖਿਆ ਜਾਵੇ। ਇਕ ਵੰਨਗੀ ਵੇਖੋ-
ਡੱਡ ਟਪੂਸੀ ਬਾਜਰਾ
ਤਿੱਤਰ ਤੋਰ ਜਵਾਰ
ਕਣਕ ਕਮਾਦੀ ਸੰਘਣੀ
ਕਦੇ ਨਾ ਆਵੇ ਹਾਰ।
ਤਿਲ ਵਿਰਲੇ ਜੌਂ ਸੰਘਣੇ
ਡਾਂਗੋ ਡਾਂਗ ਕਪਾਹ
ਲੇਫ਼ ਦੀ ਬੁੱਕਲ ਮਾਰ ਕੇ
ਮੱਕੀ ਵਿਚ ਦੀ ਜਾਹ।
ਹੁਣ ਦੱਸੋ ਇਹ ਗੱਲਾਂ ਕਿਸੇ ਹੋਰ ਜ਼ੁਬਾਨ ਵਿਚ ਕਿੱਦਾਂ ਸਮਝਾਈਏ।
ਇਹ ਦਲੀਲਾਂ ਤਾਂ ਸਨ ਕਿ ਸਾਇੰਸ ਟੈਕਨਾਲੋਜੀ ਪੜ੍ਹਾਉਣ ਵਿਚ ਮਾਂ-ਬੋਲੀ ਕਿਉਂ ਲਾਜ਼ਮੀ ਹੈ, ਪਰ ਮੇਰਾ ਮਕਸਦ ਇਥੋਂ ਤੱਕ ਨਹੀਂ ਹੈ।ਸਾਇੰਸ, ਤਕਨਾਲੋਜੀ, ਖੇਤੀਬਾੜੀ ਸਾਇੰਸ, ਵਾਤਾਵਰਨ ਸਾਇੰਸਦਾ ਅਸਲ ਮਕਸਦ ਹੈ ਲੋਕਾਂ ਦੀ ਜ਼ਿੰਦਗੀ ਦਾ ਪੱਧਰ ਉੱਪਰ ਚੁੱਕਣਾ, ਨਵੀਂ ਜਾਣਕਾਰੀ ਨਾਲ ਉਨ੍ਹਾਂ ਦੀ ਜ਼ਿੰਦਗੀ ਸਵਾਰਨਾ ਤੇ ਆਮ ਲੋਕਾਂ ਨੂੰ ਏਨਾ ਕਾਬਲ ਬਣਾ ਦੇਣਾ ਕਿ ਉਹ ਆਪਣੀਆਂ ਮੁਸ਼ਕਿਲਾਂ ਦੇ ਆਪੇ ਹੱਲ ਕੱਢ ਸਕਣ। ਸਾਡੇ ਤਾਰੀਖੀ ਰਹਿਣ-ਸਹਿਣ ਦੇ ਢੰਗ, ਸਾਡੇ ਹਾਲਾਤ ਮੁਤਾਬਿਕ ਹਜ਼ਾਰਾਂ ਸਾਲਾਂ ਤੋਂ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣੇ ਹੁੰਦੇ ਨੇ। ਉਸ ਕਰਕੇ ਸਾਡੇ ਉਨ੍ਹਾਂ ਤੌਰ ਤਰੀਕਿਆਂ ਵਿਚ ਸਾਡੀ ਸਦੀਆਂ ਦੀ ਸਮਝ ਸ਼ਾਮਿਲ ਹੁੰਦੀ ਹੈ। ਇਨਸਾਨ ਤੇ ਕੁਦਰਤ ਵਿਚ ਇਕ ਤਵਾਜ਼ਨ ਬਣਾ ਕੇ ਰੱਖਣ ਦਾ ਵਲ ਓਸੇ ਸਮਝ ਵਿਚੋਂ ਆਉਂਦਾ ਹੈ।
ਯੂਨਾਈਟਿਡ ਨੇਸ਼ਨ ਦਾ ਇਹ ਮੰਨਣਾ ਹੈ ਕਿ ਮੁਕਾਮੀ ਲੋਕਾਂ ਦੀ ਸ਼ਮੂਲੀਅਤ ਤੋਂ ਬਗ਼ੈਰ ਅਸੀਂ ਆਲਮੀ ਤਪਸ਼ ਵਰਗੀ ਵੰਗਾਰ ਨਾਲ ਲੜਨ ਦੇ ਕਾਬਲ ਨਹੀਂ ਅਤੇ ਏਥੇ ਮੈਂ ਇਹ ਵੀ ਜੋੜਦਿਆਂ ਕਿ ਨਵੀਂ ਸਾਇੰਸ ਦੀ ਸਮਝ ਤੋਂ ਬਿਨਾਂ ਵੀ ਇਹ ਮੁਮਕਿਨ ਨਹੀਂ।
ਮੇਰੇ ਇਸ ਭਾਸ਼ਣ ਦਾ ਟਾਈਟਲ ਬਾਬਾ ਨਾਨਕ ਦੀ ਇਕ ਤੁਕ ਵਿਚੋਂ ਹੈ-
ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ
ਪੰਜਾਬੀ ਪਿਆਰਿਆਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਆਓ ਸਾਇੰਸ ਟੈਕਨਾਲੋਜੀ ਦੀ ਸਮਝ ਨੂੰ ਆਸਾਨ ਕਰ ਕੇ ਆਮ ਲੋਕਾਂ ਨੂੰ ਤਰੱਕੀ ਵਿਚ ਸ਼ਰੀਕ ਬਣਾਈਏ, ਆਪਣੇ ਰਵਾਇਤੀ ਸ਼ਊਰ, ਫਲਸਫੇ ਅਤੇ ਸਮਝ ਨੂੰ ਨਵੇਂ ਇਲਮ ਦੀ ਪਾਣ ਚੜ੍ਹਾਈਏ।
ਇਹ ਤਾਂ ਹੀ ਹੋ ਸਕੇਗਾ ਜੇ ਅਸੀਂ ਸਾਰੇ ਕੁਝ ਨੂੰ ਆਪਣੀ ਜ਼ੁਬਾਨ ਦੀ ਲੜੀ ਵਿਚ ਪਿਰੋਵਾਂਗੇ।
ਰੱਬ ਰਾਖਾ।

(ਨੋਟ-ਇਹ ਖੋਜ ਪੱਤਰ ਦਸੰਬਰ, 2025 ਵਿਚ ਹੋਈ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਵਿਚ ਪੜ੍ਹਿਆ ਗਿਆ ਸੀ)
-ਐਸੋਸੀਏਟ ਪ੍ਰੋਫੈਸਰ, ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਫਰਿਜ਼ਨੋ, ਕੈਲੀਫੋਰਨੀਆ
ਵਟਸਐੱਪ-0015592593446
ਈ-ਮੇਲ : gurreet.brar@gmail.com

Ad Position 22
No active advertisement
ਪਿਛਲੀ ਖ਼ਬਰ ਨੇਤਰਹੀਣਾਂ ਲਈ ਉਮੀਦ ਤੇ ਸਵੈਮਾਣ ਦੀ ਪ੍ਰਤੀਕ ਹੈ ਬ੍ਰੇਲ ਲਿੱਪੀ ਅਗਲੀ ਖ਼ਬਰ 2025 ਦੇ ਅੰਤਲੇ ਦਿਨਾਂ ਦੀਆਂ ਖੱਟੀਆਂ-ਮਿੱਠੀਆਂ ਯਾਦਾਂ
Ad Position 24