ਵਿਸ਼ਵ ਬ੍ਰੇਲ ਦਿਵਸ 'ਤੇ ਵਿਸ਼ੇਸ਼
ਵਿਸ਼ਵ ਬ੍ਰੇਲ ਦਿਵਸ ਹਰ ਸਾਲ 4 ਜਨਵਰੀ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਸਿਰਫ਼ ਇਕ ਤਰੀਕ ਨਹੀਂ, ਸਗੋਂ ਨੇਤਰਹੀਣ ਲੋਕਾਂ ਦੇ ਸੰਘਰਸ਼, ਸਵੈਮਾਣ ਤੇ ਸਸ਼ਕਤੀਕਰਨ ਦਾ ਪ੍ਰਤੀਕ ਹੈ। ਇਹ ਦਿਨ ਬ੍ਰੇਲ ਲਿੱਪੀ ਦੇ ਖੋਜੀ ਲੂਈਸ ਬ੍ਰੇਲ ਦੇ ਜਨਮ ਦਿਨ ਦੀ ਯਾਦ ਦਿਵਾਉਂਦਾ ਹੈ, ਜਿਸ ਨੇ ਖ਼ੁਦ ਨੇਤਰਹੀਣ ਹੋਣ ਦੇ ਬਾਵਜੂਦ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਪੜ੍ਹਨ, ਲਿਖਣ ਤੇ ਸੁਤੰਤਰ ਜੀਵਨ ਜਿਊਣ ਲਈ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ ਸੀ। ਲੂਈਸ ਦਾ ਜਨਮ 4 ਜਨਵਰੀ 1809 ਨੂੰ ਫਰਾਂਸ ਵਿਖੇ ਹੋਇਆ ਸੀ। ਤਿੰਨ ਸਾਲ ਦੀ ਉਮਰ 'ਚ ਇਕ ਹਾਦਸੇ ਦੌਰਾਨ ਉਸ ਦੀ ਨਜ਼ਰ ਪੂਰੀ ਤਰ੍ਹਾਂ ਖ਼ਤਮ ਹੋ ਗਈ ਸੀ, ਪਰ ਉਸ ਨੇ ਇਸ ਹਨੇਰੇ ਵਿਚ ਵੀ ਜੀਵਨ ਪ੍ਰਤੀ ਆਪਣੇ ਜਨੂੰਨ ਨੂੰ ਬੁਝਣ ਨਹੀਂ ਦਿੱਤਾ। ਸਿੱਖਿਆ ਪ੍ਰਤੀ ਉਸ ਦੀ ਤਿੱਖੀ ਉਤਸੁਕਤਾ ਤੇ ਨੇਤਰਹੀਣਾਂ ਨੂੰ ਦਰਪੇਸ਼ ਮੁਸ਼ਕਿਲਾਂ ਪ੍ਰਤੀ ਉਸ ਦੀ ਸੰਵੇਦਨਸ਼ੀਲਤਾ ਨੇ ਉਸ ਨੂੰ ਇਕ ਹੱਲ ਲੱਭਣ ਲਈ ਪ੍ਰੇਰਿਤ ਕੀਤਾ, ਜੋ ਬਾਅਦ 'ਚ ਮਨੁੱਖੀ ਇਤਿਹਾਸ ਵਿਚ ਇਕ ਵੱਡੀ ਪ੍ਰਾਪਤੀ ਬਣ ਗਿਆ। ਕਿਸ਼ੋਰ ਅਵਸਥਾ 'ਚ ਲੂਈਸ ਬ੍ਰੇਲ ਫਰਾਂਸੀਸੀ ਫੌਜ ਦੇ ਕੈਪਟਨ ਚਾਰਲਸ ਬਾਰਬੀਅਰ ਨੂੰ ਮਿਲੇ। ਉਸ ਨੇ ਸੈਨਿਕਾਂ ਲਈ ਵਿਕਸਤ ਕੀਤੇ 'ਰਾਤ ਨੂੰ ਲਿਖਣ' ਅਤੇ 'ਸੋਨੋਗ੍ਰਾਫੀ' ਪ੍ਰਣਾਲੀਆਂ ਦਾ ਵਰਨਣ ਕੀਤਾ, ਜਿਨ੍ਹਾਂ ਨੂੰ ਉਹ ਹਨੇਰੇ 'ਚ ਪੜ੍ਹਦੇ ਸਨ। ਇਹ ਪ੍ਰਣਾਲੀ 12 ਉੱਭਰੀਆਂ ਬਿੰਦੀਆਂ 'ਤੇ ਆਧਾਰਿਤ ਸੀ ਪਰ ਇਹ ਬਹੁਤ ਗੁੰਝਲਦਾਰ ਸੀ, ਜਿਸ ਵਿਚ ਵਿਰਾਮ ਚਿੰਨ੍ਹ, ਸੰਖਿਆਵਾਂ ਜਾਂ ਗਣਿਤਕ ਚਿੰਨਾਂ ਦੀ ਘਾਟ ਸੀ। ਇਸ ਤੋਂ ਪ੍ਰੇਰਿਤ ਹੋ ਕੇ ਲੂਈਸ ਨੇ ਇਸ ਨੂੰ ਸਰਲ ਤੇ ਹੋਰ ਪ੍ਰਭਾਵਸ਼ਾਲੀ ਬਣਾਉਣ ਦਾ ਸੰਕਲਪ ਲਿਆ।
16 ਸਾਲ ਦੀ ਉਮਰ 'ਚ ਉਸ ਨੇ ਸਿਰਫ਼ ਛੇ ਉੱਚੀਆਂ ਬਿੰਦੀਆਂ 'ਤੇ ਆਧਾਰਿਤ ਇਕ ਨਵੀਂ ਲਿਪੀ ਵਿਕਸਤ ਕੀਤੀ, ਜਿਸ ਨਾਲ 64 ਅੱਖਰ ਤੇ ਚਿੰਨ ਬਣਾਏ ਜਾ ਸਕੇ। ਉਸ ਨੇ ਵਿਰਾਮ ਚਿੰਨਾਂ ਦੇ ਨਾਲ-ਨਾਲ ਗਣਿਤਕ ਤੇ ਸੰਗੀਤਕ ਸੰਕੇਤ ਲਈ ਵਿਸ਼ੇਸ਼ ਚਿੰਨ ਵੀ ਸ਼ਾਮਲ ਕੀਤੇ। 1825 'ਚ ਵਿਕਸਤ ਇਹ ਲਿੱਪੀ ਬਾਅਦ 'ਚ ਬ੍ਰੇਲ ਵਜੋਂ ਜਾਣੀ ਜਾਣ ਲੱਗੀ ਅਤੇ ਨੇਤਰਹੀਣਾਂ ਲਈ ਪੜ੍ਹਨ-ਲਿਖਣ ਦਾ ਸਭ ਤੋਂ ਸ਼ਕਤੀਸ਼ਾਲੀ ਸਾਧਨ ਬਣ ਗਈ। ਬ੍ਰੇਲ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਇਸ ਨੂੰ ਉਂਗਲੀ ਦੇ ਛੂਹਣ ਨਾਲ ਪੜ੍ਹਿਆ ਜਾ ਸਕਦਾ ਹੈ। ਇਹ ਕਿਸੇ ਇਕ ਭਾਸ਼ਾ ਤੱਕ ਸੀਮਤ ਨਹੀਂ, ਸਗੋਂ ਦੁਨੀਆ ਦੀਆਂ ਲਗਭਗ ਸਾਰੀਆਂ ਭਾਸ਼ਾਵਾਂ 'ਚ ਬਰਾਬਰ ਉਪਯੋਗੀ ਹੈ। ਇਸ ਲਿੱਪੀ ਨੇ ਨਾ ਸਿਰਫ਼ ਨੇਤਰਹੀਣ ਵਿਅਕਤੀਆਂ ਨੂੰ ਸਾਖ਼ਰਤਾ ਪ੍ਰਦਾਨ ਕੀਤੀ, ਸਗੋਂ ਉਨ੍ਹਾਂ ਨੂੰ ਗਿਆਨ, ਵਿਸ਼ਵਾਸ ਤੇ ਸਨਮਾਨ ਯੋਗ ਜ਼ਿੰਦਗੀ ਵੀ ਪ੍ਰਦਾਨ ਕੀਤੀ। ਤਕਨਾਲੋਜੀ ਕਾਰਨ ਅੱਜ ਇਹ ਲਿੱਪੀ ਹੋਰ ਵੀ ਅਮੀਰ ਹੋ ਗਈ ਹੈ। ਕੰਪਿਊਟਰ ਅਤੇ ਸਮਾਰਟ ਫ਼ੋਨ ਹੁਣ ਬ੍ਰੇਲ ਡਿਸਪਲੇ ਦੀ ਵਰਤੋਂ ਕਰਦੇ ਹਨ, ਕਿਤਾਬਾਂ ਅਤੇ ਦਸਤਾਵੇਜ਼ ਵਿਸ਼ੇਸ਼ ਬ੍ਰੇਲ ਪ੍ਰਿੰਟਰਾਂ ਰਾਹੀਂ ਉਪਲਬਧ ਕਰਵਾਏ ਜਾ ਰਹੇ ਹਨ ਅਤੇ ਬ੍ਰੇਲ ਚਿੰਨ ਜਨਤਕ ਥਾਵਾਂ ਜਿਵੇਂ ਕਿ ਐਲੀਵੇਟਰਾਂ, ਏ.ਟੀ.ਐਮ. ਅਤੇ ਸਾਈਨ ਬੋਰਡਾਂ 'ਤੇ ਆਮ ਹੁੰਦੇ ਜਾ ਰਹੇ ਹਨ।
ਭਾਰਤ ਵਿਚ ਕਰੰਸੀ ਨੋਟਾਂ 'ਤੇ ਉੱਭਰੇ ਹੋਏ ਚਿੰਨ੍ਹ ਨੇਤਰਹੀਣ ਵਿਅਕਤੀਆਂ ਨੂੰ ਨੋਟਾਂ ਦੀ ਪਛਾਣ ਕਰਨ 'ਚ ਮਦਦ ਕਰਦੇ ਹਨ। ਬ੍ਰੇਲ ਨੇ ਭਾਰਤ ਵਿਚ ਲੱਖਾਂ ਨੇਤਰਹੀਣ ਵਿਅਕਤੀਆਂ ਦੇ ਜੀਵਨ ਨੂੰ ਬਦਲ ਦਿੱਤਾ ਹੈ। ਨੈਸ਼ਨਲ ਐਸੋਸੀਏਸ਼ਨ ਫਾਰ ਬਲਾਈਂਡ ਵਰਗੀਆਂ ਸੰਸਥਾਵਾਂ ਬ੍ਰੇਲ ਸਿੱਖਿਆ ਤੇ ਸਿਖਲਾਈ ਨੂੰ ਉਤਸ਼ਾਹਿਤ ਕਰਨ 'ਚ ਸਰਗਰਮ ਭੂਮਿਕਾ ਨਿਭਾਅ ਰਹੀਆਂ ਹਨ। ਹਾਲਾਂਕਿ ਬ੍ਰੇਲ ਕਿਤਾਬਾਂ ਅਤੇ ਸਿੱਖਿਆ ਸਮੱਗਰੀ ਦੀ ਸੀਮਤ ਉਪਲਬਧਤਾ ਤੇ ਸਿਖਲਾਈ ਪ੍ਰਾਪਤ ਅਧਿਆਪਕਾਂ ਦੀ ਘਾਟ ਵਰਗੀਆਂ ਚੁਣੌਤੀਆਂ ਅਜੇ ਵੀ ਦਰਪੇਸ਼ ਹਨ, ਜਿਨ੍ਹਾਂ ਨੂੰ ਸਰਕਾਰੀ ਸਹਾਇਤਾ, ਢੁਕਵੇਂ ਫੰਡ ਅਤੇ ਵਿਸ਼ੇਸ਼ ਸਿਖਲਾਈ ਪ੍ਰੋਗਰਾਮਾਂ ਰਾਹੀਂ ਹੱਲ ਕੀਤਾ ਜਾ ਸਕਦਾ ਹੈ। ਲੂਈਸ ਬ੍ਰੇਲ 1851 'ਚ ਟੀ.ਬੀ. ਦੀ ਬਿਮਾਰੀ ਤੋਂ ਪੀੜਤ ਹੋ ਗਿਆ ਸੀ ਤੇ 6 ਜਨਵਰੀ 1852 ਨੂੰ ਉਹ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਿਆ ਸੀ। ਇਹ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਬ੍ਰੇਲ ਲਿੱਪੀ ਨੂੰ ਲੂਈਸ ਦੀ ਮੌਤ ਤੋਂ 16 ਸਾਲ ਬਾਅਦ 1868 'ਚ ਅਧਿਕਾਰਤ ਤੌਰ 'ਤੇ ਮਾਨਤਾ ਦਿੱਤੀ ਗਈ ਸੀ। ਭਾਰਤ ਸਰਕਾਰ ਨੇ 2009 'ਚ ਲੂਈਸ ਬ੍ਰੇਲ ਦੇ ਸਨਮਾਨ 'ਚ ਇਕ ਡਾਕ ਟਿਕਟ ਤੇ ਦੋ ਰੁਪਏ ਦਾ ਸਿੱਕਾ ਜਾਰੀ ਕੀਤਾ ਸੀ, ਜਿਸ ਮੌਕੇ ਉਸ ਦੀ 200ਵੀਂ ਜਨਮ ਵਰ੍ਹੇਗੰਢ ਮਨਾਈ ਗਈ ਸੀ। ਲੂਈਸ ਬ੍ਰੇਲ ਦੀ ਜਨਮ ਵਰ੍ਹੇਗੰਢ 'ਤੇ ਸਰਕਾਰਾਂ ਨੂੰ ਨੇਤਰਹੀਣਾਂ ਦੇ ਸਮਾਜਕ ਸਰਕੋਰਾਂ ਵਿਚ ਸ਼ਮੂਲੀਅਤ ਅਤੇ ਸਾਖ਼ਰਤਾ ਨੂੰ ਉਤਸ਼ਾਹਿਤ ਕਰਨ ਲਈ ਨੇਤਰਹੀਣਾਂ ਤੱਕ ਬ੍ਰੇਲ ਸਮੱਗਰੀ ਦੀ ਪਹੁੰਚ ਯਕੀਨੀ ਬਣਾਉਣ ਦਾ ਪ੍ਰਣ ਕਰਨਾ ਜ਼ਰੂਰੀ ਹੈ।
ਮੋਬਾਈਲ : 90412-95900