ਮਨੀਪੁਰ ਵਿਚ ਇਕ ਵਾਰ ਫਿਰ ਸਰਕਾਰ ਬਣਾਉਣ ਦਾ ਯਤਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਕ ਸਾਲ ਤੱਕ ਇਹ ਛੋਟਾ ਜਿਹਾ ਉੱਤਰ ਪੂਰਬੀ ਰਾਜ ਰਾਸ਼ਟਰਪਤੀ ਪ੍ਰਸ਼ਾਸਨ ਅਧੀਨ ਰਿਹਾ ਹੈ। ਚਾਰ ਸਾਲ ਪਹਿਲਾਂ 2022 ਦੀਆਂ ਚੋਣਾਂ ਵਿਚ ਇਕ ਵਾਰ ਫਿਰ ਭਾਜਪਾ ਨੇ ਇਥੇ ਸਰਕਾਰ ਬਣਾਈ ਸੀ। ਐਨ. ਬੀਰੇਨ ਸਿੰਘ ਇਸ ਦੇ ਮੁੱਖ ਮੰਤਰੀ ਬਣੇ ਸਨ। ਉਹ ਬੜੇ ਹੰਢੇ-ਵਰਤੇ ਸਿਆਸਤਦਾਨ ਤੇ ਪ੍ਰਬੰਧਕ ਸਨ। ਉਸ ਸਮੇਂ ਭਾਜਪਾ ਦੀ ਨਵੀਂ ਸਰਕਾਰ ਬਣਨ 'ਤੇ ਇਹ ਉਮੀਦ ਬੱਝੀ ਸੀ ਕਿ ਇਹ ਸੂਬੇ ਦੇ ਵਿਕਾਸ 'ਚ ਵੱਡਾ ਯੋਗਦਾਨ ਪਾਉਣ ਦੇ ਸਮਰੱਥ ਹੋ ਸਕੇਗੀ। ਮਨੀਪੁਰ ਦਾ ਸਮਾਜ ਹਮੇਸ਼ਾ ਹੀ ਅਨੇਕਾਂ ਕਬੀਲਿਆਂ ਦੇ ਸਮੂਹਾਂ 'ਚ ਵੰਡਿਆ ਹੋਣ ਕਰਕੇ ਇਹ ਸੂਬਾ ਬੜਾ ਗੁੰਝਲਾਂ ਭਰਪੂਰ ਬਣਿਆ ਰਿਹਾ ਹੈ।
ਇਸ ਸਮੇਂ ਇਥੇ 36 ਦੇ ਲਗਭਗ ਕਬੀਲੇ ਰਹਿੰਦੇ ਹਨ। ਇਨ੍ਹਾਂ ਵਿਚ ਕੁਝ ਬਰਾਦਰੀਆਂ ਦੇ ਲੋਕ ਵੱਡੀ ਗਿਣਤੀ 'ਚ ਹਨ। ਇਨ੍ਹਾਂ 'ਚੋਂ ਮੈਤੇਈ ਲੋਕਾਂ ਦੀ ਗਿਣਤੀ ਸਭ ਤੋਂ ਵਧ ਹੈ, ਜਿਹੜੇ ਕਿ ਇੰਫਾਲ ਘਾਟੀ (ਵੈਲੀ) (ਇੰਫਾਲ ਮਨੀਪੁਰ ਦੀ ਰਾਜਧਾਨੀ ਹੈ) ਵਿਚ ਰਹਿੰਦੇ ਹਨ। ਇਨ੍ਹਾਂ ਦੀ ਆਬਾਦੀ 53 ਫ਼ੀਸਦੀ ਦੇ ਲਗਭਗ ਹੈ। ਇਸ ਘਾਟੀ ਦੇ ਚਾਰੇ ਪਾਸਿਆਂ ਦੀਆਂ ਪਹਾੜੀਆਂ 'ਚ ਨਾਗਾ ਅਤੇ ਕੁੱਕੀ ਜ਼ੋਅ ਆਦਿ ਵੱਡੇ ਕਬੀਲਿਆਂ ਦੇ ਲੋਕਾਂ ਦੇ ਨਾਲ-ਨਾਲ ਹੋਰ ਦਰਜਨਾਂ ਕਬੀਲਿਆਂ ਦੇ ਲੋਕ ਵੀ ਵਸੇ ਹੋਏ ਹਨ। ਮੈਤੇਈ ਕਬੀਲੇ ਵਿਚ ਬਹੁ-ਗਿਣਤੀ 'ਚ ਹਿੰਦੂ ਭਾਈਚਾਰੇ ਦੇ ਲੋਕ ਹਨ ਅਤੇ ਨਾਗਾ ਤੇ ਕੁੱਕੀ ਕਬੀਲਿਆਂ ਨਾਲ ਸੰਬੰਧਿਤ ਵਸੋਂ ਦੀ ਬਹੁਗਿਣਤੀ ਈਸਾਈ ਭਾਈਚਾਰੇ ਨਾਲ ਸੰਬੰਧ ਰੱਖਦੀ ਹੈ। ਪਹਾੜੀਆਂ 'ਤੇ ਰਹਿਣ ਵਾਲੇ ਇਨ੍ਹਾਂ ਕਬੀਲਿਆਂ ਨੂੰ ਅਨੁਸੂਚਿਤ ਕਬੀਲਿਆਂ ਦਾ ਦਰਜਾ ਮਿਲਿਆ ਹੋਇਆ ਹੈ, ਜਿਸ ਕਰਕੇ ਉਨ੍ਹਾਂ ਦੇ ਪਹਾੜੀ ਇਲਾਕੇ ਵੱਡੀ ਹੱਦ ਤੱਕ ਸੁਰੱਖਿਅਤ ਰਹਿੰਦੇ ਹਨ। ਮੈਤੇਈ ਕਬੀਲੇ ਦੇ ਲੋਕ ਵੀ ਪਿਛਲੇ ਲੰਮੇ ਸਮੇਂ ਤੋਂ ਇਸ ਦਰਜੇ ਦੀ ਮੰਗ ਕਰਦੇ ਰਹੇ ਹਨ। ਸਰਕਾਰ ਬਣਨ ਤੋਂ ਸਾਲ ਭਰ ਪਿੱਛੋਂ ਸੂਬੇ ਦੀ ਹਾਈ ਕੋਰਟ ਨੇ ਮੈਤੇਈਆਂ ਨੂੰ ਵੀ ਅਨੁਸੂਚਿਤ ਕਬੀਲਿਆਂ ਨੂੰ ਮਿਲਦੀਆਂ ਸਹੂਲਤਾਂ ਦੇਣ ਦੀ ਗੱਲ ਮੰਨ ਲਈ, ਜਿਸ 'ਤੇ ਪਹਾੜੀ ਕਬੀਲਿਆਂ ਦੇ ਲੋਕਾਂ ਨੂੰ ਇਹ ਜਾਪਣ ਲੱਗਾ ਕਿ ਉਨ੍ਹਾਂ ਦੇ ਇਨ੍ਹਾਂ ਇਲਾਕਿਆਂ ਵਿਚ ਘਾਟੀ ਵਾਲੇ ਕਬੀਲਿਆਂ ਦੇ ਲੋਕ ਘੁਸਪੈਠ ਕਰ ਲੈਣਗੇ। ਇਸ ਫ਼ੈਸਲੇ ਦਾ ਪਹਾੜੀ ਕਬੀਲਿਆਂ ਦੇ ਲੋਕਾਂ ਨੇ ਸਖ਼ਤ ਵਿਰੋਧ ਕੀਤਾ ਅਤੇ ਮਨੀਪੁਰ 'ਚ ਸਖ਼ਤ ਗ੍ਰਹਿ ਯੁੱਧ ਸ਼ੁਰੂ ਹੋ ਗਿਆ, ਜਿਸ ਵਿਚ ਹੁਣ ਤੱਕ ਘੱਟੋ-ਘੱਟ 260 ਲੋਕ ਮਾਰੇ ਗਏ ਅਤੇ 60 ਹਜ਼ਾਰ ਤੋਂ ਵਧ ਸ਼ਰਨਾਰਥੀ ਬਣ ਗਏ। ਇਸ ਦੇ ਨਾਲ ਹੀ ਇਨ੍ਹਾਂ ਇਲਾਕਿਆਂ ਵਿਚ ਪਹਿਲਾਂ ਤੋਂ ਹੀ ਸਰਗਰਮ ਹਥਿਆਰਬੰਦ ਸੰਗਠਨਾਂ ਨੇ ਵੀ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ। ਹਾਲਾਤ ਇਥੋਂ ਤੱਕ ਵਿਗੜ ਗਏ ਕਿ ਘਾਟੀ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਣ ਲੱਗਾ ਤੇ ਪ੍ਰਤੀਕਰਮ ਵਜੋਂ ਘਾਟੀ ਦੇ ਲੋਕਾਂ ਨੇ ਸੰਗਠਿਤ ਰੂਪ ਵਿਚ ਪਹਾੜੀ ਕਬੀਲਿਆਂ ਦੇ ਲੋਕਾਂ ਨੂੰ ਆਪਣੀ ਹਿੰਸਾ ਦਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ। ਅੱਜ ਵੀ ਇਹ ਦੋਵੇਂ ਧੜੇ ਇਕ-ਦੂਜੇ ਦੇ ਦੁਸ਼ਮਣ ਬਣੇ ਦਿਖਾਈ ਦਿੰਦੇ ਹਨ। ਇਹ ਆਪਸੀ ਲੜਾਈ 3 ਮਈ, 2023 ਨੂੰ ਸ਼ੁਰੂ ਹੋਈ ਸੀ, ਜਿਸ ਨੂੰ ਐਨ. ਬੀਰੇਨ ਸਿੰਘ ਦੀ ਸਰਕਾਰ ਕਾਬੂ ਕਰਨ ਵਿਚ ਅਸਮਰੱਥ ਰਹੀ।
ਐਨ. ਬੀਰੇਨ ਸਿੰਘ ਪ੍ਰਭਾਵਸ਼ਾਲੀ ਤੇ ਕੁਸ਼ਲ ਪ੍ਰਸ਼ਾਸਨ ਚਲਾਉਣ ਵਾਲੇ ਮੁੱਖ ਮੰਤਰੀ ਮੰਨੇ ਜਾਂਦੇ ਸਨ ਪਰ ਉਹ ਮੈਤੇਈ ਫਿਰਕੇ ਨਾਲ ਸੰਬੰਧ ਰੱਖਦੇ ਸਨ, ਇਸ ਲਈ ਉਸ ਦਾ ਝੁਕਾਅ ਘਾਟੀ ਦੇ ਲੋਕਾਂ ਵੱਲ ਵਧੇਰੇ ਰਿਹਾ ਤੇ ਉਹ ਜਾਣ-ਬੁੱਝ ਕੇ ਪਹਾੜੀ ਕਬੀਲਿਆਂ ਦੇ ਲੋਕਾਂ ਪ੍ਰਤੀ ਬੇਪ੍ਰਵਾਹੀ ਵਰਤਦੇ ਰਹੇ। ਲਗਾਤਾਰ ਵਧਦੇ ਇਸ ਹਿੰਸਕ ਸੰਘਰਸ਼ ਕਰਕੇ ਐਨ. ਬੀਰੇਨ ਸਿੰਘ ਨੂੰ 9 ਫਰਵਰੀ, 2025 ਨੂੰ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ ਸੀ। ਉਸ ਤੋਂ ਬਾਅਦ ਮਨੀਪੁਰ 'ਚ ਰਾਸ਼ਟਰਪਤੀ ਰਾਜ ਦਾ ਐਲਾਨ ਕਰ ਦਿੱਤਾ ਗਿਆ ਸੀ। ਹੁਣ ਇਕ ਸਾਲ ਤੋਂ ਬਾਅਦ ਕੇਂਦਰ ਦੀ ਸਰਕਾਰ ਨੇ ਸਾਰੀਆਂ ਧਿਰਾਂ ਦੀ ਨੁਮਾਇੰਦਗੀ ਕਰਨ ਵਾਲੀ ਨਵੀਂ ਸਰਕਾਰ ਬਣਉਣ ਦੀ ਕਵਾਇਦ ਸ਼ੁਰੂ ਕੀਤੀ ਹੈ। ਇਸ ਨਵੀਂ ਸਰਕਾਰ ਵਿਚ ਕੌਮੀ ਜਮਹੂਰੀ ਗੱਠਜੋੜ ਦੀ ਵੱਡੀ ਪਾਰਟੀ ਭਾਜਪਾ ਵਲੋਂ ਮੈਤੇਈ ਭਾਈਚਾਰੇ ਨਾਲ ਸੰਬੰਧਿਤ ਸਾਬਕਾ ਸਪੀਕਰ ਯੂਮਨਾਮ ਖੇਮਚੰਦ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ, ਜਦੋਂ ਕਿ ਕੁੱਕੀ ਕਬੀਲੇ ਦੇ ਵਿਧਾਇਕ ਨੇਮਚਾ ਕਿਪਜਿਨ ਨੂੰ ਉਪ ਮੁੱਖ ਮੰਤਰੀ ਤੇ ਨਾਗਾ ਪੀਪਲਜ਼ ਫਰੰਟ ਦੇ ਵਿਧਾਇਕ ਲੋਸੀ ਦਿਖੋ ਨੂੰ ਦੂਸਰਾ ਉਪ ਮੁੱਖ ਮੰਤਰੀ ਐਲਾਨਿਆ ਗਿਆ ਹੈ। ਇਸ ਤਰ੍ਹਾਂ ਕੇਂਦਰ ਸਰਕਾਰ ਨੇ ਇਨ੍ਹਾਂ ਸਾਰੇ ਕਬੀਲਿਆਂ 'ਚ ਇਕ ਸਮਤੋਲ ਬਣਾਉਣ ਦਾ ਯਤਨ ਕੀਤਾ ਹੈ। ਇਸ ਵਿਧਾਨ ਸਭਾ ਦਾ ਸਮਾਂ ਇਕ ਸਾਲ ਬਾਕੀ ਰਹਿ ਗਿਆ ਹੈ, ਇਸ ਦੌਰਾਨ ਨਵੀਂ ਸਰਕਾਰ ਮਨੀਪੁਰ ਵਿਚ ਸ਼ਾਂਤੀ ਸਥਾਪਤ ਕਰਨ ਲਈ ਯਤਨਸ਼ੀਲ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਨਵੀਂ ਸਰਕਾਰ ਨੂੰ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਆਸ ਪ੍ਰਗਟ ਕੀਤੀ ਹੈ ਕਿ ਨਵੀਂ ਸਰਕਾਰ ਸੂਬੇ ਦੇ ਵਿਕਾਸ ਲਈ ਜਿੱਥੇ ਯਤਨਸ਼ੀਲ ਹੋਵੇਗੀ, ਉੱਥੇ ਵੱਖ-ਵੱਖ ਫਿਰਕਿਆਂ ਤੇ ਕਬੀਲਿਆਂ ਨੂੰ ਨਾਲ ਲੈ ਕੇ ਸੂਬੇ 'ਚ ਮੁੜ ਸਦਭਾਵਨਾ ਕਾਇਮ ਕਰਨ ਵਿਚ ਵੀ ਕਾਮਯਾਬ ਰਹੇਗੀ। ਕੁਝ ਹਥਿਆਰਬੰਦ ਸੰਗਠਨਾਂ ਨੇ ਇਸ ਸਰਕਾਰ ਨੂੰ ਵੀ ਸਖ਼ਤ ਚੁਣੌਤੀਆਂ ਦਿੱਤੀਆਂ ਹਨ, ਜਿਨ੍ਹਾਂ ਨਾਲ ਸਿੱਝਣਾ ਇਸ ਨਵੀਂ ਸਰਕਾਰ ਲਈ ਵੱਡੀ ਸਮੱਸਿਆ ਹੋਵੇਗੀ।
-ਬਰਜਿੰਦਰ ਸਿੰਘ ਹਮਦਰਦ