16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਆਜ਼ਾਦ ਉਮੀਦਵਾਰ ਦੇ ਖੜ੍ਹਾ ਹੋਣ ਨਾਲ ਦਿਲਚਸਪ ਬਣੀ ਰਾਜ ਸਭਾ ਚੋਣ

Ad Position 21
No active advertisement
ਅਜੀਤ ਡੈਸਕ 12-03-2026

ਹਰਿਆਣਾ 'ਚ ਰਾਜ ਸਭਾ ਚੋਣ ਬੇਹੱਦ ਦਿਲਚਸਪ ਹੋ ਗਈ ਹੈ, ਜਿੱਥੇ 2 ਰਾਜ ਸਭਾ ਸੀਟਾਂ ਲਈ 16 ਮਾਰਚ ਨੂੰ ਵੋਟਾਂ ਪੈਣ ਬਾਅਦ ਉਸੇ ਦਿਨ ਸ਼ਾਮ ਨੂੰ ਵੋਟਾਂ ਦੀ ਗਿਣਤੀ ਹੋ ਜਾਵੇਗੀ। ਪਹਿਲਾਂ ਲੱਗਦਾ ਸੀ ਕਿ ਵਿਧਾਨ ਸਭਾ 'ਚ ਪਾਰਟੀ ਵਿਧਾਇਕਾਂ ਦੀ ਗਿਣਤੀ ਨੂੰ ਦੇਖਦਿਆਂ ਸ਼ਾਇਦ ਬਿਨਾਂ ਮੁਕਾਬਲਾ ਭਾਜਪਾ ਤੇ ਕਾਂਗਰਸ ਦੇ ਹਿੱਸੇ 1-1 ਸੀਟ ਆ ਜਾਵੇਗੀ। ਨਾਮਜ਼ਦਗੀ ਪੇਪਰ ਭਰਨ ਦੇ ਆਖਰੀ ਦਿਨ ਭਾਜਪਾ ਵਲੋਂ ਸਾਬਕਾ ਸੰਸਦ ਮੈਂਬਰ ਸੰਜੈ ਭਾਟੀਆ ਤੇ ਕਾਂਗਰਸ ਵਲੋਂ ਕਰਮਵੀਰ ਬੌਧ ਨੂੰ ਉਮੀਦਵਾਰ ਐਲਾਨਣ ਬਾਅਦ ਉਨ੍ਹਾਂ ਨਾਮਜ਼ਦਗੀ ਪੇਪਰ ਭਰ ਦਿੱਤੇ, ਪਰ ਆਖਰੀ ਸਮੇਂ 'ਤੇ ਭਾਜਪਾ ਵਲੋਂ ਆਪਣੀ ਪਾਰਟੀ ਦੇ ਸੂਬਾ ਉਪ ਪ੍ਰਧਾਨ ਸਤੀਸ਼ ਨਾਂਦਲ ਨੂੰ ਬਤੌਰ ਆਜ਼ਾਦ ਉਮੀਦਵਾਰ ਚੋਣ ਮੈਦਾਨ 'ਚ ਉਤਾਰ ਦੇਣ ਨਾਲ ਮਾਮਲਾ ਦਿਲਚਸਪ ਹੋ ਗਿਆ ਹੈ। ਵਿਧਾਨ ਸਭਾ 'ਚ ਭਾਜਪਾ ਦੇ 48 ਵਿਧਾਇਕ ਹਨ ਤੇ 3 ਆਜ਼ਾਦ ਵਿਧਾਇਕਾਂ ਦਾ ਉਸ ਨੂੰ ਸਮਰਥਨ ਪ੍ਰਾਪਤ ਹੈ, ਜਦਕਿ ਕਾਂਗਰਸ ਦੇ 37 ਤੇ ਇਨੈਲੋ ਦੇ 2 ਵਿਧਾਇਕ ਹਨ, ਜਿਸ ਤੋਂ ਸਪੱਸ਼ਟ ਸੀ ਕਿ ਭਾਜਪਾ ਤੇ ਕਾਂਗਰਸ ਕੋਲ 1-1 ਉਮੀਦਵਾਰ ਨੂੰ ਜਿਤਾਉਣ ਲਈ ਲੋੜੀਂਦੇ ਵਿਧਾਇਕ ਸਨ, ਪਰ ਭਾਜਪਾ ਦਾ ਸਮਰਥਨ ਪ੍ਰਾਪਤ ਤੀਜੇ ਉਮੀਦਵਾਰ ਦੇ ਚੋਣ ਮੈਦਾਨ 'ਚ ਆਉਣ ਨਾਲ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ 'ਤੇ ਲੱਗੀਆਂ ਹੋਈਆਂ ਹਨ, ਕੀ ਭਾਜਪਾ ਇਸ ਵਾਰ ਵੀ ਕਾਂਗਰਸੀ ਵਿਧਾਇਕਾਂ ਨੂੰ ਤੋੜਨ 'ਚ ਕਾਮਯਾਬ ਹੋ ਸਕੇਗੀ ਕਿ ਨਹੀਂ, ਕਿਉਂਕਿ ਸਤੀਸ਼ ਨਾਂਦਲ ਦੇ ਪੱਖ 'ਚ ਕਾਂਗਰਸੀ ਵਿਧਾਇਕਾਂ ਨੂੰ ਤੋੜੇ ਬਗੈਰ ਭਾਜਪਾ ਸਮਰਥਿਤ ਆਜ਼ਾਦ ਉਮੀਦਵਾਰ ਚੋਣ ਨਹੀਂ ਜਿੱਤ ਸਕਦਾ।
ਕਾਂਗਰਸ ਦਾ ਉਮੀਦਵਾਰ ਕਰਮਵੀਰ
ਕਾਂਗਰਸ ਦਾ ਉਮੀਦਵਾਰ ਕਰਮਵੀਰ ਬੌਧ ਹਰਿਆਣਾ ਸਕੱਤਰੇਤ ਦਾ ਇਕ ਸੇਵਾਮੁਕਤ ਕਰਮਚਾਰੀ ਹੈ, ਜੋ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਹੈ ਅਤੇ ਕੁਝ ਸਮਾਂ ਪਹਿਲਾਂ ਹੀ ਕਾਂਗਰਸ 'ਚ ਸ਼ਾਮਿਲ ਹੋਇਆ ਸੀ। ਕਾਂਗਰਸ ਹਾਈਕਮਾਂਡ ਵਲੋਂ ਕਰਮਵੀਰ ਬੌਧ ਨੂੰ ਉਮੀਦਵਾਰ ਬਣਾਉਣ ਬਾਅਦ ਕਾਂਗਰਸ ਦਾ ਛੋਟਾ-ਵੱਡਾ ਨੇਤਾ ਤੇ ਵਰਕਰ ਉਸ ਦੇ ਪਿਛੋਕੜ ਬਾਰੇ ਜਾਨਣ ਲਈ ਉਤਸੁਕ ਸੀ, ਕਿਉਂਕਿ ਹਰਿਆਣਾ ਕਾਂਗਰਸ ਦੇ ਕਿਸੇ ਵੀ ਧੜੇ ਤੇ ਆਗੂ ਨੇ ਕਰਮਵੀਰ ਨੂੰ ਉਮੀਦਵਾਰ ਬਣਾਉਣ ਦੀ ਸਿਫ਼ਾਰਸ਼ ਨਹੀਂ ਕੀਤੀ ਸੀ ਅਤੇ ਉਹ ਸਿੱਧੇ ਤੌਰ 'ਤੇ ਅਨੁਸੂਚਿਤ ਜਾਤੀ ਕੋਟੇ ਤੋਂ ਰਾਹੁਲ ਗਾਂਧੀ ਤੋਂ ਟਿਕਟ ਲੈ ਕੇ ਆਏ ਹਨ। ਭਾਵੇਂ ਉਹ ਨੌਕਰੀ ਦੌਰਾਨ ਅਨੁਸੂਚਿਤ ਜਾਤੀ ਕਰਮਚਾਰੀਆਂ ਦੇ ਸੰਗਠਨ 'ਚ ਸਰਗਰਮ ਸਨ, ਪਰ ਕਰਮਚਾਰੀ ਆਗੂਆਂ 'ਚ ਉਨ੍ਹਾਂ ਦਾ ਕੋਈ ਬਹੁਤ ਵੱਡਾ ਨਾਂਅ ਨਹੀਂ ਸੀ। ਹੁਣ ਕਾਂਗਰਸ ਵਲੋਂ ਉਮੀਦਵਾਰ ਬਣਾਉਣ ਬਾਅਦ ਉਨ੍ਹਾਂ ਬਾਰੇ ਚਰਚਾ ਜ਼ਰੂਰ ਹੋਣ ਲੱਗੀ ਹੈ।
ਆਜ਼ਾਦ ਉਮੀਦਵਾਰ ਨਾਂਦਲ
ਭਾਜਪਾ ਸਮਰਥਿਤ ਸਤੀਸ਼ ਨਾਂਦਲ ਭਾਜਪਾ ਤੋਂ ਪਹਿਲਾਂ ਇਨੈਲੋ 'ਚ ਹੁੰਦੇ ਸਨ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਮੁਕਾਬਲੇ ਕਿਲੋਈ ਵਿਧਾਨ ਸਭਾ ਹਲਕੇ ਤੋਂ ਚੋਣ ਲੜਦੇ ਰਹੇ ਹਨ। ਨਾਂਦਲ ਨੇ ਭਾਜਪਾ 'ਚ ਸ਼ਾਮਿਲ ਹੋਣ ਬਾਅਦ ਵੀ ਕਿਲੋਈ ਤੋਂ ਹੁੱਡਾ ਖ਼ਿਲਾਫ਼ ਚੋਣ ਲੜੀ ਸੀ। ਹੁੱਡਾ ਦੇ ਕੱਟੜ ਵਿਰੋਧੀ ਮੰਨੇ ਜਾਂਦੇ ਨਾਂਦਲ ਉਨ੍ਹਾਂ ਖ਼ਿਲਾਫ਼ 3 ਵਾਰ ਚੋਣ ਲੜ ਚੁੱਕੇ ਹਨ ਪਰ ਕਦੇ ਵੀ ਚੋਣ ਨਹੀਂ ਜਿੱਤ ਸਕੇ। ਹੁਣ ਕਾਂਗਰਸ ਦੇ ਉਮੀਦਵਾਰ ਕਰਮਵੀਰ ਬੌਧ ਨੂੰ ਚੋਣ ਜਿਤਾਉਣ ਦੀ ਪੂਰੀ ਜ਼ਿੰਮੇਵਾਰੀ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਹੁੱਡਾ 'ਤੇ ਆ ਗਈ ਹੈ, ਕਿਉਂਕਿ ਕਾਂਗਰਸੀ ਵਿਧਾਇਕਾਂ 'ਚ ਬਹੁਗਿਣਤੀ ਉਨ੍ਹਾਂ ਦੇ ਸਮਰਥਕਾਂ ਦੀ ਹੀ ਹੈ। ਭਾਜਪਾ ਨੂੰ ਦੂਜੀ ਸੀਟ ਜਿੱਤਣ ਲਈ ਘੱਟੋ-ਘੱਟ ਕਾਂਗਰਸ ਦੇ 7 ਵਿਧਾਇਕਾਂ ਨੂੰ ਤੋੜਨ ਤੋਂ ਇਲਾਵਾ ਇਨੈਲੋ ਦੇ ਦੋਵੇਂ ਵਿਧਾਇਕਾਂ ਦਾ ਸਮਰਥਨ ਹਾਸਿਲ ਕਰਨਾ ਜ਼ਰੂਰੀ ਹੈ। ਹੁਣ ਜੇਕਰ ਕਾਂਗਰਸ ਦੇ ਅੱਧੀ ਦਰਜਨ ਤੋਂ ਵਧੇਰੇ ਵਿਧਾਇਕਾਂ ਦੇ ਟੁੱਟ ਜਾਣ ਨਾਲ ਕਰਮਵੀਰ ਬੌਧ ਚੋਣ ਹਾਰ ਜਾਂਦੇ ਹਨ ਤਾਂ ਹੁੱਡਾ ਦੀ ਸ਼ਾਖ 'ਤੇ ਧੱਬਾ ਲੱਗ ਜਾਵੇਗਾ, ਕਿਉਂਕਿ ਹੁੱਡਾ ਦੇ ਕੱਟੜ ਵਿਰੋਧੀ ਸਤੀਸ਼ ਨਾਂਦਲ ਦਾ ਜਿੱਤਣਾ ਹੁੱਡਾ ਤੇ ਉਸ ਦੇ ਲੋਕ ਸਭਾ ਮੈਂਬਰ ਬੇਟੇ ਦਪਿੰਦਰ ਹੁੱਡਾ ਦੇ ਲਈ ਬਿਲਕੁੱਲ ਵੀ ਠੀਕ ਨਹੀਂ ਹੋਵੇਗਾ। ਦੂਜੇ ਪਾਸੇ ਕਰਮਵੀਰ ਦੇ ਚੋਣ ਹਾਰਨ ਨਾਲ ਅਨੁਸੂਚਿਤ ਜਾਤੀ ਦੇ ਵੋਟਰਾਂ 'ਚ ਵੀ ਗ਼ਲਤ ਸੁਨੇਹਾ ਜਾਵੇਗਾ।
ਹੁੱਡਾ ਦੀ ਸਾਖ਼ ਦਾਅ 'ਤੇ
ਹੁਣ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਦੀ ਸਾਖ਼ ਦਾਅ 'ਤੇ ਲੱਗੀ ਹੋਣ ਕਰਕੇ ਉਸ ਨੂੰ ਕਰਮਵੀਰ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਪੂਰੀ ਤਾਕਤ ਲਗਾਉਣੀ ਪਵੇਗੀ ਕਿ ਕਿਸੇ ਵੀ ਹਾਲਤ 'ਚ ਕਾਂਗਰਸੀ ਵਿਧਾਇਕਾਂ ਦੀ ਕੋਈ ਵੀ ਵੋਟ ਨਾ ਟੁੱਟ ਸਕੇ, ਤਾਂ ਜੋ ਹੁੱਡਾ ਦਾ ਪਾਰਟੀ ਹਾਈਕਮਾਂਡ ਸਾਹਮਣੇ ਬਣਿਆ ਰੁਤਬਾ ਹਰ ਹਾਲਤ 'ਚ ਬਰਕਰਾਰ ਰਹਿ ਸਕੇ। ਉਂਝ ਵੀ ਕਰਮਵੀਰ ਬੌਧ ਦੇ ਰਾਜ ਸਭਾ ਚੋਣ ਜਿੱਤਣ ਨਾਲ ਹੁੱਡਾ ਪਰਿਵਾਰ ਦੀ ਰਾਜਨੀਤੀ 'ਤੇ ਕੋਈ ਅਸਰ ਨਹੀਂ ਪਵੇਗਾ, ਕਿਉਂਕਿ ਉਹ ਉਨ੍ਹਾਂ ਲਈ ਕੋਈ ਸਿਆਸੀ ਚੁਣੌਤੀ ਵੀ ਨਹੀਂ ਹੈ। ਹਰਿਆਣਾ 'ਚ ਰਾਜ ਸਭਾ ਚੋਣਾਂ ਦੌਰਾਨ ਪਹਿਲਾਂ ਵੀ ਭਾਜਪਾ ਵਲੋਂ ਕਾਂਗਰਸੀ ਵਿਧਾਇਕਾਂ ਨੂੰ ਤੋੜਨ ਦੀ ਕਾਮਯਾਬ ਕੋਸ਼ਿਸ਼ ਹੁੰਦੀ ਰਹੀ ਹੈ ਅਤੇ ਉਹ ਇਸ ਵਾਰ ਵੀ ਭਾਜਪਾ ਪਾਰਟੀ ਦਾ ਸਮਰਥਨ ਪ੍ਰਾਪਤ ਆਜ਼ਾਦ ਉਮੀਦਵਾਰ ਦੇ ਪੱਖ 'ਚ ਵੋਟਾਂ ਪੁਆਉਣ ਦੀ ਕੋਸ਼ਿਸ਼ ਕਰੇਗੀ। ਪਿਛਲੀ ਵਾਰ ਰਾਜ ਸਭਾ ਚੋਣਾਂ ਦੌਰਾਨ ਕਾਂਗਰਸ ਕੋਲ ਚੋਣ ਜਿੱਤਣ ਲਈ ਲੋੜੀਂਦੇ ਵਿਧਾਇਕ ਹੋਣ ਦੇ ਬਾਵਜੂਦ ਕਾਂਗਰਸ ਦੇ ਉਮੀਦਵਾਰ ਅਜੇ ਮਾਕਨ ਚੋਣ ਹਾਰ ਗਏ ਸਨ ਤੇ ਭਾਜਪਾ ਦਾ ਸਮਰਥਨ ਪ੍ਰਾਪਤ ਆਜ਼ਾਦ ਉਮੀਦਵਾਰ ਕਾਰਤੀਕੇਅ ਸ਼ਰਮਾ ਚੋਣ ਜਿੱਤ ਗਏ ਸਨ। ਇਸ ਤੋਂ ਪਹਿਲਾਂ ਵੀ ਕਾਂਗਰਸ ਤੇ ਇਨੈਲੋ ਦਾ ਸਮਰਥਨ ਪ੍ਰਾਪਤ ਉਮੀਦਵਾਰ ਆਰ. ਕੇ ਆਨੰਦ ਲੋੜੀਂਦੀਆਂ ਵੋਟਾਂ ਹੋਣ ਦੇ ਬਾਵਜੂਦ ਪੈੱਨ ਦੀ ਸਿਆਹੀ ਬਦਲਣ ਦੀ 'ਖੇਲ' ਹੋਣ ਕਰਕੇ ਚੋਣ ਹਾਰ ਗਏ ਸਨ ਅਤੇ ਭਾਜਪਾ ਦਾ ਸਮਰਥਨ ਪ੍ਰਾਪਤ ਆਜ਼ਾਦ ਉਮੀਦਵਰ ਸੁਭਾਸ਼ ਚੰਦਰ ਚੋਣ ਜਿੱਤ ਗਿਆ ਸੀ। ਇਸ ਵਾਰ ਵੀ ਭਾਜਪਾ ਨੂੰ ਅਜਿਹਾ ਕੁਝ ਹੀ ਹੋਣ ਦੀ ਉਮੀਦ ਹੈ।
ਇਨੈਲੋ 'ਤੇ ਨਜ਼ਰਾਂ
ਇਸ ਵਾਰ ਰਾਜ ਸਭਾ ਚੋਣਾਂ 'ਚ ਇਨੈਲੋ ਦੇ 2 ਵਿਧਾਇਕਾਂ ਦੀਆਂ ਵੋਟਾਂ ਵੀ ਕਾਫ਼ੀ ਨਿਰਣਾਇਕ ਹੋਣ ਦੀ ਉਮੀਦ ਹੈ। ਡੱਬਵਾਲੀ ਤੋਂ ਇਨੈਲੋ ਵਿਧਾਇਕ ਆਦਿੱਤਿਆ ਦੇਵੀਲਾਲ ਮਰਹੂਮ ਸਾਬਕਾ ਮੁੱਖ ਮੰਤਰੀ ਦੇਵੀਲਾਲ ਦਾ ਪੋਤਾ ਹੈ, ਜਦਕਿ ਅਰਜੁਨ ਚੌਟਾਲਾ ਰਾਨੀਆਂ ਤੋਂ ਪਾਰਟੀ ਦਾ ਦੂਜਾ ਵਿਧਾਇਕ ਹੈ ਅਤੇ ਪਾਰਟੀ ਦੇ ਮੁਖੀ ਅਭੈ ਚੌਟਾਲਾ ਦਾ ਪੁੱਤਰ ਤੇ ਦੇਵੀਲਾਲ ਦਾ ਪੜਪੋਤਾ ਹੈ। ਪਿਛਲੀ ਵਾਰ ਇਨੈਲੋ ਦੇ ਇਕਲੌਤੇ ਵਿਧਾਇਕ ਅਭੈ ਚੌਟਾਲਾ ਨੇ ਆਜ਼ਾਦ ਉਮੀਦਵਾਰ ਕਾਰਤੀਕੇਅ ਸ਼ਰਮਾ ਨੂੰ ਵੋਟ ਪਾਈ ਸੀ, ਜੋ ਜੈਸਿਕਾ ਹੱਤਿਆ ਕਾਂਡ ਦੇ ਦੋਸ਼ੀ ਮਨੂ ਸ਼ਰਮਾ ਦਾ ਭਰਾ ਹੈ। ਪਰ ਹੁਣ ਸਿਆਸੀ ਹਾਲਾਤ ਕਾਫ਼ੀ ਬਦਲ ਚੁੱਕੇ ਹਨ।
ਇਨੈਲੋ ਕੋਲ ਤਿੰਨ ਬਦਲ ਹਨ- ਪਹਿਲਾ ਇਨੈਲੋ ਦੀ ਸਿਆਸਤ ਕਾਂਗਰਸ ਤੇ ਭਾਜਪਾ ਦੇ ਵਿਰੋਧ 'ਤੇ ਟਿਕੀ ਹੋਈ ਹੈ, ਅਜਿਹੇ 'ਚ ਇਨੈਲੋ ਵਲੋਂ ਕਾਂਗਰਸੀ ਉਮੀਦਵਾਰ ਕਰਮਵੀਰ ਦੇ ਪੱਖ 'ਚ ਵੋਟ ਪਾਉਣ ਦੀ ਕੋਈ ਸੰਭਾਵਨਾ ਨਹੀਂ ਲੱਗਦੀ। ਜੇਕਰ ਇਨੈਲੋ ਦੇ ਵਿਧਾਇਕ ਆਜ਼ਾਦ ਉਮੀਦਵਾਰ ਸਤੀਸ਼ ਨਾਂਦਲ ਨੂੰ ਵੋਟ ਪਾਉਂਦੇ ਹਨ ਤਾਂ ਇਸ ਦਾ ਪਾਰਟੀ ਦੀ ਭਾਜਪਾ ਵਿਰੋਧੀ ਰਾਜਨੀਤੀ 'ਤੇ ਮਾੜਾ ਅਸਰ ਪਵੇਗਾ, ਇਸ ਲਈ ਇਨੈਲੋ ਨੂੰ ਬਹੁਤ ਸੋਚ-ਸਮਝ ਕੇ ਨਿਰਣਾ ਲੈਣਾ ਪਵੇਗਾ, ਤਾਂ ਕਿ ਉਸ ਦੀ ਕਾਂਗਰਸ ਤੇ ਭਾਜਪਾ ਦੇ ਵਿਰੋਧ ਦੀ ਸਿਆਸਤ 'ਤੇ ਮਾੜਾ ਪ੍ਰਭਾਵ ਨਾ ਪਵੇ। ਅਜਿਹੇ 'ਚ ਇਨੈਲੋ ਵੋਟਿੰਗ ਤੋਂ ਗੈਰ-ਹਾਜ਼ਰ ਵੀ ਰਹਿ ਸਕਦੀ ਹੈ। ਸਮੁੱਚੇ ਤੌਰ 'ਤੇ ਹਰਿਆਣਾ ਰਾਜ ਸਭਾ ਚੋਣਾਂ ਨੂੰ ਲੈ ਕੇ ਸਥਿਤੀ ਕਾਫ਼ੀ ਦਿਲਚਸਪ ਬਣ ਗਈ ਹੈ ਅਤੇ ਪੂਰੀ ਤਸਵੀਰ 16 ਮਾਰਚ ਨੂੰ ਚੋਣ ਨਤੀਜੇ ਆਉਣ 'ਤੇ ਹੀ ਸਪੱਸ਼ਟ ਹੋ ਸਕੇਗੀ।

-ਵਿਸ਼ੇਸ਼ ਪ੍ਰਤੀਨਿਧ
ਮੋ.- 9855465946
ਈਮੇਲ:ramsinghbrar@gmail.com

 

 

 

Ad Position 22
No active advertisement
ਪਿਛਲੀ ਖ਼ਬਰ ਦੇਸ਼ ਦੀ ਪ੍ਰਭੂਸੱਤਾ ਨੂੰ ਪ੍ਰਭਾਵਿਤ ਕਰਦਾ ਹੈ ਅਮਰੀਕੀ ਵਪਾਰ ਸਮਝੌਤਾ ਅਗਲੀ ਖ਼ਬਰ ਕਿਸੇ ਦੇ ਵੀ ਏਜੰਡੇ 'ਤੇ ਨਹੀਂ ਹਨ ਪੰਜਾਬੀ ਜ਼ੁਬਾਨ ਤੇ ਸੱਭਿਆਚਾਰ ਦੇ ਸਰੋਕਾਰ
Ad Position 24