ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ 14 ਮਾਰਚ ਨੂੰ ਮੋਗਾ ਵਿਖੇ 'ਬਦਲਾਅ' ਰੈਲੀ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦਾ ਇਹ ਪੰਜਾਬ ਦੌਰਾ ਇਕ ਸਿਆਸੀ ਪ੍ਰੋਗਰਾਮ ਨਾਲੋਂ ਕਿਤੇ ਵੱਧ ਹੈ। ਇਹ ਦੌਰਾ ਕੇਂਦਰ ਸਰਕਾਰ ਅਤੇ ਪੰਜਾਬ ਦੇ ਲੋਕਾਂ ਵਿਚਾਲੇ ਡੂੰਘੇ ਸੰਪਰਕ ਨੂੰ ਦਰਸਾਉਂਦਾ ਹੈ।
ਅੱਜ ਪੰਜਾਬ ਇਕ ਅਜਿਹੇ ਇਤਿਹਾਸਕ ਮੋੜ 'ਤੇ ਖੜ੍ਹਾ ਹੈ, ਜਿੱਥੇ ਅਮੀਰ ਵਿਰਸੇ, ਸੱਭਿਆਚਾਰ ਅਤੇ ਸਿਧਾਂਤਾਂ ਵਾਲਾ ਇਹ ਸੂਬਾ ਕਈ ਗੰਭੀਰ ਚੁਣੌਤੀਆਂ ਨਾਲ ਜੂਝ ਰਿਹਾ ਹੈ, ਜਿਵੇਂ ਕਿ ਰੁਕਿਆ ਹੋਇਆ ਆਰਥਿਕ ਵਿਕਾਸ, ਨਸ਼ਿਆਂ ਦੀ ਲਾਹਨਤ, ਖੇਤੀਬਾੜੀ ਸੰਕਟ ਅਤੇ ਕਾਨੂੰਨ-ਵਿਵਸਥਾ ਨਾਲ ਜੁੜੇ ਗੰਭੀਰ ਮੁੱਦੇ। ਸ੍ਰੀ ਅਮਿਤ ਸ਼ਾਹ ਦਾ ਇਹ ਦੌਰਾ ਭਾਰਤ ਸਰਕਾਰ ਦੇ ਉਸ ਅਹਿਦ ਨੂੰ ਮੁੜ ਦੁਹਰਾਉਂਦਾ ਹੈ ਕਿ ਉਹ ਪੰਜਾਬ ਨਾਲ ਮਿਲ ਕੇ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰੇਗੀ ਅਤੇ ਇਕ ਅਜਿਹੀ ਵਿਕਾਸ ਯਾਤਰਾ ਉਲੀਕੇਗੀ, ਜੋ ਇੱਥੋਂ ਦੇ ਮਿਹਨਤਕਸ਼ ਲੋਕਾਂ ਨੂੰ ਮਾਣ ਸਨਮਾਨ ਅਤੇ ਤਰੱਕੀ ਦੇ ਬਿਹਤਰ ਮੌਕੇ ਪ੍ਰਦਾਨ ਕਰ ਸਕੇ।
ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹ ਦੌਰਾ ਕੇਂਦਰ ਸਰਕਾਰ ਦੀ ਸੁਣਨ ਅਤੇ ਵਾਪਸ ਜਵਾਬ ਦੇਣ ਦੀ ਇੱਛਾ ਨੂੰ ਉਜਾਗਰ ਕਰਦਾ ਹੈ। ਸੂਬੇ ਅਤੇ ਇੱਥੋਂ ਦੇ ਲੋਕਾਂ ਲਈ ਇਹ ਇਕ ਸੁਨਹਿਰੀ ਮੌਕਾ ਹੈ ਕਿ ਉਹ ਗ੍ਰਹਿ ਮੰਤਰੀ ਦੇ ਜ਼ਰੀਏ ਕੇਂਦਰ ਨਾਲ ਸਿੱਧਾ ਰਾਬਤਾ ਕਾਇਮ ਕਰਨ ਅਤੇ ਆਪਣੀਆਂ ਗੱਲਾਂ ਸਰਕਾਰ ਤੱਕ ਪਹੁੰਚਾਉਣ।
ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇਸ ਸਾਲ ਇਕ ਫ਼ਰਵਰੀ ਨੂੰ ਆਪਣੇ ਪੰਜਾਬ ਦੌਰੇ ਦੌਰਾਨ ਸੂਬੇ 'ਤੇ ਨਵੇਂ ਸਿਰਿਓਂ ਧਿਆਨ ਕੇਂਦਰਿਤ ਕਰਨ ਦੇ ਮੰਤਵ ਨਾਲ ਕਈ ਨਵੀਆਂ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਨੇ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਜਲੰਧਰ ਜ਼ਿਲ੍ਹੇ ਦੇ ਆਦਮਪੁਰ ਹਵਾਈ ਅੱਡੇ ਦਾ ਨਾਂਅ ਬਦਲ ਕੇ 'ਸ੍ਰੀ ਗੁਰੂ ਰਵਿਦਾਸ ਜੀ ਹਵਾਈ ਅੱਡਾ' ਰੱਖਿਆ। ਗੁਰੂ ਰਵਿਦਾਸ ਜੀ ਇਕ ਬਹੁਤ ਹੀ ਸਤਿਕਾਰਯੋਗ ਮਹਾਂਪੁਰਸ਼ ਸਨ, ਜਿਨ੍ਹਾਂ ਨੇ ਸਮਾਨਤਾ ਅਤੇ ਮਨੁੱਖੀ ਮਾਣ ਸਨਮਾਨ ਦਾ ਸੁਨੇਹਾ ਦਿੱਤਾ ਸੀ। ਇਸ ਤੋਂ ਇਲਾਵਾ, ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਵਿਖੇ ਇਕ ਨਵੇਂ ਟਰਮੀਨਲ ਦਾ ਵੀ ਉਦਘਾਟਨ ਕੀਤਾ ਸੀ। ਇਹ ਕਦਮ ਸੂਬੇ ਦੇ ਵੱਖ-ਵੱਖ ਖੇਤਰਾਂ ਵਿਚ ਹਵਾਈ ਸੰਪਰਕ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿਚ ਇਕ ਵੱਡੀ ਪ੍ਰਾਪਤੀ ਹੈ, ਜਿਸ ਨਾਲ ਪੂਰੇ ਸੂਬੇ ਵਿਚ ਵਪਾਰ ਅਤੇ ਕਾਰੋਬਾਰ ਨੂੰ ਵੱਡਾ ਹੁਲਾਰਾ ਮਿਲੇਗਾ। ਇਸ ਮੌਕੇ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ 'ਦੇਸ਼ ਗੁਰੂ ਰਵਿਦਾਸ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ 'ਮਿਸ਼ਨ ਮੋਡ' ਉੱਪਰ ਕੰਮ ਕਰ ਰਿਹਾ ਹੈ।'
ਸਾਂਝੀਆਂ ਕੋਸ਼ਿਸ਼ਾਂ ਨਾਲ ਬਦਲਾਅ
ਮੋਗਾ ਜ਼ਿਲ੍ਹੇ ਦੇ ਪਿੰਡ ਕਿੱਲੀ ਚਾਹਲਾਂ ਵਿਖੇ ਹੋਣ ਵਾਲੀ ਸਿਆਸੀ ਰੈਲੀ ਇਹ ਦਰਸਾਏਗੀ ਕਿ ਮੌਜੂਦਾ ਸਰਕਾਰ ਨਾਲ ਭਾਈਵਾਲੀ ਦਾ ਸਰੂਪ ਕਿੰਨਾ ਵਿਸ਼ਾਲ ਅਤੇ ਸਾਰਥਕ ਹੋ ਸਕਦਾ ਹੈ। ਪੰਜਾਬ ਦੇ ਨੌਜਵਾਨਾਂ, ਕਿਸਾਨਾਂ, ਵਪਾਰੀਆਂ ਅਤੇ ਪਰਿਵਾਰਾਂ ਦਾ ਇਹ ਹੱਕ ਹੈ ਕਿ ਉਹ ਇਕ ਅਜਿਹੇ ਮਾਹੌਲ ਵਿਚ ਰਹਿਣ ਜਿੱਥੇ ਉਹ ਨਵੇਂ ਕਾਰੋਬਾਰ ਸ਼ੁਰੂ ਕਰ ਸਕਣ, ਜਿੱਥੇ ਜਨਤਕ ਸੁਰੱਖਿਆ ਦੀ ਗਾਰੰਟੀ ਹੋਵੇ ਅਤੇ ਜਿੱਥੇ ਉਹ ਆਪਣੇ ਸੱਭਿਆਚਾਰ ਦਾ ਪੂਰੀ ਤਰ੍ਹਾਂ ਅਨੰਦ ਮਾਣ ਸਕਣ। 'ਬਦਲਾਅ' ਦੇ ਸੰਕਲਪ 'ਤੇ ਕੇਂਦਰਿਤ ਰਹਿਣਾ, ਵਿਕਾਸ ਦੀ ਸਮੂਹਿਕ ਇੱਛਾ, ਠੋਸ ਨੀਤੀਗਤ ਨਤੀਜਿਆਂ ਅਤੇ ਆਪਸੀ ਭਰੋਸੇ ਨੂੰ ਕਾਇਮ ਕਰਨ ਦਾ ਪ੍ਰਤੀਕ ਹੈ।
ਇਸ ਸਿਆਸੀ ਰੈਲੀ ਲਈ ਮੋਗਾ ਨੂੰ ਚੁਣਨ ਪਿੱਛੇ ਇਕ ਖ਼ਾਸ ਵਜ੍ਹਾ ਹੈ। ਮੋਗਾ ਪੰਜਾਬ ਦੇ ਸਿਆਸੀ ਪੱਖੋਂ ਅਹਿਮ ਮਾਲਵਾ ਖੇਤਰ ਵਿਚ ਸਥਿਤ ਹੈ । ਮਾਲਵਾ ਇਕ ਅਜਿਹਾ ਖੇਤਰ ਹੈ ਜੋ ਮਿਹਨਤੀ ਲੋਕਾਂ ਨਾਲ ਭਰਪੂਰ ਹੈ, ਜੋ ਪੰਜਾਬ ਦੇ ਸਮੁੱਚੇ ਆਰਥਿਕ ਢਾਂਚੇ ਦਾ ਇਕ ਅਨਿੱਖੜਵਾਂ ਅੰਗ ਹੈ। ਮੋਗਾ ਵਿਖੇ ਲੋਕਾਂ ਨਾਲ ਜੁੜਨ ਦੀ ਪਹਿਲ ਕਰਕੇ ਅਮਿਤ ਸ਼ਾਹ ਨੇ ਇਹ ਸਾਬਿਤ ਕੀਤਾ ਹੈ ਕਿ ਉਹ ਸਮਝਦੇ ਹਨ ਕਿ ਕੋਈ ਵੀ 'ਬਦਲਾਅ' ਤਾਂ ਹੀ ਸੰਭਵ ਹੁੰਦਾ ਹੈ ਜਦੋਂ ਜ਼ਮੀਨੀ ਪੱਧਰ 'ਤੇ ਲੋਕਾਂ ਨਾਲ ਜੁੜਿਆ ਜਾਂਦਾ ਹੈ।
ਪੰਜਾਬ ਦਾ ਵਿਕਾਸ ਮਹਿਜ਼ ਇਕ ਵਿਚਾਰ ਨਹੀਂ ਹੋ ਸਕਦਾ। ਪੰਜਾਬ ਨੂੰ ਵਿਕਸਤ ਕਰਨ ਦੀ ਧਾਰਨਾ ਇਕ ਹਕੀਕਤ ਹੈ, ਜੋ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਣ, ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ, ਹਰ ਨਾਗਰਿਕ ਤੱਕ ਸਾਫ਼ ਸੁਥਰੇ ਅਤੇ ਕਾਰਜਸ਼ੀਲ ਬੁਨਿਆਦੀ ਢਾਂਚੇ ਦੀ ਪਹੁੰਚ ਬਣਾਉਣ ਅਤੇ ਇਕ ਅਜਿਹਾ ਵਪਾਰਕ ਮਾਹੌਲ ਸਿਰਜਣ 'ਤੇ ਆਧਾਰਤ ਹੈ, ਜਿੱਥੇ ਨਿਵੇਸ਼ ਕਰਨਾ ਸੁਖਾਲਾ ਹੋਵੇ। ਸ੍ਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਹਾਲੀਆ ਦੌਰੇ ਇਹ ਸੁਨੇਹਾ ਦਿੰਦੇ ਹਨ ਕਿ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਦੀ ਸਮਰੱਥਾ ਨੂੰ ਨਿਖਾਰਨ ਲਈ ਸੂਬਾਈ ਸੰਸਥਾਵਾਂ, ਸਿਵਲ ਸੁਸਾਇਟੀਆਂ ਅਤੇ ਸਥਾਨਕ ਆਗੂਆਂ ਨਾਲ ਮਿਲ ਕੇ ਕੰਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਗ੍ਰਹਿ ਮੰਤਰੀ ਹੋਣ ਦੇ ਨਾਲ-ਨਾਲ, ਸ੍ਰੀ ਅਮਿਤ ਸ਼ਾਹ ਕੇਂਦਰੀ ਸਹਿਕਾਰਤਾ ਮੰਤਰੀ ਵੀ ਹਨ। ਇਹ ਮੰਤਰਾਲਾ ਸਹਿਕਾਰੀ ਸਭਾਵਾਂ ਦੇ ਵਿਕਾਸ ਦੀ ਦੇਖ-ਰੇਖ ਕਰਦਾ ਹੈ। ਕਿਸਾਨ ਭਾਈਚਾਰੇ ਦੀ ਉੱਨਤੀ, ਖੁਸ਼ਹਾਲੀ ਅਤੇ ਵਿਕਾਸ ਵਿਚ ਸਹਿਕਾਰੀ ਸਭਾਵਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਕਿਉਂਕਿ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ, ਇਸ ਲਈ ਕੇਂਦਰੀ ਮੰਤਰੀ ਦੇ ਆਉਣ ਵਾਲੇ ਦੌਰੇ ਨੂੰ ਪੰਜਾਬ ਦੇ ਕਿਸਾਨਾਂ ਲਈ ਇਕ ਮਹੱਤਵਪੂਰਨ ਘਟਨਾ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਇਸ ਦੌਰੇ ਦੌਰਾਨ ਕਿਸਾਨਾਂ ਨੂੰ 'ਸਹਿਕਾਰੀ ਵਿਕਾਸ ਮਾਡਲ' ਵਿਚ ਅਹਿਮ ਸੁਧਾਰਾਂ ਅਤੇ ਨਵੀਆਂ ਨੀਤੀਆਂ ਦੀ ਉਮੀਦ ਹੈ, ਜੋ ਖੇਤੀਬਾੜੀ ਖੇਤਰ ਨੂੰ ਨਵੀਆਂ ਉਚਾਈਆਂ 'ਤੇ ਲੈ ਜਾ ਸਕਦੀਆਂ ਹਨ।
ਪੰਜਾਬੀ ਲੋਕਾਂ ਦੀ ਲੋਕਤੰਤਰੀ ਸ਼ਮੂਲੀਅਤ ਬਹੁਤ ਅਹਿਮ ਹੈ, ਖ਼ਾਸ ਕਰਕੇ ਜਦੋਂ ਵਿਧਾਨ ਸਭਾ ਚੋਣਾਂ ਨੇੜੇ ਹੋਣ। ਇਸ ਲਈ ਆਮ ਜਨਤਾ ਦੇ ਨਾਲ ਰਾਬਤਾ ਕਾਇਮ ਕਰਨਾ ਬੇਹੱਦ ਜ਼ਰੂਰੀ ਹੈ। ਲੋਕਾਂ ਨਾਲ ਰਾਬਤਾ ਕਾਇਮ ਕਰਨਾ ਸਿਰਫ਼ ਸਿਆਸਤਦਾਨਾਂ ਨੂੰ ਵੋਟਾਂ ਹਾਸਿਲ ਕਰਨ ਦਾ ਮੌਕਾ ਹੀ ਨਹੀਂ ਦਿੰਦਾ, ਸਗੋਂ ਇਹ ਉਨ੍ਹਾਂ ਨੂੰ ਪੰਜਾਬ ਦੇ ਭਵਿੱਖ ਲਈ ਇਕ ਅਜਿਹੀ ਸੋਚ ਵਿਕਸਿਤ ਕਰਨ ਦਾ ਮੌਕਾ ਵੀ ਦਿੰਦਾ ਹੈ ਜੋ ਅਧਿਕਾਰੀਆਂ ਨੂੰ ਜਵਾਬਦੇਹ ਬਣਾਵੇ, ਕਾਰਗੁਜ਼ਾਰੀ-ਆਧਾਰਿਤ ਪ੍ਰਣਾਲੀਆਂ ਨੂੰ ਲਾਗੂ ਕਰਨ ਅਤੇ ਇਕ ਅਜਿਹਾ ਸਮਾਜ ਸਿਰਜਣ 'ਤੇ ਕੇਂਦਰਿਤ ਹੋਵੇ ਜੋ ਆਪਣੇ ਲੋਕਾਂ ਦਾ ਖ਼ਿਆਲ ਰੱਖੇ।
ਸ੍ਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਦੇ ਇਨ੍ਹਾਂ ਪੰਜਾਬ ਦੌਰਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਮਰੱਥਾਵਾਂ ਨਾਲ ਜੋੜਨ ਲਈ ਇਕ ਪਹਿਲ ਵਜੋਂ ਵੀ ਦੇਖਿਆ ਜਾ ਸਕਦਾ ਹੈ।
-ਮੈਂਬਰ ਪਾਰਲੀਮੈਂਟ, ਰਾਜ ਸਭਾ
satnam.sandhu@sansad.nic.in