24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਈਰਾਨ ਯੁੱਧ ਕਾਰਨ ਭਾਰਤ ਨੂੰ ਲੱਗ ਰਿਹੈ ਵੱਡਾ ਝਟਕਾ

Ad Position 21
No active advertisement
ਅਜੀਤ ਡੈਸਕ 13-03-2026

ਪੱਛਮੀ ਏਸ਼ੀਆ 'ਚ ਜਾਰੀ ਵਿਆਪਕ ਯੁੱਧ ਦੌਰਾਨ ਅਮਰੀਕਾ-ਇਜ਼ਰਾਈਲ ਜੋੜੀ ਤੇ ਈਰਾਨ ਆਹਮੋ-ਸਾਹਮਣੇ ਹਨ, ਪਰ ਇਹ ਸੰਘਰਸ਼ ਖੇਤਰ ਦੇ 10 ਦੇਸ਼ਾਂ ਵਿਚ ਫੈਲ ਚੁੱਕਾ ਹੈ। ਇਸ ਦਾ ਭਾਰਤ 'ਤੇ ਵੱਡਾ ਆਰਥਿਕ ਪ੍ਰਭਾਵ ਪੈਣ ਦੀ ਉਮੀਦ ਹੈ, ਕਿਉਂਕਿ ਭਾਰਤ ਦਾ ਇਸ ਖੇਤਰ 'ਚ 120 ਅਰਬ ਡਾਲਰ ਦਾ ਵਪਾਰ, ਭਾਰੀ ਤੇਲ ਆਯਾਤ, ਸਮੁੱਚਾ ਭੁਗਤਾਨ ਸੰਤੁਲਨ, ਵਿਦੇਸ਼ ਤੋਂ ਭਾਰਤ 'ਚ ਪੈਸਾ ਆਉਣ ਨਾਲ ਰੁਪਏ ਦੀ ਸਥਿਰਤਾ ਜਿਹੀਆਂ ਕਈ ਹੋਰ ਚੀਜ਼ਾਂ ਦਾਅ 'ਤੇ ਲੱਗ ਗਈਆਂ ਹਨ। ਜੋ ਭਾਰਤ ਸਰਕਾਰ ਨੂੰ ਅਗਲੇ ਵਿੱਤੀ ਸਾਲ 2026-27 ਦੇ ਆਪਣੇ ਸਾਲਾਨਾ ਬਜਟ ਖਰਚ ਤੇ ਆਮਦਨ ਦੇ ਅਨੁਮਾਨਾਂ ਨੂੰ ਦੁਬਾਰਾ ਲਿਖਣ ਲਈ ਮਜਬੂਰ ਕਰ ਸਕਦਾ ਹੈ। ਕੱਚੇ ਤੇਲ ਦੀਆਂ ਕੀਮਤਾਂ ਸਿਰਫ਼ ਇਕ ਹਫ਼ਤੇ ਦੌਰਾਨ 20 ਫ਼ੀਸਦੀ ਤੋਂ ਜ਼ਿਆਦਾ ਵਧ ਚੁੱਕੀਆਂ ਹਨ। ਤਰਲ ਕੁਦਰਤੀ ਗੈਸ (ਐਲ.ਐਨ.ਜੀ.) ਦੀ ਸਪਲਾਈ ਨੂੰ ਲੈ ਕੇ ਦੇਸ਼ ਦੀ ਕਮਜ਼ੋਰੀ ਸਪੱਸ਼ਟ ਹੋ ਚੁੱਕੀ ਹੈ, ਕਿਉਂਕਿ ਇਸ ਦੀ ਲਗਭਗ 80 ਫ਼ੀਸਦੀ ਪੂਰਤੀ ਇਕੱਲੇ ਪੱਛਮੀ ਏਸ਼ੀਆ ਤੋਂ ਹੁੰਦੀ ਹੈ। ਤੇਲ ਦੀਆਂ ਕੀਮਤਾਂ ਵਧਣ ਕਾਰਨ ਦੇਸ਼ ਵਿਚ ਮਹਿੰਗਾਈ ਵਧਣੀ ਤੈਅ ਹੈ, ਕਿਉਂਕਿ ਆਵਾਜਾਈ, ਖਾਦਾਂ ਦੇ ਉਤਪਾਦਨ, ਖੇਤੀ ਉਤਪਾਦਨ ਲਾਗਤਾਂ, ਲੌਜਿਸਟਿਕਸ ਤੇ ਨਿਰਮਾਣ ਲਾਗਤ ਸਭ ਇਸ ਨਾਲ ਜੁੜੀਆਂ ਹੋਈਆਂ ਹਨ।
ਭਾਰਤ ਦੇ ਪੱਛਮੀ ਏਸ਼ੀਆ ਨਾਲ ਆਰਥਿਕ ਸੰਬੰਧ ਬਹੁਤ ਗੂੜ੍ਹੇ ਹਨ। ਈਰਾਨ ਜਿਸ ਕੋਲ ਬੈਲਿਸਟਿਕ ਮਿਜ਼ਾਈਲਾਂ ਤੇ ਡਰੋਨਾਂ ਦਾ ਸਭ ਤੋਂ ਵੱਡਾ ਭੰਡਾਰ ਹੈ, ਹੁਣ ਇਸ ਖੇਤਰ ਦੇ ਦੇਸ਼ਾਂ 'ਤੇ ਖੁੱਲ੍ਹੇਆਮ ਹਮਲੇ ਕਰ ਰਿਹਾ ਹੈ, ਜਦਕਿ ਭਾਰਤ ਦੀਆਂ ਵਪਾਰ ਤੇ ਆਰਥਿਕ ਸਰਗਰਮੀਆਂ ਠੱਪ ਹੋ ਰਹੀਆਂ ਹਨ। ਭਾਰਤ ਪੱਛਮੀ ਏਸ਼ੀਆ ਨੂੰ 99 ਅਰਬ ਡਾਲਰ ਦੇ ਨਿਰਯਾਤ ਕਰਦਾ ਹੈ, ਇਸ ਦੀਆਂ ਕੱਚੇ ਤੇਲ ਦੀਆਂ ਜ਼ਰੂਰਤਾਂ ਦਾ 55 ਫ਼ੀਸਦੀ ਹਿੱਸਾ ਇਸੇ ਖੇਤਰ ਤੋਂ ਪੂਰਾ ਹੁੰਦਾ ਹੈ। ਰਿਪੋਰਟਾਂ ਅਨੁਸਾਰ ਲਗਭਗ 1 ਕਰੋੜ ਭਾਰਤੀ ਫਾਰਸ ਦੀ ਖਾੜੀ ਖੇਤਰ ਵਿਚ ਰਹਿੰਦੇ ਤੇ ਕੰਮ ਕਰਦੇ ਹਨ, ਉਹ ਆਪਣੀ ਕਮਾਈ ਦੇ 51 ਅਰਬ ਡਾਲਰ ਹਰ ਸਾਲ ਭਾਰਤ ਆਪਣੇ ਘਰਾਂ ਨੂੰ ਭੇਜਦੇ ਹਨ। ਭਾਰਤ ਸਰਕਾਰ ਨੇ ਅਮਰੀਕਾ-ਇਜ਼ਰਾਈਲ ਤੇ ਈਰਾਨ ਵਿਚਕਾਰ ਜਾਰੀ ਜੰਗ ਨੂੰ ਵੇਖਦਿਆਂ ਤਰਲ ਪੈਟਰੋਲੀਅਮ ਗੈਸ (ਐਲ.ਪੀ.ਜੀ.) ਦੀ ਘਾਟ ਨੂੰ ਰੋਕਣ ਲਈ ਐਮਰਜੈਂਸੀ ਨਿਯਮ ਲਾਗੂ ਕਰ ਦਿੱਤੇ ਹਨ। ਇਸ ਜੰਗ ਕਾਰਨ ਭਾਰਤ ਦੀ ਊਰਜਾ ਆਯਾਤ ਪ੍ਰਭਾਵਿਤ ਹੋਇਆ ਹੈ, ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਐਲ.ਪੀ.ਜੀ. ਦਰਾਮਦਕਾਰ ਹੈ ਜਿਸ ਨੇ ਪਿਛਲੇ ਸਾਲ 3.31 ਕਰੋੜ ਮੀਟ੍ਰਿਕ ਟਨ ਈਂਧਨ ਦੀ ਵਰਤੋਂ ਕੀਤੀ ਸੀ। ਭਾਰਤ ਨੇ ਪੱਛਮੀ ਏਸ਼ਿਆਈ ਸਰੋਤਾਂ ਤੋਂ ਸਪਲਾਈ ਵਿਚ ਵਿਘਨ ਪੈਣ ਕਾਰਨ 7 ਮਾਰਚ ਨੂੰ ਐਲ.ਪੀ.ਜੀ ਸਿਲੰਡਰਾਂ ਦੀ ਕੀਮਤ ਵਿਚ ਵਾਧਾ ਕਰ ਦਿੱਤਾ ਹੈ।
ਭਾਰਤ ਨੂੰ ਐਲ.ਐਨ.ਜੀ. ਤੇ ਸੰਬੰਧਿਤ ਉਤਪਾਦਾਂ ਦੇ ਪ੍ਰਮੁੱਖ ਸਪਲਾਇਰ ਕਤਰ ਐਨਰਜੀ ਨੇ ਈਰਾਨੀ ਡਰੋਨ ਹਮਲਿਆਂ ਤੋਂ ਬਾਅਦ ਆਪਣੀ ਰਾਸ ਲਾਫਾਨ ਸਹੂਲਤ 'ਤੇ ਉਤਪਾਦਨ ਬੰਦ ਕਰ ਦਿੱਤਾ ਹੈ, ਭਾਰਤ ਦੀਆਂ ਅੱਧੀਆਂ ਐਲ.ਐਨ.ਜੀ. ਦੀਆਂ ਜ਼ਰੂਰਤਾਂ ਕਤਰ ਪੂਰੀਆਂ ਕਰਦਾ ਹੈ। ਇਸ ਦੇ ਨਾਲ ਹੀ ਹੋਰਮੁਜ਼ ਜਲਡਮਰੂ ਦੇ ਬੰਦ ਹੋਣ ਕਾਰਨ ਭਾਰਤ ਦੀ ਈਂਧਨ ਸਪਲਾਈ ਬਹੁਤ ਪ੍ਰਭਾਵਿਤ ਹੋਈ ਹੈ ਕਿਉਂਕਿ ਤੇਲ ਤੇ ਗੈਸ ਟੈਂਕਰਾਂ ਦੀ ਆਵਾਜਾਈ ਵਿਚ ਵਿਘਨ ਪਿਆ ਹੈ। ਭਾਰਤੀ ਪੈਟਰੋਲੀਅਮ ਕੰਪਨੀਆਂ- ਗੈਸ ਅਥਾਰਟੀ ਆਫ਼ ਇੰਡੀਆ ਲਿਮਟਿਡ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਉਦਯੋਗਾਂ ਨੂੰ ਗੈਸ ਸਪਲਾਈ ਵਿਚ 10 ਫ਼ੀਸਦੀ ਤੋਂ 30 ਫ਼ੀਸਦੀ ਦੀ ਕਮੀ ਕਰ ਦਿੱਤੀ ਹੈ। ਦਿੱਲੀ ਵਿਚ 14.2 ਕਿਲੋਗ੍ਰਾਮ ਦੇ ਘਰੇਲੂ ਸਿਲੰਡਰ ਦੀ ਕੀਮਤ 60 ਰੁਪਏ ਵਧ ਕੇ 913 ਰੁਪਏ ਹੋ ਗਈ ਹੈ, ਜਦਕਿ 19 ਕਿਲੋਗ੍ਰਾਮ ਦੇ ਵਪਾਰਕ ਸਿਲੰਡਰ ਦੀ ਕੀਮਤ ਵੀ 115 ਰੁਪਏ ਵਧ ਗਈ ਹੈ। ਇਨ੍ਹਾਂ ਵਧੀਆਂ ਗੈਸ ਕੀਮਤਾਂ ਦਾ ਸਿੱਧਾ ਅਸਰ 33 ਕਰੋੜ ਤੋਂ ਵੱਧ ਭਾਰਤੀ ਖਪਤਕਾਰਾਂ 'ਤੇ ਪਵੇਗਾ। ਤੇਲ ਦੀਆਂ ਕੀਮਤਾਂ ਵੀ ਵਧਣ ਲੱਗੀਆਂ ਹਨ, ਕੱਚੇ ਤੇਲ ਦੀਆਂ ਕੀਮਤਾਂ ਲਗਭਗ 30 ਫ਼ੀਸਦੀ ਪ੍ਰਤੀ ਬੈਰਲ ਤੱਕ ਵਧ ਕੇ ਪਹਿਲੀ ਵਾਰ 2024 ਦੇ ਪੱਧਰ ਤੋਂ ਵੀ ਟੱਪ ਗਈਆਂ ਸਨ। ਹੋਰਮੁਜ਼ ਜਲਡਮਰੂ ਦੇ ਬੰਦ ਹੋਣ ਕਾਰਨ ਸ਼ਿਪਿੰਗ ਕੰਪਨੀਆਂ ਨੂੰ ਇਸ ਖੇਤਰ ਤੋਂ ਬਚਣ ਲਈ ਮਜਬੂਰ ਹੋਣਾ ਪਿਆ ਹੈ ਅਤੇ ਸ਼ਿਪਿੰਗ ਲਾਗਤਾਂ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚਣ ਨਾਲ ਦੋ ਹਫ਼ਤਿਆਂ ਵਿਚ ਭਾੜੇ ਦੀਆਂ ਦਰਾਂ ਦੁੱਗਣੀਆਂ ਹੋ ਗਈਆਂ ਹਨ। ਕੇਪ ਆਫ਼ ਗੁੱਡ ਹੋਪ ਰਾਹੀਂ ਸ਼ਿਪਿੰਗ ਦਾ ਰਸਤਾ ਬਦਲਣ ਨਾਲ ਆਵਾਜਾਈ ਦਾ ਸਮਾਂ ਦੋ ਹਫ਼ਤਿਆਂ ਤੱਕ ਵਧ ਜਾਂਦਾ ਹੈ, ਜਿਸ ਕਰਕੇ ਦੱਖਣੀ ਤੇ ਪੂਰਬੀ ਏਸ਼ਿਆਈ ਅਰਥਵਿਵਸਥਾਵਾਂ ਦੇ ਲਈ ਸ਼ਿਪਿੰਗ ਲਾਗਤਾਂ ਵਧ ਜਾਂਦੀਆਂ ਹਨ। ਦਰਅਸਲ ਲਗਭਗ 8,900 ਕਿਲੋਮੀਟਰ ਦਾ ਰਸਤਾ ਵਧਣ ਨਾਲ ਈਂਧਨ ਦੀ ਖਪਤ ਤੇ ਬੀਮਾ ਪ੍ਰੀਮੀਅਮ 'ਚ ਵਾਧਾ ਹੋਣ ਨਾਲ ਵਸਤੂਆਂ ਦੀਆਂ ਲਾਗਤਾਂ ਵਧ ਜਾਂਦੀਆਂ ਹਨ।
ਇਸ ਜੰਗ ਨਾਲ ਭਾਰਤ ਵਿਚ ਊਰਜਾ ਸੰਕਟ ਤੇ ਸਮੁੱਚੀਆਂ ਕੀਮਤਾਂ 'ਚ ਵਾਧਾ ਹੋਣ ਦਾ ਖ਼ਤਰਾ ਹੈ ਕਿਉਂਕਿ ਦੇਸ਼ ਦੇ ਤੇਲ ਆਯਾਤ ਦਾ ਲਗਭਗ 40 ਫ਼ੀਸਦੀ ਜੰਗ ਪ੍ਰਭਾਵਿਤ ਖੇਤਰ ਤੋਂ ਹੀ ਆਉਂਦਾ ਹੈ, ਇਸ ਲਈ ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਖਾਧ ਪਦਾਰਥਾਂ ਤੇ ਊਰਜਾ ਦੀਆਂ ਕੀਮਤਾਂ ਵਧਣੀਆਂ ਤੈਅ ਹਨ। ਭਾਰਤੀ ਰੁਪਿਆ ਵੀ ਕਾਫ਼ੀ ਦਬਾਅ ਦਾ ਸਾਹਮਣਾ ਕਰਦਿਆਂ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਜੇਕਰ ਮਹਿੰਗਾਈ ਜ਼ਿਆਦਾ ਵਧਦੀ ਹੈ ਤਾਂ ਅਗਲੇ ਵਿੱਤੀ ਸਾਲ 2026-27 ਲਈ ਭਾਰਤ ਦੀ ਕੁੱਲ ਵਕਾਸ ਦਰ (ਜੀ.ਡੀ.ਪੀ.) ਸੰਬੰਧੀ ਪਹਿਲਾਂ 7 ਫ਼ੀਸਦੀ ਤੋਂ ਜ਼ਿਆਦਾ ਦਾ ਲਾਇਆ ਗਿਆ ਅਨੁਮਾਨ ਘਟ ਕੇ 6.5 ਫ਼ੀਸਦੀ ਤੋਂ ਵੀ ਹੇਠਾਂ ਜਾ ਸਕਦਾ ਹੈ। ਭਾਵੇਂ ਭਾਰਤ ਇਸ ਯੁੱਧ ਵਿਚ ਸ਼ਾਮਿਲ ਨਹੀਂ ਹੈ, ਪਰ ਦੇਸ਼ ਦਾ ਖਾੜੀ ਊਰਜਾ ਸਪਲਾਈ ਦੇ ਨਾਲ ਡੂੰਘਾ ਆਰਥਿਕ ਏਕੀਕਰਨ, ਵਪਾਰ ਗਲਿਆਰਿਆਂ ਦੀ ਵਰਤੋਂ, ਪੈਸੇ ਭੇਜਣ ਦਾ ਪ੍ਰਵਾਹ (ਰਿਮਿਟੇਂਸ ਫਲੋਅ), ਸ਼ਿਪਿੰਗ ਤੇ ਹਵਾਈ ਰੂਟ ਕਨੈਕਸ਼ਨ ਅਤੇ ਮੁਦਰਾ ਦਾ ਪ੍ਰਵਾਹ ਪਹਿਲਾਂ ਤੋਂ ਹੀ ਇਸ ਦੇ ਵਪਾਰ ਤੇ ਸਟਾਕ ਬਾਜ਼ਾਰਾਂ, ਬਾਹਰੀ ਕਰਜ਼ੇ ਦੇ ਦਬਾਅ ਅਤੇ ਘਰੇਲੂ ਤੇ ਵਿਦੇਸ਼ੀ ਨਿਵੇਸ਼ 'ਤੇ ਅਸਰ ਪਾ ਰਹੇ ਹਨ। ਭਾਰਤ ਦੇ ਲਈ ਯੁੱਧ ਦਾ ਪ੍ਰਭਾਵ ਸਿੱਧੇ ਤੌਰ 'ਤੇ ਵੱਡੇ ਵਪਾਰ ਘਾਟੇ, ਚਾਲੂ ਖਾਤੇ 'ਤੇ ਦਬਾਅ, ਉਦਯੋਗਾਂ ਲਈ ਉੱਚ ਇਨਪੁਟ ਲਾਗਤਾਂ ਅਤੇ ਈਂਧਨ ਟੈਕਸ ਦੁਆਰਾ ਸੰਭਾਵੀ ਵਿੱਤੀ ਦਬਾਅ ਵਿਚ ਬਦਲ ਸਕਦਾ ਹੈ।
ਈਰਾਨ ਨਾਲ ਅਮਰੀਕਾ-ਇਜ਼ਰਾਈਲ ਦੇ ਵਧ ਰਹੇ ਟਕਰਾਅ ਦੇ ਤੁਰੰਤ ਆਰਥਿਕ ਪ੍ਰਭਾਵ ਨਾਲ ਨਜਿੱਠਣ ਲਈ ਭਾਰਤ ਨੂੰ ਊਰਜਾ ਸਪਲਾਈ ਨੂੰ ਸੁਰੱਖਿਅਤ ਕਰਨ, ਲੌਜਿਸਟਿਕਸ ਦਾ ਪ੍ਰਬੰਧਨ ਕਰਨ ਅਤੇ ਗ਼ੈਰ ਜ਼ਰੂਰੀ ਵਸਤੂਆਂ ਦੇ ਆਯਾਤ 'ਚ ਭਾਰੀ ਕਟੌਤੀ ਕਰਕੇ ਆਪਣੇ ਵਪਾਰ ਸੰਤੁਲਨ ਨੂੰ ਬਣਾਉਣ 'ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ। ਉਸ ਨੂੰ ਮੌਜੂਦਾ ਹਾਲਤਾਂ 'ਚ ਹੋਰਮੁਜ਼ ਜਲਡਮਰੂ ਰਾਹੀਂ ਤੇਲ ਆਯਾਤ ਕਰਨ ਤੋਂ ਖ਼ੁਦ ਨੂੰ ਵੱਖ ਕਰਦਿਆਂ ਆਪਣੇ ਰਣਨੀਤੀਗਤ ਭੰਡਾਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਮੁਦਰਾ ਉਤਰਾਅ-ਚੜ੍ਹਾਅ ਦਾ ਪ੍ਰਬੰਧਨ ਕਰਨਾ ਪਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਸਮੇਂ ਭਾਰਤ ਕੋਲ ਲਗਭਗ 50 ਦਿਨਾਂ ਦਾ ਕੱਚਾ ਤੇਲ ਅਤੇ ਇਸ ਦੇ ਉਤਪਾਦ ਭੰਡਾਰ ਹਨ, ਰਿਫਾਇਨਰੀਆਂ ਵਿਚ ਲਗਭਗ 10 ਕਰੋੜ ਬੈਰਲ ਤੇਲ ਹੈ। ਭਾਰਤ ਨੂੰ ਹੋਰਮੁਜ਼ ਜਲਡਮਰੂ ਨੂੰ ਬਾਈਪਾਸ ਕਰਕੇ ਰੂਸ, ਅਟਲਾਂਟਿਕ ਬੇਸਿਨ (ਅਮਰੀਕਾ ਤੇ ਪੱਛਮੀ ਅਫਰੀਕਾ) ਅਤੇ ਲਾਤੀਨੀ ਅਮਰੀਕਾ (ਬ੍ਰਾਜ਼ੀਲ, ਵੈਨੇਜ਼ੁਏਲਾ) ਤੋਂ ਖਰੀਦਦਾਰੀ ਵਧਾਉਣੀ ਚਾਹੀਦੀ ਹੈ। ਭਾਰਤੀ ਰਿਫਾਇਨਰ ਹਿੰਦ ਮਹਾਂਸਾਗਰ ਤੇ ਅਰਬ ਸਾਗਰ ਵਿਚ ਸਟੋਰ ਕੀਤੇ ਰੂਸੀ ਤੇਲ ਨੂੰ ਤੁਰੰਤ ਬਫਰ ਵਜੋਂ ਵਰਤ ਸਕਦੇ ਹਨ, ਕਿਉਂਕਿ ਭਾਰਤ ਕੋਲ ਸੀਮਤ ਰਣਨੀਤਕ ਐਲ.ਪੀ.ਜੀ ਭੰਡਾਰ ਹਨ। ਇਸ ਲਈ ਸਰਕਾਰ ਹੋਰ ਗੈਰ-ਹੋਰਮੁਜ਼ ਰੂਟਾਂ ਰਾਹੀਂ ਸਪਲਾਈ ਕਰਨ ਵਾਲਿਆਂ ਤੋਂ ਤੇਜ਼ ਸ਼ਿਪਮੈਂਟ ਹਾਸਿਲ ਕਰਨ ਨੂੰ ਤਰਜੀਹ ਦੇ ਸਕਦੀ ਹੈ। ਖੇਤੀਬਾੜੀ ਉਤਪਾਦਾਂ ਦੇ ਨਿਰਯਾਤ (ਜਿਵੇਂ ਕਿ ਈਰਾਨ ਨੂੰ ਚਾਹ ਤੇ ਬਾਸਮਤੀ ਚੌਲ) ਵਿਚ ਸੰਭਾਵੀ ਰੁਕਾਵਟਾਂ ਨਾਲ ਨਜਿੱਠਣ ਲਈ ਨਿਰਯਾਤਕਾਂ ਨੂੰ ਜੋਖਮ ਦਾ ਪ੍ਰਬੰਧਨ ਕਰਨ ਲਈ ਲਾਗਤ, ਬੀਮਾ ਅਤੇ ਭਾੜੇ ਦੀਆਂ ਸ਼ਰਤਾਂ ਤੋਂ 'ਫ੍ਰੀ ਆਨ ਬੋਰਡ' ਵਿਚ ਬਦਲਣ ਦੀ ਸਲਾਹ ਦਿੱਤੀ ਜਾ ਸਕਦੀ ਹੈ। ਸਮਾਂ ਤੇਜ਼ੀ ਨਾਲ ਨਿਕਲਦਾ ਜਾ ਰਿਹਾ ਹੈ, ਸਰਕਾਰ ਨੂੰ ਖਾੜੀ 'ਚ ਜਾਰੀ ਯੁੱਧ ਦਰਮਿਆਨ ਵਪਾਰ ਤੇ ਆਰਥਿਕ ਪ੍ਰਭਾਵ ਨਾਲ ਨਜਿੱਠਣ ਲਈ ਜਲਦੀ ਫ਼ੈਸਲੇ ਲੈਣੇ ਚਾਹੀਦੇ ਹਨ।
(ਸੰਵਾਦ)

Ad Position 22
No active advertisement
ਪਿਛਲੀ ਖ਼ਬਰ 13-03-26 ਅਗਲੀ ਖ਼ਬਰ ਅਮਿਤ ਸ਼ਾਹ ਦੇ ਪੰਜਾਬ ਦੌਰੇ ਦੀ ਅਹਿਮੀਅਤ
Ad Position 24