29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਔਰਤ ਦੀ ਆਜ਼ਾਦ ਹਸਤੀ

Ad Position 21
No active advertisement
ਅਜੀਤ ਡੈਸਕ 17-04-2026

ਭਾਰਤ ਦੇ ਸਮਾਜਿਕ ਅਤੇ ਹੋਰ ਖੇਤਰਾਂ ਵਿਚ ਔਰਤ ਦੀ ਹਿੱਸੇਦਾਰੀ ਸਦੀਆਂ ਤੋਂ ਬਣੀ ਰਹੀ ਹੈ। ਸਾਡੇ ਮਹਾਨ ਗ੍ਰੰਥਾਂ ਵਿਚ ਔਰਤ ਜਾਤੀ ਦਾ ਵਿਸ਼ੇਸ਼ ਸਥਾਨ ਰਿਹਾ ਹੈ। ਲਗਾਤਾਰ ਉਸ ਦੀ ਚਰਚਾ ਚਲਦੀ ਰਹੀ ਹੈ ਅਤੇ ਉਹ ਪਿਛਲੇ ਸਮਿਆਂ ਵਿਚ ਵੀ ਉੱਚੇ ਅਹੁਦਿਆਂ 'ਤੇ ਬਿਰਾਜਮਾਨ ਰਹੀ ਹੈ, ਪਰ ਇਸ ਦੇ ਨਾਲ-ਨਾਲ ਔਰਤ ਨਾਲ ਦੁਰਵਿਵਹਾਰ ਦੀ ਗਾਥਾ ਵੀ ਤੁਰਦੀ ਰਹੀ ਹੈ। ਅਕਸਰ ਉਸ ਨੂੰ ਮਰਦ ਪ੍ਰਧਾਨ ਸਮਾਜ ਵਿਚ ਦੁਸ਼ਵਾਰੀਆਂ 'ਚੋਂ ਗੁਜ਼ਰਨਾ ਪੈਂਦਾ ਰਿਹਾ ਹੈ। ਸਦੀਆਂ ਤੋਂ ਔਰਤ ਅਜਿਹੇ ਪੜਾਵਾਂ 'ਚੋਂ ਗੁਜ਼ਰਦੀ ਰਹੀ ਹੈ, ਜਿਨ੍ਹਾਂ ਵਿਚ ਬਹੁਤਾ ਕੁਝ ਸ਼ਰਮਨਾਕ ਵੀ ਵਾਪਰਦਾ ਰਿਹਾ ਹੈ। ਉਸ ਨੂੰ ਇਕ ਤਰ੍ਹਾਂ ਨਾਲ ਗ਼ੁਲਾਮ ਬਣਾ ਕੇ ਰੱਖਿਆ ਜਾਂਦਾ ਰਿਹਾ ਹੈ। ਉਸ ਦੀ ਆਵਾਜ਼ ਵੀ ਦਬਾਈ ਜਾਂਦੀ ਰਹੀ ਹੈ, ਪਰ ਹਰ ਸਮੇਂ ਵਿਚ ਉਸ ਦੀ ਸਮਾਜਿਕ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਦੇਸ਼ ਦੀ ਸੁਤੰਤਰਤਾ ਦੇ ਸੰਘਰਸ਼ ਵਿਚ ਔਰਤ ਨੇ ਆਪਣਾ ਪੂਰਾ ਯੋਗਦਾਨ ਪਾਇਆ। ਉਸ ਦੀਆਂ ਕੁਰਬਾਨੀਆਂ ਦੀ ਗਾਥਾ ਵੱਖਰੀ ਹੈ। ਆਜ਼ਾਦੀ ਦੀ ਲੜਾਈ ਵਿਚ ਅਨੇਕਾਂ ਅਨੇਕ ਔਰਤਾਂ ਨੇ ਆਪਣਾ ਯੋਗਦਾਨ ਪਾਇਆ ਅਤੇ ਉਨ੍ਹਾਂ 'ਚੋਂ ਕੁਝ ਦੇ ਨਾਂਅ ਉੱਭਰ ਕੇ ਸਾਹਮਣੇ ਆਏ, ਜੋ ਸਭ ਲਈ ਪ੍ਰੇਰਨਾਦਾਇਕ ਸਾਬਿਤ ਹੁੰਦੇ ਰਹੇ ਹਨ। ਔਰਤ ਨੂੰ ਆਪਣੀ ਆਜ਼ਾਦ ਹਸਤੀ ਲਈ ਭਾਰਤ ਵਿਚ ਹੀ ਨਹੀਂ ਦੁਨੀਆ ਭਰ ਦੇ ਦੇਸ਼ਾਂ ਵਿਚ ਵੱਡਾ ਸੰਘਰਸ਼ ਕਰਨਾ ਪਿਆ, ਪਰ ਭਾਰਤ ਦੀ ਆਜ਼ਾਦੀ ਤੋਂ ਬਾਅਦ ਸੰਵਿਧਾਨ ਵਿਚ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ। ਉਸ ਨੂੰ ਉਸ ਸਮੇਂ ਵੋਟ ਪਾਉਣ ਦਾ ਅਧਿਕਾਰ ਮਿਲਿਆ, ਜਦੋਂ ਬਹੁਤ ਸਾਰੇ ਦੇਸ਼ਾਂ ਵਿਚ ਇਸ ਮਸਲੇ 'ਤੇ ਬਹਿਸਾਂ ਅਤੇ ਕਸ਼ਮਕਸ਼ ਚਲਦੀ ਰਹੀ ਸੀ। ਬਿਨਾਂ ਸ਼ੱਕ ਦਹਾਕਿਆਂ ਦੇ ਸਫ਼ਰ ਦੌਰਾਨ ਭਾਰਤੀ ਔਰਤ ਨੇ ਹਰ ਖੇਤਰ ਵਿਚ ਆਪਣੀ ਪ੍ਰਤਿਭਾ ਵੀ ਦਿਖਾਈ ਹੈ ਅਤੇ ਸਮੁੱਚੇ ਸਮਾਜ ਲਈ ਉਹ ਉਦਾਹਰਨ ਵੀ ਬਣੀ ਹੈ। ਸਿਆਸਤ ਦੇ ਖੇਤਰ ਵਿਚ ਵੀ ਔਰਤ ਹਰ ਉੱਚੇ ਤੋਂ ਉੱਚੇ ਅਹੁਦੇ ਤਕ ਪਹੁੰਚੀ ਹੈ ਅਤੇ ਉਸ ਦੇ ਪ੍ਰਭਾਵ ਨੂੰ ਮੰਨਿਆ ਵੀ ਜਾਂਦਾ ਰਿਹਾ ਹੈ। ਪਿਛਲੇ ਕੁਝ ਸਾਲਾਂ ਤੋਂ ਸੰਸਦ ਅਤੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਵਿਚ ਔਰਤਾਂ ਦੇ ਰਾਖਵੇਂਕਰਨ ਦੀ ਗੱਲ ਚਲਦੀ ਰਹੀ ਹੈ। ਇਸ ਸੰਬੰਧੀ ਸੰਸਦ ਵਿਚ ਕਾਨੂੰਨ ਵੀ ਪਾਸ ਕੀਤਾ ਗਿਆ ਸੀ, ਪਰ ਇਸ ਤੋਂ ਪਹਿਲਾਂ ਸਾਲ 1993 ਵਿਚ ਪੰਚਾਇਤ ਪੱਧਰ 'ਤੇ ਔਰਤਾਂ ਲਈ ਰਾਖਵਾਂਕਰਨ ਜ਼ਰੂਰੀ ਕੀਤਾ ਗਿਆ ਸੀ। ਇਸੇ ਮੰਗ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਨੇ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿਚ ਔਰਤਾਂ ਲਈ ਰਾਖਵੇਂਕਰਨ 'ਤੇ ਮੋਹਰ ਲਗਾਉਣ ਦੀ ਗੱਲ ਕੀਤੀ ਹੈ। ਇਸ ਸੰਬੰਧੀ ਪਹਿਲਾਂ ਪਾਸ ਕੀਤੇ ਗਏ ਬਿੱਲ ਨੂੰ ਤਕਨੀਕੀ ਕਾਰਨਾਂ ਕਰਕੇ ਪੂਰੀ ਤਰ੍ਹਾਂ ਲਾਗੂ ਨਹੀਂ ਸੀ ਕੀਤਾ ਜਾ ਸਕਿਆ, ਪਰ ਹੁਣ ਇਸ ਦੀਆਂ ਪੂਰੀਆਂ ਸੰਭਾਵਨਾਵਾਂ ਉਜਾਗਰ ਹੋ ਗਈਆਂ ਹਨ। ਸਰਕਾਰ ਵਲੋਂ ਇਸ ਮਕਸਦ ਲਈ ਤਿੰਨ ਬਿੱਲ ਲੋਕ ਸਭਾ ਵਿਚ ਪੇਸ਼ ਕੀਤੇ ਹਨ, ਜਿਨ੍ਹਾਂ 'ਤੇ ਚਰਚਾ ਵੀ ਆਰੰਭ ਹੋ ਗਈ ਹੈ।
ਭਾਰਤ ਅਨੇਕਾਂ ਜਾਤਾਂ-ਬਰਾਦਰੀਆਂ ਅਤੇ ਧਰਮਾਂ ਦਾ ਮਿਲਗੋਭਾ ਹੈ। ਇਸ ਕਰਕੇ ਇਸ ਸੰਬੰਧੀ ਸਮਾਜ ਵਿਚ ਉੱਠਦੇ ਰਹੇ ਮਸਲਿਆਂ ਦੀ ਕੋਈ ਕਮੀ ਨਹੀਂ ਰਹੀ, ਪਰ ਅਜਿਹਾ ਹੁੰਦਿਆਂ ਵੀ ਔਰਤ ਨੇ ਸਮੇਂ ਦੇ ਬੀਤਣ ਨਾਲ ਆਪਣਾ ਪ੍ਰਭਾਵ ਵਧਾਇਆ ਹੈ। ਇਸ ਦੇ ਹੱਕਾਂ ਦੀ ਰਾਖੀ ਲਈ ਵੀ ਹੁਣ ਤੱਕ ਅਨੇਕਾਂ ਕਾਨੂੰਨ ਬਣੇ ਹਨ, ਜਿਨ੍ਹਾਂ ਨੇ ਇਸ ਦੀ ਸਮਾਜਿਕ ਸ਼ਕਤੀ ਨੂੰ ਹੋਰ ਵੀ ਵਧਾਇਆ ਹੈ। ਅੱਜ ਔਰਤ ਹਰ ਖੇਤਰ ਵਿਚ ਅੱਗੇ ਵਧ ਕੇ ਆਪਣਾ ਯੋਗਦਾਨ ਪਾ ਰਹੀ ਹੈ। ਇਸ ਲਈ ਰਾਖਵੇਂਕਰਨ ਦਾ ਕਾਨੂੰਨ ਲਾਗੂ ਹੋਣ ਨਾਲ ਉਹ ਸਮਾਜ ਨੂੰ ਅੱਗੇ ਵਧਾਉਣ ਅਤੇ ਇਸ ਦੀ ਖ਼ੁਸ਼ਹਾਲੀ ਵਿਚ ਸਥੂਲ ਯੋਗਦਾਨ ਪਾਉਣ 'ਚ ਸਹਾਈ ਹੋਵੇਗੀ ਅਤੇ ਦੇਸ਼ ਦੀ ਵਿਕਾਸ ਗਾਥਾ ਦਾ ਇਕ ਅਹਿਮ ਹਿੱਸਾ ਬਣੇਗੀ, ਅਜਿਹੀ ਉਮੀਦ ਕੀਤੀ ਜਾਣੀ ਕੁਦਰਤੀ ਹੈ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਮਸਲੇ ਹੱਲ ਕਰੇ ਭਾਜਪਾ ਦੀ ਕੇਂਦਰੀ ਸਰਕਾਰ ਅਗਲੀ ਖ਼ਬਰ ਸਾਡਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ, ਇਹ ਸਾਡਾ ਵਰਤਮਾਨ ਹੀ ਸਾਨੂੰ ਦੱਸਦਾ ਹੈ। -ਸਵਾਮੀ ਵਿਵੇਕਾਨੰ...
Ad Position 24