29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਪੰਜਾਬ ਦੇ ਮਸਲੇ ਹੱਲ ਕਰੇ ਭਾਜਪਾ ਦੀ ਕੇਂਦਰੀ ਸਰਕਾਰ

Ad Position 21
No active advertisement
ਅਜੀਤ ਡੈਸਕ 17-04-2026

ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ,
ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ।
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ,
ਮੇਰਾ ਜੀਣਾ ਮੇਰੇ ਯਾਰ ਕਿੰਞ ਸਹਿਣਗੇ।
(ਸੁਰਜੀਤ ਪਾਤਰ)

ਇਕ ਪਾਸੇ ਭਾਜਪਾ ਪੰਜਾਬ ਵਿਚ ਵਿਧਾਨ ਸਭਾ ਦੀਆਂ ਅਗਾਮੀ ਚੋਣਾਂ ਇਕੱਲਿਆਂ ਲੜ ਕੇ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੀ ਹੈ, ਇਸ ਸੰਬੰਧੀ ਭਾਜਪਾ ਦੇ ਸੀਨੀਅਰ ਆਗੂ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਮੋਗੇ ਦੀ ਰੈਲੀ ਵਿਚ ਬਾਕਾਇਦਾ ਐਲਾਨ ਵੀ ਕਰ ਗਏ ਹਨ, ਪਰ ਦੂਜੇ ਪਾਸੇ ਗਾਹੇ-ਬਗਾਹੇ ਭਾਜਪਾ ਵਲੋਂ ਕਾਂਗਰਸ ਦੀ ਤਰ੍ਹਾਂ ਪੰਜਾਬ ਤੇ ਸਿੱਖ ਭਾਈਚਾਰੇ ਨਾਲ ਧੱਕੇ ਕਰਨ ਦੀਆਂ ਖ਼ਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ। ਹੁਣ ਤਾਜ਼ਾ ਮਾਮਲਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਚੋਂ ਪੰਜਾਬ ਦੀ ਸਥਾਈ ਨੁਮਾਇੰਦਗੀ (ਮੈਂਬਰ ਪਾਵਰ) ਵਜੋਂ ਖਤਮ ਕਰਨ ਅਤੇ ਰਾਜਸਥਾਨ ਤੇ ਹਿਮਾਚਲ ਨੂੰ ਬੀ.ਬੀ.ਐਮ.ਬੀ. ਦੇ ਪੱਕੇ ਮੈਂਬਰ ਬਣਾਉਣ ਦਾ ਮਾਮਲਾ ਸਾਡੇ ਸਾਹਮਣੇ ਆ ਚੁੱਕਾ ਹੈ। ਜੇ ਭਾਜਪਾ ਪੰਜਾਬ 'ਤੇ ਰਾਜ ਕਰਨ ਦੀ ਸੋਚ ਰਹੀ ਹੈ ਤਾਂ ਉਸ ਨੂੰ ਪੰਜਾਬੀਆਂ ਤੇ ਸਿੱਖ ਭਾਈਚਾਰੇ ਦੇ ਮਸਲੇ ਹੱਲ ਕਰਨੇ ਪੈਣਗੇ।
ਪੰਜਾਬੀਆਂ ਤੇ ਸਿੱਖਾਂ ਦੀਆਂ ਸ਼ਿਕਾਇਤਾਂ ਤੇ ਮਸਲੇ
ਵੈਸੇ ਤਾਂ ਸਮੇਂ ਦੀਆਂ ਸਾਰੀਆਂ ਕੇਂਦਰੀ ਸਰਕਾਰਾਂ ਨੇ ਪੰਜਾਬ ਤੇ ਸਿੱਖਾਂ ਨਾਲ ਧੱਕੇ ਕੀਤੇ ਹਨ ਤੇ ਉਨ੍ਹਾਂ ਦੇ ਮਸਲੇ ਜਾਂ ਲਟਕਾਏ ਹਨ ਜਾਂ ਅਣਸੁਣੇ ਕੀਤੇ ਹਨ। ਪਰ ਮੈਂ ਭਾਜਪਾ ਦੇ ਚਾਣਕਿਆ ਅਮਿਤ ਸ਼ਾਹ ਨੂੰ ਇਹ ਜ਼ਰੂਰ ਕਹਾਂਗਾ ਕਿ ਜੇ ਸੱਚਮੁੱਚ ਪੰਜਾਬ 'ਤੇ ਰਾਜ ਕਰਨ ਦੀ ਚਾਹਤ ਹੈ ਤਾਂ ਪੰਜਾਬੀਆਂ ਤੇ ਸਿੱਖਾਂ ਦੇ ਮਸਲੇ ਜ਼ਰੂਰ ਵਿਚਾਰੋ ਤੇ ਹੱਲ ਕਰੋ, ਭਾਜਪਾ ਸਿੱਖਾਂ ਲਈ ਅਛੂਤ ਨਹੀਂ ਹੈ। ਇਨ੍ਹਾਂ ਮਸਲਿਆਂ ਵਿਚੋਂ ਪ੍ਰਮੁੱਖ ਹਨ:
ਐਮ.ਐਸ.ਪੀ. ਲਾਗੂ ਨਾ ਹੋਣੀ : ਹਾਲਾਂਕਿ ਲੰਮੇ ਸੰਘਰਸ਼ ਤੋਂ ਬਾਅਦ ਹੀ ਕੇਂਦਰ ਸਰਕਾਰ ਤਿੰਨ ਖੇਤੀ ਕਾਨੂੰਨ ਵਾਪਸ ਲੈਣ 'ਤੇ ਮਜਬੂਰ ਹੋਈ। ਉਸ ਵੇਲੇ ਐਮ.ਐਸ.ਪੀ. ਦੀ ਕਾਨੂੰਨੀ ਗਾਰੰਟੀ ਦੇਣਾ ਸੰਕੇਤਕ ਰੂਪ ਵਿਚ ਮੰਨ ਲਿਆ ਗਿਆ ਸੀ ਪਰ ਇਹ ਅਜੇ ਤੱਕ ਲਾਗੂ ਨਹੀਂ ਹੋਈ।
ਐਸ.ਵਾਈ.ਐਲ. ਨਹਿਰ ਤੇ ਪਾਣੀ ਦਾ ਵਿਵਾਦ : ਭਾਵੇਂ ਇਹ ਮਾਮਲਾ ਕਾਂਗਰਸ ਰਾਜ ਵੇਲੇ ਉਲਝਿਆ, ਪਰ ਇਸ ਦਰਮਿਆਨ ਅਟੱਲ ਬਿਹਾਰੀ ਵਾਜਪਈ ਸਮੇਤ ਭਾਜਪਾ ਨੇ ਹੁਣ ਤੱਕ 17 ਸਾਲ ਰਾਜ ਕੀਤਾ ਹੈ। ਸੁਪਰੀਮ ਕੋਰਟ ਦਾ ਫ਼ੈਸਲਾ ਹੈਰਾਨੀਜਨਕ ਹੈ ਕਿ ਪਾਣੀ ਹੈ ਕਿ ਨਹੀਂ ਬਾਅਦ ਵਿਚ ਦੇਖਾਂਗੇ, ਪਹਿਲਾਂ ਨਹਿਰ ਬਣਾਓ, ਪਰ ਭਾਜਪਾ ਸਰਕਾਰ ਨੇ ਇਹ ਮਾਮਲਾ ਹੱਲ ਕਰਨ ਲਈ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ।
ਚੰਡੀਗੜ੍ਹ ਪੰਜਾਬ ਦਾ ਹੈ : ਵਾਰ-ਵਾਰ ਫੈਸਲੇ ਹੋਏ ਕਿ ਚੰਡੀਗੜ੍ਹ ਪੰਜਾਬ ਦਾ ਹੈ ਪਰ ਕਾਂਗਰਸ ਸਰਕਾਰਾਂ ਵੇਲੇ ਪੰਜਾਬ ਨੂੰ ਸੌਂਪਣ ਵੇਲੇ ਧੋਖਾ ਤੇ ਧੱਕਾ ਕੀਤਾ ਜਾਂਦਾ ਰਿਹਾ ਪਰ ਭਾਜਪਾ ਵੀ ਉਸੇ ਹੀ ਰਸਤੇ ਚੱਲ ਰਹੀ ਹੈ, ਸਗੋਂ ਇਕ ਕਦਮ ਅੱਗੇ ਹੋ ਕੇ ਵਾਰ-ਵਾਰ ਚੰਡੀਗੜ੍ਹ ਨੂੰ ਪੱਕਾ ਕੇਂਦਰੀ ਪ੍ਰਦੇਸ਼ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਯੂਨੀਵਰਸਿਟੀ ਪੱਕੇ ਤੌਰ 'ਤੇ ਖੋਹਣ ਦੀਆਂ ਕੋਸ਼ਿਸ਼ਾਂ ਵੀ ਤੇਜ ਹਨ। ਚੰਡੀਗੜ੍ਹ ਦੀ ਡੈਮੋਗ੍ਰਾਫੀ ਤਾਂ ਬਦਲੀ ਹੀ ਜਾ ਚੁੱਕੀ ਹੈ।
ਬਾਰਡਰ ਵਪਾਰ ਲਈ ਬੰਦ ਰੱਖਣੇ : ਇਹ ਠੀਕ ਹੈ ਕਿ ਇਸ ਵੇਲੇ ਭਾਰਤ-ਪਾਕਿਸਤਾਨ ਸੰਬੰਧ ਠੀਕ ਨਹੀਂ, ਆਪ੍ਰੇਸ਼ਨ ਸਿੰਧੂਰ ਕਾਗਜ਼ਾਂ ਵਿਚ ਅਜੇ ਵੀ ਜਾਰੀ ਹੈ। ਪਰ ਕਦੇ ਵੀ ਬੈਕ ਡੋਰ ਗੱਲਬਾਤ ਬੰਦ ਨਹੀਂ ਹੁੰਦੀ, ਚੀਨ ਨਾਲ ਡੋਕਲਾਮ ਤੇ ਗਲਵਾਨ ਝੜਪਾਂ ਦੇ ਬਾਵਜੂਦ ਵਪਾਰ ਬੰਦ ਨਹੀਂ ਹੋਇਆ। ਪਾਕਿਸਤਾਨ ਨੂੰ ਵੀ ਦਵਾਈਆਂ ਆਦਿ ਤੀਸਰੇ ਦੇਸ਼ਾਂ ਰਾਹੀਂ ਜਾ ਰਹੀਆਂ ਹਨ ਪਰ ਲੈਂਡ ਲਾਕਡ ਪੰਜਾਬ ਦਾ ਜ਼ਮੀਨੀ ਸਰਹੱਦ ਰਾਹੀਂ ਵਪਾਰ ਰੋਕਣਾ ਪੰਜਾਬ ਦਾ ਗਲਾ ਘੁੱਟਣ ਦੇ ਸਮਾਨ ਹੈ। ਇਥੋਂ ਤੱਕ ਕਿ ਪੰਜਾਬ ਦਾ ਸਮਾਨ ਜੋ ਮੱਧ ਪੂਰਬ ਅਤੇ ਯੂਰਪੀਨ ਦੇਸ਼ਾਂ ਨੂੰ ਜਾਂਦਾ ਹੈ, ਉਹ ਪਹਿਲਾਂ ਮੁੰਬਈ ਜਾਂ ਗੁਜਰਾਤ ਦੀਆਂ ਬੰਦਰਗਾਹਾਂ 'ਤੇ ਭੇਜਣਾ ਪੈਂਦਾ ਹੈ, ਜੋ ਕੁਦਰਤੀ ਤੌਰ 'ਤੇ ਬਰਾਮਦ ਲਈ ਮਹਿੰਗਾ ਹੋ ਜਾਂਦਾ ਹੈ। ਮੁਕਾਬਲੇ ਦੇ ਦੌਰ ਵਿਚ ਪੰਜਾਬ ਦੇ ਉਦਯੋਗਪਤੀਆਂ ਨੂੰ ਬੰਦਰਗਾਹਾਂ ਨੇੜਲੇ ਜਾਂ ਵੱਧ ਸਹੂਲਤਾਂ ਵਾਲੇ ਇਲਾਕਿਆਂ ਵਿਚ ਆਪਣੇ ਉਦਯੋਗ ਜਾਂ ਤਾਂ ਸ਼ਿਫਟ ਕਰਨੇ ਪੈ ਰਹੇ ਹਨ ਜਾਂ ਨਵੇਂ ਉਦਯੋਗ ਪੰਜਾਬ ਦੀ ਥਾਂ ਬਾਹਰ ਲਾਉਣੇ ਪੈ ਰਹੇ ਹਨ। ਕਿਸਾਨਾਂ ਨੂੰ ਪਾਕਿਸਤਾਨ ਨਾਲ ਵਪਾਰ ਖੁੱਲ੍ਹਣ 'ਤੇ ਦੋਗੁਣਾ ਫਾਇਦਾ ਹੋ ਸਕਦਾ ਹੈ। ਕਿਹਾ ਜਾਂਦਾ ਹੈ ਕਿ ਵਪਾਰ ਨਾਲ ਪਾਕਿਸਤਾਨ ਤੋਂ ਨਸ਼ਾ ਤੇ ਹਥਿਆਰ ਆਉਂਦੇ ਹਨ, ਕੀ ਹੁਣ ਨਹੀਂ ਆ ਰਹੇ?
ਸਾਡੇ ਇਤਿਹਾਸਕ ਗੁਰਦੁਆਰੇ : ਮੈਂ ਅਜਿਹੇ ਸਾਰੇ ਗੁਰਦੁਆਰਿਆਂ ਦੀ ਗੱਲ ਨਹੀਂ ਕਰਦਾ, ਪਰ ਕੁਝ ਪ੍ਰਮੁੱਖ ਸਥਾਨ ਜਿਨ੍ਹਾਂ ਵਿਚ ਗੁਰਦੁਆਰਾ ਵਿਖੇ ਹਰ ਕੀ ਪੌੜੀ ਤੇ ਗੁਰੂ ਨਾਨਕ ਸਾਹਿਬ ਦਾ ਇਤਿਹਾਸਕ ਗੁਰਦੁਆਰਾ 'ਗਿਆਨ ਗੋਦੜੀ' ਜੋ 1984 ਵਿਚ ਢਾਹ ਦਿੱਤਾ ਗਿਆ ਸੀ, ਭਾਜਪਾ ਦੀ ਸਰਕਾਰ ਨੇ ਵੀ 12 ਸਾਲਾਂ ਵਿਚ ਦੁਬਾਰਾ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ। 2017-18 ਵਿਚ ਭਾਜਪਾ ਦੇ ਰਾਜ ਵਿਚ ਸਿੱਕਮ ਵਿਚ ਸਥਿਤ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ 'ਡਾਂਗ ਮਾਰ' ਸਾਹਿਬ 'ਤੇ ਬੋਧੀ ਲਾਮਿਆਂ ਨੇ ਕਬਜ਼ਾ ਕਰ ਲਿਆ ਤੇ ਬੋਧੀ ਮੰਦਰ ਬਣਾ ਲਿਆ। ਮਾਮਲਾ ਭਾਵੇਂ ਅਦਾਲਤ ਵਿਚ ਹੈ, ਪਰ ਕੇਂਦਰ ਸਰਕਾਰ ਨੇ ਇਸ ਵਿਚ ਸਮਝੌਤੇ ਜਾਂ ਇਨਸਾਫ਼ ਲਈ ਕੋਈ ਪਹਿਲ ਕਦਮੀ ਨਹੀਂ ਕੀਤੀ। ਉਡੀਸ਼ਾ ਵਿਚ ਜਗਨ ਨਾਥ ਪੁਰੀ ਵਿਚ ਗੁਰਦੁਆਰਾ 'ਮੰਗੂ ਮੱਠ' ਜਿਥੇ ਗੁਰੂ ਨਾਨਕ ਦੇਵ ਜੀ ਕਈ ਦਿਨ ਠਹਿਰੇ ਸੁੰਦਰੀਕਰਨ ਦੇ ਨਾਂਅ 'ਤੇ ਢਾਹ ਦਿੱਤਾ ਗਿਆ। ਮਾਮਲਾ ਅਦਾਲਤ ਵਿਚ ਹੈ, ਹੁਣ ਤੇ ਰਾਜ ਸਰਾਕਰ ਵੀ ਭਾਜਪਾ ਦੀ ਹੈ ਪਰ ਉਸ ਲਈ ਸਹੀ ਬਦਲਵੀਂ ਥਾਂ ਦੇਣ ਲਈ ਭਾਜਪਾ ਸਰਕਾਰ ਨੇ ਕੋਈ ਹੱਲ ਨਹੀਂ ਕੀਤਾ। ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਨਿਜਾਮ ਹੈਦਰਾਬਾਦ ਵਲੋਂ ਦਿੱਤੀ ਹਜ਼ਾਰਾਂ ਏਕੜ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਛੁਡਾਉਣ ਲਈ ਸਰਕਾਰ ਕੁਝ ਨਹੀਂ ਕਰਦੀ, ਹਾਲਾਂਕਿ ਅਦਾਲਤ ਨੇ ਸਖ਼ਤ ਟਿੱਪਣੀਆਂ ਵੀ ਕੀਤੀਆਂ ਹਨ।
ਸਿੱਖ ਸੰਸਥਾਵਾਂ ਦਾ ਨਿਘਾਰ : ਸਿੱਖ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਬੋਰਡ ਹਜ਼ੂਰ ਸਾਹਿਬ, ਸਿੱਖ ਬੋਰਡ ਪਟਨਾ ਸਾਹਿਬ, ਜੰਮੂ-ਕਸ਼ਮੀਰ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਸੰਸਥਾਵਾਂ ਦੀਆਂ ਚੋਣਾਂ ਨਾ ਕਰਵਾ ਕੇ ਉਨ੍ਹਾਂ ਨੂੰ ਨਿਘਾਰ ਵੱਲ ਧੱਕਿਆ ਜਾ ਰਿਹਾ ਹੈ। ਜੇ ਇਹ ਚੋਣਾਂ ਲਗਾਤਾਰ ਸਮੇਂ ਸਿਰ ਹੋਣ ਤਾਂ ਸਿੱਖ ਲੀਡਰਸ਼ਿਪ ਸਰਵਪ੍ਰਵਾਨਿਤ ਤੇ ਸਮਰੱਥ ਹੋ ਸਕਦੀ ਹੈ।
ਦਹਾਕਿਆਂ ਤੋਂ ਲਟਕ ਰਹੀਆਂ ਮੰਗਾਂ : ਸੰਘਾਤਮਕ ਢਾਂਚੇ ਦੀ ਮਜ਼ਬੂਤੀ ਲਈ, ਪਾਣੀਆਂ ਸੰਬੰਧੀ ਰਾਇਪੇਰੀਅਨ ਕਾਨੂੰਨ ਲਾਗੂ ਕਰਨੇ, ਪੰਜਾਬੀ ਨੂੰ ਗੁਆਂਢੀ ਰਾਜਾਂ ਵਿਚ ਉਸ ਦਾ ਹੱਕ ਦੇਣਾ ਅਤੇ ਪੰਜਾਬੀ ਬੋਲਦੇ ਇਲਾਕੇ ਦੇਣ ਵੱਲ ਵੀ ਕਿਸੇ ਨੇ ਕੋਈ ਧਿਆਨ ਨਹੀਂ ਕੀਤਾ।
ਸ਼੍ਰੋਮਣੀ ਕਮੇਟੀ ਦਾ ਪ੍ਰਭਾਵ ਘਟਾਉਣਾ : ਸ਼੍ਰੋਮਣੀ ਕਮੇਟੀ ਜੋ ਸਿੱਖਾਂ ਦੀ ਪਾਰਲੀਮੈਂਟ ਮੰਨੀ ਜਾਂਦੀ ਹੈ, ਦਾ ਪ੍ਰਭਾਵ ਏਨਾ ਘਟਾ ਦਿੱਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਜਿਨ੍ਹਾਂ ਨੂੰ ਕਈ ਆਮ ਆਦਮੀ ਵੀ ਮਿਲ ਲੈਂਦੇ ਹਨ, ਸਾਲਾਂਬੱਧੀ ਉਡੀਕ ਤੋਂ ਬਾਅਦ ਵੀ ਸ਼੍ਰੋਮਣੀ ਕਮੇਟੀ ਦੇ ਵਫ਼ਦ ਜਾਂ ਕਮੇਟੀ ਨੂੰ ਮਿਲਣ ਲਈ ਸਮਾਂ ਦੇਣ ਲਈ ਤਿਆਰ ਨਹੀਂ ਹਨ। ਦੂਜੇ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਉਨ੍ਹਾਂ ਵਲੋਂ ਕੈਦ ਪੂਰੀ ਕਰ ਲਏ ਜਾਣ ਬਾਅਦ ਵੀ ਨਹੀਂ ਕੀਤੀ ਗਈ ਤੇ ਬਹੁਤਿਆਂ ਨੂੰ ਪੈਰੋਲ ਵੀ ਨਹੀਂ ਮਿਲਦੀ, ਜਦੋਂਕਿ ਕਤਲ ਅਤੇ ਜਬਰ ਜਨਾਹ ਦੇ ਮਾਮਲਿਆਂ ਵਿਚ ਦੋਸ਼ੀਆਂ ਨੂੰ ਵੋਟਾਂ ਦੇ ਮੱਦੇਨਜ਼ਰ ਆਏ ਦਿਨ ਪੈਰੋਲ ਦੇ ਦਿੱਤੀ ਜਾਂਦੀ ਹੈ। ਕੇਂਦਰ ਨੇ 9 ਸਿੱਖਾਂ ਦੀ ਰਿਹਾਈ ਦਾ ਐਲਾਨ ਵੀ ਕੀਤਾ ਸੀ ਪਰ...।
ਕੋਈ ਆਰਥਿਕ ਪੈਕੇਜ ਨਹੀਂ : ਪੰਜਾਬ ਇਕ ਸਰਹੱਦੀ ਸੂਬਾ ਹੈ, ਗੁਆਂਢੀ ਹਿਮਾਚਲ ਨੂੰ ਵੱਡਾ ਆਰਥਿਕ ਪੈਕੇਜ ਤੇ ਸਹੂਲਤਾਂ ਦਿੱਤੀਆਂ ਗਈਆਂ ਹਨ ਪਰ ਪੰਜਾਬ ਨੂੰ ਕੋਈ ਆਰਥਿਕ ਪੈਕੇਜ ਨਹੀਂ, ਹੋਰ ਤਾਂ ਹੋਰ ਹੜ੍ਹਾਂ ਦੀ ਮਾਰ ਵਿਚ ਸਹਾਇਤਾ ਲਈ ਐਲਾਨੇ 1600 ਕਰੋੜ ਰੁਪਏ ਵੀ ਖਾਤਿਆਂ ਵਿਚ ਹੀ ਐਡਜਸਟ ਕਰ ਦਿੱਤੇ ਗਏ ਹਨ।
ਬੀ.ਐਸ.ਐਫ. ਦਾ ਖੇਤਰ : 2021 ਵਿਚ ਪੰਜਾਬ ਦੀਆਂ ਸਰਹੱਦਾਂ ਤੋਂ 50 ਕਿਲੋਮੀਟਰ ਤੱਕ ਦਾ ਖੇਤਰ ਬੀ.ਐਸ.ਐਫ. ਦੇ ਹਵਾਲੇ ਕਰ ਦਿੱਤਾ ਗਿਆ। ਇਸ ਨਾਲ ਨਸ਼ੇ ਤੇ ਹਥਿਆਰਾਂ ਦੀ ਆਮਦ ਤਾਂ ਨਹੀਂ ਰੁਕੀ ਪਰ ਪੰਜਾਬ ਦੇ ਸੰਘਾਤਮਿਕ ਅਧਿਕਾਰ 'ਤੇ ਚੋਟ ਜ਼ਰੂਰ ਵੱਜੀ ਹੈ।
ਸਿੱਖ ਇਤਿਹਾਸ 'ਤੇ ਚੋਟ : ਹਾਲਾਂਕਿ ਕੇਂਦਰ ਸਰਕਾਰ ਦਾ ਸਕੂਲਾਂ, ਕਾਲਜਾਂ ਵਿਚ ਸਿੱਖ ਇਤਿਹਾਸ ਪੜ੍ਹਾਉਣ ਦਾ ਫ਼ੈਸਲਾ ਸ਼ਲਾਘਾਯੋਗ ਹੈ ਪਰ ਇਸ ਸਿਲੇਬਸ ਬਾਰੇ ਆਏ ਦਿਨ ਸਵਾਲ ਉਠਦੇ ਰਹਿੰਦੇ ਹਨ। ਕਿਉਂ ਨਹੀਂ ਇਸ ਸਿਲੇਬਸ ਬਾਰੇ ਸਿੱਖ ਵਿਦਵਾਨਾਂ ਜਾਂ ਸ਼੍ਰੋਮਣੀ ਕਮੇਟੀ ਵਲੋਂ ਨਿਯੁਕਤ ਵਿਦਵਾਨਾਂ ਨਾਲ ਸਲਾਹ ਕਰ ਲਈ ਜਾਂਦੀ।
ਅਸੀਂ ਅਮਿਤ ਸ਼ਾਹ ਜੀ ਨੂੰ ਕਹਿਣਾ ਚਾਹੁੰਦੇ ਹਾਂ ਸਿੱਖਾਂ ਲਈ ਭਾਜਪਾ ਅਛੂਤ ਨਹੀਂ, ਜੇਕਰ ਪੰਜਾਬ ਤੇ ਰਾਜ ਕਰਨਾ ਹੈ ਤਾਂ ਪਹਿਲਾਂ ਪੰਜਾਬੀਆਂ ਤੇ ਸਿੱਖਾਂ ਦੇ ਮਸਲੇ ਹੱਲ ਕਰੋ, ਇਹ ਨਾ ਕਹੋ ਕਿ ਸਾਡਾ ਰਾਜ ਆਵੇਗਾ ਤਾਂ ਹੱਲ ਕਰਾਂਗੇ, ਬਹੁਤੇ ਮਸਲੇ ਕੇਂਦਰੀ ਸਰਕਾਰ ਨੇ ਹੱਲ ਕਰਨੇ ਹਨ, ਪੰਜਾਬ ਸਰਕਾਰ ਨੇ ਨਹੀਂ। ਜੇ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਪੰਜਾਬੀ ਤੇ ਖਾਸ ਕਰ ਕੇ ਸਿੱਖ ਤੁਹਾਡੇ 'ਤੇ ਵਿਸ਼ਵਾਸ ਕਰਨ ਵਿਚ ਔਖ ਮਹਿਸੂਸ ਕਰਨਗੇ, ਭਾਵੇਂ ਤੁਸੀਂ ਕਿੰਨਾ ਵੀ ਵੱਡਾ ਸਿੱਖ ਚਿਹਰਾ ਭਾਜਪਾ ਵਿਚ ਸ਼ਾਮਿਲ ਕਰ ਲਵੋ।
ਵੋ ਤੇਰਾ ਤਰਜ਼-ਏ-ਤਗ਼ਾਫੁਲ, ਯੇ ਤੇਰਾ ਬੇਗਾਨਾਪਨ
ਵੋ ਅਲਗ ਦੇਖਾ ਹੂਆ ਹੈ ਯੇ ਜੁਦਾ ਦੇਖਾ ਹੂਆ।
(ਜ਼ਫ਼ਰ ਇਕਬਾਲ)
(ਤਰਜ਼-ਏ-ਤਗ਼ਾਫੁਲ = ਬੇਖ਼ਬਰੀ ਦਾ ਅੰਦਾਜ)

-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
E. mail : hslall@ymail.com

Ad Position 22
No active advertisement
ਪਿਛਲੀ ਖ਼ਬਰ ਹਿਮੋਫੀਲੀਆ : ਸਿਦਕ ਤੇ ਸਬਰ ਦੀ ਸਦੀਵੀ ਜੰਗ ਅਗਲੀ ਖ਼ਬਰ ਔਰਤ ਦੀ ਆਜ਼ਾਦ ਹਸਤੀ
Ad Position 24