29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਹਿਮੋਫੀਲੀਆ : ਸਿਦਕ ਤੇ ਸਬਰ ਦੀ ਸਦੀਵੀ ਜੰਗ

Ad Position 21
No active advertisement
ਅਜੀਤ ਡੈਸਕ 17-04-2026

ਅੱਜ ਵਿਸ਼ਵ ਹਿਮੋਫੀਲੀਆ ਦਿਵਸ 'ਤੇ ਵਿਸ਼ੇਸ਼

ਅੱਜ ਦਾ ਦਿਨ ਵਿਸ਼ਵ ਹਿਮੋਫੀਲੀਆ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਮੌਕਾ ਮਹਿਜ਼ ਕੋਈ ਰਸਮੀ ਦਿਨ ਨਹੀਂ, ਸਗੋਂ ਉਨ੍ਹਾਂ ਸਭਨਾਂ ਦੇ ਸੰਘਰਸ਼ ਨੂੰ ਦਿਲੋਂ ਯਾਦ ਕਰਨ ਦਾ ਵੇਲਾ ਹੈ, ਜੋ ਆਪਣੀ ਪੈਦਾਇਸ਼ ਤੋਂ ਹੀ ਆਪਣੇ ਹੀ ਖ਼ੂਨ ਦੀ ਫ਼ਿਤਰਤ ਨਾਲ ਨਿਰੰਤਰ ਜੂਝਦੇ ਆ ਰਹੇ ਹਨ। ਦਰਅਸਲ ਹਿਮੋਫੀਲੀਆ ਸਿਰਫ਼ ਇਕ ਜਮਾਂਦਰੂ ਸਰੀਰਕ ਬਿਮਾਰੀ ਹੀ ਨਹੀਂ, ਸਗੋਂ ਇਹ ਮਨੁੱਖੀ ਸਿਦਕ ਦੀ ਇਕ ਸਦੀਵੀ ਪ੍ਰੀਖਿਆ ਹੈ। ਇਸ ਬਿਮਾਰੀ ਵਾਲੇ ਮਰੀਜ਼ਾਂ ਨੂੰ ਸਮੱਸਿਆ ਇਹ ਆਉਂਦੀ ਹੈ ਕਿ ਸੱਟ ਲੱਗਣ ਜਾਂ ਸਰਜਰੀ ਹੋਣ ਤੋਂ ਬਾਅਦ ਖੂਨ ਦਾ ਵਹਿਣਾ ਛੇਤੀ ਕੀਤਿਆਂ ਬੰਦ ਨਹੀਂ ਹੁੰਦਾ। ਭਾਰਤ ਵਿਚ ਹਿਮੋਫੀਲੀਆ ਦੇ ਇਲਾਜ ਦਾ ਇਤਿਹਾਸ ਬਹੁਤ ਚੁਣੌਤੀਪੂਰਨ ਰਿਹਾ ਹੈ। 20ਵੀਂ ਸਦੀ ਦੇ ਅੱਧ ਤੱਕ ਇਲਾਜ ਦਾ ਇਕੋ-ਇਕ ਸਾਧਨ 'ਵ੍ਹੋਲ ਬਲੱਡ' (Who&e 2&ood) ਚੜ੍ਹਾਉਣਾ ਸੀ। ਫਿਰ 70-80 ਦੇ ਦਹਾਕੇ 'ਚ 'ਫਰੈਸ਼ ਫਰੋਜ਼ਨ ਪਲਾਜ਼ਮਾ' ਤੇ 'ਕਰਾਇਓਪ੍ਰੈਸੀਪੀਟੇਟ' ਦੀ ਵਰਤੋਂ ਸ਼ੁਰੂ ਹੋਈ। 90 ਦੇ ਦਹਾਕੇ 'ਚ ਜਦੋਂ ਪਲਾਜ਼ਮਾ-ਆਧਾਰਤ ਫੈਕਟਰ ਭਾਰਤ ਵਿਚ ਆਏ, ਉਦੋਂ ਵਾਇਰਲ ਸਕ੍ਰੀਨਿੰਗ ਸਖ਼ਤ ਨਾ ਹੋਣ ਕਾਰਨ ਕਈ ਮਰੀਜ਼ ਅਨਜਾਣੇ 'ਚ ਕਈ ਹੋਰ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਵੀ ਹੋਏ ਪਰ ਅੱਜ ਸਮਾਂ ਬਦਲ ਚੁੱਕਾ ਹੈ। ਅੱਜ ਵਿਗਿਆਨਕ ਤਰੱਕੀ ਸਦਕਾ 'ਐਮੀਸੀਜ਼ੁਮੈਬ' ਵਰਗੀਆਂ ਨਾਨ-ਫੈਕਟਰ ਥੈਰੇਪੀਆਂ ਉਪਲਬਧ ਹਨ। ਇਹ ਦਵਾਈਆਂ ਚਮੜੀ ਦੇ ਹੇਠਾਂ ਟੀਕੇ ਵਜੋਂ ਲਈਆਂ ਜਾਂਦੀਆਂ ਹਨ, ਜਿਸ ਨਾਲ ਵਾਰ-ਵਾਰ ਨਸਾਂ ਵਿੰਨ੍ਹਣ ਦੀ ਪੀੜਾ ਨਹੀਂ ਸਹਿਣੀ ਪੈਂਦੀ। ਸਿਹਤ ਸਹੂਲਤਾਂ 'ਚ ਸੁਧਾਰ ਦੀ ਗੱਲ ਕਰੀਏ ਤਾਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਹ ਪੁਰਜ਼ੋਰ ਅਪੀਲ ਹੈ ਕਿ ਮੰਗ ਅਨੁਸਾਰ ਇਲਾਜ ਦੀ ਥਾਂ ਰੋਕਥਾਮ ਨੂੰ ਸਰਕਾਰੀ ਸਿਹਤ ਨੀਤੀ ਦਾ ਅਨਿੱਖੜਵਾਂ ਅੰਗ ਬਣਾਇਆ ਜਾਵੇ। ਹਰ ਜ਼ਿਲ੍ਹਾ ਪੱਧਰ 'ਤੇ ਹਿਮੋਫੀਲੀਆ ਟ੍ਰੀਟਮੈਂਟ ਸੈਂਟਰ ਹੋਣੇ ਚਾਹੀਦੇ ਹਨ, ਜਿੱਥੇ ਫੈਕਟਰ ਦੇ ਨਾਲ-ਨਾਲ ਫਿਜ਼ੀਓਥੈਰੇਪੀ ਦੀ ਸਹੂਲਤ ਵੀ ਹੋਵੇ। ਜੇ ਅਸੀਂ ਇਕ ਨਰੋਏ ਸਮਾਜ ਦੀ ਸਿਰਜਣਾ ਕਰਨੀ ਹੈ ਤਾਂ ਹਿਮੋਫੀਲੀਆ ਮਰੀਜ਼ਾਂ ਨੂੰ ਪਹਿਲ ਦੇ ਆਧਾਰ 'ਤੇ ਮੁਫ਼ਤ ਤੇ ਆਧੁਨਿਕ ਦਵਾਈਆਂ ਮੁਹੱਈਆ ਕਰਵਾਉਣਾ ਸਰਕਾਰਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਇਸ ਬਿਮਾਰੀ ਦਾ ਸਭ ਤੋਂ ਗੰਭੀਰ ਪਹਿਲੂ ਇਸ ਦੀ ਮਾਨਸਿਕ ਚੁਣੌਤੀ ਹੈ।
ਇਕ ਅੰਦਾਜ਼ੇ ਮੁਤਾਬਕ ਭਾਰਤ 'ਚ ਹਿਮੋਫੀਲੀਆ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਲਗਭਗ 1 ਲੱਖ 40 ਹਜ਼ਾਰ ਹੋਣ ਦੀ ਸੰਭਾਵਨਾ ਹੈ ਪਰ ਅਫ਼ਸੋਸ ਕਿ ਹੁਣ ਤੱਕ ਸਾਡੇ ਕੋਲ ਸਿਰਫ਼ 27,000 ਦੇ ਕਰੀਬ ਮਰੀਜ਼ ਹੀ ਰਜਿਸਟਰਡ ਹੋ ਸਕੇ ਹਨ। ਇਸ ਦਾ ਮਤਲਬ ਹੈ ਕਿ ਇਕ ਬਹੁਤ ਵੱਡੀ ਗਿਣਤੀ ਅਜਿਹੇ ਪੀੜਤਾਂ ਦੀ ਹੈ, ਜੋ ਅਜੇ ਤੱਕ ਸਹੀ ਪਛਾਣ ਤੇ ਸਰਕਾਰੀ ਸਹੂਲਤਾਂ ਦੀ ਪਹੁੰਚ ਤੋਂ ਕੋਹਾਂ ਦੂਰ ਹਨ। ਕਰਨਾਟਕ ਤੇ ਕੇਰਲ ਵਰਗੇ ਸੂਬਿਆਂ ਦੀ ਮਿਸਾਲ ਸਾਡੇ ਸਾਹਮਣੇ ਹੈ, ਜਿਨ੍ਹਾਂ ਨੇ 'ਪ੍ਰੋਫਾਈਲੈਕਸਿਸ' ਨੂੰ ਸਰਕਾਰੀ ਪੱਧਰ 'ਤੇ ਲਾਗੂ ਕਰਕੇ ਮਰੀਜ਼ਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਸੰਘਰਸ਼ਮਈ ਸਫ਼ਰ ਵਿਚ ਪੀ.ਜੀ.ਆਈ. ਚੰਡੀਗੜ੍ਹ ਦਾ ਰੋਲ ਇਕ ਜੀਵਨਦਾਤਾ ਵਾਂਗ ਰਿਹਾ ਹੈ। ਖ਼ਾਸ ਤੌਰ 'ਤੇ ਹੈਮੋਟੋਲੋਜੀ ਵਿਭਾਗ ਦੇ ਪ੍ਰੋਫੈਸਰ ਪੰਕਜ ਮਲਹੋਤਰਾ ਤੇ ਐਸੋਸੀਏਟ ਪ੍ਰੋਫ਼ੈਸਰ ਅਰਿਹੰਤ ਜੈਨ ਵਰਗੇ ਸੁਲਝੇ ਹੋਏ ਮਾਹਰਾਂ ਦੀ ਨਿਗਰਾਨੀ ਹੇਠ ਮਿਲੇ ਇਲਾਜ ਤੇ ਮਾਰਗਦਰਸ਼ਨ ਨੇ ਮੇਰੇ ਵਰਗੇ ਹਜ਼ਾਰਾਂ ਮਰੀਜ਼ਾਂ ਨੂੰ ਨਵੀਂ ਉਮੀਦ ਬਖ਼ਸ਼ੀ ਹੈ।
ਹਿਮੋਫੀਲੀਆ ਵਿਰੁੱਧ ਜੰਗ 'ਚ ਪਦਮਸ੍ਰੀ ਡਾ. ਸੁਰੇਸ਼ ਹਨਾਗਵਾੜੀ ਵਰਗੀਆਂ ਸ਼ਖ਼ਸੀਅਤਾਂ ਚਾਨਣ-ਮੁਨਾਰਾ ਹਨ। ਖ਼ੁਦ ਗੰਭੀਰ ਹਿਮੋਫੀਲੀਆ ਨਾਲ ਜੂਝਦਿਆਂ ਉਨ੍ਹਾਂ ਨੇ ਆਪਣੇ ਨਿੱਜੀ ਸੰਘਰਸ਼ ਨੂੰ ਇਕ ਮਿਸ਼ਨ 'ਚ ਬਦਲ ਦਿੱਤਾ। ਪੀੜਤ ਬੱਚਿਆਂ ਦੇ ਮਾਪਿਆਂ ਨੂੰ ਘਬਰਾਉਣ ਦੀ ਬਜਾਏ ਬੜੇ ਡਟ ਕੇ ਇਸ ਚੁਣੌਤੀ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਮਾਪਿਆਂ ਨੂੰ ਗੁਜ਼ਾਰਿਸ਼ ਹੈ ਕਿ ਆਪਣੇ ਬੱਚਿਆਂ ਨੂੰ ਅਜਿਹਾ ਮਾਹੌਲ ਪ੍ਰਦਾਨ ਕਰੋ ਕਿ ਉਨ੍ਹਾਂ ਦੇ ਮਨ ਵਿਚ ਕਦੇ ਵੀ ਹੀਣ-ਭਾਵਨਾ ਪੈਦਾ ਨਾ ਹੋਵੇ। ਉਨ੍ਹਾਂ ਨੂੰ ਹਰ ਉਹ ਮੌਕਾ ਦਿਓ, ਜੋ ਦੂਜੇ ਬੱਚਿਆਂ ਨੂੰ ਮਿਲਦਾ ਹੈ। ਬੱਚਿਆਂ ਨੂੰ ਅਜਿਹੀ ਸੁਚੇਤ ਹਦਾਇਤ ਤੇ ਸੂਝ ਵੀ ਦੇਣੀ ਚਾਹੀਦੀ ਹੈ ਕਿ ਉਹ ਅਜਿਹਾ ਕੋਈ ਵੀ ਜੋਖਮ ਭਰਿਆ ਕੰਮ ਨਾ ਕਰਨ, ਜੋ ਉਨ੍ਹਾਂ ਦੀ ਜ਼ਿੰਦਗੀ ਲਈ ਖ਼ਤਰਾ ਬਣ ਜਾਵੇ ਪਰ ਉਨ੍ਹਾਂ ਨੂੰ ਬਿਮਾਰ ਕਹਿ ਕੇ ਉਨ੍ਹਾਂ ਦਾ ਮਨੋਬਲ ਨਾ ਡੇਗੋ।
ਅੱਜ ਵਿਸ਼ਵ ਹਿਮੋਫੀਲੀਆ ਦਿਵਸ 'ਤੇ ਸਾਡਾ ਸਾਰਿਆਂ ਦਾ ਇਹ ਪ੍ਰਣ ਹੋਣਾ ਚਾਹੀਦਾ ਹੈ ਕਿ ਅਸੀਂ ਅਜਿਹਾ ਸਮਾਜ ਸਿਰਜੀਏ ਜਿੱਥੇ ਕੋਈ ਵੀ ਮਰੀਜ਼ ਦਵਾਈ ਦੀ ਘਾਟ ਕਾਰਨ ਅਪਾਹਜ ਨਾ ਹੋਵੇ। ਸਾਨੂੰ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਇਕ ਅਜਿਹਾ ਨਿਜ਼ਾਮ ਬਣਾਉਣ ਦੀ ਲੋੜ ਹੈ, ਜਿੱਥੇ ਹਿਮੋਫੀਲੀਆ ਦਾ ਮਰੀਜ਼ ਖੁੱਲ੍ਹ ਕੇ ਸਾਹ ਲੈ ਸਕੇ ਤੇ ਆਪਣੇ ਸੁਪਨਿਆਂ ਦੀ ਉਡਾਨ ਭਰ ਸਕੇ।

-ਸਾਬਕਾ ਵਧੀਕ ਡਾਇਰੈਕਟਰ,
ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ।
ਮੋਬਾਈਲ : 97800-36136

 

Ad Position 22
No active advertisement
ਪਿਛਲੀ ਖ਼ਬਰ ਕੀ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਨਾਲ ਖੇਤੀ ਸੰਕਟ ਹੱਲ ਹੋ ਸਕੇਗਾ? ਅਗਲੀ ਖ਼ਬਰ ਪੰਜਾਬ ਦੇ ਮਸਲੇ ਹੱਲ ਕਰੇ ਭਾਜਪਾ ਦੀ ਕੇਂਦਰੀ ਸਰਕਾਰ
Ad Position 24