18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ

Ad Position 21
No active advertisement
ਅਜੀਤ ਡੈਸਕ 22-04-2026

ਹੁਣ ਫੇਰ ਕੈਨੇਡਾ ਤੋਂ ਕੁਝ ਚਿੰਤਾ ਵਾਲੀਆਂ ਖ਼ਬਰਾਂ ਆ ਰਹੀਆਂ ਹਨ। ਕੈਨੇਡਾ ਦੇ ਇਕ ਸੂਬੇ ਕਿਊਬਿਕ ਦੀ ਸਰਕਾਰ ਨੇ ਬਾਹਰੀ ਧਾਰਮਿਕ ਚਿੰਨ੍ਹਾਂ ਪ੍ਰਤੀ ਇਕ ਕਾਨੂੰਨ ਬਣਾਇਆ ਹੈ। ਇਸੇ ਸੂਬੇ ਦੀ ਸਰਕਾਰ ਨੇ ਪਹਿਲਾਂ ਸਾਲ 2019 ਅਤੇ ਪਿਛਲੇ ਸਾਲ ਵੀ ਇਸੇ ਤਰਜ਼ 'ਤੇ ਕਾਨੂੰਨ ਬਣਾਏ ਸਨ, ਜਿਨ੍ਹਾਂ ਵਿਚ ਦਰਜ ਕੀਤਾ ਗਿਆ ਸੀ ਕਿ ਰਾਜ ਸਰਕਾਰ ਦੇ ਮਹਿਕਮਿਆਂ ਵਿਚ ਕਰਮਚਾਰੀ ਧਾਰਮਿਕ ਚਿੰਨ੍ਹ ਪਹਿਨ ਕੇ ਕੰਮ ਨਹੀਂ ਕਰ ਸਕਦੇ। ਇਹ ਵੀ ਕਿ ਜਿਹੜੇ ਅਜਿਹਾ ਕਰਨਗੇ, ਉਨ੍ਹਾਂ ਦੀ ਸਰਕਾਰੀ ਨੌਕਰੀਆਂ ਤੋਂ ਬਰਖ਼ਾਸਤਗੀ ਹੋ ਜਾਏਗੀ। ਇਸ ਨਾਲ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲਿਆਂ ਲਈ ਉੱਥੇ ਮੁਸ਼ਕਿਲਾਂ ਖੜ੍ਹੀਆਂ ਹੋ ਗਈਆਂ ਹਨ। ਇਨ੍ਹਾਂ ਵਿਚ ਈਸਾਈ, ਯਹੂਦੀ, ਮੁਸਲਮਾਨ ਅਤੇ ਸਿੱਖ ਵੀ ਸ਼ਾਮਿਲ ਹਨ। ਇਸ ਸੰਬੰਧੀ ਸਾਰੇ ਕੈਨੇਡਾ ਵਿਚ ਹੀ ਵੱਡੀ ਚਰਚਾ ਹੋ ਰਹੀ ਹੈ। ਇਸ ਦੇ ਨਾਲ ਹੀ ਹੁਣ ਕੈਨੇਡਾ ਸਰਕਾਰ ਨੇ ਇਕ ਨਵਾਂ ਇਮੀਗ੍ਰੇਸ਼ਨ ਕਾਨੂੰਨ ਵੀ ਪਾਸ ਕਰ ਦਿੱਤਾ ਹੈ, ਜਿਸ ਨਾਲ ਉੱਥੇ ਅਸਥਾਈ ਤੌਰ 'ਤੇ ਰਹਿ ਰਹੇ ਲੋਕਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ।
ਇਸ ਕਾਨੂੰਨ ਤਹਿਤ ਹੁਣ ਤੱਕ 30,000 ਦੇ ਲਗਭਗ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਦੇ ਸਿਰ 'ਤੇ ਹੁਣ ਉਥੇ ਬਰਖ਼ਾਸਤਗੀ ਦੀ ਤਲਵਾਰ ਲਟਕਣ ਲੱਗੀ ਹੈ। ਇਸ ਨਵੇਂ ਕਾਨੂੰਨ ਤਹਿਤ ਕਿਸੇ ਵੀ ਵਿਅਕਤੀ ਨੂੰ ਕੈਨੇਡਾ ਪਹੁੰਚਣ ਦੇ ਇਕ ਸਾਲ ਦੇ ਅੰਦਰ ਸ਼ਰਨ ਲੈਣ ਲਈ ਚਿੱਠੀ ਦੇਣੀ ਲਾਜ਼ਮੀ ਕਰ ਦਿੱਤੀ ਗਈ ਹੈ। ਪਹਿਲੇ ਕਾਨੂੰਨਾਂ ਵਿਚ ਅਜਿਹਾ ਕੁੱਝ ਨਹੀਂ ਸੀ। ਪਹਿਲਾਂ ਕਿਸੇ ਤਰ੍ਹਾਂ ਦੀ ਸਮਾਂ ਸੀਮਾ ਤੈਅ ਨਹੀਂ ਸੀ। ਲੋਕ ਸਾਲਾਂ ਬਾਅਦ ਵੀ ਉੱਥੇ ਰਹਿਣ ਲਈ ਅਰਜ਼ੀਆਂ ਦਾਖਲ ਕਰ ਸਕਦੇ ਸਨ। ਹੁਣ ਜੇਕਰ ਨਿਸਚਿਤ ਸਮੇਂ ਵਿਚ ਕਿਸੇ ਬਾਹਰੀ ਵਿਅਕਤੀ ਵਲੋਂ ਅਜਿਹੀ ਅਰਜ਼ੀ ਦਾਖਲ ਨਹੀਂ ਕੀਤੀ ਜਾਂਦੀ ਤਾਂ ਉਸ 'ਤੇ ਬਿਨਾਂ ਸੁਣਵਾਈ ਕਾਰਵਾਈ ਕੀਤੀ ਜਾ ਸਕਦੀ ਹੈ। ਪਹਿਲਾਂ ਬਹੁਤੇ ਲੋਕ ਉੱਥੇ ਸ਼ਰਨਾਰਥੀਆਂ ਦੇ ਤੌਰ 'ਤੇ ਵਸਣ ਲਈ ਅਰਜ਼ੀਆਂ ਦਾਖਲ ਕਰ ਸਕਦੇ ਸਨ। ਹੁਣ ਇਸ ਦੀ ਸੰਭਾਵਨਾ ਤਕਰੀਬਨ ਖ਼ਤਮ ਹੁੰਦੀ ਜਾ ਰਹੀ ਹੈ। ਹੁਣ ਤੱਕ 30,000 ਲੋਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿਚ ਲਗਭਗ 9000 ਪੰਜਾਬੀ ਸ਼ਾਮਿਲ ਹਨ। ਇਸ ਸਮੇਂ ਵੀ ਪੰਜਾਬ ਤੋਂ ਲੱਖਾਂ ਦੀ ਗਿਣਤੀ ਵਿਚ ਨੌਜਵਾਨ ਵਿਦਿਆਰਥੀ ਵੀਜ਼ਿਆਂ 'ਤੇ ਉੱਥੇ ਗਏ ਹੋਏ ਹਨ, ਜਿਨ੍ਹਾਂ 'ਚੋਂ ਪਿਛਲੇ ਕਾਨੂੰਨਾਂ ਤਹਿਤ ਬਹੁਤੇ ਉੱਥੇ ਸਥਾਈ ਨਾਗਰਿਕ ਬਣ ਜਾਂਦੇ ਸਨ, ਪਰ ਹੁਣ ਅਜਿਹਾ ਹੋਣਾ ਬੇਹੱਦ ਮੁਸ਼ਕਿਲ ਹੋਵੇਗਾ। ਇਸ ਕਾਨੂੰਨ ਨੂੰ ਲੈ ਕੇ ਵਿਨੀਪੈਗ ਆਦਿ ਸ਼ਹਿਰਾਂ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਨੌਜਵਾਨਾਂ ਨੇ ਵਿਰੋਧ ਪ੍ਰਦਰਸ਼ਨ ਵੀ ਕੀਤੇ ਹਨ। ਉਨ੍ਹਾਂ ਵਿਚ ਹੋਰ ਦੇਸ਼ਾਂ ਤੋਂ ਉੱਥੇ ਪੜ੍ਹਾਈ ਕਰਨ ਆਏ ਵਿਦਿਆਰਥੀ ਵੀ ਸ਼ਾਮਿਲ ਹੋਏ ਹਨ। ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਸਥਾਈ ਤੌਰ 'ਤੇ ਵੀ ਵਸੇ ਹੋਏ ਹਨ। ਬਰੈਂਪਟਨ, ਸਰੀ ਅਤੇ ਕੈਲਗਰੀ ਵਿਚ ਵੱਡੀ ਪੰਜਾਬੀ ਵਸੋਂ ਹੈ। ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਅਤੇ ਭਾਰਤ ਸਰਕਾਰ ਵਿਚਕਾਰ ਖ਼ਾਲਿਸਤਾਨ ਪੱਖੀਆਂ ਦੀਆਂ ਸਰਗਰਮੀਆਂ ਨੂੰ ਲੈ ਕੇ ਸੰਬੰਧ ਵਿਗੜ ਗਏ ਸਨ, ਜਿਨ੍ਹਾਂ ਕਰਕੇ ਇਕ ਵਾਰ ਤਾਂ ਦੋਹਾਂ ਸਰਕਾਰਾਂ ਨੇ ਆਪਣੇ ਰਾਜਨੀਤਕ ਸੰਬੰਧ ਵੀ ਘਟਾ ਦਿੱਤੇ ਸਨ। ਜਿਸ ਕਾਰਨ ਦੋਹਾਂ ਵਿਚ ਤਿਜ਼ਾਰਤੀ ਮੇਲਜੋਲ ਵੀ ਕਾਫ਼ੀ ਹੱਦ ਤੱਕ ਖ਼ਤਮ ਹੋ ਗਿਆ ਸੀ। ਉਸ ਤੋਂ ਬਾਅਦ ਕੈਨੇਡਾ ਵਿਚ ਮਾਰਕ ਕਾਰਨੀ ਦੀ ਨਵੀਂ ਸਰਕਾਰ ਦੇ ਆਉਣ ਨਾਲ ਇਹ ਸੰਬੰਧ ਮੁੜ ਲੀਹ 'ਤੇ ਆਏ ਸਨ, ਪਰ ਹਾਲੇ ਵੀ ਕੁਝ ਮੁੱਦਿਆਂ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਕਾਰ ਗੰਭੀਰ ਵਿਚਾਰ-ਵਟਾਂਦਰਾ ਜਾਰੀ ਹੈ।
ਜਿੱਥੋਂ ਤੱਕ ਭਾਰਤ ਦਾ ਸੰਬੰਧ ਹੈ ਅੱਜ ਦੇ ਹਾਲਾਤ ਵਿਚ ਇਥੋਂ ਵੱਡੀ ਗਿਣਤੀ ਵਿਚ ਨੌਜਵਾਨ ਕਿਸੇ ਨਾ ਕਿਸੇ ਤਰ੍ਹਾਂ ਵਿਦੇਸ਼ਾਂ ਵਿਚ ਜਾ ਕੇ ਆਪਣੀ ਰੋਟੀ-ਰੋਜ਼ੀ ਅਤੇ ਚੰਗੇ ਜੀਵਨ ਲਈ ਵਸਣਾ ਚਾਹੁੰਦੇ ਹਨ। ਇਨ੍ਹਾਂ ਵਿਚ ਪੰਜਾਬ ਦੇ ਨੌਜਵਾਨ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਹੁੰਦੇ ਹਨ। ਇਸੇ ਲਈ ਹੀ ਅੱਜ ਦੁਨੀਆ ਭਰ ਵਿਚ ਕਰੋੜਾਂ ਭਾਰਤੀ ਵੱਖੋ-ਵੱਖਰੇ ਦੇਸ਼ਾਂ ਵਿਚ ਵਸੇ ਹੋਏ ਹਨ, ਜਿਨ੍ਹਾਂ ਵਿਚ ਅਮਰੀਕਾ, ਨਿਊਜ਼ੀਲੈਂਡ ਅਤੇ ਕੈਨੇਡਾ ਦੇ ਨਾਲ-ਨਾਲ ਬਹੁਤ ਸਾਰੇ ਯੂਰਪੀਅਨ ਦੇਸ਼ ਵੀ ਸ਼ਾਮਿਲ ਹਨ। ਇਸੇ ਹੀ ਤਰ੍ਹਾਂ ਹੁਣ ਈਰਾਨ ਅਤੇ ਖਾੜੀ ਦੇ ਦੇਸ਼ਾਂ ਵਿਚ ਛਿੜੀ ਲੜਾਈ ਕਾਰਨ ਉਨ੍ਹਾਂ ਦੇਸ਼ਾਂ ਵਿਚ ਵਸੇ ਇਕ ਕਰੋੜ ਭਾਰਤੀਆਂ ਦਾ ਭਵਿੱਖ ਵੀ ਬੜਾ ਅਨਿਸਚਿਤ ਹੋ ਗਿਆ ਜਾਪਦਾ ਹੈ। ਅੱਜ ਕੌਮਾਂਤਰੀ ਪੱਧਰ 'ਤੇ ਹਰ ਦੇਸ਼ ਦੇ ਆਪੋ-ਆਪਣੇ ਕਾਇਦੇ-ਕਾਨੂੰਨ ਅਤੇ ਹਰ ਦੇਸ਼ ਦੀ ਆਪੋ-ਆਪਣੀ ਜੀਵਨ-ਸ਼ੈਲੀ ਹੈ। ਵੱਖ-ਵੱਖ ਦੇਸ਼ਾਂ ਦੀਆਂ ਆਪੋ-ਆਪਣੀਆਂ ਸਮਾਜਿਕ ਤੇ ਆਰਥਿਕ ਸਮੱਸਿਆਵਾਂ ਵੀ ਹਨ। ਇਸ ਕਾਰਨ ਇਨ੍ਹਾਂ ਦੇਸ਼ਾਂ ਵਿਚ ਵੱਡੀ ਗਿਣਤੀ ਵਿਚ ਰਹਿੰਦੇ ਭਾਰਤੀਆਂ ਲਈ ਵੀ ਅਨੇਕਾਂ ਹੀ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ। ਅਜਿਹੇ ਸਮੇਂ ਵਿਚ ਭਾਰਤ ਸਰਕਾਰ ਦੀਆਂ ਜ਼ਿੰਮੇਵਾਰੀਆਂ ਬੇਹੱਦ ਵਧ ਜਾਂਦੀਆਂ ਹਨ, ਜਿਸ ਲਈ ਲਗਾਤਾਰ ਦੁਨੀਆ ਭਰ ਵਿਚ ਫੈਲੇ ਭਾਰਤੀਆਂ ਦੀ ਸਥਿਤੀ ਸੰਬੰਧੀ ਜਾਣਨਾ ਜ਼ਰੂਰੀ ਹੋ ਜਾਂਦਾ ਹੈ। ਅੱਜ ਅਜਿਹੀ ਹੀ ਉਮੀਦ ਕੇਂਦਰ ਸਰਕਾਰ ਤੋਂ ਕੀਤੀ ਜਾਂਦੀ ਹੈ ਕਿ ਉਹ ਲਗਾਤਾਰ ਦੁਨੀਆ ਭਰ ਵਿਚ ਵਸੇ ਭਾਰਤੀਆਂ ਦੀ ਸਾਰ ਲੈਂਦੀ ਰਹੇ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਕਰੇ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਦਿਹਾਤੀ ਖੇਤਰ ਦੇ ਸੰਕਟ ਨੂੰ ਕਿਵੇਂ ਸੁਲਝਾਇਆ ਜਾਵੇ? ਅਗਲੀ ਖ਼ਬਰ ਜਦੋਂ ਵੀ ਕੋਈ ਚੁਣੌਤੀ ਆਏ, ਉਸ ਤੋਂ ਬਚਣ ਦੀ ਕੋਸ਼ਿਸ਼ ਨਾ ਕਰੋ ਸਗੋਂ ਉਸ ਦਾ ਦਲੇਰੀ ਨਾਲ ਸਾਹਮਣਾ ਕਰੋ। ਡੇਵਿਡ ਵੈ...
Ad Position 24