01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

'ਪੰਥ ਵਸੇ ਮੈਂ ਉਜੜਾਂ' ਦੇ ਧਾਰਨੀ ਸਨ ਜਥੇਦਾਰ ਮੋਹਨ ਸਿੰਘ ਤੁੜ

Ad Position 21
No active advertisement
ਅਜੀਤ ਡੈਸਕ 30-07-2026

ਬਰਸੀ 'ਤੇ ਵਿਸ਼ੇਸ਼
ਜਥੇਦਾਰ ਤੁੜ ਨੂੰ ਪੰਥ ਸੇਵਾ ਦਾ ਜਜ਼ਬਾ ਵਿਰਸੇ ਵਿਚੋਂ ਹੀ ਮਿਲਿਆ ਸੀ। ਉਨ੍ਹਾਂ ਦੇ ਪਿਤਾ ਜਥੇਦਾਰ ਜਗਤ ਸਿੰਘ ਜੀ ਤੁੜ ਜੈਤੋ ਦੇ ਮੋਰਚੇ ਦੇ ਪਹਿਲੇ 500 ਸਿੰਘਾਂ ਦੇ ਜਥੇ ਦੇ ਜਥੇਦਾਰ ਸਨ। ਉਨ੍ਹਾਂ ਦੇ ਸੱਜੇ ਪੱਟ ਵਿਚ ਗੋਲੀ ਲੱਗਣ ਦੇ ਬਾਵਜੂਦ ਜੇਲ੍ਹ ਕੱਟਣੀ ਪਈ ਸੀ। ਜੋ ਗੋਲੀ ਬਾਅਦ ਵਿਚ ਕੈਂਸਰ ਦਾ ਰੂਪ ਧਾਰਨ ਕਰਕੇ ਉਨ੍ਹਾਂ ਦੀ ਮੌਤ ਦਾ ਕਾਰਨ ਬਣੀ। ਉਹ ਪਹਿਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ। ਨਗਰ ਤੁੜ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਪਹਿਲੀ ਸੇਵਾ ਵੀ ਉਨ੍ਹਾਂ ਵਲੋਂ ਹੀ ਕਰਵਾਈ ਗਈ ਸੀ।
ਜਥੇਦਾਰ ਮੋਹਣ ਸਿੰਘ ਤੁੜ ਵੀ ਚੜ੍ਹਦੀ ਉਮਰੇ ਹੀ ਅਕਾਲੀ ਦਲ ਦੀਆਂ ਸਰਗਰਮੀਆਂ ਵਿਚ ਹਿੱਸਾ ਲੈਣ ਲੱਗੇ ਸਨ। 1945 ਵਿਚ ਉਹ ਸਰਹਾਲੀ ਸਰਕਲ ਦੇ ਜਥੇਦਾਰ ਬਣ ਗਏ। 1947 ਤੋਂ ਬਾਅਦ ਪਾਕਿਸਤਾਨ ਤੋਂ ਆਉਣ ਵਾਲੇ ਹਿੰਦੂ ਤੇ ਸਿੱਖ ਸ਼ਰਨਾਰਥੀਆਂ ਦੀ ਸੇਵਾ-ਸੰਭਾਲ ਦਾ ਕੰਮ ਜਥੇਦਾਰ ਜੀ ਨੇ ਬੜੀ ਲਗਨ ਤੇ ਮਿਹਨਤ ਨਾਲ ਕੀਤਾ ਸੀ। ਇਸ ਤੋਂ ਬਾਅਦ ਪੰਜਾਬੀ ਸੂਬੇ ਦਾ ਮੋਰਚਾ ਸ਼ੁਰੂ ਹੋਇਆ। ਇਸ ਸੰਘਰਸ਼ ਵਿਚ ਜਥੇਦਾਰ ਜੀ ਨੇ ਪੁਲਿਸ ਜ਼ਿਆਦਤੀਆਂ ਦਾ ਸਾਹਮਣਾ ਕਰਦਿਆਂ ਦਲੇਰੀ ਨਾਲ ਹਿੱਸਾ ਲਿਆ।
ਇਸ ਮੋਰਚੇ ਦੌਰਾਨ ਜਥੇਦਾਰ ਜੀ ਨੂੰ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚੋਂ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਅਤੇ ਲੰਮਾ ਸਮਾਂ ਮੁਕੱਦਮੇ ਚਲਦੇ ਰਹੇ। ਉਸ ਤੋਂ ਬਾਅਦ ਜਦੋਂ ਉਹ ਜੇਲ੍ਹ ਤੋਂ ਰਿਹਾ ਹੋ ਕੇ ਆਏ ਤਾਂ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਇਆ ਗਿਆ। ਪਰ ਆਪ ਜਿੰਨਾ ਸਮਾਂ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਸ਼੍ਰੋਮਣੀ ਕਮੇਟੀ ਤੋਂ ਇਕ ਪੈਸਾ ਵੀ ਤਨਖਾਹ ਨਹੀਂ ਲਈ।
ਸੰਤ ਫਤਿਹ ਸਿੰਘ ਨੇ ਉਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਵੀ ਨਿਯੁਕਤ ਕੀਤਾ ਸੀ।ਆਪ ਬਹੁਤ ਲੰਬਾ ਸਮਾਂ ਹਲਕਾ ਤਰਨ ਤਰਨ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ ਸੰਸਦ ਮੈਂਬਰ ਬਣੇ ਤੇ ਪੰਜਾਬ ਸਰਕਾਰ ਵਿਚ ਮੰਤਰੀ ਵੀ ਰਹੇ। ਆਪ ਜੀ ਦੀਆਂ ਪੰਥਕ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਸੰਤ ਜੀ ਨੇ ਇਕ ਅਕਤੂਬਰ 1972 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਹਾਊਸ ਵਿਚ ਤੁੜ ਸਾਹਿਬ ਦਾ ਨਾਂਅ ਪ੍ਰਧਾਨਗੀ ਲਈ ਪੇਸ਼ ਕਰਕੇ ਤੁੜ ਸਾਹਿਬ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਪਾ ਦਿੱਤੀ ਸੀ। ਜਿਸ ਵੇਲੇ ਤੁੜ ਸਾਹਿਬ ਅਕਾਲੀ ਦਲ ਦੇ ਪ੍ਰਧਾਨ ਬਣੇ, ਉਸ ਵੇਲੇ ਵੱਖ-ਵੱਖ ਅਕਾਲੀ ਧੜੇ ਸਨ ਅਤੇ ਪਾਰਟੀ ਦਾ ਖਜ਼ਾਨਾ ਬਿਲਕੁਲ ਖਾਲੀ ਸੀ। ਸਾਰਿਆਂ ਧੜਿਆਂ ਨੂੰ ਪ੍ਰੇਮ ਪਿਆਰ ਨਾਲ ਪਾਰਟੀ ਦੇ ਝੰਡੇ ਥੱਲੇ ਲਿਆਂਦਾ, ਇਸ ਨਾਲ ਸ਼੍ਰੋਮਣੀ ਅਕਾਲੀ ਦਲ ਨਵੀਆਂ ਬੁਲੰਦੀਆਂ ਛੋਹਣ ਲੱਗਾ।
1973 ਵਿਚ ਕਰਨਾਲ ਦਾ ਸ਼ਹਿਰੀ ਆਜ਼ਾਦੀਆਂ ਸੰਬੰਧੀ ਮੋਰਚਾ ਵੀ ਤੁੜ ਸਾਹਿਬ ਦੀ ਰਹਿਨੁਮਾਈ ਹੇਠ ਫ਼ਤਹਿ ਹੋਇਆ। ਇਸ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਕੱਦ ਸਮੁੱਚੇ ਦੇਸ਼ ਵਿਚ ਬਹੁਤ ਵੱਡਾ ਹੋ ਗਿਆ। ਇਸ ਨਾਲ ਅਸਲ ਵਿਚ ਸਾਰੀਆਂ ਵਿਰੋਧੀ ਧਿਰਾਂ ਦੀ ਏਕਤਾ ਵਾਸਤੇ ਪਲੇਟਫਾਰਮ ਤਿਆਰ ਹੋਇਆ ਸੀ।
9 ਜੁਲਾਈ, 1975 ਨੂੰ ਐਮਰਜੈਂਸੀ ਦੇ ਵਿਰੁੱਧ ਮੋਰਚਾ ਵੀ ਤੁੜ ਸਾਹਿਬ ਦੀ ਰਹਿਨੁਮਾਈ (ਮੋਰਚਾ ਡਿਕਟੇਟਰ) ਹੇਠ ਲੜਿਆ ਗਿਆ। ਜਦੋਂ ਆਪਦੇ ਸਭ ਸਾਥੀ ਜੇਲ੍ਹਾਂ ਵਿਚ ਚਲੇ ਗਏ ਤਾਂ 13 ਅਪ੍ਰੈਲ 1976 ਨੂੰ ਵਿਸਾਖੀ ਵਾਲੇ ਦਿਨ ਆਪਨੇ ਵੀ ਇਕ ਭਾਰੀ ਜਥੇ ਨਾਲ ਗ੍ਰਿਫਤਾਰੀ ਦੇ ਦਿੱਤੀ। ਜੇਲ੍ਹ ਵਿਚ ਪੁਲਿਸ ਵਲੋਂ ਅੱਤ ਦਾ ਅੱਤਿਆਚਾਰ ਕੀਤਾ ਗਿਆ ਜਿਸ ਕਾਰਨ ਆਪ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ ਤੇ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਉਨ੍ਹਾਂ ਦੇ ਪੈਰ ਦੀ ਇਕ ਉਂਗਲੀ ਵੀ ਕੱਟਣੀ ਪਈ। ਜਿੱਥੋਂ ਉਹ ਪੁਲਿਸ ਨੂੰ ਚਕਮਾ ਦੇ ਕੇ ਰਾਤ ਨੂੰ ਨਿਕਲ ਕੇ ਫਿਰ ਦਰਬਾਰ ਸਾਹਿਬ ਆ ਗਏ ਤੇ 16 ਸਤੰਬਰ, 1976 ਨੂੰ ਅੱਸੂ ਦੀ ਸੰਗਰਾਂਦ ਵਾਲੇ ਦਿਨ ਐਮਰਜੈਂਸੀ ਮੋਰਚੇ ਵਿਚ ਦੁਬਾਰਾ ਇਕ ਵੱਡੇ ਜਥੇ ਦੇ ਨਾਲ ਗ੍ਰਿਫਤਾਰੀ ਦਿੱਤੀ ਅਤੇ ਫਿਰ 1977 ਵਿਚ ਆਪ ਜੀ ਦੀ ਪ੍ਰਧਾਨਗੀ ਹੇਠ ਲੋਕ ਸਭਾ ਦੀਆਂ ਚੋਣਾਂ ਵਿਚ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਤੇ ਉਸ ਦੀਆਂ ਭਾਈਵਾਲ ਪਾਰਟੀਆਂ ਨੇ ਜਿੱਤ ਹਾਸਿਲ ਕੀਤੀ। ਜਥੇਦਾਰ ਤੁੜ ਹਲਕਾ ਤਰਨ ਤਾਰਨ ਤੋਂ ਕਾਂਗਰਸ ਦੇ ਥੰਮ੍ਹ ਅਤੇ ਲੋਕ ਸਭਾ ਦੇ ਸਪੀਕਰ ਸ. ਗੁਰਦਿਆਲ ਸਿੰਘ ਢਿੱਲੋਂ ਨੂੰ ਇਕ ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾ ਕੇ ਲੋਕ ਸਭਾ ਲਈ ਚੁਣੇ ਗਏ।
ਤੁੜ ਸਾਹਿਬ ਜਿਥੇ ਇਕ ਮਹਾਨ ਲੀਡਰ ਸਨ, ਉਥੇ ਬਹੁਤ ਵੱਡੇ ਨਿਤਨੇਮੀ ਤੇ ਤਿਆਗੀ ਵੀ ਸਨ। ਉਹ ਜਿੰਨਾ ਚਿਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਤਾਂ ਉਸ ਸਮੇਂ ਕੇਵਲ ਇਕ ਅਕਾਲੀ ਦਲ ਹੀ ਰਿਹਾ। ਉਹ ਨਿੱਜੀ ਹਿਤਾਂ ਦੀ ਕੁਰਬਾਨੀ ਦੇ ਕੇ ਵੀ ਅਕਾਲੀ ਦਲ ਦੀ ਏਕਤਾ ਨੂੰ ਤਰਜੀਹ ਦਿੰਦੇ ਸਨ। ਜਥੇਦਾਰ ਮੋਹਨ ਸਿੰਘ ਤੁੜ ਦੇ ਪੰਜ ਪੁੱਤਰ ਤੇ ਤਿੰਨ ਧੀਆਂ ਸਨ। ਉਨ੍ਹਾਂ ਦੇ ਤਿੰਨਾਂ ਪੁੱਤਰ ਸ. ਲੱਖਾ ਸਿੰਘ, ਸ. ਲਹਿਣਾ ਸਿੰਘ (ਐਮ.ਪੀ.), ਤੇ ਸ. ਤਰਲੋਚਨ ਸਿੰਘ ਤੁੜ (ਐਮ.ਪੀ.) ਨੇ ਵੱਖ ਵੱਖ ਮੋਰਚਿਆਂ ਵਿਚ ਜੇਲ੍ਹਾਂ ਕੱਟੀਆਂ ਤੇ ਕਈ ਜਥਿਆਂ ਦੀ ਅਗਵਾਈ ਵੀ ਕੀਤੀ। ਮਾਸਟਰ ਦੇਸਾ ਸਿੰਘ ਦੀ ਅਚਨਚੇਤ ਇਕ ਐਕਸੀਡੈਂਟ ਦੁਆਰਾ ਜਾਨ ਚਲੀ ਗਈ ਸੀ ਅਤੇ ਆਪ ਜੀ ਦੇ ਸਭ ਤੋਂ ਛੋਟੇ ਪੁੱਤਰ ਡਾ. ਗੁਰਬਚਨ ਸਿੰਘ ਤੁੜ (ਬਲਿਊ ਸਟਾਰ) 1984 ਵੇਲੇ ਫ਼ੌਜ ਦੀ ਗੋਲੀ ਲੱਗਣ ਨਾਲ ਸ਼ਹੀਦ ਹੋ ਗਏ ਸਨ। ਅਖ਼ੀਰ ਇਹ ਦਰਵੇਸ਼ ਸਿਆਸਤਦਾਨ 30 ਜੁਲਾਈ, 1979 ਨੂੰ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਗੁਰੂ ਮਹਾਰਾਜ ਜੀ ਦੇ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦੀ 47ਵੀਂ ਸਾਲਾਨਾ ਬਰਸੀ 30 ਜੁਲਾਈ ਦਿਨ ਵੀਰਵਾਰ ਪਿੰਡ ਤੁੜ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਵਿਖੇ ਮਨਾਈ ਜਾ ਰਹੀ ਹੈ, ਜਿਥੇ ਪੰਥਕ ਤੇ ਰਾਜਨੀਤਿਕ ਆਗੂ ਤੁੜ ਸਾਹਿਬ ਨੂੰ ਸ਼ਰਧਾਂਜਲੀਆਂ ਭੇਟ ਕਰਨਗੇ।

-ਮੋਬਾਈਲ : 98881-57965

Ad Position 22
No active advertisement
ਪਿਛਲੀ ਖ਼ਬਰ ਗੰਭੀਰ ਸਵਾਲਾਂ ਦੇ ਘੇਰੇ ਵਿਚ ਹੈ ਭਾਰਤ ਦੀ ਸਿੱਖਿਆ ਪ੍ਰਣਾਲੀ ਅਗਲੀ ਖ਼ਬਰ ਚਾਰ ਖੇਤੀ ਨੀਤੀ ਖਰੜੇ ਬਣੇ ਪਰ ਨਤੀਜਾ ਕੋਈ ਨਹੀਂ
Ad Position 24
No active advertisement