ਭਾਵੇਂ ਉਪ-ਚੋਣਾਂ ਦੇ ਆਧਾਰ 'ਤੇ ਲੰਬੇ ਸਮੇਂ ਦੀਆਂ ਭਵਿੱਖਬਾਣੀਆਂ ਕਰਨਾ ਸੁਭਾਵਿਕ ਤੌਰ 'ਤੇ ਖ਼ਤਰਨਾਕ ਹੁੰਦਾ ਹੈ ਪਰ ਜਿਸ ਤਰ੍ਹਾਂ ਬਿਹਾਰ ਦੀ ਬਾਂਕੀਪੁਰ ਵਿਧਾਨ ਸਭਾ ਸੀਟ 'ਤੇ ਜਨ ਸੁਰਾਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਤੇ ਮੱਧ ਪ੍ਰਦੇਸ਼ ਦੀ ਦਤੀਆ ਵਿਧਾਨ ਸਭਾ ਸੀਟ 'ਤੇ ਭਾਜਪਾ ਵਲੋਂ ਆਪਣੀ ਪੂਰੀ ਤਾਕਤ ਲਗਾਉਣ ਦੇ ਬਾਵਜੂਦ ਪਾਰਟੀ ਉਮੀਦਵਾਰ ਆਸ਼ੂਤੋਸ਼ ਤਿਵਾੜੀ ਦਾ 6,016 ਵੋਟਾਂ ਨਾਲ ਹਾਰ ਜਾਣਾ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਦੇਸ਼ ਦੇ ਵੋਟਰ ਇਸ ਸਮੇਂ ਭਾਜਪਾ ਤੋਂ ਨਾਖੁਸ਼ ਹਨ। ਇਸ ਤੋਂ ਦੇਸ਼ ਦੇ ਰਾਜਨੀਤਕ ਮਾਹੌਲ ਦਾ ਵੀ ਅੰਦਾਜ਼ਾ ਲੱਗਦਾ ਹੈ। ਭਾਜਪਾ 3 ਵਿਧਾਨ ਸਭਾ ਉਪ-ਚੋਣਾਂ 'ਚੋਂ ਸਿਰਫ਼ ਇਕ ਸੀਟ ਜਿੱਤ ਸਕੀ ਹੈ। ਭਾਜਪਾ ਬਾਂਕੀਪੁਰ ਵਿਧਾਨ ਸਭਾ ਸੀਟ 'ਤੇ ਅਜੇਤੂ ਮੰਨੀ ਜਾਂਦਾ ਸੀ, ਜਿੱਥੋਂ ਉਹ ਪਿਛਲੇ 9 ਵਾਰ ਤੋਂ ਕਦੇ ਨਹੀਂ ਹਾਰੀ ਸੀ। ਭਾਜਪਾ ਦੇ ਮੌਜੂਦਾ ਕੌਮੀ ਪ੍ਰਧਾਨ ਨਿਤਿਨ ਨਬੀਨ 5 ਵਾਰ ਤੋਂ ਇੱਥੋਂ ਲਗਾਤਾਰ ਜਿੱਤਦੇ ਆ ਰਹੇ ਸਨ। ਜਦਕਿ ਪਿਛਲੀਆਂ ਬਿਹਾਰ ਵਿਧਾਨ ਸਭਾ ਚੋਣਾਂ 'ਚ ਜਨ ਸੁਰਾਜ ਦੇ ਸਾਰੇ ਉਮੀਦਵਾਰ ਹਾਰ ਗਏ ਸਨ ਤੇ ਉਨ੍ਹਾਂ 'ਚੋਂ 99 ਫ਼ੀਸਦੀ ਤੋਂ ਵੀ ਵੱਧ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸਨ। ਪਰ ਉਸੇ ਬਿਹਾਰ 'ਚ ਸਿਰਫ਼ ਸਵਾ ਸਾਲ ਬਾਅਦ ਪ੍ਰਸ਼ਾਂਤ ਕਿਸ਼ੋਰ ਨੇ ਇਸ ਬਹੁ-ਚਰਚਿਤ ਮੁਕਾਬਲੇ 'ਚ ਸਿਰਫ਼ ਭਾਜਪਾ ਉਮੀਦਵਾਰ ਨੂੰ ਹੀ ਨਹੀਂ ਹਰਾਇਆ, ਸਗੋਂ ਆਪਣੇ ਦੋਵੇਂ ਵਿਰੋਧੀਆਂ ਦੀਆਂ ਸਾਂਝੀਆਂ ਵੋਟਾਂ ਨਾਲੋਂ 5,051 ਵੱਧ ਵੋਟਾਂ ਵੀ ਪ੍ਰਾਪਤ ਕੀਤੀਆਂ। ਭਾਜਪਾ ਉਮੀਦਵਾਰ ਨੀਰਜ ਕੁਮਾਰ ਨੂੰ 44,827 ਤੇ ਰਾਸ਼ਟਰੀ ਜਨ ਦਲ (ਆਰ.ਜੇ.ਡੀ.) ਦੇ ਉਮੀਦਵਾਰ ਨੂੰ 14,273 ਵੋਟਾਂ ਪਈਆਂ, ਜਦਕਿ ਪ੍ਰਸ਼ਾਂਤ ਕਿਸ਼ੋਰ ਨੂੰ 64,151 ਵੋਟਾਂ ਪਈਆਂ ਜੋ ਉਸ ਦੇ ਭਾਜਪਾ ਦੇ ਨਜ਼ਦੀਕੀ ਵਿਰੋਧੀ ਨਾਲੋਂ 19,324 ਵੱਧ ਹਨ। ਬਾਂਕੀਪੁਰ 'ਚ ਪਈਆਂ 1,30,313 ਵੋਟਾਂ 'ਚੋਂ ਪ੍ਰਸ਼ਾਂਤ ਕਿਸ਼ੋਰ ਨੂੰ ਲਗਭਗ 50 ਫ਼ੀਸਦੀ ਵੋਟਾਂ ਮਿਲੀਆਂ ਹਨ, ਜੋ ਮੌਜੂਦਾ ਰਾਜਨੀਤਕ ਮਾਹੌਲ ਨੂੰ ਦਰਸਾਉਂਦਾ ਹੈ ਕਿ ਕਿਵੇਂ ਦੇਸ਼ 'ਚ ਭਾਜਪਾ ਖ਼ਿਲਾਫ਼ ਵੋਟਾਂ ਪਈਆਂ ਹਨ। ਇਸ ਦੇ ਬਾਵਜੂਦ ਕੋਈ ਵੀ ਭਵਿੱਖਬਾਣੀ ਕਰਨੀ ਖ਼ਤਰੇ ਭਰੀ ਹੋਵੇਗੀ, ਜਿਸ ਤੋਂ ਮੰਨ ਲਿਆ ਜਾਵੇ ਕਿ 2029 ਦੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਦੀ ਹਾਰ ਦੀ ਸਕ੍ਰਿਪਟ ਪਹਿਲਾਂ ਹੀ ਲਿਖੀ ਜਾ ਚੁੱਕੀ ਹੈ।
ਦਰਅਸਲ ਭਾਰਤੀ ਲੋਕਤੰਤਰ ਦੀ ਇਹੀ ਖੂਬਸੂਰਤੀ ਹੈ ਕਿ ਇੱਥੇ ਵੋਟਰ ਕਿਸੇ ਵੀ ਪਾਰਟੀ ਨੂੰ ਸਥਾਈ ਜਨਾਦੇਸ਼ ਨਹੀਂ ਦਿੰਦੇ। ਉਹ ਸਮੇਂ-ਸਮੇਂ 'ਤੇ ਸਰਕਾਰਾਂ ਨੂੰ ਸੁਨੇਹੇ ਤੇ ਚਿਤਾਵਨੀਆਂ ਦਿੰਦੇ ਰਹਿੰਦੇ ਹਨ। ਇਹੀ ਕਾਰਨ ਹੈ ਕਿ ਰਾਜਨੀਤਕ ਪਾਰਟੀਆਂ ਉਪ-ਚੋਣਾਂ ਨੂੰ ਸਿਰਫ਼ ਸੀਟਾਂ ਦੀ ਗਿਣਤੀ ਦੇ ਰੂਪ 'ਚ ਨਹੀਂ ਦੇਖ ਸਕਦੀਆਂ। ਉਹ ਇਨ੍ਹਾਂ ਚੋਣਾਂ ਨੂੰ ਵੋਟਰਾਂ ਦੇ ਮੂਡ ਜਾਣਨ ਦੇ ਸਾਧਨ ਵਜੋਂ ਵੇਖਦੀਆਂ ਹਨ। ਮੌਜੂਦਾ ਸਮੇਂ 'ਚ ਦੇਸ਼ ਦੇ ਵੋਟਰ ਭਾਜਪਾ ਤੋਂ ਨਾਰਾਜ਼ ਲੱਗ ਰਹੇ ਹਨ ਅਤੇ ਅਜਿਹਾ ਹੋਣਾ ਸੁਭਾਵਿਕ ਹੈ। ਪਹਿਲਾਂ ਅਯੁੱਧਿਆ ਦੇ ਰਾਮ ਮੰਦਰ 'ਚ ਚੜ੍ਹਾਵੇ 'ਚ ਹੋਈ ਧੋਖਾਧੜੀ ਤੋਂ ਲੋਕ ਹੈਰਾਨ ਹੋ ਗਏ, ਫਿਰ ਕੇਂਦਰ ਸਰਕਾਰ ਵਲੋਂ ਰਾਜਧਾਨੀ ਦਿੱਲੀ 'ਚ ਨੌਜਵਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਬੇਰਹਿਮੀ ਤੇ ਸਖ਼ਤੀ ਨਾਲ ਕੁਚਲਣ ਦੀ ਕੋਸ਼ਿਸ਼ ਲੋਕਾਂ ਨੂੰ ਠੀਕ ਨਹੀਂ ਲੱਗੀ। ਜਿਸ ਜਨ ਸੁਰਾਜ ਪਾਰਟੀ ਨੂੰ ਬਿਹਾਰ ਦੇ ਵੋਟਰਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ ਪਰ ਇਸ ਉਪ ਚੋਣ ਸਮੇਂ ਉਨ੍ਹਾਂ ਨੇ ਉਸੇ ਪਾਰਟੀ ਦਾ ਸਮਰਥਨ ਕੀਤਾ ਹੈ। ਭਾਵੇਂ ਇਸ ਦਾ ਤੱਤਕਾਲੀ ਪ੍ਰਭਾਵ ਹੋਵੇ, ਪਰ ਪ੍ਰਸ਼ਾਂਤ ਕਿਸ਼ੋਰ (ਪੀ.ਕੇ.) ਜਿਸ ਤਰ੍ਹਾਂ ਪਿਛਲੇ 5 ਸਾਲਾਂ ਤੋਂ ਲਗਾਤਾਰ ਬਿਹਾਰ ਵਿਚ ਆਪਣੀਆਂ ਰਾਜਨੀਤਕ ਜੜ੍ਹਾਂ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦਿਆਂ ਸੂਬੇ ਦੇ ਲੋਕਾਂ ਨੂੰ ਜਾਤ, ਧਰਮ ਤੇ ਬਾਹੂਬਲੀਆਂ ਦੀ ਬਜਾਏ ਰੁਜ਼ਗਾਰ, ਸਿੱਖਿਆ ਤੇ ਸਿਹਤ ਵਰਗੀਆਂ ਬੁਨਿਆਦੀ ਸਹੂਲਤਾਂ ਲਈ ਵੋਟ ਪਾਉਣ ਲਈ ਪ੍ਰੇਰਿਤ ਕਰ ਰਹੇ ਸਨ, ਲੱਗਦਾ ਹੈ ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਹੈ।
![]()
ਬਿਨਾਂ ਸ਼ੱਕ ਇਸ ਨਤੀਜੇ 'ਚ ਜੰਤਰ-ਮੰਤਰ ਅੰਦੋਲਨ ਦੀ ਵੀ ਵੱਡੀ ਭੂਮਿਕਾ ਹੈ, ਭਾਜਪਾ ਦਾ ਇਹ ਭਰਮ ਕਿ ਉਹ ਭਾਵੇਂ ਕੁੱਝ ਵੀ ਕਰੇ, ਲੋਕਾਂ ਦਾ ਉਸ ਤੋਂ ਮੋਹਭੰਗ ਨਹੀਂ ਹੋਵੇਗਾ, ਸ਼ਾਇਦ ਉਹ ਗ਼ਲਤਫਹਿਮੀ ਵੀ ਦੂਰ ਹੋ ਗਈ ਹੈ। ਭਾਜਪਾ ਪਿਛਲੇ ਮਹੀਨੇ ਤੋਂ ਦੇਸ਼ ਭਰ ਵਿਚ ਹਰ ਤਰ੍ਹਾਂ ਦੀ ਰਾਜਨੀਤਕ ਆਲੋਚਨਾ ਦੇ ਕੇਂਦਰ ਵਿਚ ਸੀ, ਉਸ ਤੋਂ ਇਹ ਅਨੁਮਾਨ ਲਗਾਉਣਾ ਗਲਤ ਨਹੀਂ ਹੋਵੇਗਾ ਕਿ ਪਾਰਟੀ ਨੂੰ ਪਤਾ ਸੀ ਕਿ ਵੋਟਰ ਇਸ ਤੋਂ ਵੱਡੇ ਪੱਧਰ 'ਤੇ ਨਾਰਾਜ਼ ਹਨ। ਇਸੇ ਲਈ ਭਾਜਪਾ ਨੇ ਵੋਟਰਾਂ ਦੀ ਨਾਰਾਜ਼ਗੀ ਨੂੰ ਦੂਰ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਸੀ। ਭਾਜਪਾ ਨੇ ਆਪਣੀ ਪੂਰੀ ਚੋਣ ਸ਼ਕਤੀ ਇਨ੍ਹਾਂ ਤਿੰਨ ਵਿਧਾਨ ਸਭਾ ਉਪ-ਚੋਣਾਂ ਵਿਚ ਲਗਾ ਦਿੱਤੀ ਸੀ, ਹਰੇਕ ਪੋਲਿੰਗ ਬੂਥ 'ਤੇ ਉਸ ਦੇ 10-10 ਵਰਕਰ ਮੌਜੂਦ ਸਨ ਅਤੇ ਬਿਹਾਰ ਤੇ ਮੱਧ ਪ੍ਰਦੇਸ਼ ਵਿਚ ਪਾਰਟੀ ਨੇ ਹਰ ਜਗ੍ਹਾ ਆਪਣੇ ਨੇਤਾਵਾਂ ਦੀ ਫੌਜ ਤਾਇਨਾਤ ਕੀਤੀ ਹੋਈ ਸੀ। ਭਾਜਪਾ ਦੋਵੇਂ ਸੂਬਿਆਂ 'ਚ ਸੱਤਾਧਾਰੀ ਹੋਣ ਕਰਕੇ ਉਸ ਨੂੰ ਪ੍ਰਸ਼ਾਸਨ ਤੋਂ ਵੀ ਪੂਰਾ ਫਾਇਦਾ ਮਿਲ ਰਿਹਾ ਸੀ। ਇਸ ਦੇ ਬਾਵਜੂਦ ਭਾਜਪਾ ਦੋ ਵਿਧਾਨ ਸਭਾ ਚੋਣਾਂ ਹਾਰ ਗਈ। ਇਸ ਤੋਂ ਇਹ ਅਨੁਮਾਨ ਲਗਾਉਣਾ ਪੂਰੀ ਤਰ੍ਹਾਂ ਗਲਤ ਨਹੀਂ ਹੋਵੇਗਾ ਕਿ ਜੇਕਰ ਭਾਜਪਾ ਨੇ ਜਲਦੀ ਆਪਣੇ ਕੰਮਕਾਜ ਦਾ ਮੁਲਾਂਕਣ ਨਾ ਕੀਤਾ ਤਾਂ ਕੇਂਦਰ ਵਿਚ ਲਗਾਤਾਰ ਚੌਥੀ ਵਾਰ ਸਰਕਾਰ ਬਣਾਉਣਾ ਫਿਲਹਾਲ ਤਾਂ ਅਸੰਭਵ ਹੀ ਜਾਪਦਾ ਹੈ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪਿਛਲੇ ਇਕ ਦਹਾਕੇ ਦੌਰਾਨ ਭਾਜਪਾ ਨੇ ਰਾਸ਼ਟਰੀ ਰਾਜਨੀਤੀ 'ਚ ਦਬਦਬੇ ਦੇ ਰਵਾਇਤੀ ਅਰਥ ਬਦਲ ਦਿੱਤੇ ਹਨ।
ਵਰਤਮਾਨ ਸਮੇਂ ਦੇਸ਼ ਦੇ ਜ਼ਿਆਦਾਤਰ ਰਾਜਾਂ 'ਚ ਭਾਜਪਾ ਖ਼ੁਦ ਜਾਂ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਸਰਕਾਰਾਂ ਚਲਾ ਰਹੀ ਹੈ, ਉਸ ਦਾ ਸੰਗਠਨ ਦੇਸ਼ ਦੇ ਹਰ ਰਾਜ 'ਚ ਬਹੁਤ ਮਜ਼ਬੂਤ ਹੈ। ਭਾਜਪਾ ਲੀਡਰਸ਼ਿਪ ਦੀ ਦੇਸ਼ ਪੱਧਰ 'ਤੇ ਪ੍ਰਵਾਨਗੀ ਵਧੀ ਹੈ ਤੇ ਉਸ ਦਾ ਚੋਣ ਪ੍ਰਬੰਧਨ ਵੀ ਹੁਣ ਤੱਕ ਦਾ ਸਭ ਤੋਂ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਪਰ ਇਕ ਲੋਕਤੰਤਰ 'ਚ ਜੇਕਰ ਵੋਟਰਾਂ ਦਾ ਮਨ ਬਦਲ ਜਾਵੇ ਤਾਂ ਇਹ ਸਾਰੀਆਂ ਤਾਕਤਾਂ ਵਿਅਰਥ ਸਾਬਤ ਹੋ ਜਾਂਦੀਆਂ ਹਨ। ਪਿਛਲੇ ਡੇਢ ਸਾਲ ਦੌਰਾਨ ਦੇਸ਼ ਦੀ ਆਰਥਿਕਤਾ, ਰੁਜ਼ਗਾਰ ਤੇ ਵਿਦੇਸ਼ ਨੀਤੀ 'ਚ ਹਰ ਪਾਸੇ ਸੰਕਟ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਹੇ ਹਨ, ਭਾਵੇਂ ਭਾਜਪਾ ਇਨ੍ਹਾਂ ਤੋਂ ਇਨਕਾਰ ਕਰੇ ਪਰ ਦੇਸ਼ ਦੇ ਵੋਟਰਾਂ ਵਿਚ ਭਾਰੀ ਨਿਰਾਸ਼ਾ ਹੈ। ਭਾਵੇਂ ਦੇਸ਼ ਦੇ ਵੋਟਰਾਂ ਦਾ ਸੁਭਾਅ ਖਾਮੋਸ਼ ਹੀ ਰਿਹਾ ਹੈ, ਪਰ ਜਦੋਂ ਵੀ ਕੋਈ ਪਾਰਟੀ ਅਜੇਤੂ ਹੋਣ ਦਾ ਭਰਮ ਪਾਲ ਲੈਂਦੀ ਹੈ ਤਾਂ ਵੋਟਰ ਉਸ ਪਾਰਟੀ ਨੂੰ ਅਸਮਾਨ ਤੋਂ ਜ਼ਮੀਨ 'ਤੇ ਲਿਆ ਦਿੰਦੇ ਹਨ। ਦਰਅਸਲ ਕਿਸੇ ਵੀ ਪਾਰਟੀ ਦੀ ਜਿੱਤ ਜਾਂ ਹਾਰ 'ਚ ਸਭ ਤੋਂ ਮਹੱਤਵਪੂਰਨ ਉਸ ਦੇ ਜ਼ਮੀਨੀ ਪੱਧਰ ਦੇ ਵਰਕਰ ਹੁੰਦੇ ਹਨ। ਪਿਛਲੇ ਕਾਫ਼ੀ ਸਮੇਂ ਤੋਂ ਭਾਜਪਾ ਵਰਕਰ ਖਾਸ ਕਰਕੇ ਰਾਮ ਮੰਦਰ ਚੜ੍ਹਾਵਾ ਘੁਟਾਲੇ ਤੋਂ ਬਾਅਦ ਕਾਫ਼ੀ ਅਸੰਤੋਸ਼ 'ਚ ਹਨ। ਮੱਧ ਪ੍ਰਦੇਸ਼ 'ਚ ਦਤੀਆ ਉਪ-ਚੋਣ 'ਚ ਭਾਜਪਾ ਦੇ ਹਾਰੇ ਹੋਏ ਉਮੀਦਵਾਰ ਆਸ਼ੂਤੋਸ਼ ਤਿਵਾੜੀ ਨੇ ਤਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਉਹ ਕਾਂਗਰਸ ਤੋਂ ਨਹੀਂ, ਸਗੋਂ ਆਪਣੇ ਭਾਜਪਾ ਦੇ ਲੋਕਾਂ ਤੋਂ ਹੀ ਹਾਰੇ ਹਨ।
ਇਨ੍ਹਾਂ ਉਪ-ਚੋਣਾਂ ਤੋਂ ਬਾਅਦ ਭਾਜਪਾ ਆਪਣੇ ਸੰਗਠਨ 'ਤੇ ਧਿਆਨ ਦੇਣ ਦੇ ਨਾਲ ਹੀ ਉਸ ਸੰਕਟ ਨੂੰ ਹੱਲ ਕਰਨ ਲਈ ਵੀ ਹਰ ਸੰਭਵ ਕੋਸ਼ਿਸ਼ ਕਰੇਗੀ, ਜਿਸ ਵੱਲ ਇਸ਼ਾਰਾ ਕੀਤਾ ਗਿਆ ਹੈ। ਹਾਲਾਂਕਿ ਇਹ ਵੀ ਸੱਚ ਹੈ ਕਿ ਉਪ-ਚੋਣਾਂ ਦੀ ਜਿੱਤ ਜਾਂ ਹਾਰ ਦੇ ਆਧਾਰ 'ਤੇ ਭਾਰਤੀ ਰਾਜਨੀਤੀ 'ਚ ਕਿਸੇ ਸਥਾਈ ਬਦਲਾਅ ਦੀ ਤਸਵੀਰ ਦੇਖਣਾ ਠੀਕ ਨਹੀਂ ਹੋਵੇਗਾ।
ਭਾਵੇਂ ਵਿਰੋਧੀ ਧਿਰ ਇਨ੍ਹਾਂ ਤਿੰਨ ਉਪ-ਚੋਣਾਂ 'ਚੋਂ ਦੋ ਨੂੰ ਜਿੱਤ ਕੇ ਖੁਸ਼ ਹੋਵੇ, ਪਰ ਉਸ ਨੂੰ ਸੁਚੇਤ ਰਹਿਣਾ ਹੋਵੇਗਾ ਕਿ ਭਾਜਪਾ ਦਾ ਪਤਨ ਇੰਨਾ ਆਸਾਨ ਨਹੀਂ ਹੈ। ਇਹ ਇਕ ਸੰਗਠਨ ਨਹੀਂ ਹੈ, ਸਗੋਂ ਸੰਗਠਨਾਂ ਦਾ ਸਮੂਹ ਹੈ ਤੇ ਸੰਕਟ ਦੇ ਸਮੇਂ ਉਹ ਸਾਰੇ ਇਕੱਠੇ ਹੋ ਜਾਂਦੇ ਹਨ। ਇਸ ਲਈ ਜਦੋਂ ਅੱਜ ਦੇ ਵੋਟਰ ਵਧੇਰੇ ਸਮਝਦਾਰ ਤੇ ਵਿਹਾਰਕ ਹੋ ਗਏ ਹਨ, ਉਨ੍ਹਾਂ ਨੂੰ ਕਿਸੇ ਵੀ ਪਾਰਟੀ ਦਾ ਸਥਾਈ ਸਮਰਥਕ ਮੰਨਣਾ ਗਲਤੀ ਹੋਵੇਗੀ। ਸਿਰਫ਼ ਦੋ ਵਿਧਾਨ ਸਭਾ ਉਪ-ਚੋਣਾਂ ਦੀ ਜਿੱਤ ਦੇ ਆਧਾਰ 'ਤੇ ਭਾਜਪਾ ਦੇ ਪਤਨ ਤੇ ਵਿਰੋਧੀ ਧਿਰ ਦੇ ਉਭਾਰ ਦੀ ਸਮੁੱਚੀ ਤਸਵੀਰ ਦੇਖਣਾ ਅਜੇ ਜਲਦਬਾਜ਼ੀ ਹੋਵੇਗੀ।
(ਲੇਖਕ ਚਲੰਤ ਮਾਮਲਿਆਂ ਦਾ ਵਿਸ਼ਲੇਸ਼ਕ ਹੈ)
-ਇਮੇਜ ਰਿਫਲੈਕਸ਼ਨ ਸੈਂਟਰ