ਦੋ ਸਾਲ ਪਹਿਲਾਂ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਾਜਿਦ ਦੇਸ਼ ਵਿਚ ਸਖ਼ਤ ਗੜਬੜ ਦੇ ਹਾਲਾਤ ਪੈਦਾ ਹੋਣ ਤੋਂ ਬਾਅਦ ਦੇਸ਼ ਛੱਡ ਕੇ ਭਾਰਤ ਆ ਗਈ ਸੀ | ਪਿਛਲੇ ਦੋ ਸਾਲਾਂ ਵਿਚ ਬੰਗਲਾਦੇਸ਼ ਵਿਚ ਵੱਡੀ ਉਥਲ-ਪੁਥਲ ਹੋਈ ਹੈ | ਸ਼ੇਖ ਹਸੀਨਾ ਦੇ ਪ੍ਰਸ਼ਾਸਨ ਦੇ ਸਮੇਂ ਵਿਚ ਹੀ ਉੱਥੋਂ ਦੀ ਕੱਟੜਪੰਥੀ ਪਾਰਟੀ ਜਮਾਤ-ਏ-ਇਸਲਾਮੀ ਵਧੇਰੇ ਮਜ਼ਬੂਤ ਹੋ ਗਈ ਸੀ | ਇਸ ਕਰਕੇ ਹੀ ਹਸੀਨਾ ਦੇ ਭਾਰਤ ਆਉਣ ਤੋਂ ਬਾਅਦ ਵੱਡੀ ਗਿਣਤੀ ਵਿਚ ਹਿੰਦੂਆਂ ਨੂੰ ਉੱਥੇ ਨਿਸ਼ਾਨਾ ਬਣਾਇਆ ਗਿਆ | ਉਨ੍ਹਾਂ ਦੇ ਕਾਰੋਬਾਰ ਤਬਾਹ ਕੀਤੇ ਗਏ ਅਤੇ ਉਨ੍ਹਾਂ ਦੇ ਮਨਾਂ ਵਿਚ ਦਹਿਸ਼ਤ ਪੈਦਾ ਕੀਤੀ ਗਈ | ਹਸੀਨਾ ਨੇ ਬੰਗਲਾਦੇਸ਼ ਵਿਚ ਲੰਮਾ ਸਮਾਂ ਪ੍ਰਸ਼ਾਸਨ ਚਲਾਇਆ, ਜਿੱਥੇ ਇਸ ਸਮੇਂ ਦੌਰਾਨ ਉਸ ਨੇ ਭਾਰਤ ਨਾਲ ਚੰਗੇ ਸੰਬੰਧ ਬਣਾਈ ਰੱਖੇ, ਉੱਥੇ ਪਾਕਿਸਤਾਨ ਅਤੇ ਚੀਨ ਤੋਂ ਵੀ ਇਕ ਦੂਰੀ ਬਣਾਈ ਰੱਖੀ ਸੀ, ਪਰ ਉਸ ਦੇ ਭਾਰਤ ਵਿਚ ਸ਼ਰਨ ਲੈਣ ਤੋਂ ਬਾਅਦ ਅੱਜ ਉੱਥੇ ਬਹੁਤ ਕੁਝ ਬਦਲ ਚੁੱਕਾ ਹੈ |
ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ 1971 ਵਿਚ ਇਸ ਨਵੇਂ ਦੇਸ਼ ਦੇ ਹੋਂਦ ਵਿਚ ਆਉਣ ਤੋਂ ਲੈ ਕੇ ਆਵਾਮੀ ਲੀਗ ਨਾਲ ਸਿਆਸਤ ਵਿਚ ਲਗਾਤਾਰ ਮੁਕਾਬਲੇ ਵਿਚ ਰਹੀ ਹੈ | ਅੱਜ ਉੱਥੇ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ਿਆ ਦਾ ਲੜਕਾ ਤਾਰਿਕ ਰਹਿਮਾਨ ਪ੍ਰਧਾਨ ਮੰਤਰੀ ਬਣ ਗਿਆ ਹੈ | ਹਸੀਨਾ ਦੇ ਭਾਰਤ ਵਿਚ ਸ਼ਰਨ ਲੈਣ ਤੋਂ ਬਾਅਦ ਇਕ ਵਾਰ ਫੇਰ ਦੋਵਾਂ ਗੁਆਂਢੀ ਦੇਸ਼ਾਂ ਦੇ ਸੰਬੰਧਾਂ ਵਿਚ ਵੱਡੀ ਖਟਾਸ ਆ ਗਈ ਸੀ | ਇਸੇ ਹੀ ਸਮੇਂ ਵਿਚ ਤਾਰਿਕ ਰਹਿਮਾਨ ਨੇ ਪਾਕਿਸਤਾਨ ਅਤੇ ਚੀਨ ਨਾਲ ਆਪਣੀ ਨੇੜਤਾ ਵੀ ਬਣਾ ਲਈ ਸੀ | ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਜਦੋਂ ਵੀ ਹਕੂਮਤ ਆਉਂਦੀ ਰਹੀ, ਉਸ ਦਾ ਭਾਰਤ ਨਾਲ ਲਗਾਤਾਰ ਤਕਰਾਰ ਬਣਿਆ ਰਿਹਾ | ਚਾਹੇ ਨਵੀਂ ਸਰਕਾਰ ਦੇ ਹੋਂਦ ਵਿਚ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਰਿਕ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ 'ਤੇ ਵਧਾਈ ਦਿੱਤੀ ਸੀ, ਉਸ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਵੀ ਖ਼ਾਲਿਦਾ ਦੇ ਦਿਹਾਂਤ 'ਤੇ ਉੱਥੇ ਗਏ ਸਨ ਅਤੇ ਉੱਥੇ ਨਵੀਂ ਸਰਕਾਰ ਬਣਨ 'ਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਅਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਵੀ ਤਾਰਿਕ ਰਹਿਮਾਨ ਦੇ ਸਹੁੰ ਚੁੱਕ ਸਮਾਗਮ 'ਤੇ ਢਾਕਾ ਗਏ ਸਨ | ਆਉਂਦੇ ਮਹੀਨੇ ਭਾਰਤ ਵਿਚ 'ਬਿ੍ਕਸ' ਦੇਸ਼ਾਂ ਦਾ ਸੰਮੇਲਨ ਹੋ ਰਿਹਾ ਹੈ | ਉਸ ਲਈ ਵੀ ਭਾਰਤ ਵਲੋਂ ਤਾਰਿਕ ਰਹਿਮਾਨ ਨੂੰ ਸੱਦਾ ਪੱਤਰ ਦਿੱਤਾ ਗਿਆ ਹੈ | ਤਾਰਿਕ ਰਹਿਮਾਨ ਇਸੇ ਸਾਲ ਫਰਵਰੀ ਵਿਚ ਪ੍ਰਧਾਨ ਮੰਤਰੀ ਬਣਿਆ ਸੀ, ਪਰ ਦੋਵਾਂ ਦੇਸ਼ਾਂ ਵਿਚ ਦੋ ਸਾਲ ਪਹਿਲਾਂ ਹਸੀਨਾ ਦੇ ਮਾਮਲੇ 'ਤੇ ਪੈਦਾ ਹੋਇਆ ਤਣਾਅ ਅਜੇ ਵੀ ਬਰਕਰਾਰ ਹੈ | ਸ਼ੇਖ ਹਸੀਨਾ ਨੇ ਦਿੱਲੀ ਵਿਚ ਵਿਦੇਸ਼ੀ ਪੱਤਰਕਾਰਾਂ ਦੀ ਪ੍ਰੈੱਸ ਕਲੱਬ ਵਿਚ ਜੋ ਗੱਲਾਂ ਕਹੀਆਂ ਹਨ, ਬਿਨਾਂ ਸ਼ੱਕ ਉਹ ਦਲੇਰੀ ਭਰਪੂਰ ਅਤੇ ਸਪੱਸ਼ਟ ਹਨ | ਹਸੀਨਾ ਨੇ ਕਿਹਾ ਕਿ ਚਾਹੇ ਮੈਂ ਜੇਲ੍ਹ ਵਿਚ ਜਾਵਾਂ ਜਾਂ ਮੈਨੂੰ ਮਾਰ ਦਿੱਤਾ ਜਾਏ, ਫੇਰ ਵੀ ਮੈਂ ਬੰਗਲਾਦੇਸ਼ ਵਾਪਸ ਜਾਵਾਂਗੀ | ਉਸ ਨੇ ਕਿਹਾ ਕਿ ਅੱਜ ਉੱਥੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ, ਉਸ ਨੂੰ ਦੇਖਦਿਆਂ ਹਮੇਸ਼ਾ ਵੱਡਾ ਦੁੱਖ ਹੁੰਦਾ ਰਿਹਾ ਹੈ | ਦੇਸ਼ ਦੀ ਸੁਰੱਖਿਆ, ਇਸ ਦੇ ਵਿਕਾਸ, ਇਸ ਦੀ ਖ਼ੁਸ਼ਹਾਲੀ ਅਤੇ ਸ਼ਾਂਤੀ ਲਈ ਉਸ ਦਾ ਆਪਣੇ ਦੇਸ਼ ਵਿਚ ਜਾ ਕੇ ਯੋਗਦਾਨ ਪਾਉਣਾ ਬੇਹੱਦ ਜ਼ਰੂਰੀ ਹੈ ਅਤੇ ਉਸ ਨੇ ਇਹ ਵੀ ਸਪੱਸ਼ਟ ਰੂਪ ਵਿਚ ਕਿਹਾ ਕਿ ਉੱਥੇ ਆਵਾਮੀ ਲੀਗ 'ਤੇ ਪਾਬੰਦੀ ਹਟਾਈ ਜਾਣੀ ਚਾਹੀਦੀ ਹੈ | ਸਿਆਸੀ ਕੈਦੀਆਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਅਤੇ ਵੱਡੀ ਗਿਣਤੀ ਵਿਚ ਬਣਾਏ ਗਏ ਝੂਠੇ ਕੇਸ ਵਾਪਸ ਹੋਣੇ ਚਾਹੀਦੇ ਹਨ |
ਹਸੀਨਾ ਦੇ ਬੇਟੇ ਸਜੀਬ ਵਾਜ਼ਿਦ ਜੋਏ ਨੇ ਕਿਹਾ ਕਿ ਲੋਕਤੰਤਰੀ ਪ੍ਰਕਿਰਿਆ ਨੂੰ ਤੱਜ ਕੇ ਬੰਗਲਾਦੇਸ਼ ਦੂਸਰਾ ਪਾਕਿਸਤਾਨ ਬਣਦਾ ਜਾ ਰਿਹਾ ਹੈ, ਜੋ ਆਉਂਦੇ ਸਮੇਂ ਵਿਚ ਦੱਖਣੀ ਏਸ਼ੀਆ ਦੇ ਇਸ ਖਿੱਤੇ ਲਈ ਬੇਹੱਦ ਘਾਤਕ ਸਾਬਿਤ ਹੋਵੇਗਾ | ਹਸੀਨਾ ਤੇ ਵਾਜ਼ਿਦ ਨੇ ਆਪਣੀ ਜ਼ਿੰਦਗੀ ਵਿਚ ਵੱਡੇ ਉਤਰਾਅ-ਚੜ੍ਹਾਅ ਦੇਖੇ ਹਨ | ਉਸ ਦੇ ਪਿਤਾ ਸ਼ੇਖ ਮੁਜੀਬੁਰ ਰਹਿਮਾਨ ਨੂੰ ਸਾਲ 1971 ਵਿਚ ਬੰਗਲਾਦੇਸ਼ ਨੂੰ ਆਜ਼ਾਦ ਕਰਵਾਉਣ ਦਾ ਮੋਢੀ ਮੰਨਿਆ ਜਾਂਦਾ ਰਿਹਾ ਹੈ | ਉਸ ਸਮੇਂ ਦੇ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) 'ਤੇ ਫ਼ੌਜੀ ਤਾਨਾਸ਼ਾਹ ਯਹੀਆ ਖਾਨ ਨੇ ਲੋਕਾਂ ਨੂੰ ਦਬਾਉਣ ਲਈ ਵੱਡੇ ਜ਼ੁਲਮ ਢਾਹੇ ਅਤੇ ਲੱਖਾਂ ਹੀ ਬੰਗਲਾਦੇਸ਼ੀਆਂ ਨੂੰ ਮਾਰ ਦਿੱਤਾ ਸੀ | ਹਸੀਨਾ ਨੂੰ ਸਭ ਤੋਂ ਵੱਡਾ ਝਟਕਾ ਉਦੋਂ ਲੱਗਾ ਸੀ, ਜਦੋਂ ਬੰਗਲਾਦੇਸ਼ ਬਣਨ ਦੇ ਕੁਝ ਸਾਲਾਂ ਬਾਅਦ ਹੀ ਉਸ ਦੇ ਪਿਤਾ ਸਮੇਤ ਸਾਰੇ ਪਰਿਵਾਰ ਨੂੰ ਕੁਝ ਫ਼ੌਜੀਆਂ ਵਲੋਂ ਮਾਰ ਦਿੱਤਾ ਗਿਆ ਸੀ | ਹਸੀਨਾ ਅਤੇ ਉਸ ਦੀ ਭੈਣ ਦੇ ਉਸ ਸਮੇਂ ਦੇਸ਼ 'ਚੋਂ ਬਾਹਰ ਹੋਣ ਕਾਰਨ ਉਹ ਬਚ ਗਈਆਂ ਸਨ | ਉਸ ਤੋਂ ਬਾਅਦ ਉਸ ਦਾ ਆਪਣੇ ਨਵੇਂ ਦੇਸ਼ ਵਿਚ ਬੇਹੱਦ ਘਟਨਾਵਾਂ ਭਰਪੂਰ ਜੀਵਨ ਸ਼ੁਰੂ ਹੋਇਆ, ਜਿਸ ਨੇ ਉਸ ਦੇ ਚਰਿੱਤਰ ਨੂੰ ਹੋਰ ਵੀ ਮਜ਼ਬੂਤ ਬਣਾ ਦਿੱਤਾ | ਲੰਮੇ ਸਮੇਂ ਤੱਕ ਆਪਣੇ ਪ੍ਰਸ਼ਾਸਨ ਕਾਲ ਵਿਚ ਉਸ ਨੇ ਭਾਰਤ ਵੱਲ ਲਗਾਤਾਰ ਦੋਸਤੀ ਅਤੇ ਸਹਿਯੋਗ ਦਾ ਹੱਥ ਵਧਾਈ ਰੱਖਿਆ ਅਤੇ ਆਪਣੇ ਦੇਸ਼ ਵਿਚ ਇਸਲਾਮਿਕ ਅੱਤਵਾਦੀ ਅਨਸਰਾਂ ਨੂੰ ਸਖ਼ਤੀ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਸੀ |
ਪਿਛਲੇ ਦੋ ਸਾਲ ਤੋਂ ਹਸੀਨਾ ਦੇ ਭਾਰਤ ਵਿਚ ਰਹਿਣ ਕਾਰਨ ਦੋਵਾਂ ਦੇਸ਼ਾਂ ਦੇ ਆਪਸੀ ਸੰਬੰਧ ਤਣਾਅਪੂਰਨ ਬਣੇ ਰਹੇ ਹਨ | ਬੰਗਲਾਦੇਸ਼ ਦੀਆਂ ਸਰਕਾਰਾਂ ਨੇ ਹਸੀਨਾ ਨੂੰ ਉਨ੍ਹਾਂ ਦੇ ਹਵਾਲੇ ਕਰਨ ਲਈ ਵੀ ਭਾਰਤ 'ਤੇ ਦਬਾਅ ਬਣਾਇਆ ਸੀ, ਪਰ ਭਾਰਤ ਨੇ ਹਸੀਨਾ ਨੂੰ ਆਪਣੇ ਦੇਸ਼ ਵਿਚ ਸ਼ਰਨ ਦੇਣ ਵਿਚ ਕਿਸੇ ਤਰ੍ਹਾਂ ਦੀ ਹਿਚਕਿਚਾਹਟ ਨਹੀਂ ਦਿਖਾਈ | ਹੁਣ ਹਸੀਨਾ ਦੇ ਦਲੇਰਾਨਾ ਬਿਆਨ ਤੋਂ ਬਾਅਦ ਇਕ ਵਾਰ ਫੇਰ ਦੋਵਾਂ ਦੇਸ਼ਾਂ ਦੇ ਸੰਬੰਧਾਂ ਵਿਚ ਹੋਰ ਤਣਾਅ ਆ ਸਕਦਾ ਹੈ, ਜਿਸ ਲਈ ਆਉਂਦੇ ਸਮੇਂ ਵਿਚ ਭਾਰਤ ਨੂੰ ਬੇਹੱਦ ਸੁਚੇਤ ਹੋ ਕੇ ਦੱਖਣੀ ਏਸ਼ੀਆ ਸੰਬੰਧੀ ਆਪਣੀਆਂ ਨੀਤੀਆਂ 'ਤੇ ਲਗਾਤਾਰ ਵਿਚਾਰ ਕਰਨ ਦੀ ਜ਼ਰੂਰਤ ਹੋਵੇਗੀ, ਕਿਉਂਕਿ ਇਸ ਸਮੇਂ ਪੈਦਾ ਹੋਈ ਸਥਿਤੀ ਬੇਹੱਦ ਨਾਜ਼ੁਕ ਕਹੀ ਜਾ ਸਕਦੀ ਹੈ, ਜਿਸ ਵਿਚ ਤਵਾਜ਼ਨ ਬਣਾ ਕੇ ਰੱਖਣਾ ਭਾਰਤ ਲਈ ਇਕ ਵੱਡੀ ਚੁਣੌਤੀ ਹੋਵੇਗੀ |
-ਬਰਜਿੰਦਰ ਸਿੰਘ ਹਮਦਰਦ