ਅਮਰੀਕੀ ਸਰਹੱਦਾਂ ਦੀ ਅਜੋਕੀ ਸਥਿਤੀ ਇਹ ਹੈ ਕਿ ਹੁਣ ਇੱਥੇ ਇਨਸਾਨ ਤਾਂ ਕੀ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਟਰੰਪ ਪ੍ਰਸ਼ਾਸਨ ਨੇ ਅਜਿਹੇ ਪ੍ਰਬੰਧ ਕਰ ਦਿੱਤੇ ਹਨ ਕਿ ਅਮਰੀਕਾ 'ਚ ਸਰਕਾਰ ਚਾਹੇ ਰਿਪਬਲਿਕਨ ਪਾਰਟੀ ਜਾਂ ਫਿਰ ਡੈਮੋਕਰੇਟਿਕ ਪਾਰਟੀ 'ਚੋਂ ਕਿਸੇ ਦੀ ਵੀ ਹੋਵੇ, ਅਮਰੀਕਾ ਵਿਚ ਸਿਰਫ਼ ਕਾਨੂੰਨੀ ਤੌਰ 'ਤੇ ਹੀ ਦਾਖਲ ਹੋਇਆ ਜਾ ਸਕੇਗਾ। ਤੁਸੀਂ ਵੀਜ਼ਾ ਲੈ ਕੇ ਹੀ ਅਮਰੀਕਾ ਆ ਸਕਦੇ ਹੋ, ਹੁਣ ਏਜੰਟਾਂ ਨੂੰ ਪੈਸੇ ਦੇ ਕੇ ਜੰਗਲੀ ਜਾਂ ਖਤਰਨਾਕ ਰਾਹਾਂ ਤੋਂ ਲੰਘ ਕੇ ਅਮਰੀਕੀ ਸਰਹੱਦਾਂ ਪਾਰ ਨਹੀਂ ਕੀਤੀਆਂ ਜਾ ਸਕਣਗੀਆਂ। ਰਾਸ਼ਟਰਪਤੀ ਜੋਅ ਬਾਈਡਨ ਦੇ ਸਮੇਂ ਤਾਂ ਏਦਾਂ ਲੱਗਦਾ ਸੀ ਕਿ ਗੈਰਕਾਨੂੰਨੀ ਤਰੀਕਿਆਂ ਨਾਲ ਅਮਰੀਕਾ 'ਚ ਦਾਖਲ ਹੋਣਾ ਸਭ ਤੋਂ ਆਸਾਨ ਹੈ, ਪਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਸਰਹੱਦਾਂ 'ਤੇ ਕੀਤੀ ਸਖ਼ਤੀ ਦਾ ਵਿਆਪਕ ਅਸਰ ਸਾਫ ਦਿਖਾਈ ਦੇ ਰਿਹਾ ਹੈ। ਇਸ 'ਚ ਟਰੰਪ ਦੇ ਨਜ਼ਦੀਕੀ ਤੇ ਬਾਰਡਰ ਸੁਰੱਖਿਆ ਮੁਖੀ ਟਾਮ ਹੋਮਨੇ ਨੇ ਬਹੁਤ ਪ੍ਰਭਾਵੀ ਭੂਮਿਕਾ ਨਿਭਾਈ ਹੈ, ਜਿਸ ਤੋਂ ਅਮਰੀਕੀ ਲੋਕ ਬਹੁਤ ਖੁਸ਼ ਹਨ। ਦਰਅਸਲ ਅਮਰੀਕਾ ਦੀ ਤਾਕਤ, ਚੌਧਰ ਤੋਂ ਕਈਆਂ ਨੂੰ ਈਰਖਾ ਹੋ ਸਕਦੀ ਪਰ ਦੇਸ਼ 'ਚ ਨਸ਼ਾ ਤੇ ਗੈਰ-ਕਾਨੂੰਨੀ ਮਨੁੱਖੀ ਤਸਕਰੀ ਦੇ ਚੱਲਦਿਆਂ ਸਖ਼ਤ ਸਰਹੱਦੀ ਜਾਂਚ ਤੇ ਸੁਰੱਖਿਆ ਬਹੁਤ ਜ਼ਰੂਰੀ ਸੀ। ਪਿਛਲੇ 5 ਕੁ ਸਾਲਾਂ ਤੋਂ ਜਿਸ ਤਰ੍ਹਾਂ ਦੇ ਹਾਲਾਤ ਕੈਨੇਡਾ ਵਿਚ ਗੈਂਗਸਟਰਾਂ ਨੇ ਬਣਾ ਦਿੱਤੇ ਹਨ, ਉਹ ਕਿਸੇ ਤੋਂ ਵੀ ਲੁਕੇ ਹੋਏ ਨਹੀਂ ਹਨ। ਬਹੁਗਿਣਤੀ ਅਮਰੀਕਨ ਟਰੰਪ ਦੀ ਸਰਹੱਦਾਂ 'ਤੇ ਸਖ਼ਤੀ ਦੇ ਸਮਰਥਕ ਹਨ, ਜਿਸ ਨਾਲ ਅਮਰੀਕਾ ਨੂੰ ਸੁਰੱਖਿਅਤ ਬਣਾ ਕੇ 'ਮੇਕ ਅਮੈਰਿਕਾ ਗ੍ਰੇਟ ਅਗੇਨ' (ਮੇਗਾ) ਦਾ ਸੁਪਨਾ ਵੀ ਪੂਰਾ ਹੋ ਸਕਦਾ ਹੈ। ਹੁਣ ਅਪਰਾਧੀਆਂ ਦਾ ਕਿਸੇ ਵੀ ਕੀਮਤ 'ਤੇ ਅਮਰੀਕਾ 'ਚ ਦਾਖਲਾ ਸੰਭਵ ਨਹੀਂ ਹੈ। ਹਾਲ ਹੀ ਵਿਚ ਅਮਰੀਕੀ ਸੰਘੀ ਜਾਂਚ ਏਜੰਸੀ ਐਫ.ਬੀ.ਆਈ. ਵਲੋਂ ਕੈਨੇਡਾ ਤੇ ਯੂਰਪ 'ਚ ਜਿਸ ਤਰ੍ਹਾਂ ਅਪਰਾਧੀਆਂ ਖ਼ਾਸ ਕਰਕੇ ਭਾਰਤੀ ਪਛਾਣ ਵਾਲੇ ਗੈਂਗਸਟਰਾਂ ਖ਼ਿਲਾਫ ਵੱਡੀ ਕਾਰਵਾਈ ਕੀਤੀ ਹੈ, ਉਸ ਤੋਂ ਪ੍ਰਵਾਸੀ ਬਹੁਤ ਖੁਸ਼ ਹਨ। ਟਰੰਪ ਪ੍ਰਸ਼ਾਸਨ ਨੇ ਕਈ ਨਵੀਆਂ ਨੀਤੀਆਂ ਨਾਲ ਅਮਰੀਕਾ 'ਚ ਪ੍ਰਵਾਸੀਆਂ ਦੇ ਪੱਕੇ ਪੈਰ ਟਿਕਾਉਣ ਦੇ ਖਿਆਲ ਨੂੰ ਬਹੁਤ ਔਖਾ ਕਰ ਦਿੱਤਾ ਹੈ, ਹੁਣ ਰਾਜਸੀ ਸ਼ਰਨ ਮੰਗਣੀ ਵੀ ਸੁਖਾਲੀ ਨਹੀਂ ਹੋਵੇਗੀ। ਨਵੇਂ ਨਿਯਮਾਂ ਤਹਿਤ ਹੁਣ ਸ਼ਰਨ ਦੀਆਂ ਅਰਜ਼ੀਆਂ ਨੂੰ ਇੰਟਰਵਿਊ ਕਰਵਾਏ ਬਗੈਰ ਸਿੱਧੇ ਹੀ ਇਮੀਗਰੇਸ਼ਨ ਜੱਜ ਕੋਲ ਭੇਜਿਆ ਜਾ ਸਕੇਗਾ, ਜਿਸ ਕਰਕੇ ਕਈ-ਕਈ ਸਾਲਾਂ ਤੋਂ ਲਟਕਦੇ ਕੇਸਾਂ ਦਾ ਬੈਕਲਾ ਘਟਣ ਨਾਲ ਮਾਮਲਿਆਂ ਦਾ ਨਿਪਟਾਰਾ ਤੇਜ਼ੀ ਨਾਲ ਹੋਵੇਗਾ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦਾ ਮੰਨਣਾ ਹੈ ਕਿ ਇਕੋ ਕੇਸ ਦੀ ਦੋ ਵਾਰ ਜਾਂਚ ਕਰਨ ਦੀ ਬਜਾਏ ਜਦੋਂ ਕੇਸ ਸਿੱਧਾ ਅਦਾਲਤ ਨੂੰ ਹੀ ਭੇਜ ਦਿੱਤਾ ਜਾਵੇਗਾ ਤਾਂ ਇਸ ਨਾਲ ਇਮੀਗ੍ਰੇਸ਼ਨ ਅਫਸਰਾਂ ਦਾ ਸਮਾਂ ਵੀ ਬਚੇਗਾ ਤੇ ਸ਼ਰਨ (ਅਸਾਇਲਮ) ਦੇਣ ਜਾਂ ਨਾ ਦੇਣ ਦਾ ਰਾਹ ਵੀ ਪੱਧਰਾ ਹੋ ਜਾਵੇਗਾ। ਹੁਣ ਕੇਸ ਦਾ ਫੈਸਲਾ ਇਮੀਗ੍ਰੇਸ਼ਨ ਜੱਜ ਹੀ ਕਰੇਗਾ ਤੇ ਬਿਨੈਕਰਤਾ ਨੂੰ ਅਦਾਲਤਾਂ ਵਿਚ ਆਪਣੇ ਸਬੂਤਾਂ ਤੇ ਦਲੀਲਾਂ ਪੇਸ਼ ਕਰਨੀਆਂ ਪੈਣਗੀਆਂ। ਹਾਲਾਂਕਿ ਇਮੀਗ੍ਰੇਸ਼ਨ ਵਕੀਲਾਂ ਤੇ ਪ੍ਰਵਾਸੀਆਂ ਦੇ ਹੱਕਾਂ ਦੀ ਪਹਿਰੇਦਾਰੀ ਕਰਨ ਵਾਲੀਆਂ ਸੰਸਥਾਵਾਂ ਨੇ ਇਸ 'ਤੇ ਜ਼ਰੂਰ ਚਿੰਤਾ ਪ੍ਰਗਟਾਈ ਹੈ। ਜਿਸ ਤਰ੍ਹਾਂ ਦੀਆਂ ਰਾਸ਼ਟਰੀ ਸਥਿਤੀਆਂ ਤੇ ਸਰਹੱਦੀ ਵਾਤਾਵਰਨ ਡੋਨਾਲਡ ਟਰੰਪ ਨੇ ਸਿਰਜ ਦਿੱਤਾ ਹੈ, ਇਸ 'ਚ ਤਬਦੀਲੀਆਂ ਸੰਭਵ ਨਹੀਂ ਹੋਣਗੀਆਂ।
ਟਰੰਪ ਤੇ ਫੀਫਾ ਵਿਵਾਦ
ਅਮਰੀਕਾ 'ਚ ਫੀਫਾ ਤੇ ਟਰੰਪ ਦਰਮਿਆਨ ਸਿੰਗ ਫਸਣ ਦੀ ਕਹਾਣੀ ਦੀ ਚਰਚਾ ਹੋ ਰਹੀ ਹੈ, ਜਦੋਂ 2026 ਵਿਸ਼ਵ ਕੱਪ ਦੌਰਾਨ ਫੀਫਾ ਨੇ ਇਕ-ਗੇਮ ਮੁਅੱਤਲੀ ਨੂੰ ਲਾਗੂ ਕਰਨ ਨੂੰ ਮੁਅੱਤਲ ਕਰ ਦਿੱਤਾ ਸੀ। ਅਮਰੀਕੀ ਪੁਰਸ਼ ਫੁੱਟਬਾਲ ਟੀਮ ਦੇ ਖਿਡਾਰੀ ਫੋਲਾਰਿਨ ਬਾਲੋਗੁਨ ਨੂੰ ਬੋਸਨੀਆ ਤੇ ਹਰਜ਼ੇਗੋਵੀਨਾ ਰਾਸ਼ਟਰੀ ਟੀਮ ਦੇ ਖ਼ਿਲਾਫ 32ਵੇਂ ਮੈਚ ਦੌਰਾਨ ਇਕ ਫਾਊਲ ਕਾਰਨ ਬਾਹਰ ਭੇਜੇ ਜਾਣ ਤੋਂ ਬਾਅਦ ਇਹ ਅਜੀਬ ਸਥਿਤੀ ਬਣੀ ਸੀ। ਬਾਲੋਗੁਨ ਦੀ ਮੁਅੱਤਲੀ ਫੀਫਾ ਅਨੁਸ਼ਾਸਨ ਕੋਡ ਦੇ ਆਰਟੀਕਲ 27 ਅਧਿਕਾਰ ਦੇ ਤਹਿਤ ਇਕ ਸਾਲ ਦੀ ਪ੍ਰੋਬੇਸ਼ਨਰੀ ਮਿਆਦ ਲਈ ਮੁਲਤਵੀ ਕਰ ਦਿੱਤੀ ਗਈ ਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਿੱਧੇ ਤੌਰ 'ਤੇ ਫੀਫਾ ਦੇ ਪ੍ਰਧਾਨ ਗਿਆਨੀ ਇਨਫੈਂਟੀਨੋ ਨੂੰ ਫ਼ੋਨ ਕਰਕੇ ਲਾਲ ਕਾਰਡ ਦੇ ਫੈਸਲੇ ਦੀ ਸਮੀਖਿਆ ਕਰਨ ਲਈ ਕਿਹਾ ਸੀ। ਇਸ ਫੈਸਲੇ ਨੇ ਬਾਲੋਗੁਨ ਨੂੰ ਬੈਲਜੀਅਮ ਦੇ ਖ਼ਿਲਾਫ ਅਮਰੀਕਾ ਦੇ 16ਵੇਂ ਦੌਰ ਦੇ ਮੈਚ ਵਿਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ ਸੀ, ਹਾਲਾਂਕਿ ਲਾਲ ਕਾਰਡ ਪ੍ਰਭਾਵੀ ਰਿਹਾ। ਬੈਲਜੀਅਮ ਨੇ ਮੈਚ 4-1 ਨਾਲ ਜਿੱਤਿਆ ਸੀ ਤੇ ਬਾਲੋਗੁਨ ਲਗਭਗ ਪੂਰਾ ਮੈਚ ਖੇਡਿਆ ਸੀ। ਬਾਲੋਗੁਨ 2026 ਫੀਫਾ ਵਿਸ਼ਵ ਕੱਪ ਵਿਚ 26 ਖਿਡਾਰੀਆਂ ਦੀ ਅਮਰੀਕੀ ਟੀਮ ਦੇ ਸ਼ੁਰੂਆਤੀ ਸਟ੍ਰਾਈਕਰ ਵਜੋਂ ਨਾਮਜ਼ਦ ਹੋਇਆ ਸੀ। ਉਹ 12 ਜੂਨ ਨੂੰ ਆਪਣੇ ਵਿਸ਼ਵ ਕੱਪ ਡੈਬਿਊ 'ਤੇ ਪੈਰਾਗੁਏ ਵਿਰੁੱਧ ਟੀਮ ਦੇ ਸ਼ੁਰੂਆਤੀ ਗਰੁੱਪ ਪੜਾਅ ਮੈਚ ਵਿਚ 4-1 ਦੇ ਓਪਨਰ ਵਿਚ ਦੋ ਵਾਰ ਗੋਲ ਕਰ ਕੇ 'ਪਲੇਅਰ ਆਫ ਦ ਮੈਚ' ਚੁਣਿਆ ਗਿਆ ਸੀ। ਆਸਟ੍ਰੇਲੀਆ ਵਿਰੁੱਧ ਅਗਲੇ ਮੈਚ ਵਿਚ ਉਸ ਨੇ ਲਗਾਤਾਰ ਦੂਜਾ 'ਪਲੇਅਰ ਆਫ਼ ਦ ਮੈਚ' ਪੁਰਸਕਾਰ ਜਿੱਤਿਆ, ਕਿਉਂਕਿ ਅਮਰੀਕਾ ਨੇ ਗਰੁੱਪ ਡੀ ਵਿਚ ਸਿਖਰਲਾ ਸਥਾਨ ਹਾਸਿਲ ਕੀਤਾ।
![]()
ਮੈਚ ਦੇ 61ਵੇਂ ਮਿੰਟ ਵਿਚ, ਬਾਲੋਗੁਨ ਨੇ ਤਾਰਿਕ ਮੁਹਾਰੇਮੋਵਿਕ ਦੇ ਗਿੱਟੇ 'ਤੇ ਪੈਰ ਰੱਖ ਦਿੱਤਾ, ਜਦੋਂ ਦੋਵੇਂ ਖਿਡਾਰੀ ਗੇਂਦ ਲਈ ਇਕ-ਦੂਜੇ ਨੂੰ ਚੁਣੌਤੀ ਦੇ ਰਹੇ ਸਨ। ਸਲੋਅ ਮੋਸ਼ਨ ਰੀਪਲੇਅ ਦੀ ਸਮੀਖਿਆ ਤੋਂ ਬਾਅਦ ਕਲਾਜ਼ ਨੇ ਬਾਲੋਗੁਨ ਨੂੰ ਗੰਭੀਰ ਫਾਊਲ ਲਈ ਗਰਾਊਂਡ ਤੋਂ ਬਾਹਰ ਭੇਜ ਦਿੱਤਾ ਸੀ। ਬਾਲੋਗੁਨ ਇਕੋ ਮੈਚ ਵਿਚ ਗੋਲ ਕਰਨ ਤੇ ਲਾਲ ਕਾਰਡ ਪ੍ਰਾਪਤ ਕਰਨ ਵਾਲਾ ਚੌਥਾ ਖਿਡਾਰੀ ਸੀ। ਉਸ ਨੂੰ ਲਾਲ ਕਾਰਡ ਦੇਣ ਦੇ ਫੈਸਲੇ ਨੇ ਅਮਰੀਕੀ ਪ੍ਰਸੰਸਕਾਂ ਵਿਚ ਵਿਆਪਕ ਰੋਸ ਪੈਦਾ ਕੀਤਾ ਅਤੇ 'ਫ੍ਰੀ ਫਲੋ' ਦੇ ਨਾਅਰੇ ਨਾਲ ਇਕ ਮੀਡੀਆ ਮੁਹਿੰਮ ਸ਼ੁਰੂ ਕਰ ਦਿੱਤੀ। ਵਣਜ ਸਕੱਤਰ ਹਾਵਰਡ ਲੂਟਨਿਕ ਤੇ ਐਂਡਰਿਊ ਗਿਉਲਿਆਨੀ ਸਮੇਤ ਅਮਰੀਕੀ ਅਧਿਕਾਰੀਆਂ ਨੇ ਲਾਲ ਕਾਰਡ ਦੀ ਅਪੀਲ ਕਰਨ ਲਈ ਅਮਰੀਕਾ ਦੀ ਟੀਮ ਲਈ ਵਕੀਲ ਪ੍ਰਦਾਨ ਕੀਤੇ ਸਨ। ਟਰੰਪ ਨੇ ਬਾਅਦ ਵਿਚ ਇਨਫੈਂਟੀਨੋ ਨਾਲ ਗੱਲ ਕਰਦੇ ਸਮੇਂ ਦਲੀਲ ਦਿੱਤੀ ਸੀ ਕਿ ਖੇਡ ਦੇ ਕਾਨੂੰਨ ਅਸਲ ਵਿਚ ਇਹ ਕਹਿੰਦੇ ਹਨ ਕਿ ਮੈਦਾਨ 'ਤੇ ਰੈਫਰੀ ਨੂੰ ਅਪਰਾਧ ਦੀ ਗੰਭੀਰਤਾ ਦਾ ਪਤਾ ਲਗਾਉਣ ਲਈ ਆਮ ਗਤੀ ਦੀ ਵਰਤੋਂ ਕਰਨੀ ਚਾਹੀਦੀ ਹੈ, ਹੌਲੀ ਗਤੀ ਦੀ ਨਹੀਂ। ਅਮਰੀਕੀ ਫੁੱਟਬਾਲ ਫੈਡਰੇਸ਼ਨ ਨੇ ਖੇਡ ਲਈ ਸਾਲਸੀ ਅਦਾਲਤ ਨੂੰ ਦਲੀਲ ਦੇਣ ਦੀ ਯੋਜਨਾ ਬਣਾਈ ਕਿ ਬਾਲੋਗੁਨ ਨੂੰ ਲਾਲ ਕਾਰਡ ਜਾਰੀ ਕਰਨ ਵਿਚ ਪ੍ਰੋਟੋਕੋਲ ਦੀ ਪਾਲਣਾ ਨਹੀਂ ਕੀਤੀ ਗਈ ਅਤੇ ਮੁਅੱਤਲੀ ਹਟਾਉਣ ਤੋਂ ਪਹਿਲਾਂ ਅਜਿਹੀ ਕਾਨੂੰਨੀ ਕਾਰਵਾਈ ਕਰਨ ਦੇ ਆਪਣੇ ਇਰਾਦੇ ਬਾਰੇ ਫੀਫਾ ਨੂੰ ਸੂਚਿਤ ਕੀਤਾ ਸੀ।
ਆਈਸ ਨੇ 5 ਦਿਨਾਂ 'ਚ 10,000 ਲੋਕ ਹਿਰਾਸਤ 'ਚ ਲਏ
ਅਮਰੀਕਾ ਦੇ ਉੱਘੇ ਗੁਰਸਿੱਖ ਇਮੀਗ੍ਰੇਸ਼ਨ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੇ ਦੱਸਿਆ ਕਿ ਪਿਛਲੇ 5 ਦਿਨਾਂ ਦੌਰਾਨ 10 ਹਜ਼ਾਰ ਲੋਕਾਂ ਨੂੰ 'ਆਈਸ' ਨੇ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ 'ਚ ਅਨ-ਡਾਕੂਮੈਂਟਡ, ਵਰਕ ਪਰਮਿਟ ਵਾਲੇ ਜਾਂ ਅਪਰਾਧਿਕ ਰਿਕਾਰਡ ਵਾਲੇ ਲੋਕ ਸ਼ਾਮਿਲ ਹਨ। ਆਈਸ ਨੇ ਇਕ ਵੱਡੀ ਮੁਹਿੰਮ ਸ਼ੁਰੂ ਕਰਦਿਆਂ ਇਹ ਕਾਰਵਾਈ ਕਈ ਸਟੇਟਾਂ 'ਚ ਇਕੋ ਵੇਲੇ ਛਾਪੇਮਾਰੀ ਕਰ ਕੇ ਕੀਤੀ ਹੈ। ਕਈਆਂ ਨੂੰ ਆਈਸ ਦੀ ਪੇਸ਼ੀ ਸਮੇਂ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਰੋਜ਼ਾਨਾ ਔਸਤਨ 2 ਹਜ਼ਾਰ ਲੋਕ ਗ੍ਰਿਫ਼ਤਾਰ ਕੀਤੇ ਜਾ ਰਹੇ ਹਨ, ਜਦਕਿ ਟਰੰਪ ਦੇ ਰਾਸ਼ਟਰਪਤੀ ਬਣਦੇ ਸਾਰ ਇਹ ਅੰਕੜਾ 3 ਹਜ਼ਾਰ ਰੋਜ਼ਾਨਾ ਵੀ ਰਿਹਾ ਹੈ। ਜਦੋਂ ਕ੍ਰਿਸਟੀ ਨੋਇਮ ਸੈਕਟਰੀ ਫਾਰ ਹੋਮਲੈਂਡ ਸਕਿਉਰਟੀ ਸੀ ਤਾਂ 6 ਕੁ ਮਹੀਨੇ ਪਹਿਲਾਂ ਕਾਫੀ ਪ੍ਰਦਰਸ਼ਨ ਹੋਣ ਬਾਅਦ ਆਈਸ ਨੂੰ ਕੁਝ ਪਿਛਾਂਹ ਹਟਣਾ ਪਿਆ।
ਨਵੇਂ ਸੈਕਟਰੀ ਮੋਲਿਨ ਨੇ ਕਿਹਾ ਸੀ ਕਿ ਆਈਸ ਦੀ ਜੋ ਵਿਜ਼ਬਿਲਟੀ ਮੀਡੀਏ 'ਚ ਹੈ, ਇਸ ਨਾਲ ਸਾਡੀ ਮੁਹਿੰਮ ਨੂੰ ਨੁਕਸਾਨ ਪੁੱਜਾ ਹੈ। ਹੁਣ ਕੋਰਟਾਂ ਵਿਚ, ਖ਼ਾਸ ਕਰਕੇ ਇਮੀਗ੍ਰੇਸ਼ਨ ਕੋਰਟਾਂ 'ਚ ਜਾਂ ਯੂ.ਐਸ.ਆਈ.ਐਸ. ਇੰਟਰਵਿਊ ਦੌਰਾਨ ਲੋਕਾਂ ਨੂੰ ਨਹੀਂ ਫੜਿਆ ਜਾਂਦਾ, ਜਦੋਂ ਤੱਕ ਬੰਦੇ ਦਾ ਅਪਰਾਧਿਕ ਰਿਕਾਰਡ ਨਾ ਹੋਵੇ। ਆਈਸ ਦੇ ਨਵੇਂ ਡਾਇਰੈਕਟਰ ਲਾਇਨਸ ਸਰੋਵਰ ਨੂੰ ਸੈਕਟਰੀ ਮੋਲਿਨ ਦਾ ਕਾਫੀ ਕਰੀਬੀ ਮੰਨਿਆ ਜਾਂਦਾ ਹੈ, ਭਾਵੇਂ ਉਸ ਕੋਲ ਇਮੀਗ੍ਰੇਸ਼ਨ ਦਾ ਕੋਈ ਤਜਰਬਾ ਨਹੀਂ ਪਰ ਉਹ ਲਾਅ ਇਨਫੋਰਸਮੈਂਟ ਵਿਚ ਸਮਰੱਥ ਅਧਿਕਾਰੀ ਮੰਨੇ ਜਾਂਦੇ ਹਨ। ਜਿਸ ਤਰ੍ਹਾਂ ਆਈਸ ਨੇ ਮੁੜ ਤੇਜ਼ੀ ਨਾਲ ਫੜੋ-ਫੜੀ ਸ਼ੁਰੂ ਕਰ ਦਿੱਤੀ ਹੈ, ਉਸ ਦੇ ਚੱਲਦਿਆਂ ਛੇਤੀ ਹੀ ਦੇਸ਼ ਨਿਕਾਲੇ ਦੀ ਵਧੀ ਹੋਈ ਦਰ ਨਜ਼ਰ ਆਉਣ ਨਾਲ ਭਾਰਤ ਵੱਲ ਫਿਰ ਜਹਾਜ਼ ਭਰ-ਭਰ ਕੇ ਆ ਸਕਦੇ ਹਨ, ਜਿਨ੍ਹਾਂ ਵਿਚ ਪੰਜਾਬੀਆਂ ਦੀ ਗਿਣਤੀ ਵੱਧ ਹੋ ਸਕਦੀ ਹੈ।
ਈ-ਮੇਲ : ashokbhaura@gmail.com