ਅੱਜ ਬਰਸੀ 'ਤੇ ਵਿਸ਼ੇਸ਼
ਮੋਟੇ ਤੌਰ 'ਤੇ ਜ਼ਿੰਦਗੀ ਜਿਊਣ ਦੇ ਦੋ ਢੰਗ ਹੁੰਦੇ ਹਨ | ਪਹਿਲਾ ਆਪਣੇ ਹਿਤਾਂ ਲਈ ਜਿਊਣਾ, ਦੂਜਾ ਪਰਾਏ ਹਿਤਾਂ ਲਈ ਤੇ ਪਰਉਪਕਾਰ ਲਈ ਜਿਊਣਾ | ਪਰਉਪਕਾਰ ਲਈ ਜਿਊਣ ਵਾਲਿਆਂ ਦੀ ਕਥਾ ਨਿਰਾਲੀ ਹੁੰਦੀ ਹੈ | ਅਜਿਹੇ ਹੀ ਸਨ ਮਹਾਨ ਸਿਆਸਤਦਾਨ ਤੇ ਨਿਸ਼ਕਾਮ ਸੇਵਕ ਸ਼ਹੀਦ ਹਰਚੰਦ ਸਿੰਘ ਲੌਂਗੋਵਾਲ, ਜਿਨ੍ਹਾਂ ਦਾ ਜਨਮ 2 ਜਨਵਰੀ, 1932 ਨੂੰ ਪਿੰਡ ਗਿੱਦੜਿਆਣੀ (ਹੁਣ ਸੰਗਰੂਰ 'ਚ) 'ਚ ਪਿਤਾ ਮੁਣਸ਼ਾ ਸਿੰਘ ਤੇ ਮਾਤਾ ਮਾਨ ਕੌਰ ਦੇ ਘਰ ਹੋਇਆ | ਉਹ ਛੇ ਸਾਲ ਦੀ ਉਮਰ 'ਚ ਪਿੰਡ ਮੋਜੋ ਦੇ ਗੁਰਦੁਆਰਾ ਸਾਹਿਬ ਦੀ ਪਾਠਸ਼ਾਲਾ ਵਿਚ ਪੁੱਜੇ, ਜਿੱਥੇ ਸੰਤ ਬਾਬਾ ਜੋਧ ਸਿੰਘ ਤੋਂ ਕਥਾ ਕੀਰਤਨ ਅਤੇ ਧਾਰਮਿਕ ਵਿੱਦਿਆ ਪ੍ਰਾਪਤ ਕੀਤੀ | ਭਰ ਜਵਾਨੀ 'ਚ ਪਿੰਡ ਲੌਂਗੋਵਾਲ ਆ ਗਏ | ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਅਸਥਾਨ 'ਤੇ ਸੇਵਾ 'ਚ ਜੁਟ ਗਏ | ਪਿੰਡ ਲੌਂਗੋਵਾਲ ਦਾ ਨਾਂਅ ਇਨ੍ਹਾਂ ਨਾਲ ਪੱਕੇ ਤÏਰ 'ਤੇ ਜੁੜ ਗਿਆ | ਸੰਤ ਲੌਂਗੋਵਾਲ ਨੇ ਇਕ ਗਰੀਬ ਪੇਂਡੂ ਪਰਿਵਾਰ 'ਚ ਪੈਦਾ ਹੋ ਕੇ ਜਿਸ ਤਰ੍ਹਾਂ ਧਰਮ ਤੇ ਰਾਜਨੀਤੀ ਦੇ ਖੇਤਰਾਂ ਵਿਚ ਬੁਲੰਦੀਆਂ ਨੂੰ ਛੋਹਿਆ, ਅੱਜ ਦੇ ਦਿਨ ਹਰ ਆਮ ਤੇ ਖ਼ਾਸ ਪੰਜਾਬੀ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ | ਸੱਚ ਤਾਂ ਇਹ ਹੈ ਕਿ ਉਨ੍ਹਾਂ ਰਾਜਨੀਤੀ 'ਚ ਵੀ ਗੁਰਬਾਣੀ ਦੇ ਨਿਰਸਵਾਰਥ ਸੇਵਾ ਤੇ ਸਰਬਸਾਂਝੀਵਾਲਤਾ ਵਰਗੇ ਮਹਾਨ ਅਸੂਲਾਂ 'ਤੇ ਪਹਿਰਾ ਦਿੱਤਾ |
ਉਨ੍ਹਾਂ ਅੰਦਰ ਉਪਜੀ ਨਿਰਸਵਾਰਥ ਕੁਰਬਾਨੀ ਦੀ ਭਾਵਨਾ ਸਾਰੇ ਧਰਮਾਂ ਨੂੰ ਬਰਾਬਰ ਸਥਾਨ ਦੇਣ ਵਾਲੇ ਸਿੱਖ ਧਰਮ ਅਤੇ ਸਿੱਖੀ ਅਸੂਲਾਂ ਦੀ ਹੀ ਪੇ੍ਰਰਨਾ ਸੀ | ਉਨ੍ਹਾਂ ਨੇ ਜੀਵਨ ਭਰ ਇਕ ਨਿਮਾਣੇ ਸਿੱਖ ਦੀ ਤਰ੍ਹਾਂ ਇਸ ਦੇ ਵਿਸਥਾਰ ਤੇ ਬਿਹਤਰੀ ਲਈ ਸੁਚੱਜੇ ਯਤਨ ਕੀਤੇੇ | ਬਚਪਨ ਚ ਲਗਾਤਾਰ ਦਸ ਸਾਲ ਹਾਸਿਲ ਕੀਤੀ ਗੁਰਮਤਿ ਵਿੱਦਿਆ ਨੂੰ ਜੀਵਨ ਭਰ ਲੋਕਾਂ ਵਿਚ ਵੰਡਿਆ | ਉਨ੍ਹਾਂ ਨੇ ਮਾਲਵੇ 'ਚ ਸਿੱਖੀ ਦੇ ਪ੍ਰਸਾਰ ਲਈ ਪਿੰਡ-ਪਿੰਡ ਜਾ ਕੇ ਅੰਮਿ੍ਤ ਸੰਚਾਰ ਕਰਵਾਇਆ | ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਹੁੰਦਿਆਂ ਤਾਂ ਉਨ੍ਹਾਂ ਅੰਮਿ੍ਤ ਸੰਚਾਰ ਦੀ ਮੁਹਿੰਮ ਨੂੰ ਕੈਨੇਡਾ ਤੇ ਅਮਰੀਕਾ ਤੱਕ ਸਰਗਰਮ ਕਰ ਦਿੱਤਾ ਸੀ | ਮਾਲਵੇ ਦੇ ਅਨੇਕਾਂ ਪਿੰਡ 'ਚ ਉਨ੍ਹਾਂ ਆਪ ਕਾਰਸੇਵਾ ਸੰਭਾਲ ਕੇ ਲੋਕਾਂ ਦੇ ਸਹਿਯੋਗ ਨਾਲ ਗੁਰਦੁਆਰਿਆਂ ਦੀ ਕਾਰਸੇਵਾ ਕਰਵਾਈ | ਪੰਥ ਦੀ ਨਿਰਸਵਾਰਥ ਸੇਵਾ ਨੂੰ ਪਹਿਲ ਦਿੰਦਿਆਂ ਉਨ੍ਹਾਂ 1960 ਵਿਚ ਸ਼੍ਰੋਮਣੀ ਕਮੇਟੀ ਦੀ ਚੋਣ ਲਈ ਮਿਲੀ ਪਾਰਟੀ ਟਿਕਟ ਵੀ ਠੁਕਰਾ ਦਿੱਤੀ | ਉਨ੍ਹਾਂ ਦੀ ਨਿਸ਼ਕਾਮ ਸੇਵਾ ਦਾ ਹੀ ਫ਼ਲ ਸੀ ਕਿ ਸੰਗਤ ਨੇ ਉਨ੍ਹਾਂ ਨੂੰ ਸਿੱਖੀ ਦੇ ਪੰਜਵੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਲਈ 1963 'ਚ ਜਥੇਦਾਰ ਥਾਪ ਦਿੱਤਾ | 1979 ਵਿਚ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਚੁਣ ਲਿਆ ਗਿਆ | ਉਪਰੰਤ ਭਾਵੇਂ ਉਹ ਨਾ ਚਾਹੁੰਦੇ ਹੋਏ ਵੀ ਕੁਝ ਜ਼ਿਆਦਾ ਹੀ ਉਲਝ ਗਏ, ਪਰ ਇਕ ਸੱਚੇ ਸਿੱਖ ਵਾਂਗ ਉਨ੍ਹਾਂ ਨੂੰ ਦਿਲੀ ਖੁਸ਼ੀ ਤੇ ਸਕੂਨ ਗੁਰਬਾਣੀ ਦਾ ਪਾਠ ਕਰਕੇ ਤੇ ਕੀਰਤਨ ਕਰਕੇ ਹੀ ਮਿਲਦਾ ਸੀ, ਜਿਸ ਲਈ ਉਹ ਰਾਜਸੀ ਝਮੇਲਿਆਂ 'ਚੋਂ ਵੀ ਸਮਾਂ ਕੱਢ ਲੈਂਦੇ ਸਨ |
ਸੰਤ ਲੌਂਗੋਵਾਲ ਰਾਜਨੀਤੀ ਦੀ ਜਿਲ੍ਹਣ ਵਿਚ ਕਦੇ ਫਸਣਾ ਨਹੀਂ ਚਾਹੁੰਦੇ ਸਨ, ਪਰ ਪੰਥ ਤੇ ਸਮਾਜ ਸੇਵਾ ਦੀ ਤਾਂਘ ਉਨ੍ਹਾਂ ਨੂੰ ਇਧਰ ਲੈ ਹੀ ਆਈ | ਹਮੇਸ਼ਾ ਧਰਮ ਦੇ ਮਾਰਗਾਂ 'ਤੇ ਚਲਦਿਆਂ ਰਾਜਨੀਤੀ ਵਿਚ ਵਿਚਰਨ ਕਰਕੇ ਉਹ ਚਿੱਕੜ ਵਿਚ ਖਿੜੇ ਕਮਲ ਦੇ ਫੁੱਲ ਵਾਂਗ ਬੇਦਾਗ ਰਹੇ | ਇਹੀ ਕਾਰਨ ਸੀ ਕਿ ਸ਼ੁਰੂ ਤੋਂ ਅੰਤ ਤੱਕ ਅਕਾਲੀ ਵਰਕਰਾਂ ਨੇ ਹਰ ਮੋਰਚੇ ਸਮੇਂ ਉਨ੍ਹਾਂ ਦੀ ਅਗਵਾਈ 'ਚ ਭਰੋਸਾ ਪ੍ਰਗਟਾਇਆ | ਸੰਤ ਜੀ ਨੂੰ ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਲਈ ਲੜਦਿਆਂ ਅਨੇਕਾਂ ਵਾਰ ਜੇਲ੍ਹ ਜਾਣਾ ਪਿਆ | 1953 ਵਿਚ ਪੈਪਸੂ ਸਰਕਾਰ ਸਮੇਂ ਲੱਗੇ ਮੋਰਚੇ ਦੌਰਾਨ ਉਨ੍ਹਾਂ ਨੂੰ ਪਹਿਲੀ ਵਾਰ ਤਿੰਨ ਮਹੀਨੇ ਦੀ ਜੇਲ੍ਹ ਕੱਟਣੀ ਪਈ | 1955 ਵਿਚ ਪੰਜਾਬੀ ਸੂਬੇ ਲਈ ਲੱਗੇ ਮੋਰਚੇ ਵਿਚ ਉਨ੍ਹਾਂ ਨੂੰ ਦੋ ਵਾਰ ਗਿ੍ਫ਼ਤਾਰ ਕਰਕੇ ਜੇਲ੍ਹ 'ਚ ਰੱਖਿਆ ਗਿਆ | 1969 'ਚ ਉਨ੍ਹਾਂ ਪਹਿਲੀ ਵਾਰ ਵਿਧਾਨ ਸਭਾ ਚੋਣ ਲਹਿਰਾਗਾਗਾ ਤੋਂ ਲੜੀ, ਜਿੱਥੇ ਉਨ੍ਹਾਂ ਕਾਂਗਰਸ ਦੇ ਥੰਮ੍ਹ ਕਹੇ ਜਾਂਦੇ ਪੈਪਸੂ ਦੇ ਸਾਬਕਾ ਮੁੱਖ ਮੰਤਰੀ ਬਾਬੂ ਬਿ੍ਸ਼ਭਾਨ ਨੂੰ ਕਰਾਰੀ ਹਾਰ ਦਿੱਤੀ | 1975 ਵਿਚ ਐਮਰਜੈਂਸੀ ਵਿਰੁੱਧ ਮਨੁੱਖੀ ਹੱਕਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕਰਦੇ ਹੋਏ ਮੋਰਚਾ ਲਗਾਇਆ, ਜਿਸ ਵਿਚ ਲੱਖਾਂ ਪੰਜਾਬੀ ਉਨ੍ਹਾਂ ਦੀ ਕਮਾਨ ਹੇਠ ਇਸ ਅਨਿਆਂ ਵਿਰੁੱਧ ਲੜੇ | 20 ਅਗਸਤ 1980 ਨੂੰ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਗਿਆ |
1982 'ਚ ਉਨ੍ਹਾਂ ਨੇ ਪੰਜਾਬ ਅਤੇ ਪੰਥ ਦੇ ਹਿਤਾਂ ਲਈ ਧਰਮ ਯੁੱਧ ਮੋਰਚਾ ਲਗਾਇਆ ਤੇ ਸ਼ਾਂਤੀਪੂਰਵਕ ਆਪਣੇ ਨਿਸ਼ਚੇ ਵੱਲ ਵਧ ਰਹੇ ਸਨ ਕਿ ਇਸ ਹੱਕੀ ਸੰਘਰਸ਼ ਦੇ ਰੂਪ ਨੂੰ ਸਰਕਾਰ ਦੀਆਂ ਕੋਝੀਆਂ ਨੀਤੀਆਂ ਨੇ ਵਿਗਾੜਨਾ ਸ਼ੁਰੂ ਕਰ ਦਿੱਤਾ | ਹਾਲਾਤ ਤੇਜ਼ੀ ਨਾਲ ਵਿਗੜਦੇ ਗਏ ਤੇ ਸੰਤ ਜੀ ਬੇਵੱਸ ਤੇ ਚਿੰਤਾ ਵਿਚ ਸਨ | ਅਖੀਰ ਦਰਬਾਰ ਸਾਹਿਬ ਕੰਪਲੈਕਸ ਵਿਚ ਗਰਮ ਖਿਆਲੀਆਂ ਨੂੰ ਬਾਹਰ ਕੱਢਣ ਬਹਾਨੇ ਉਸ ਸਮੇਂ ਦੀ ਕੇਂਦਰ ਸਰਕਾਰ ਨੇ ਅਕਾਲ ਤਖ਼ਤ ਸਾਹਿਬ 'ਤੇ ਫੌਜੀ ਹਮਲਾ ਕਰ ਦਿੱਤਾ | 6 ਜੂਨ 1984 ਨੂੰ ਇਸੇ ਦੌਰਾਨ ਉਨ੍ਹਾਂ ਨੂੰ ਦਰਬਾਰ ਸਾਹਿਬ 'ਚੋਂ ਗਿ੍ਫ਼ਤਾਰ ਕਰਕੇ ਉਦੈਪੁਰ ਜੇਲ੍ਹ 'ਚ ਨਜ਼ਰਬੰਦ ਕੀਤਾ ਗਿਆ | ਇਨ੍ਹਾਂ ਘਟਨਾਵਾਂ ਨੇ ਉਨ੍ਹਾਂ ਦਾ ਹਿਰਦਾ ਵਿੰਨ੍ਹ ਸੁੱਟਿਆ | ਉਹ ਕਿਸੇ ਵੀ ਤਰ੍ਹਾਂ ਪੰਜਾਬ ਨੂੰ ਬਾਰੂਦ ਦੀ ਅੱਗ 'ਚੋਂ ਕੱਢ ਕੇ ਮੁੜ ਹਸਦਾ-ਵਸਦਾ ਤਾਂ ਵੇਖਣਾ ਚਾਹੁੰਦੇ ਸਨ, ਇਸ ਦੇ, ਨਾਲ ਹੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਸਿੱਖੀ ਨੂੰ ਲੱਗੀ ਢਾਹ 'ਚੋਂ ਫਿਰ ਉਭਾਰਨਾ ਲੋਚਦੇ ਸਨ | ਇਸੇ ਇੱਛਾ ਕਾਰਨ ਉਨ੍ਹਾਂ 24 ਜੁਲਾਈ 1985 'ਚ ਪੰਜਾਬ ਸਮਝੌਤੇ ਵਰਗਾ ਦਲੇਰਾਨਾ ਕਦਮ ਚੁੱਕਿਆ, ਜਿਸ ਵੇਲੇ ਹਰ ਕੋਈ ਆਗੂ ਗੱਲ ਕਰਨ ਤੋਂ ਵੀ ਡਰਦਾ ਸੀ, ਪਰ ਉਸ ਸਮੇਂ ਦੀ ਕੇਂਦਰੀ ਸਰਕਾਰ ਨੇ ਉਨ੍ਹਾਂ ਨਾਲ ਕੀਤੇ ਬਹੁਤੇ ਵਾਅਦੇ ਪੂਰੇ ਨਹੀਂ ਕੀਤੇ | ਉਨ੍ਹਾਂ ਨੂੰ ਇਸ ਅਮਲ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈ, ਪਰ ਫਿਰ ਵੀ ਉਨ੍ਹਾਂ ਦੀ ਕੁਰਬਾਨੀ ਬੇਅਰਥ ਨਹੀਂ ਗਈ, ਸਗੋਂ ਅੱਗ 'ਚ ਬਲਦੇ ਪੰਜਾਬ ਨੂੰ ਅਮਨ-ਸ਼ਾਂਤੀ ਤੇ ਖੁਸ਼ਹਾਲੀ ਦੀਆਂ ਬਹਾਰਾਂ ਬਖ਼ਸ਼ ਗਈ | ਉਨ੍ਹਾਂ ਦੀ ਸ਼ਹੀਦੀ ਨੇ ਭਾਰਤ ਤੇ ਹੋਰ ਥਾਈਾ ਵਸਦੇ ਸਿੱਖਾਂ ਬਾਰੇ ਉਹ ਕੁਝ ਕਰ ਦਿਖਾਇਆ, ਜੋ ਲੱਖਾਂ ਭਾਸ਼ਨਾਂ ਨਾਲ ਨਹੀਂ ਹੋ ਸਕਦਾ ਸੀ | ਉਹ ਕੁਰਬਾਨੀ ਤੇ ਉਪਕਾਰ ਵਾਲੇ ਰਾਹ ਦੇ ਯਾਤਰੀ ਸਨ |
ਧਨੌਲਾ, (ਬਰਨਾਲਾ) |
ਮੋਬਾਈਲ : 98552-64144
ਈਮੇਲ : raghvirsinghchangal0gmail.com