ਜਦੋਂ ਸਾਡੀ ਗੱਡੀ ਅਲਮਾਟੀ ਏਅਰਪੋਰਟ ਤੋਂ ਬਾਹਰ ਨਿਕਲੀ ਤਾਂ ਤਿਆਨ ਸ਼ਾਨ ਪਹਾੜ ਬਰਫ਼ ਨਾਲ ਢਕੇ ਹੋਏ ਨਜ਼ਰ ਆਏ, ਉਹ ਵੀ ਜੁਲਾਈ ਦੇ ਮਹੀਨੇ ਵਿਚ | ਕਜ਼ਾਕਿਸਤਾਨ ਦੀਆਂ ਪਹਿਲੀਆਂ ਕਿਸੇ ਵੀ ਤਰ੍ਹਾਂ ਦੀਆਂ ਤਸਵੀਰਾਂ ਨੇ ਮੈਨੂੰ ਉਸ ਪਹਿਲੀ ਝਲਕ ਲਈ ਤਿਆਰ ਨਹੀਂ ਸੀ ਕੀਤਾ, ਕਿਉਂਕਿ ਅਸਲ ਵਿਚ ਉਸ ਦੇਸ਼ ਦੀ ਖੂਬਸੂਰਤੀ ਤਸਵੀਰਾਂ ਵਿਚ ਕੈਦ ਨਹੀਂ ਕੀਤੀ ਜਾ ਸਕਦੀ | ਇਸ ਯਾਤਰਾ ਦਾ ਮੁੱਖ ਉਦੇਸ਼ 9ਵੀਂ ਇੰਟਰਨੈਸ਼ਨਲ ਮਲਟੀ-ਟ੍ਰੈਕ ਕਾਨਫਰੰਸ 2026 (9MS5MT9 2026) ਸੀ, ਜਿਸ ਦਾ ਆਯੋਜਨ ਸੀ.ਟੀ. ਗਰੁੱਪ ਵਲੋਂ ਕੀਤਾ ਗਿਆ ਸੀ | ਵਿਸ਼ਵ ਭਰ ਤੋਂ ਆਏ ਵਿਦਵਾਨਾਂ, ਖੋਜੀਆਂ ਅਤੇ ਉਦਯੋਗਿਕ ਆਗੂਆਂ ਨੇ ਇਸ ਕਾਨਫਰੰਸ ਵਿਚ ਹਿੱਸਾ ਲਿਆ | ਪਰ ਕਾਨਫਰੰਸ ਤੋਂ ਇਲਾਵਾ ਅਲਮਾਟੀ ਸ਼ਹਿਰ ਵਿਚ ਬਿਤਾਏ ਗਏ ਸਮੇਂ ਨੇ ਕਜ਼ਾਕਿਸਤਾਨ ਦੀ ਸੱਭਿਆਚਾਰਕ ਗਹਿਰਾਈ ਨੂੰ ਸਮਝਣ, ਵੇਖਣ ਤੇ ਅਨੁਭਵ ਦਾ ਮੌਕਾ ਦਿੱਤਾ |

ਅਲਮਾਟੀ 1997 ਤੱਕ ਕਜ਼ਾਕਿਸਤਾਨ ਦੀ ਰਾਜਧਾਨੀ ਰਿਹਾ ਹੈ ਅਤੇ ਇਹ ਸ਼ਹਿਰ ਅਜੇ ਵੀ ਉਸ ਦੇਸ਼ ਦੀ ਰਾਜਸੀ ਸ਼ਾਨ ਅਤੇ ਊਰਜਾ ਨੂੰ ਬਰਕਰਾਰ ਰੱਖ ਰਿਹਾ ਹੈ | ਸੜਕਾਂ ਕਿਨਾਰੇ ਲੱਗੇ ਉੱਚੇ ਤੇ ਸੰਘਣੇ ਦਰੱਖਤ, ਖੂਬਸੂਰਤ ਪਾਰਕ ਅਤੇ ਹਰ ਮੋੜ 'ਤੇ ਖਿੜੇ ਹੋਏ ਰੰਗ-ਬਰੰਗੇ ਫੁੱਲ ਇਸ ਸ਼ਹਿਰ ਨੂੰ ਬੇਹੱਦ ਆਕਰਸ਼ਕ ਬਣਾਉਂਦੇ ਹਨ | ਇੱਥੋਂ ਦੀ ਸਫ਼ਾਈ ਅਤੇ ਨਾਗਰਿਕ ਅਨੁਸ਼ਾਸਨ ਵੇਖ ਕੇ ਹੈਰਾਨੀ ਹੁੰਦੀ ਹੈ | ਹੁਣ ਤੱਕ ਵੇਖੇ ਸਭ ਤੋਂ ਸਾਫ਼ ਸ਼ਹਿਰਾਂ 'ਚੋਂ ਇਹ ਥਾਂ ਇਕ ਸੀ | ਅਸੀਂ ਸਿਮਬੁਲਕ ਪਹਾੜੀ ਰਿਜ਼ਾਰਟ ਅਤੇ ਆਸ-ਪਾਸ ਦੀਆਂ ਹੋਰ ਸੁੰਦਰ ਥਾਵਾਂ 'ਤੇ ਵੀ ਗਏ | ਪਹਾੜਾਂ, ਝੀਲਾਂ ਅਤੇ ਆਧੁਨਿਕ ਵਿਕਾਸ ਦਾ ਇਹ ਅਨੋਖਾ ਮਿਲਾਪ ਇਸ ਯਾਤਰਾ ਤੋਂ ਵਾਪਸ ਆਉਣ ਤੋਂ ਬਾਅਦ ਵੀ ਯਾਦ ਹੈ | ਕਜ਼ਾਕਿਸਤਾਨ ਦੀ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੀ ਗੱਲ ਸਿਰਫ਼ ਖੂਬਸੂਰਤੀ ਨਹੀਂ, ਸਗੋਂ ਉੱਥੋਂ ਦੀ ਵਿਵਸਥਾ ਹੈ | ਇੱਥੋਂ ਦੀ ਆਰਥਿਕਤਾ ਭਾਰਤ ਤੋਂ ਛੋਟੀ ਹੈ ਅਤੇ ਉਸ ਦੀ ਕਰੰਸੀ ਰੁਪਏ ਤੋਂ ਘੱਟ ਕੀਮਤ ਦੀ ਹੈ, ਫਿਰ ਵੀ ਉੱਥੋਂ ਦੀਆਂ ਸੜਕਾਂ, ਜਨਤਕ ਟ੍ਰਾਂਸਪੋਰਟ ਅਤੇ ਆਮ ਜਨ ਜੀਵਨ ਬਹੁਤ ਵਧੀਆ ਢੰਗ ਨਾਲ ਚਲਦਾ ਹੈ | ਇਹ ਗੱਲਾਂ ਸੋਚਣ ਲਈ ਮਜਬੂਰ ਕਰ ਦਿੰਦੀਆਂ ਹਨ ਕਿ ਸਿਰਫ਼ ਜੀ. ਡੀ. ਪੀ. ਹੀ ਕਿਸੇ ਦੇਸ਼ ਦੀ ਤਰੱਕੀ ਨੂੰ ਮਾਪਣ ਦਾ ਇਕੋ-ਇਕ ਪੈਮਾਨਾ ਨਹੀਂ ਹੈ | ਅਲਮਾਟੀ ਵਿਚ ਰੂਸੀ ਭਾਸ਼ਾ ਬੋਲੀ ਜਾਂਦੀ ਹੈ, ਜਿਸ ਕਰਕੇ ਯਾਤਰਾ ਦੌਰਾਨ ਬੋਲਚਾਲ ਇਕ ਚੁਣੌਤੀ ਬਣੀ ਰਹੀ | ਪਰ ਲੋਕਾਂ ਦੀ ਗਰਮਜੋਸ਼ੀ, ਧੀਰਜ ਅਤੇ ਮਦਦ ਕਰਨ ਦੀ ਭਾਵਨਾ ਨੇ ਇਸ ਅੜਚਨ ਨੂੰ ਆਸਾਨੀ ਨਾਲ ਦੂਰ ਕਰਵਾ ਦਿੱਤਾ | ਦੂਸਰਾ ਯਾਤਰੀਆਂ ਲਈ ਇੱਥੇ ਸ਼ੁੱਧ ਸ਼ਾਕਾਹਾਰੀ ਭੋਜਨ ਘੱਟ ਉਪਲਬਧ ਹੈ, ਪਰ ਉੱਥੋਂ ਦੀਆਂ ਵਿਵਸਥਾਵਾਂ ਨੇ ਇਸ ਨੂੰ ਵੀ ਸੁਖਾਲਾ ਬਣਾਇਆ ਹੋਇਆ ਹੈ | ਜੇ ਸੁਰੱਖਿਆ ਵਿਵਸਥਾ ਦੀ ਗੱਲ ਕਰੀਏ ਤਾਂ ਲੋਕਾਂ ਦਾ ਅਨੁਸ਼ਾਸਨ ਇਸ ਨੂੰ ਬੇਮਿਸਾਲ ਬਣਾਉਂਦਾ ਹੈ |
ਕਾਨਫਰੰਸ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਨਾਲ ਹੋਈਆਂ ਅਧਿਕਾਰਤ ਮੀਟਿੰਗਾਂ ਇਸ ਯਾਤਰਾ ਦਾ ਸਭ ਤੋਂ ਕੀਮਤੀ ਹਿੱਸਾ ਰਹੀਆਂ ਹਨ | ਵਿਦਿਆਰਥੀਆਂ ਦੀ ਗਤੀਸ਼ੀਲਤਾ, ਸਾਂਝੀ ਖੋਜ ਅਤੇ ਅਸਲ ਅਕਾਦਮਿਕ ਸਹਿਯੋਗ ਬਾਰੇ ਖੁੱਲ੍ਹ ਕੇ ਚਰਚਾ ਹੋਈ, ਜਿਨ੍ਹਾਂ ਦੇ ਆਧਾਰ 'ਤੇ ਸੀ.ਟੀ. ਗਰੁੱਪ ਲਈ ਭਵਿੱਖ ਦੀਆਂ ਠੋਸ ਯੋਜਨਾਵਾਂ ਬਣਾਈਆਂ ਜਾਣਗੀਆਂ | ਕਜ਼ਾਕ ਲੋਕਾਂ ਦੁਆਰਾ ਕੀਤੀ ਜਾਂਦੀ ਆਓ ਭਗਤ ਸੱਚਮੁੱਚ ਭੁਲਾਈ ਨਹੀਂ ਜਾ ਸਕਦੀ | ਉਨ੍ਹਾਂ ਦੀ ਮੁਸਕਾਨ ਅਤੇ ਸੁਭਾਅ ਨੇ ਸਾਡੇ ਸਾਰੇ ਵਫ਼ਦ 'ਤੇ ਡੂੰਘੀ ਛਾਪ ਛੱਡੀ ਹੈ | ਇਸ ਯਾਤਰਾ ਨੇ ਇਕ ਵਾਰ ਫਿਰ ਇਹ ਗੱਲ ਸਾਬਿਤ ਕੀਤੀ ਹੈ ਕਿ ਕੋਈ ਵੀ ਰਾਸ਼ਟਰ ਸਿਰਫ਼ ਆਰਥਿਕ ਤਾਕਤ ਨਾਲ ਹੀ ਨਹੀਂ, ਬਲਕਿ ਅਨੁਸ਼ਾਸਨ, ਸਫ਼ਾਈ, ਉੱਚ ਗੁਣਵੱਤਾ ਵਾਲੀ ਸਿੱਖਿਆ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦੇ ਸਨਮਾਨ ਨਾਲ ਅੱਗੇ ਵਧਦਾ ਹੈ | ਵਿਕਾਸਸ਼ੀਲ ਦੇਸ਼ਾਂ ਨੂੰ ਕਜ਼ਾਕਿਸਤਾਨ ਤੋਂ ਬਹੁਤ ਕੁਝ ਸਿੱਖਣਾ ਚਾਹੀਦਾ ਹੈ | ਸੀਮਾਵਾਂ ਤੋਂ ਪਰ੍ਹੇ ਸਿੱਖਿਆ, ਖੋਜ ਤੇ ਨਵੀਨਤਾ ਦਾ ਭਵਿੱਖ ਅਸੀਂ ਇਕੱਠੇ ਘੜ ਰਹੇ ਹਾਂ | ਅਖੀਰ ਵਿਚ ਅਲਮਾਟੀ ਅਤੇ ਉੱਥੋਂ ਦੇ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਹਾਂ | ਉਮੀਦ ਹੈ ਕਿ ਇਹ ਯਾਤਰਾ ਸਾਡੀਆਂ ਸੰਸਥਾਵਾਂ ਅਤੇ ਦੋਵਾਂ ਦੇਸ਼ਾਂ ਵਿਚਾਲੇ ਲੰਮੀ ਤੇ ਮਜ਼ਬੂਤ ਦੋਸਤੀ ਦੀ ਨੀਂਹ ਬਣੇਗੀ |
-ਮੈਨੇਜਿੰਗ ਡਾਇਰੈਕਟਰ, ਸੀ.ਟੀ. ਗਰੁੱਪ,
ਪ੍ਰੋ ਚਾਂਸਲਰ, ਸੀ.ਟੀ. ਯੂਨੀਵਰਸਿਟੀ |