24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਜੋ ਸਮੇਂ ਨਾਲ ਨਹੀਂ ਚਲਦਾ ਉਹ ਪਛੜ ਜਾਂਦਾ ਹੈ

ਜੋ ਸਮੇਂ ਨਾਲ ਨਹੀਂ ਚਲਦਾ ਉਹ ਪਛੜ ਜਾਂਦਾ ਹੈ

Ad Position 21
No active advertisement
ਅਜੀਤ ਡੈਸਕ 25-08-2026

ਰਾਹੁਲ ਗਾਂਧੀ ਨੇ ਹਲਚਲ ਮਚਾਈ ਹੋਈ ਹੈ, ਉਹ ਜੋ ਵੀ ਕਹਿੰਦਾ ਹੈ ਉਹ ਖ਼ਬਰ ਬਣ ਜਾਂਦੀ ਹੈ | ਸੱਜੇ-ਪੱਖੀ  ਟਿੱਡੀ ਦਲ ਵਾਂਗ ਉਸ 'ਤੇ ਟੁੱਟ ਪੈਂਦੇ ਹਨ | ਉਹ ਕਿਹੜੀ ਗੱਲ ਕਰਦਾ ਹੈ, ਜਿਸ ਤੋਂ ਸਮਾਜ ਦਾ ਇਕ ਖ਼ਾਸ ਵਰਗ ਪ੍ਰੇਸ਼ਾਨ ਹੋ ਜਾਂਦਾ ਹੈ? ਉਹ ਕਿਹੜੀ ਨਸ ਹੈ ਜਿਸ ਦੇ ਦਬ ਜਾਣ ਕਾਰਨ ਇਕ ਤਬਕਾ ਤੜਫ ਰਿਹਾ ਹੈ? ਸੋਸ਼ਲ ਮੀਡੀਆ 'ਤੇ ਖ਼ਬਰਾਂ 'ਚ ਰਾਹੁਲ 'ਤੇ ਇੰਨੇ ਹਮਲੇ ਕਿਉਂ ਹੁੰਦੇ ਹਨ? ਕੀ ਉਹ ਕੋਈ ਅਜਿਹੀ ਗੱਲ ਕਹਿ ਰਿਹਾ ਹੈ ਜੋ ਸਮਾਜ ਨੂੰ  ਤਕਲੀਫ਼ ਦੇ ਰਹੀ ਹੈ ਜਾਂ ਉਸ ਦੀਆਂ ਗੱਲਾਂ ਇੰਨੀਆਂ ਮੂਰਖਤਾ ਭਰੀਆਂ ਹਨ ਕਿ ਉਹ ਲੋਕ ਬੇਚੈਨ ਹੋ ਜਾਂਦੇ ਹਨ ਜਾਂ ਇਹ ਉਨ੍ਹਾਂ ਲੋਕਾਂ ਨੂੰ  ਪ੍ਰੇਸ਼ਾਨ ਕਰ ਰਹੀਆਂ ਹਨ, ਜਿਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਰਹੀ ਹੈ? ਕੀ ਰਾਹੁਲ ਇਸ ਦੇਸ਼ ਵਿਚ ਇਕ ਅਜਿਹੀ ਬਹਿਸ ਨੂੰ  ਜਨਮ ਦੇ ਰਿਹਾ ਹੈ, ਜੋ ਸਮਾਜ ਦੇ ਸੱਤਾਵਾਦੀ ਵਰਗ ਨੂੰ  ਸਵੀਕਾਰ ਨਹੀਂ ਹੈ? ਸਵਾਲ ਰਾਹੁਲ ਦਾ ਨਹੀਂ ਹੈ | ਅਸਲ ਸਵਾਲ ਇਹ ਹੈ ਕਿ ਏ.ਆਈ. ਦੇ ਯੁੱਗ ਵਿਚ ਕੀ ਸਾਨੂੰ ਪੁਰਾਣੀਆਂ ਗਲੀਆਂ-ਸੜੀਆਂ ਕਦਰਾਂ-ਕੀਮਤਾਂ ਨੂੰ  ਛੱਡ ਕੇ ਅੱਗੇ ਵਧਣਾ ਚਾਹੀਦਾ ਹੈ ਜਾਂ ਸਾਨੂੰ ਖੂਹ ਦੇ ਡੱਡੂ ਬਣੇ ਰਹਿਣਾ ਚਾਹੀਦਾ ਹੈ? 

ਸਮਾਜ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ | ਤਕਨਾਲੋਜੀ ਨੇ ਪੂਰੀ ਦੁਨੀਆ ਨੂੰ  ਪੂਰੀ ਤਰ੍ਹਾਂ  ਬਦਲ ਦਿੱਤਾ ਹੈ, ਪਰ ਸਮਾਜ ਦਾ ਇਕ ਹਿੱਸਾ ਅਜੇ ਵੀ ਪੁਰਾਣੀ ਦੁਨੀਆ 'ਚ ਭਟਕ ਰਿਹਾ ਹੈ | ਉਹ ਏਆਈ-ਸੰਚਾਲਿਤ ਫੋਨ ਤੇ ਸੋਸ਼ਲ ਮੀਡੀਆ ਨਾਲ ਤਾਂ ਜੁੜੇ ਰਹਿਣਾ ਚਾਹੁੰਦੇ ਹਨ, ਪਰ ਆਪਣੇ ਸੋਚਣ ਦੇ ਤਰੀਕੇ ਨੂੰ  ਨਹੀਂ ਬਦਲਣਾ ਚਾਹੁੰਦੇ | ਜੇਕਰ ਤਕਨਾਲੋਜੀ ਬਦਲੇਗੀ ਤਾਂ ਕਦਰਾਂ-ਕੀਮਤਾਂ ਵੀ ਬਦਲਣਗੀਆਂ; ਜੇਕਰ ਕਦਰਾਂ-ਕੀਮਤਾਂ ਬਦਲਣਗੀਆਂ ਤਾਂ ਸੱਭਿਆਚਾਰ ਤੇ ਸੰਸਕ੍ਰਿਤੀ 'ਚ ਵੀ ਬਦਲਾਅ ਆਵੇਗਾ | ਜਿਸ ਯੁੱਗ ਵਿਚ ਅਸੀਂ ਰਹਿ ਰਹੇ ਹਾਂ, ਉਹ ਸੱਭਿਅਤਾ ਦੇ ਬਦਲਾਅ ਦਾ ਯੁੱਗ ਹੋਣ ਕਰਕੇ ਕੁਝ ਬੁਨਿਆਦੀ ਬਦਲਾਅ ਹੋ ਰਹੇ ਹਨ | ਪਰ ਇਹ ਲੋਕ ਪੁਰਾਣੇ ਮੁੱਲਾਂ ਨੂੰ  ਛੱਡਣ ਲਈ ਤਿਆਰ ਨਹੀਂ  ਤੇ ਆਪਣੇ ਦਬਦਬੇ ਨੂੰ  ਛੱਡਣ ਤੋਂ ਇਨਕਾਰੀ ਹੋਣ ਕਰਕੇ 'ਨਵੀਂ ਚੇਤਨਾ ਦੀ ਨਵੀਂ ਊਰਜਾ' ਨੂੰ  ਰੋਕਣਾ ਚਾਹੁੰਦੇ ਹਨ | ਕਿਸੇ ਵੀ ਯੁੱਗ ਵਿਚ ਤਬਦੀਲੀ ਦੀਆਂ ਹਵਾਵਾਂ ਨਾ ਕਦੇ ਰੁਕੀਆਂ ਹਨ ਅਤੇ ਨਾ ਹੀ ਰੋਕੀਆਂ ਜਾ ਸਕਦੀਆਂ ਹਨ | ਭਾਜਪਾ ਦੀ ਰਾਜਨੀਤੀ ਸਮਾਜਕ ਤਬਦੀਲੀ ਵਾਲੀ ਨਾ ਹੋਣ ਕਰਕੇ ਟਕਰਾਅ ਅਟੱਲ ਹੈ | ਇਹ ਟਕਰਾਅ ਇਕ ਨਵੇਂ ਸਮਾਜ ਦਾ ਗਠਨ ਕਰਕੇ ਇਕ ਨਵਾਂ ਰਾਜਨੀਤਿਕ ਦਿ੍ਸ਼ ਬਣਾਏਗਾ |
ਰਾਹੁਲ ਗਾਂਧੀ ਕੋਈ ਨਵੀਂ ਕ੍ਰਾਂਤੀਕਾਰੀ ਗੱਲ ਨਹੀਂ ਕਰ ਰਹੇ, ਉਹ ਬਿਲਕੁਲ ਉਹੀ ਕਹਿ ਤੇ ਕਰ ਹਨ, ਜੋ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਅਤੇ ਜਿਸ ਵੱਲ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਇਸ਼ਾਰਾ ਕਰ ਗਏ ਸਨ | ਪਰ ਬਦਲੇ ਹੋਏ ਸੰਦਰਭ ਦੇ ਚਲਦਿਆਂ ਇਹ ਸਾਨੂੰ ਤੇ ਤੁਹਾਨੂੰ ਇਨਕਲਾਬੀ ਜਾਪਦੇ ਹਨ | ਰਾਹੁਲ ਗਾਂਧੀ ਨੇ ਪੁਣੇ ਵਿਚ ਮਨੁਸਮਿ੍ਤੀ ਦਾ ਜ਼ਿਕਰ ਕਰਦਿਆਂ ਔਰਤਾਂ ਦੀ ਆਜ਼ਾਦੀ ਬਾਰੇ ਗੱਲ ਕੀਤੀ | ਉਨ੍ਹਾਂ ਕਿਹਾ ਕਿ ਜਦੋਂ ਇਕ ਲੜਕੀ ਬੱਚੀ ਹੁੰਦੀ ਹੈ ਤਾਂ ਉਸਦਾ ਰਖਵਾਲਾ ਪਿਤਾ, ਵੱਡੀ ਹੋਣ 'ਤੇ ਉਸਦਾ ਪਤੀ ਤੇ ਬੁਢਾਪੇ 'ਚ ਉਸਦਾ ਪੁੱਤਰ ਹੁੰਦਾ ਹੈ | ਪਰ ਮਰਦਾਂ ਬਾਰੇ ਅਜਿਹਾ ਕਿਉਂ ਨਹੀਂ ਕਿਹਾ ਜਾਂਦਾ ਕਿ ਜਦੋਂ ਉਹ ਇਕ ਬੱਚਾ ਹੁੰਦਾ ਹੈ ਤਾਂ ਉਸਦੀ ਮਾਂ ਉਸਦੀ ਰੱਖਿਆ ਕਰਦੀ ਹੈ, ਉਸ ਦੇ ਵੱਡਾ ਹੋਣ 'ਤੇ ਪਤਨੀ ਉਸ ਦਾ ਸਾਥ ਦਿੰਦੀ ਹੈ ਤੇ ਬੁੱਢਾ ਹੋਣ 'ਤੇ ਬੇਟੀ ਉਸ ਦੀ ਦੇਖਭਾਲ ਕਰਦੀ ਹੈ? ਅਜਿਹਾ ਇਸ ਲਈ ਨਹੀਂ ਕਿਹਾ ਜਾਂਦਾ, ਕਿਉਂਕਿ ਸਮਾਜ ਦੀ ਸੰਰਚਨਾ ਇਸ ਤਰ੍ਹਾਂ ਨਾਲ ਕੀਤੀ ਗਈ ਹੈ ਕਿ ਔਰਤਾਂ ਗੁਲਾਮ ਤੇ ਕਮਜ਼ੋਰ ਹੁੰਦੀਆਂ ਹਨ, ਇਸ ਲਈ ਉਨ੍ਹਾਂ ਨੂੰ  ਮਰਦਾਂ ਦੀ ਸੁਰੱਖਿਆ ਦੀ ਲੋੜ ਹੁੰਦੀ ਹੈ | ਇਹ ਹਰ ਸਭਿਅਤਾ ਦਾ ਬਿਰਤਾਂਤ ਹੈ ਅਤੇ ਇਸ ਬਿਰਤਾਂਤ ਰਾਹੀਂ ਮਰਦਾਂ ਨੇ ਸਮਾਜ ਦੇ ਅੱਧੇ ਹਿੱਸੇ 'ਤੇ ਆਪਣਾ ਦਬਦਬਾ ਕਾਇਮ ਕੀਤਾ ਹੋਇਆ ਹੈ | ਇਹ ਦਰਅਸਲ ਅਧਿਕਾਰਵਾਦੀ ਤਬਕੇ ਦੀ ਇਕ ਯੋਜਨਾਬੱਧ ਤੇ ਆਪਣੇ ਦਬਦਬੇ ਨੂੰ  ਬਣਾਈ ਰੱਖਣ ਦੀ ਸਾਜ਼ਿਸ਼ ਹੈ | ਹਰ ਸਮਾਜ ਤੇ ਸੱਭਿਅਤਾ ਵਿਚ ਇਹ ਗੁਣ ਪਾਏ ਜਾਂਦੇ ਹਨ |
ਭਾਰਤ ਵਿਚ ਦਲਿਤਾਂ ਤੇ ਪਛੜੇ ਵਰਗਾਂ 'ਤੇ ਆਪਣਾ ਦਬਦਬਾ ਸਥਾਪਤ ਕਰਨ ਲਈ ਜਾਤੀ ਪ੍ਰਥਾ ਦੀ ਖੋਜ ਕੀਤੀ ਗਈ ਤੇ ਕਿਹਾ ਗਿਆ ਕਿ ਉੱਚ ਵਰਗ ਸਰਬਸ਼ਕਤੀਮਾਨ ਹੈ ਤੇ ਹੇਠਲੇ ਵਰਗਾਂ ਦਾ ਉਨ੍ਹਾਂ ਦੀ ਸੇਵਾ ਕਰਨਾ ਫਰਜ਼ ਹੈ | ਇਹ ਉਹੀ ਦਲੀਲ ਹੈ ਜੋ ਪੱਛਮੀ ਸਾਮਰਾਜਵਾਦੀ ਸ਼ਕਤੀਆਂ ਨੇ ਏਸ਼ੀਆ ਤੇ ਅਫਰੀਕੀ ਦੇਸ਼ਾਂ ਨੂੰ  ਜਿੱਤਣ ਲਈ ਵਰਤਦਿਆਂ ਦਾਅਵਾ ਕੀਤਾ ਸੀ, ਕਿ ਉਹ ਭਾਰਤ ਵਰਗੇ ਦੇਸ਼ਾਂ 'ਤੇ ਰਾਜ ਕਰਨ ਲਈ ਨਹੀਂ ਸਗੋਂ ਇਨ੍ਹਾਂ ਨੂੰ  ਸੱਭਿਅਕ ਬਣਾਉਣ ਲਈ ਆਏ ਸਨ ਅਤੇ ਸਾਨੂੰ ਉਨ੍ਹਾਂ ਦੇ ਧੰਨਵਾਦੀ ਹੋਣਾ ਚਾਹੀਦਾ ਹੈ? ਇਸ ਦਲੀਲ ਨੂੰ  ਤੀਜੀ ਦੁਨੀਆ ਦੇ ਗੁਲਾਮ ਦੇਸ਼ਾਂ ਨੇ ਉਠਾ ਕੇ ਪਰ੍ਹੇ ਸੁੱਟ ਦਿੱਤਾ, ਦੂਜੇ ਵਿਸ਼ਵ ਯੁੱਧ ਤੋਂ ਬਾਅਦ ਬਸਤੀਵਾਦੀ ਸ਼ਕਤੀਆਂ ਵਿਰੁੱਧ ਬਗਾਵਤ ਨੇ ਦੁਨੀਆ ਨੂੰ  ਨਵਾਂ ਆਕਾਰ ਦਿੰਦਿਆਂ ਦਰਜਨਾਂ ਦੇਸ਼ਾਂ ਨੇ ਆਜ਼ਾਦੀ ਪ੍ਰਾਪਤ ਕੀਤੀ | ਗਾਂਧੀ ਜੀ ਇਸ ਬਗਾਵਤ ਦੇ ਪ੍ਰੇਰਨਾ ਸਰੋਤ ਬਣੇ ਤੇ ਉਨ੍ਹਾਂ ਨੂੰ  ਆਪਣਾ ਰੋਲ ਮਾਡਲ ਬਣਾ ਕੇ ਨੈਲਸਨ ਮੰਡੇਲਾ ਨੇ ਦੱਖਣੀ ਅਫ਼ਰੀਕਾ 'ਚੋਂ ਨਸਲਵਾਦੀ ਸੱਤਾ ਨੂੰ  ਉਖਾੜ ਸੁੱਟਿਆ, ਮਾਰਟਿਨ ਲੂਥਰ ਕਿੰਗ ਨੇ ਪੱਕੇ ਰੰਗ (ਕਾਲੇ) ਦੇ ਲੋਕਾਂ ਲਈ ਬਰਾਬਰਤਾ ਪ੍ਰਾਪਤ ਕਰਕੇ  ਅਮਰੀਕਾ ਨੂੰ  ਸਹੀ ਅਰਥਾਂ 'ਚ ਲੋਕਤੰਤਰੀ ਬਣਾਇਆ | ਇਸ ਦਾ ਮਤਲਬ ਇਹ ਨਹੀਂ ਹੈ ਕਿ ਅਮਰੀਕਾ ਵਿਚ ਨਸਲਵਾਦ ਮੌਜੂਦ ਨਹੀਂ ਹੈ ਜਾਂ ਔਰਤ ਵਿਰੋਧੀ ਕਦਰਾਂ-ਕੀਮਤਾਂ ਪੂਰੀ ਤਰ੍ਹਾਂ ਖ਼ਤਮ  ਹੋ ਗਈਆਂ ਹਨ | ਪਰ ਅੱਜ ਅਮਰੀਕਾ ਜਾਂ ਪੱਛਮੀ ਸਭਿਅਤਾ ਵਿਚ ਕੋਈ ਵੀ ਕਾਲੇ ਲੋਕਾਂ ਵਿਰੁੱਧ ਖੁੱਲ੍ਹ ਕੇ ਬੋਲ ਨਹੀਂ ਸਕਦਾ ਜਾਂ ਔਰਤਾਂ ਦਾ ਸ਼ੋਸ਼ਣ ਨਹੀਂ ਕਰ ਸਕਦਾ |
ਬਦਕਿਸਮਤੀ ਨਾਲ ਭਾਰਤ ਵਿਚ ਅਜੇ ਵੀ ਅਜਿਹੀ ਚੇਤਨਾ/ਸਮਝ ਦਾ ਵਿਸਥਾਰ ਨਹੀਂ ਹੋ ਸਕਿਆ, ਜਿੰਨਾ ਹੋਣਾ ਚਾਹੀਦਾ ਸੀ | ਡਾ. ਅੰਬੇਡਕਰ ਦੀ ਪੂਰੀ ਲੜਾਈ ਉਸ ਵਿਵਸਥਾ ਖ਼ਿਲਾਫ਼ ਸੀ, ਜੋ ਜਨਮ ਦੇ ਆਧਾਰ 'ਤੇ ਲੋਕਾਂ ਨੂੰ  ਗੁਲਾਮ ਬਣਾ ਕੇ ਉਨ੍ਹਾਂ ਨੂੰ  ਬਰਾਬਰੀ ਦਾ ਦਰਜਾ ਦੇਣ ਤੋਂ ਇਨਕਾਰੀ ਸੀ | ਬਾਬਾ ਸਾਹਿਬ ਨੂੰ  ਦਲਿਤਾਂ ਨੂੰ  ਤਲਾਬ ਦਾ ਪਾਣੀ ਪੀਣ ਦੀ ਇਜਾਜ਼ਤ ਦਿਵਾਉਣ ਲਈ 'ਮਹਾਦ ਅੰਦੋਲਨ'  ਤੇ ਦਲਿਤਾਂ ਦੇ ਮੰਦਰ 'ਚ ਦਾਖਲੇ ਲਈ 'ਕਾਲਾ ਰਾਮ ਮੰਦਰ ਅੰਦੋਲਨ' ਕਰਨਾ ਪਿਆ | ਪੇਰੀਆਰ ਨੇ ਕੇਰਲਾ ਵਿਚ 'ਵੈਕੋਮ ਅੰਦੋਲਨ' ਕਰਕੇ ਯਕੀਨੀ ਬਣਾਇਆ ਕਿ ਦਲਿਤਾਂ ਤੇ ਪਛੜੇ ਵਰਗਾਂ ਦੇ ਲੋਕਾਂ ਨੂੰ  ਮੰਦਰ ਵੱਲ ਜਾਣ ਵਾਲੀ ਸੜਕ 'ਤੇ ਚੱਲਣ ਦੀ ਇਜਾਜ਼ਤ ਮਿਲ ਸਕੇ |
ਸੰਵਿਧਾਨ ਬਣਿਆ ਤਾਂ ਪਹਿਲੀ ਵਾਰ ਭਾਰਤੀ ਸਮਾਜ ਵਿਚ ਸਾਰਿਆਂ ਨੂੰ  ਬਰਾਬਰੀ ਦਾ ਦਰਜਾ ਮਿਲਿਆ ਤਾਂ ਇਹ ਗੱਲ ਉਨ੍ਹਾਂ ਲੋਕਾਂ ਨੂੰ  ਪਸੰਦ ਨਹੀਂ ਆਈ ਜੋ ਹਜ਼ਾਰਾਂ ਸਾਲਾਂ ਤੋਂ ਸੱਤਾ ਦੇ ਸਿਖਰ 'ਤੇ ਕਾਬਜ਼ ਹੋਣ ਕਰਕੇ ਧਰਮ 'ਤੇ ਆਪਣਾ ਸਦੀਵੀ ਕਬਜ਼ਾ ਸਮਝਦੇ ਸਨ | ਇਨ੍ਹਾਂ ਤਾਕਤਾਂ ਨੇ ਹਿੰਦੂ ਕੋਡ ਬਿੱਲ ਦਾ ਵਿਰੋਧ ਕਰਦਿਆਂ ਨਹਿਰੂ ਤੇ ਅੰਬੇਡਕਰ ਦੇ ਪੁਤਲੇ ਸਾੜੇ |
ਬਾਬਾ ਸਾਹਿਬ ਨਾਲ ਦੁਰਵਿਵਹਾਰ ਕਰਦਿਆਂ ਰਾਖਵੇਂਕਰਨ ਦਾ ਵਿਰੋਧ ਕੀਤਾ, ਇਹ ਵਰਗ ਅੱਜ ਵੀ ਰਾਖਵੇਂਕਰਨ ਦਾ ਵਿਰੋਧੀ ਹੈ ਤੇ ਛੂਤਛਾਤ ਨੂੰ  ਮੰਨਦਾ ਹੈ | ਉੱਚ ਤੇ ਨੀਵੀਂ ਜਾਤੀ ਵਿਚਕਾਰ ਵਿਤਕਰਾ ਅਜੇ ਵੀ ਮੌਜੂਦ ਹੈ, ਇਸ ਲਈ ਰਾਖਵਾਂਕਰਨ ਵੀ ਜ਼ਰੂਰੀ ਹੈ |
ਔਰਤਾਂ ਨੂੰ  ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਦੇਸ਼ ਵਿਚ ਪੂਰੀ ਆਜ਼ਾਦੀ ਨਹੀਂ ਮਿਲੀ ਹੈ |  ਔਰਤਾਂ ਨੂੰ  ਦਾਜ ਦੇ ਨਾਮ 'ਤੇ ਸਾੜਿਆ ਜਾਂਦਾ ਹੈ, ਕੰਮਕਾਜੀ ਔਰਤਾਂ ਨੂੰ  ਗੰਦੀਆਂ ਨਜ਼ਰਾਂ ਨਾਲ ਵੇਖਿਆ ਜਾਂਦਾ ਹੈ | ਉਨ੍ਹਾਂ ਨੂੰ  ਆਪਣੀ ਪਸੰਦ ਦੇ ਵਿਅਕਤੀ ਨਾਲ ਵਿਆਹ ਕਰਨ ਦੀ ਇਜਾਜ਼ਤ ਨਹੀਂ ਹੈ | ਆਪਣੀ ਪਸੰਦ ਦਾ ਵਿਆਹ ਕਰਨ ਵਾਲੀਆਂ ਲੜਕੀਆਂ ਨੂੰ  ਅਖੌਤੀ ਅਣਖ ਦੇ ਨਾਮ 'ਤੇ ਮਾਰ ਦਿੱਤਾ ਜਾਂਦਾ ਹੈ | 
ਔਰਤਾਂ ਦੇ ਘਰੋਂ ਬਾਹਰ ਜਾ ਕੇ ਨੌਕਰੀ ਜਾਂ ਕੋਈ ਹੋਰ ਕੰਮ ਕਰਨ 'ਤੇ ਇਤਰਾਜ਼ ਉਠਾਇਆ ਜਾਂਦਾ ਹੈ, ਨੌਕਰੀ ਕਰਨ ਵਾਲੀਆਂ ਔਰਤਾਂ ਨੂੰ  ਕੰਮ ਤੋਂ ਘਰ ਆ ਕੇ  ਪਤੀ ਤੇ ਘਰ –ਪਰਿਵਾਰ ਦੀ ਸੇਵਾ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ | ਹੁਣ ਤਾਂ ਔਰਤਾਂ ਨੂੰ  ਸਮਾਜ ਨੂੰ  ਬਚਾਉਣ ਲਈ 3-4 ਬੱਚੇ ਪੈਦਾ ਕਰਨ ਲਈ ਵੀ ਕਿਹਾ ਜਾ ਰਿਹਾ ਹੈ, ਇਸ ਦਾ ਵਿਰੋਧ ਕਰਨ ਵਾਲਿਆਂ ਨੂੰ  ਧਰਮ-ਵਿਰੋਧੀ ਦੱਸਿਆ ਜਾਂਦਾ ਹੈ | ਹਾਲ ਹੀ ਵਿਚ ਧਰਮ ਦੇ ਨਾਮ 'ਤੇ ਰਾਜਨੀਤੀ ਨੇ ਇਸ ਸੋਚ ਨੂੰ  ਹੋਰ ਮਜ਼ਬੂਤ ਕੀਤਾ ਹੈ | ਇਸ ਰਾਜਨੀਤੀ ਦੇ  ਪ੍ਰਭਾਵ ਹੇਠ ਕਈ ਔਰਤਾਂ ਵੀ ਇਸ ਸੋਚ ਨੂੰ  ਜਾਇਜ਼ ਠਹਿਰਾਉਂਦੀਆਂ ਹਨ ਅਤੇ ਪ੍ਰਮੁੱਖ ਪੱਤਰਕਾਰ ਤੇ ਬੁੱਧੀਜੀਵੀ ਵੀ ਇਸ ਨੂੰ  ਧਰਮ ਦੀ ਰੱਖਿਆ ਲਈ ਉਚਿਤ ਮੰਨਦੇ ਹਨ |
ਧਰਮ-ਅਧਾਰਤ ਰਾਜਨੀਤੀ ਨੇ ਦੇਸ਼ ਦਾ ਬਹੁਤ ਨੁਕਸਾਨ ਕੀਤਾ ਹੈ | ਪਰ ਇਕ ਚੰਗੀ ਗੱਲ ਹੋਈ ਹੈ ਕਿ ਕਈ ਅਜਿਹੇ ਲੋਕਾਂ ਦੇ ਚਿਹਰੇ ਬੇਨਕਾਬ ਹੋ ਗਏ ਹਨ, ਜੋ ਹੁਣ ਤੱਕ ਔਰਤ-ਪੱਖੀ ਤੇ ਦਲਿਤ-ਪੱਖੀ ਹੋਣ ਦਾ ਦਿਖਾਵਾ ਕਰਦੇ ਸਨ | ਜਦੋਂ ਰਾਹੁਲ ਗਾਂਧੀ ਰੂੜੀਵਾਦੀ ਸੋਚ 'ਤੇ ਹਮਲਾ ਕਰਦਿਆਂ ਔਰਤਾਂ ਦੀ ਆਜ਼ਾਦੀ ਤੇ ਦਲਿਤ ਮੁਕਤੀ ਦੀ ਗੱਲ ਕਰਦੇ ਹਨ, ਉਹ ਜਾਤੀ ਜਨਗਣਨਾ ਦੀ ਮੰਗ ਕਰਦਿਆਂ ਰਾਖਵੇਂਕਰਨ ਦਾ ਸਮਰਥਨ ਕਰਦੇ ਹਨ ਤਾਂ ਪ੍ਰਭਾਵਸ਼ਾਲੀ ਤੇ ਸੱਤਾਵਾਦੀ ਵਰਗਾਂ ਨੂੰ  ਇਹ ਪਸੰਦ ਨਹੀਂ ਆਵੇਗਾ ਤੇ ਉਹ ਉਸ ਨੂੰ  'ਪੱਪੂ' ਦੱਸਣ ਦੀ ਕੋਸ਼ਿਸ਼ ਕਰਨਗੇ | ਪਰ ਤੇਜ਼ ਰਫ਼ਤਾਰ ਨਾਲ ਭੱਜ ਰਹੇ ਸਮੇਂ 'ਚ ਅਜਿਹੇ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਰਹੀ ਹੈ | ਜੋ ਲੋਕ ਬਦਲਦੀ ਤਕਨਾਲੋਜੀ ਦੇ ਹਿਸਾਬ ਨਾਲ ਨਹੀਂ ਬਦਲਦੇ ਉਨ੍ਹਾਂ ਦਾ ਸਫਾਇਆ ਹੋਣਾ ਤੈਅ ਹੈ, ਇਹ ਗੱਲ ਯਾਦ ਰੱਖਣੀ ਚਾਹੀਦੀ ਹੈ |

-ਈ-ਮੇਲ : ashutosh83b0gmail.com

Ad Position 22
No active advertisement
ਪਿਛਲੀ ਖ਼ਬਰ ਬੇਲੋੜਾ ਟਕਰਾਅ ਪੈਦਾ ਕਰ ਰਹੀ ਹੈ ਭਾਜਪਾ ਅਗਲੀ ਖ਼ਬਰ ਕਿਸਾਨਾਂ ਦੀ ਆਮਦਨ ਨੂੰ ਕਿਵੇਂ ਵਧਾਇਆ ਜਾਵੇ?
Ad Position 24