22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸੁਤੰਤਰਤਾ ਦਿਵਸ ਦੀਆਂ ਰੰਗੀਨੀਆਂ

ਸੁਤੰਤਰਤਾ ਦਿਵਸ ਦੀਆਂ ਰੰਗੀਨੀਆਂ

Ad Position 21
No active advertisement
ਅਜੀਤ ਡੈਸਕ 23-08-2026

ਇਨ੍ਹਾਂ ਦਿਨਾਂ ਵਿਚ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿਲੇ੍ਹ ਦੀ ਫ਼ਸੀਲ ਤੋਂ ਹਥਿਆਰਬੰਦ ਨਕਸਲਵਾਦ ਦੇ ਖ਼ਾਤਮੇ ਦਾ ਦਾਅਵਾ ਕਰਦਿਆਂ 'ਦਿਮਾਗੀ ਨਕਸਲਵਾਦ' ਪ੍ਰਤੀ ਬੇਲੋੜੀ ਚਿੰਤਾ ਪ੍ਰਗਟਾ ਰਹੇ ਸਨ ਤਾਂ ਸਵ. ਪੱਤਰਕਾਰ ਕੁਲਦੀਪ ਨਈਅਰ ਵਲੋਂ 30 ਵਰ੍ਹੇ ਪਹਿਲਾਂ ਸਥਾਪਤ ਕੀਤਾ ਗਿਆ ਸੰਗਠਨ 'ਹਿੰਦ-ਪਾਕਿ ਦੋਸਤੀ ਮੰਚ ਅਤੇ ਉਨ੍ਹਾਂ ਦੇ ਸਹਿਯੋਗੀ ਸੰਗਠਨ ਫੋਕਲੋਰ ਰੀਸਰਚ ਅਕਾਦਮੀ ਤੇ ਸਾਫਮਾ' ਵਾਲੇ ਅਟਾਰੀ ਸਰਹੱਦ 'ਤੇ ਮੋਮਬੱਤੀਆਂ ਦੀ ਲੋਅ ਵਿਚ ਹੇਠ ਲਿਖਿਆ ਐਲਾਨਨਾਮਾ ਸਰਹੱਦ 'ਤੇ ਹਾਜ਼ਰ ਸਰੋਤਿਆਂ ਨਾਲ ਸਾਂਝਾ ਕਰ ਰਹੇ ਸਨ:-

'ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਦੇ ਆਪਸੀ ਸੰਬੰਧਾਂ ਦੀ ਅਜੋਕੀ ਸਥਿਤੀ 'ਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਅਸੀਂ ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ  ਅਪੀਲ ਕਰਦੇ ਹਾਂ ਕਿ ਉਹ ਆਪਸੀ ਸੰਬੰਧ ਸੁਧਾਰਨ ਅਤੇ ਵਿਵਾਦ ਵਾਲੇ ਸਾਰੇ ਮਸਲਿਆਂ ਦੇ ਹੱਲ ਲਈ ਤੁਰੰਤ ਗੱਲਬਾਤ ਆਰੰਭ ਕਰਨ | ਆਪਸੀ ਤਣਾਅ ਵਧਾ ਕੇ ਇਸ ਖਿੱਤੇ ਨੂੰ  ਇਕ ਹੋਰ ਲੰਮੀ ਜੰਗ ਵੱਲ ਧੱਕਣ ਤੋਂ ਸੰਕੋਚ ਕੀਤਾ ਜਾਵੇ | 
ਇਸ ਦੇ ਨਾਲ ਹੀ ਅਸੀਂ ਪਾਕਿਸਤਾਨ ਦੀ ਸਰਕਾਰ ਤੋਂ ਇਹ ਵੀ ਮੰਗ ਕਰਦੇ ਹਾਂ ਕਿ ਉਹ ਕਿਸੇ ਵੀ ਰੂਪ ਵਿਚ ਭਾਰਤ ਵਿਰੋਧੀ ਦਹਿਸ਼ਤਗਰਦ ਤਨਜ਼ੀਮਾਂ ਦੀ ਮਦਦ ਨਾ ਕਰੇ | ਪਾਕਿਸਤਾਨ ਦੀ ਧਰਤੀ ਦੀ ਵਰਤੋਂ ਕਰਕੇ ਡਰੋਨਾਂ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਗ਼ੈਰ-ਕਾਨੂੰਨੀ ਹਥਿਆਰਾਂ ਦੀ ਭਾਰਤ ਨੂੰ  ਤਸਕਰੀ ਕਰਨ ਵਾਲੇ ਅਨਸਰਾਂ 'ਤੇ ਸਖ਼ਤੀ ਨਾਲ ਰੋਕ ਲਾਈ ਜਾਵੇ |'
ਉਨ੍ਹਾਂ ਨੇ ਭਾਰਤ-ਪਾਕਿਸਤਾਨ ਦੀਆਂ ਸਰਕਾਰਾਂ ਤੋਂ ਇਹ ਵੀ ਮੰਗ ਕੀਤੀ ਸੀ ਕਿ ਅਟਾਰੀ ਤੇ ਵਾਹਗਾ ਦੀ ਸਰਹੱਦ ਨੂੰ  ਵਪਾਰ ਅਤੇ ਲੋਕਾਂ ਦੀ ਆਵਾਜਾਈ ਲਈ ਮੁੜ ਤੋਂ ਖੋਲਿ੍ਹਆ ਜਾਵੇ | ਭਾਰਤ ਤੇ ਪਾਕਿਸਤਾਨ ਦੇ ਜਿਹੜੇ ਲੋਕ ਇਕ ਜਾਂ ਦੂਜੇ ਦੇਸ਼ ਦੀ ਯਾਤਰਾ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ  ਵੀਜ਼ੇ ਦੇਣ ਦਾ ਸਿਲਸਿਲਾ ਮੁੜ ਤੋਂ ਆਰੰਭ ਕੀਤਾ ਜਾਵੇ |
ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਸਿੱਖ ਸ਼ਰਧਾਲੂਆਂ ਲਈ ਮੁੜ ਤੋਂ ਖੋਲਿ੍ਹਆ ਜਾਵੇ, ਤਾਂ ਕਿ ਉਹ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ |
ਭਾਰਤ ਤੇ ਪਾਕਿਸਤਾਨ ਦੇ 80ਵੇਂ ਆਜ਼ਾਦੀ ਦਿਵਸ ਨੂੰ  ਮੁੱਖ ਰੱਖ ਕੇ ਅਗਲੇ ਆਜ਼ਾਦੀ ਦਿਵਸ ਤੱਕ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਲਈ ਆਸਾਨ ਵੀਜ਼ਾ ਨੀਤੀ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਨੂੰ  1947 ਵਿਚ ਸਰਹੱਦਾਂ ਦੇ ਆਰ-ਪਾਰ ਹਿਜ਼ਰਤ ਕਰਨੀ ਪਈ ਸੀ, ਤਾਂ ਜੋ ਉਹ ਆਪਣੇ ਜਾਂ ਆਪਣੇ ਬਜ਼ੁਰਗਾਂ ਦੇ ਪਿੰਡਾਂ ਤੇ ਸ਼ਹਿਰਾਂ ਨੂੰ  ਦੇਖ ਸਕਣ | ਇਸ ਨਾਲ ਆਪਸੀ ਸੰਬੰਧ ਸੁਧਾਰਨ ਵਿਚ ਵੱਡੀ ਮਦਦ ਮਿਲ ਸਕਦੀ ਹੈ |
ਜਿੱਥੇ ਪ੍ਰਧਾਨ ਮੰਤਰੀ ਦੇ ਸੰਦੇਸ਼ ਨੂੰ  ਮੀਡੀਆਂ ਨੇ ਲਗਾਤਾਰ 13ਵੀਂ ਵਾਰ ਦਾ ਸੰਬੋਧਨ ਗਰਦਾਨ ਕੇ ਉਭਾਰਿਆ, ਉੱਥੇ ਹਿੰਦ-ਪਾਕਿ ਦੋਸਤੀ ਸੈਮੀਨਾਰ ਦੌਰਾਨ ਪੇਸ਼ ਹੋਈਆਂ ਮੰਗਾਂ ਨੂੰ  'ਅਜੀਤ' ਪ੍ਰਕਾਸ਼ਨ ਸਮੂਹ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ (ਜਨਰਲ ਸਕੱਤਰ ਹਿੰਦ-ਪਾਕਿ ਦੋਸਤੀ) ਨੇ ਮੇਰੇ ਨਾਲ ਖ਼ੁਦ ਸਾਂਝਾ ਕੀਤਾ | ਮੈਂ ਚਾਹੁੰਦਾ ਹਾਂ ਕਿ ਜਦੋਂ ਤੱਕ ਇਨ੍ਹਾਂ ਮੰਗਾਂ ਨੂੰ  ਬੂਰ ਨਹੀਂ ਪੈ ਜਾਂਦਾ, ਇਹ ਸਿਲਸਲਾ ਜਾਰੀ ਰੱਖਣਾ ਚਾਹੀਦਾ ਹੈ |
ਹਿੰਦ-ਪਾਕਿ ਦੋਸਤੀ ਤੋਂ ਬਿਨਾਂ ਮੇਰੇ ਨਿੱਜ ਨੂੰ  ਹੁਲਾਸ ਦੇਣ ਵਾਲੀਆਂ ਦੋ ਖ਼ਬਰਾਂ ਵੀ ਮਿਲੀਆਂ | ਪਹਿਲੀ ਇਹ ਕਿ ਮੇਰੇ ਧਰਮ ਦੇ ਪੁੱਤਰ ਪ੍ਰੋ. ਅਮਾਨਤ ਗਿੱਲ ਲਾਹੌਰ ਨੇ 'ਡੇਲੀ ਮਨੋਟ ਟਾਈਮਜ਼' ਰਾਹੀਂ ਮੇਰੇ ਨਾਲ ਆਪਣੇ ਸਬੰਧਾਂ ਨੂੰ  'ਮਾਨਵਤਾ ਦੇ ਪੁਲ' ਕਹਿ ਕੇ ਉਮੀਦ ਪ੍ਰਗਟਾਈ ਹੈ ਕਿ ਸਾਡੇ ਵਰਗੇ ਸਬੰਧ ਉਨ੍ਹਾਂ ਲੋਕਾਂ ਲਈ ਨਵਾਂ ਚਾਨਣ ਬਣ ਸਕਦੇ ਹਨ, ਜਿਹੜੇ ਅੱਠ ਦਹਾਕਿਆਂ ਤੋਂ ਹਨੇਰਾ ਜਾਗਦੇ ਆਏ ਹਨ | ਉਸ ਨੇ ਇਹ ਆਸ ਪ੍ਰਗਟ ਕੀਤੀ ਕਿ ਉਹ ਆਪਣੇ ਧਰਮ ਪਿਤਾ ਦੇ ਚਰਨਾਂ ਵਿਚ ਬਹਿ ਕੇ ਹਿੰਦੁਸਤਾਨ ਤੇ ਪਾਕਿਸਤਾਨ ਦੀਆਂ ਸਰਕਾਰਾਂ ਦਾ ਸ਼ੁਕਰਾਨਾ ਅਦਾ ਕਰ ਸਕੇਗਾ | ਉਸ ਨੂੰ  ਆਸ ਹੈ ਕਿ ਉਹ ਲਮਹਾ ਸਿੱਖ-ਮੁਸਲਿਮ ਦੋਸਤੀ ਦਾ ਮਾਣਨ ਵਾਲਾ ਯੋਗ ਸਮਾਂ ਬਣੇਗਾ, ਜਿਸ ਨੂੰ  ਮਾਨਵਤਾ ਦਾ ਹੜ੍ਹ ਵੀ ਕਿਹਾ ਜਾ ਸਕਦਾ ਹੈ |
ਮੇਰੇ ਨਿੱਜ ਲਈ ਇਹ ਖ਼ਬਰ ਵੀ ਤਸੱਲੀ ਵਾਲੀ ਹੈ ਕਿ ਸੁਤੰਤਰਤਾ ਦਿਵਸ ਦੇ ਸਬੰਧ ਵਿਚ ਕੈਨੇਡਾ ਤੋਂ ਛਪਦੇ ਰਸਾਲੇ 'ਇੰਡੋ ਕੈਨੇਡੀਅਨ ਟਾਈਮਜ਼' ਨੇ ਮੇਰੀ 1978 ਵਿਚ ਲਿਖੀ ਕਹਾਣੀ 'ਅਮਰ ਕਥਾ' ਛਾਪ ਕੇ ਆਪਣੇ ਪਾਠਕਾਂ ਨਾਲ ਦੇਸ਼ ਵੰਡ ਦੇ ਦੁੱਖੜੇ ਸਾਂਝੇ ਕੀਤੇ ਹਨ | ਇਹ ਖ਼ਬਰ ਮੈਨੂੰ ਕੈਨੇਡਾ ਵਸਦੀ ਭੈਣ ਹਰਭਜਨ ਕੌਰ ਢਿੱਲੋਂ ਨੇ ਦਿੱਤੀ |
ਉਹ ਜਾਣਦੀ ਹੈ ਕਿ ਜਿਸ ਪੁਸਤਕ ਵਿਚ ਮੇਰੀ ਇਹ ਕਹਾਣੀ ਛਪੀ ਸੀ, ਉਸ ਨੂੰ  1982 ਵਿਚ ਕੇਂਦਰੀ ਸਾਹਿਤ ਅਕੈਡਮੀ ਵਲੋਂ ਉੱਚਤਮ ਗਰਦਾਨਿਆ ਗਿਆ ਸੀ | ਬਿਜਲਈ ਮੀਡੀਆ ਜ਼ਿੰਦਾਬਾਦ!
ਅੰਤਿਕਾ
—ਸ਼ਰੀਫ਼ ਕੁੰਜਾਹੀ—
ਕੇਹੇ ਦਿਲਾਂ ਵਿਚ ਅੜਚ ਪਏ ਨੇ ਤੇ ਕੇਹੀਆਂ ਪਈਆਂ ਗੰਢਾਂ |
ਨੌਹਾਂ ਨਾਲੋਂ ਮਾਸ ਨਿਖੇੜਿਆ ਕਰ ਕਰ ਆਡੀਆਂ ਵੰਡਾਂ |
ਖ਼ੈਰੀਂ ਮਿਹਰੀ ਵਸਦੇ ਰਸਦੇ ਪਤਾ ਨਹੀਂ ਕੀ ਵਰਤੀ |
ਲਹੂਓ ਲਹੂ ਦਿਨਾਂ ਵਿਚ ਹੋ ਗਈ ਫੁੱਲਾਂ ਵਰਗੀ ਧਰਤੀ |
ਭਾਈਆਂ ਨਾਲੋਂ ਭਾਈ ਓੜਕ ਵੱਖਰੇ ਹੁੰਦੇ ਆਏ |
ਇਹ ਕੋਈ ਏਡੀ ਗੱਲ ਨਹੀਂ ਸੀ ਜਿਸ ਸਿਆਪੇ ਪਾਏ |
ਸ਼ਾਹ ਫ਼ਰੀਦ ਹੋਰਾਂ ਦੇ ਵਰਗੇ ਜਿਸ ਧਰਤੀ 'ਤੇ ਵੱਸੇ |
ਨਾਨਕ, ਸੰਤ ਕਬੀਰ ਨੇ ਜਿੱਥੇ ਰਾਹ ਮਿਲਾਪੜੇ ਦੱਸੇ |
ਓਥੇ ਲੂਤੀ ਲਾਣ ਵਾਲਿਆਂ ਇੰਜ ਅੱਜ ਲੂਤੀ ਲਾਈ |
ਤਾਣੇ ਪੇਟੇ ਵਾਲੀਆਂ ਤੰਦਾਂ ਤੰੂ-ਤੰੂ ਨਵੀਂ ਸੁਣਾਈ |
ਆਪਣੇ ਹੱਥੀਂ ਆਪਣੇ ਮੰੂਹ 'ਤੇ ਮਾਰਨ ਲੱਗ ਪਏ ਚੰਡਾਂ |
ਭਾਈ ਭਾਈਆਂ ਨਾਲੋਂ ਰੁੱਸੇ ਨੰਗੀਆਂ ਹੋਈਆਂ ਕੰਡਾਂ |

ਈਮੇਲ :sandhugulzar@yahoo.com

Ad Position 22
No active advertisement
ਪਿਛਲੀ ਖ਼ਬਰ ਬਦਲ ਰਹੀ ਹੈ ਦੇਸ਼ ਦੀ ਰਾਜਨੀਤਕ ਫ਼ਿਜ਼ਾ ਅਗਲੀ ਖ਼ਬਰ ਆਦਮੀ ਬੁਰਾ ਨਹੀਂ ਹੁੰਦਾ, ਭੁੱਖ ਬੁਰੀ ਹੁੰਦੀ ਹੈ
Ad Position 24