26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਦੁਨੀਆ ਵਿਚ ਫੈਲਣ ਲੱਗਾ ਹੈ ਇਕ ਹੋਰ ਮਾਰੂ ਨਸ਼ਾ-ਜ਼ੌਬੀ

ਦੁਨੀਆ ਵਿਚ ਫੈਲਣ ਲੱਗਾ ਹੈ ਇਕ ਹੋਰ ਮਾਰੂ ਨਸ਼ਾ-ਜ਼ੌਬੀ

Ad Position 21
No active advertisement
ਅਜੀਤ ਡੈਸਕ 27-09-2026

ਇਸ ਸਮੇਂ ਪੂਰੀ ਦੁਨੀਆ ਦੇ ਦੇਸ਼ ਇਕ ਬੇਹੱਦ ਭਿਆਨਕ ਨਸ਼ੇ ਜ਼ੌਂਬੀ ਤੋਂ ਭੈਭੀਤ ਹਨ, ਜੋ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ | ਇਸ ਨਵੇਂ ਤੇ ਖ਼ਤਰਨਾਕ ਨਸ਼ੇ ਨੇ ਦੁਨੀਆ ਭਰ ਦੇ ਸਿਹਤ ਮਾਹਿਰਾਂ, ਸਰਕਾਰਾਂ ਤੇ ਸਮਾਜ ਨੂੰ  ਗਹਿਰੀ ਚਿੰਤਾ ਵਿਚ ਪਾ ਦਿੱਤਾ ਹੈ |  ਅਮਰੀਕਾ ਦੇ ਕਈ ਸੂਬਿਆਂ, ਕੈਨੇਡਾ, ਮੈਕਸੀਕੋ ਤੇ ਕੁਝ ਹੋਰ ਦੇਸ਼ਾਂ ਵਿਚ ਫੈਲ ਚੁੱਕੇ ਜ਼ੌਂਬੀ  ਡਰੱਗ ਦੇ ਕੁਝ ਮਾਮਲੇ ਯੂਰਪੀਅਨ ਦੇਸ਼ਾਂ ਵਿਚ ਵੀ ਸਾਹਮਣੇ ਆਉਣ ਕਾਰਨ ਦੁਨੀਆ ਦੀਆਂ ਸਿਹਤ ਏਜੰਸੀਆਂ ਹਰਕਤ ਵਿਚ ਆ ਗਈਆਂ ਹਨ, ਕਿਉਂਕਿ ਇਹ ਨਸ਼ਾ ਬੜੀ ਤੇਜ਼ੀ ਨਾਲ ਲੋਕਾਂ ਨੂੰ  ਆਪਣੀ ਗਿ੍ਫ਼ਤ ਵਿਚ ਲੈ ਰਿਹਾ ਹੈ |

 

ਜ਼ੌਂਬੀ  ਤੋਂ ਕੀ ਭਾਵ ਹੈ-ਜ਼ੌਂਬੀ ਫ਼ਿਲਮਾਂ 'ਚ ਇਕ ਅਜਿਹਾ ਕਾਲਪਨਿਕ ਮੁਰਦਾ ਇਨਸਾਨ/ ਪਾਤਰ ਹੁੰਦਾ ਹੈ, ਜੋ ਮਰ ਕੇ ਵੀ ਆਪਣੀ ਕਬਰ 'ਚੋਂ ਉੱਠ ਪੈਂਦਾ ਹੈ | ਉਹ ਕੁਝ ਬੋਲਦਾ ਨਹੀਂ, ਕੁਝ ਸੋਚਦਾ ਨਹੀਂ, ਪਰ ਅੱਧਮਰੀ ਹਾਲਤ ਵਿਚ ਹੁੰਦਾ ਹੋਇਆ ਵੀ ਸਨਸਨੀਖੇਜ਼ ਮਾਨਵ ਵਿਰੋਧੀ ਘਟਨਾਵਾਂ ਨੂੰ  ਅੰਜ਼ਾਮ ਦਿੰਦਾ ਹੈ | ਇਸ ਨੂੰ  ਖਾਸ ਕਰਕੇ ਪੱਛਮੀ ਫ਼ਿਲਮਾਂ ਵਿਚ ਦੂਜੇ ਲੋਕਾਂ ਨੂੰ  ਨੁਕਸਾਨ ਪਹੁੰਚਾਉਂਦਾ ਤੇ ਲੋਕਾਂ ਨੂੰ  ਮਾਰ ਕੇ ਉਨ੍ਹਾਂ ਦਾ ਮਾਸ ਖਾਂਦਾ ਦਰਸਾਇਆ ਜਾਂਦਾ ਹੈ, ਜੋ ਅਜੀਬ ਅਨਹੋਣੀਆਂ ਹਰਕਤਾਂ ਕਰਦਾ ਹੈ | ਇਸ ਨੂੰ  ਕੁਝ ਨਾਵਲਾਂ ਜਾਂ ਹਾਲੀਵੁੱਡ ਫ਼ਿਲਮਾਂ ਵਿਚ  ਕੋਈ ਵਾਇਰਸ ਫੈਲਾਉਂਦੇ ਵਿਖਾਇਆ ਜਾਂਦਾ ਹੈ | ਦਰਅਸਲ ਜ਼ੌਂਬੀ ਇਕ ਅਜਿਹੀ ਲਾਸ਼ ਨੂੰ  ਕਹਿ ਸਕਦੇ ਹਾਂ, ਜਿਸ ਨੂੰ  ਕਾਲਪਨਿਕ ਢੰਗ ਨਾਲ ਜ਼ਿੰਦਾ ਕਰ ਲਿਆ ਗਿਆ ਹੋਵੇ | ਜਦੋਂ  ਇਹ ਕਿਸੇ ਹੋਰ ਇਨਸਾਨ ਨੂੰ  ਕੱਟ ਲਵੇ ਜਾਂ ਆਪਣੇ ਪ੍ਰਭਾਵ ਹੇਠ ਲੈ ਲਵੇ ਤਾਂ ਦੂਜਾ ਚੰਗਾ ਭਲਾ ਇਨਸਾਨ ਵੀ ਜ਼ੌਂਬੀ  ਬਣ ਕੇ ਅਜੀਬ ਹਰਕਤਾਂ ਕਰਨ ਲੱਗ ਪੈਂਦਾ ਹੈ | 
ਕੀ ਹੈ ਜ਼ੌਂਬੀ  ਡਰੱਗ-ਦੋ ਦਵਾਈਆਂ ਦੇ ਮਿਸ਼ਰਣ ਤੋਂ ਬਣਨ ਵਾਲੇ ਇਸ ਨਸ਼ੇ ਦਾ ਕੋਈ ਪੱਕਾ ਨਾਂਅ ਨਹੀਂ ਹੈ ਪਰ ਪੂਰੀ ਦੁਨੀਆ ਇਸ ਨੂੰ  'ਜ਼ੌਂਬੀ' ਕਹਿਣ ਲੱਗ ਗਈ ਹੈ, ਜਿਸ ਨੂੰ  ਲੈਣ ਬਾਅਦ ਬੰਦਾ ਇਕ ਤਰ੍ਹਾਂ ਨਾਲ ਜ਼ਿੰਦਾ ਲਾਸ਼ ਬਣ ਜਾਂਦਾ ਹੈ | ਅਸੀਂ ਕਹਿ ਸਕਦੇ ਹਾਂ 'ਜ਼ੌਂਬੀ  ਡਰੱਗ' ਆਮ ਲੋਕਾਂ ਵਲੋਂ ਘੜਿਆ ਤੇ ਪ੍ਰਚਾਰਿਆ ਗਿਆ ਨਾਂਅ ਹੈ | ਇਸ ਨਸ਼ੇ ਦਾ ਅਸਲ ਨਾਂਅ 'ਜ਼ਾਈਲਾਜ਼ੀਨ' ਹੈ | ਜੋ ਖਾਸ ਕਰਕੇ ਵੱਡੇ ਪਸ਼ੂਆਂ - ਹਾਥੀ, ਗੈਂਡੇ, ਘੋੜੇ ਤੇ ਗਾਵਾਂ ਆਦਿ  ਨੂੰ  ਇਲਾਜ ਕਰਨ ਸਮੇਂ ਬੇਹੋਸ਼ ਕਰਨ ਲਈ ਦਿੱਤੀ ਜਾਂਦੀ ਦਵਾਈ ਹੈ, ਇਸ ਦਵਾਈ ਨਾਲ ਇਕ ਹੋਰ ਦਵਾਈ 'ਫੈਂਟਾਨਿਲ' ਨੂੰ  ਮਿਲਾ ਕੇ ਜ਼ੌਂਬੀ  ਨਸ਼ਾ ਤਿਆਰ ਕੀਤਾ ਜਾਂਦਾ ਹੈ | ਹਾਲਾਂਕਿ ਇਸ ਵਿਚ ਕਈ ਵਾਰ ਹੋਰ ਨਸ਼ੀਲੇ ਪਦਾਰਥ- ਹੈਰੋਇਨ, ਕੋਕੇਨ ਤੇ ਹੋਰ ਗੈਰਕਾਨੂੰਨੀ ਕੈਮੀਕਲ ਵੀ ਮਿਲਾਏ ਜਾਂਦੇ ਹਨ | ਇਹ ਮਿਸ਼ਰਣ ਇਸ ਨਸ਼ੇ ਨੂੰ  ਬਹੁਤ ਘਾਤਕ ਤੇ ਜਾਨਲੇਵਾ ਬਣਾ ਦਿੰਦਾ ਹੈ, ਕੁਝ ਦੇਸ਼ਾਂ ਦੇ ਨੌਜਵਾਨ ਇਸ ਨਸ਼ੇ ਨੂੰ  ਲੈਣ ਲੱਗ ਪਏ ਹਨ | 
ਮਨੁੱਖਾਂ 'ਤੇ ਜ਼ੌਂਬੀ  ਦਾ ਪ੍ਰਭਾਵ-ਇਸ ਨਸ਼ੇ ਨੂੰ  ਲੈਣ ਵਾਲਾ ਬੰਦਾ ਘੰਟਿਆਬੱਧੀ ਕਿਸੇ ਪੱਥਰ ਦੇ ਬੁੱਤ ਵਾਂਗ ਇਕੋ ਥਾਂ ਖੜ੍ਹਾ ਰਹਿੰਦਾ ਹੈ, ਕਿਉਂਕਿ ਇਸ ਨਾਲ ਦਿਮਾਗ ਪੂਰੀ ਤਰ੍ਹਾਂ ਸੁੰਨ ਹੋ ਜਾਂਦਾ ਹੈ | ਉਸ ਦੇ ਸਰੀਰ ਦੀ ਹਰ ਹਰਕਤ ਧੀਮੀ ਹੋ ਜਾਂਦੀ ਹੈ ਤੇ ਆਲੇ-ਦੁਆਲੇ ਦੀ ਸਮਝ ਤੱਕ ਖ਼ਤਮ ਹੋ ਜਾਂਦੀ ਹੈ | ਦਿਲ ਦੀ ਧੜਕਣ ਮੱਠੀ ਪੈਣ ਨਾਲ ਸਾਹ ਲੈਣ ਦੀ ਪ੍ਰਕਿਰਿਆ ਵੀ ਮੱਠੀ ਪੈ ਜਾਂਦੀ ਹੈ ਤੇ ਬਲੱਡ ਪ੍ਰੈਸ਼ਰ ਵੀ ਘਟ ਜਾਂਦਾ ਹੈ | ਇਹ ਨਸ਼ਾ ਲੈਣ ਵਾਲਿਆਂ ਦੀ ਸੁੱਧ-ਬੁੱਧ ਗੁਆਚ ਜਾਂਦੀ ਹੈ, ਖੂਨ ਦੀਆਂ ਨਸਾਂ ਸੁੰਗੜਨ ਕਾਰਨ ਪੂਰੇ ਸਰੀਰ ਤੇ ਚਮੜੀ ਵਿਚ ਆਕਸੀਜਨ ਦੀ ਸਪਲਾਈ ਘਟਣ ਨਾਲ ਚਮੜੀ 'ਤੇ  ਜ਼ਖ਼ਮ ਹੋਣ ਲੱਗਦੇ ਹਨ | ਸਰੀਰ ਦੇ ਟਿਸ਼ੂ ਹੌਲੀ-ਹੌਲੀ ਮਰਨ ਲੱਗਦੇ ਹਨ, ਹੱਥਾਂ-ਪੈਰਾਂ 'ਤੇ ਸੋਜ ਪੈਣ ਕਾਰਨ  ਗੈਂਗਰੀਨ ਹੋਣ ਲੱਗਦੀ ਹੈ | ਇਹ ਅਜਿਹਾ ਨਸ਼ਾ ਹੈ, ਜੋ ਮਨੁੱਖ ਦੇ ਦਿਲ, ਦਿਮਾਗ, ਸਾਹ ਪ੍ਰਣਾਲੀ ਤੇ ਚਮੜੀ 'ਤੇ ਇਕੋ ਸਮੇਂ ਹਮਲਾ ਕਰਦਾ ਹੈ | ਜੋ ਲੋਕ ਲਗਾਤਾਰ ਜ਼ੌਂਬੀ ਡਰੱਗ ਦੀ ਵਰਤੋਂ ਕਰਦੇ ਹਨ, ਉਨ੍ਹਾਂ ਦੀ ਯਾਦਦਾਸ਼ਤ ਖ਼ਤਮ ਹੋਣ ਲੱਗਦੀ ਹੈ | ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਚੰਗੇ ਤੇ ਮਾੜੇ ਦਾ ਫਰਕ ਕਰਨ ਯੋਗ ਨਹੀਂ ਰਹਿੰਦੇ | ਇਸ ਨਸ਼ੇ ਦਾ ਸੇਵਨ ਕਰਨ ਵਾਲਿਆਂ ਦੀ ਬਹੁਤ ਜਲਦੀ ਮੌਤ ਜਾਂਦੀ ਹੈ, ਫਿਰ ਵੀ ਲੋਕ ਇਸ ਨਸ਼ੇ ਦਾ ਸੇਵਨ ਕਰ ਰਹੇ ਹਨ |  
ਜ਼ੌਂਬੀ  ਦੀ ਸ਼ੁਰੂਆਤ-ਇਹ ਨਸ਼ਾ ਸਭ ਤੋਂ ਪਹਿਲਾਂ ਅਮਰੀਕੀ ਦੇਸ਼ ਪਿਊਰਟੋ ਰੀਕੋ ਤੋਂ ਸ਼ੁਰੂ ਹੋਇਆ ਹੈ, ਜੋ ਛੋਟੇ-ਛੋਟੇ ਟਾਪੂਆਂ ਦਾ ਸਮੂਹ ਹੈ | ਇਹ ਦੇਸ਼ ਸਪੇਨੀ, ਅਫਰੀਕੀ ਤੇ ਸਥਾਨਕ ਤਾਈਨੋ ਲੋਕਾਂ ਦਾ ਸੁਮੇਲ ਹੈ | ਇਥੋਂ ਸ਼ੁਰੂ ਹੋਇਆ ਇਹ ਨਸ਼ਾ  ਬੜੀ ਤੇਜ਼ੀ ਨਾਲ ਹੋਰ ਮੁਲਕਾਂ ਤੱਕ ਫੈਲ ਚੁੱਕਾ ਹੈ | ਇਹ ਦੁਨੀਆ 'ਚ ਇਕੋ -ਇਕ ਅਜਿਹਾ ਨਸ਼ਾ ਹੈ, ਜਿਸ ਦਾ ਨਾਂਅ ਜ਼ੌਂਬੀ ਹੈ ਤੇ ਇਸ ਨੂੰ  ਲੈਣ ਵਾਲਿਆਂ ਨੂੰ  ਵੀ ਜ਼ੌਂਬੀ ਕਿਹਾ ਜਾਂਦਾ ਹੈ | ਅਮਰੀਕਾ ਦੇ ਕੁਝ ਇਲਾਕਿਆਂ ਦੇ ਚੌਕਾਂ, ਸੜਕਾਂ, ਬਾਜ਼ਾਰਾਂ ਵਿਚ ਇਸ ਨਸ਼ੇ ਦੀ ਵਰਤੋਂ ਕਰਕੇ ਲੋਕ ਬੁੱਤ ਬਣ ਕੇ ਖੜ੍ਹੇ ਦਿਖਾਈ ਦਿੰਦੇ ਹਨ | ਨਸ਼ੇ ਨਾਲ ਧੁੱਤ ਹੋ ਕੇ ਬੁੱਤ ਬਣ ਕੇ ਖੜ੍ਹੇ ਨੌਜਵਾਨ ਲੜਕੇ-ਲੜਕੀਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਵੇਖਣ ਵਾਲਿਆਂ ਨੂੰ  ਦੁਖੀ ਕਰ ਦਿੰਦੀਆਂ ਹਨ | ਮਹਿੰਗੇ ਨਸ਼ਿਆਂ ਦੇ ਮੁਕਾਬਲੇ ਸਸਤਾ ਹੋਣ ਕਰਕੇ ਇਹ ਨਸ਼ਾ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ | 
ਬਚਾਅ ਲਈ ਯਤਨ-ਸਰਕਾਰਾਂ ਨੂੰ  ਹਰ ਤਰ੍ਹਾਂ ਦੇ ਨਸ਼ਿਆਂ ਨੂੰ  ਰੋਕਣ ਲਈ ਢੁਕਵੇਂ ਯਤਨ ਕਰਨ ਦੇ ਨਾਲ ਹੀ ਨਸ਼ਿਆਂ ਨੂੰ  ਰੋਕਣ ਲਈ ਰਵਾਇਤੀ ਢੰਗਾਂ ਦੀ ਬਜਾਏ ਨਵੇਂ ਢੰਗ-ਤਰੀਕੇ ਖੋਜਣ ਦੀ ਲੋੜ ਹੈ, ਕਿਉਂਕਿ  ਮੌਜੂਦਾ ਪ੍ਰਸ਼ਾਸਨਿਕ ਵਿਵਸਥਾ ਨਸ਼ਿਆਂ ਦੇ ਪ੍ਰਕੋਪ ਨੂੰ  ਰੋਕਣ ਲਈ ਨਾ-ਕਾਫ਼ੀ ਹੈ | ਨਸ਼ੇ ਕਰਨ ਵਾਲਿਆਂ ਦਾ ਇਲਾਜ ਕਰਨ ਦੇ ਨਾਲ-ਨਾਲ ਨਸ਼ਿਆਂ ਦੀਆਂ ਸਪਲਾਈ ਲਾਈਨਾਂ ਕੱਟਣ ਲਈ ਵੱਡੇ ਪੱਧਰ 'ਤੇ ਯਤਨ ਕਰਦਿਆਂ ਨਸ਼ਿਆਂ ਦੀ ਰੋਕਥਾਮ ਲਈ ਇਨ੍ਹਾਂ ਦੇ ਸਰੋਤਾਂ ਨੂੰ  ਬੰਦ ਕਰਨ ਲਈ ਢੁਕਵੇਂ ਕਦਮ ਚੁੱਕਣ  ਦੀ ਲੋੜ ਹੈ | ਨਸ਼ੇ ਤੇ ਅਪਰਾਧ ਦਾ ਆਪਸੀ ਗੂੜਾ ਸਬੰਧ ਹੁੰਦਾ ਹੈ, ਜੇਕਰ ਕਿਸੇ ਸਮਾਜ ਵਿਚ ਨਸ਼ਿਆਂ ਦਾ ਪ੍ਰਕੋਪ ਵਧੇਗਾ ਤਾਂ ਯਕੀਨਨ ਅਪਰਾਧ ਵੀ ਵਧਣਗੇ | ਫ਼ਸਲਾਂ ਦੇ ਰੂਪ ਵਿਚ ਪੈਦਾ ਹੋਣ ਵਾਲੇ ਤੇ ਕੁਝ ਹੱਦ ਤੱਕ ਸੁਰੱਖਿਅਤ ਨਸ਼ੇ- ਪੋਸਤ, ਅਫੀਮ ਆਦਿ ਸ਼ਰਾਬ ਦੇ ਨਸ਼ੇ ਤੋਂ ਵੀ ਘੱਟ ਮਾਰੂ ਹਨ, ਸਰਕਾਰਾਂ ਨੂੰ  ਇਨ੍ਹਾਂ ਦੀ ਬਿਜਾਈ ਕਰਾਉਣ ਬਾਰੇ ਵਿਚਾਰ ਕਰਨੀ ਚਾਹੀਦੀ ਹੈ | ਲੋਕਾਂ ਵਿਚ ਵਧ ਰਹੀਆਂ ਮਾਨਸਿਕ ਬਿਮਾਰੀਆਂ ਤੇ ਇਨ੍ਹਾਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਆਸਾਨੀ ਨਾਲ ਮਿਲਣ ਇਸ ਸੰਬੰਧੀ ਵੀ ਸਿਹਤ ਮਾਹਿਰਾਂ ਨੂੰ  ਗੰਭੀਰ ਵਿਚਾਰ ਚਰਚਾ ਕਰਨ ਦੀ ਲੋੜ ਹੈ | ਸਕੂਲਾਂ, ਕਾਲਜਾਂ ਵਿਚ ਨਸ਼ੇੇ ਤੇ ਇਨ੍ਹਾਂ ਨਾਲ ਹੋਣ ਵਾਲੇ ਸਰੀਰਕ ਤੇ ਮਾਨਸਿਕ ਰੋਗਾਂ ਸੰਬੰਧੀ ਬੱਚਿਆਂ ਨੂੰ  ਸੁਚੇਤ ਕਰਨ ਦੀ ਬਹੁਤ ਲੋੜ ਹੈ | ਮਨ ਦੀ ਬੈਚੇਨੀ, ਉਦਾਸੀ ਤੇ ਨਿਰਾਸ਼ਾ ਨੂੰ  ਕਿਸੇ ਨਸ਼ੇ ਨਾਲ ਦੂਰ ਕਰਨ ਦੀ ਬਜਾਏ ਇਸ ਸਥਿਤੀ 'ਚੋਂ ਬਾਹਰ ਨਿਕਲਣ ਬਾਰੇ ਸਾਡੇ ਸਮਾਜ ਨੂੰ  ਵੀ ਸਿੱਖਿਅਤ ਕਰਨ ਦੀ ਲੋੜ ਹੈ |
ਨਸ਼ਾ ਕੋਈ ਵੀ ਹੋਵੇ, ਇਸ ਨੂੰ  ਲੈਣ ਨਾਲ ਸਾਡੀ ਸਰੀਰਕ ਸਿਹਤ, ਮਾਨਸਿਕ ਸਿਹਤ, ਘਰ ਦੀ ਅਰਥ ਵਿਵਸਥਾ, ਸਾਡਾ ਮਾਣ-ਸਨਮਾਨ ਸਭ ਤਬਾਹ ਹੋਣ ਲੱਗਦੇ ਹਨ | ਹੁਣ ਤੱਕ ਨਸ਼ੇ ਲੱਖਾਂ ਨੌਜਵਾਨਾਂ ਤੇ ਅਨੇਕਾਂ ਪ੍ਰਤਿਭਾਵਾਂ ਨੂੰ  ਖ਼ਤਮ ਕਰ ਚੁੱਕੇ ਹਨ, ਲੱਖਾਂ ਘਰ ਨਸ਼ਿਆਂ ਕਾਰਨ ਖ਼ਤਮ ਹੋ ਚੁੱਕੇ ਹਨ | ਹੁਣ ਨਸ਼ਿਆਂ ਤੋਂ ਬਚਾਅ ਤੇ ਮਨੁੱਖ ਦੀ ਮਾਨਸਿਕ ਸਿਹਤ ਨੂੰ  ਤੰਦਰੁਸਤ ਰੱਖਣ ਲਈ ਵੱਡੇ ਪੱਧਰ 'ਤੇ ਯਤਨ ਕੀਤੇ ਜਾਣ ਦੀ ਲੋੜ ਹੈ | ਨਸ਼ਿਆਂ ਦੀ ਰੋਕਥਾਮ ਲਈ ਸਾਡੀਆਂ ਸਰਕਾਰਾਂ ਨੂੰ  ਰਵਾਇਤੀ ਲੀਹਾਂ ਤੋਂ ਹਟ ਕੇ ਸੋਚਣ, ਵਿਚਾਰਨ ਤੇ ਜ਼ਮੀਨੀ ਪੱਧਰ 'ਤੇ ਕੰਮ ਕਰਨ ਦੀ ਲੋੜ ਹੈ | ਭਵਿੱਖ ਵਿਚ ਜਦੋਂ ਏ.ਆਈ. ਦੇ ਚੱਲਦਿਆਂ ਸਾਡੇ ਹੱਥੀਂ ਕੀਤੇ ਜਾਣ ਵਾਲੇ ਕੰਮ ਹੋਰ ਵੀ ਘਟਣ ਨਾਲ ਵਿਹਲ ਹੋਰ ਵੀ ਵਧ ਜਾਵੇਗੀ | ਦੁਨੀਆ ਭਰ 'ਚ ਬੇਰੁਜ਼ਗਾਰੀ ਹਰ ਦਿਨ ਵਧਦੀ ਜਾ ਰਹੀ ਹੈ, ਇਸ ਸਥਿਤੀ ਵਿਚ ਮਨੁੱਖ ਦੇ ਵਿਹਾਰ ਵਿਚ ਪਤਾ ਨਹੀਂ ਕੀ-ਕੀ ਤਬਦੀਲੀਆਂ ਹੋਣਗੀਆਂ? ਮਨੁੱਖ ਵਿਹਲਾ ਅਤੇ ਸਰੀਰਕ ਤੇ ਮਾਨਸਿਕ ਤੌਰ 'ਤੇ ਤੰਦਰੁਸਤ ਕਿਵੇਂ ਰਹੇਗਾ, ਇਸ ਸੰਬੰਧੀ ਦੁਨੀਆ ਭਰ ਦੇ ਸਿਹਤ ਮਾਹਿਰਾਂ ਨੂੰ  ਗੰਭੀਰ ਚਰਚਾ ਛੇੜਨ ਦੀ ਜ਼ਰੂਰਤ ਹੈ?
ਜ਼ੀਰਾ |

ਮੋਬਾਈਲ : 98550-51099 

Ad Position 22
No active advertisement
ਪਿਛਲੀ ਖ਼ਬਰ ਬਾਬਾ ਸ਼ੇਖ ਫ਼ਰੀਦ ਦੀ ਦਰਵੇਸ਼ ਰੂਹ ਅਗਲੀ ਖ਼ਬਰ ਬ੍ਰਿਜ ਭੂਸ਼ਣ ਮਾਮਲੇ ਦੀ ਸੁਣਵਾਈ ਮੁਲਤਵੀ
Ad Position 24