ਸੰਗਮਰਮਰ ਦੀਆਂ ਚਮਕਦੀਆਂ ਫ਼ਰਸ਼ਾਂ, ਉੱਚੀਆਂ ਛੱਤਾਂ ਅਤੇ ਆਲੀਸ਼ਾਨ ਕਮਰੇ ਕਿਸੇ ਘਰ ਨੂੰ ਮਹਿਲ ਤਾਂ ਬਣਾ ਸਕਦੇ ਹਨ, ਪਰ ਉਸ ਵਿਚ ਜ਼ਿੰਦਗੀ ਨਹੀਂ ਭਰ ਸਕਦੇ | ਪਿਛਲੇ ਦਿਨੀਂ ਅਜਿਹੇ ਹੀ ਇਕ ਵਿਸ਼ਾਲ ਘਰ ਦੀ ਦਹਿਲੀਜ਼ ਲੰਘ ਰਿਹਾ ਸੀ | ਬਾਹਰੋਂ ਦੇਖਦਿਆਂ ਲਗਦਾ ਸੀ ਜਿਵੇਂ ਇੱਥੇ ਖੁਸ਼ੀਆਂ ਦਾ ਵਾਸ ਹੋਵੇਗਾ, ਪਰ ਅੰਦਰ ਕਦਮ ਰੱਖਦਿਆਂ ਹੀ ਜੋ ਚੁੱਪ ਛਾਈ ਹੋਈ ਸੀ, ਉਸ ਨੇ ਰੂਹ ਕੰਬਾ ਦਿੱਤੀ | ਵਿਹੜੇ ਵਿਚ ਬਜ਼ੁਰਗ ਬਾਪ ਇਕੱਲਾ ਬੈਠਾ ਸੀ | ਉਸ ਦੇ ਚਿਹਰੇ ਦੀਆਂ ਝੁਰੜੀਆਂ ਵਿਚ ਸਿਰਫ਼ ਉਮਰ ਦਾ ਤਕਾਜ਼ਾ ਨਹੀਂ, ਸਗੋਂ ਤਿੰਨ ਜਵਾਨ ਪੁੱਤਾਂ ਦੀਆਂ ਅਰਥੀਆਂ ਚੁੱਕਣ ਦਾ ਅਸਹਿ ਦਰਦ ਉਕਰਿਆ ਹੋਇਆ ਸੀ | ਇਸ ਬਾਪ ਦੇ ਤਿੰਨ ਪੁੱਤਰ ਸਨ, ਜੋ ਕਦੇ ਇਸ ਘਰ ਦਾ ਹਾਸਾ ਤੇ ਮਾਣ ਸਨ | ਪਰ ਨਸ਼ੇ ਦੀ ਕਾਲੀ ਹਨੇਰੀ ਨੇ ਹੱਸਦੇ-ਵਸਦੇ ਆਲ੍ਹਣੇ ਨੂੰ ਉਜਾੜ ਕੇ ਰੱਖ ਦਿੱਤਾ | ਚਿੱਟੇ ਤੇ ਟੀਕਿਆਂ ਦੇ ਜ਼ਹਿਰ ਨੇ ਇਕ-ਇਕ ਕਰਕੇ ਤਿੰਨਾਂ ਨੂੰ ਮੌਤ ਦੇ ਮੂੰਹ ਵਿਚ ਧੱਕ ਦਿੱਤਾ | ਅੱਜ ਉਹੀ ਬਜ਼ੁਰਗ ਪਿਓ ਇਸ ਵੱਡੇ ਘਰ ਵਿਚ ਬਿਲਕੁਲ ਇਕੱਲਾ ਹੈ | ਜਿਨ੍ਹਾਂ ਹੱਥਾਂ ਨੇ ਉਸ ਦੇ ਬੁਢਾਪੇ ਦਾ ਸਹਾਰਾ ਬਣਨਾ ਸੀ, ਉਨ੍ਹਾਂ ਹੱਥਾਂ ਨੂੰ ਉਹ ਖ਼ੁਦ ਚਿਤਾ ਦੀ ਅਗਨ ਭੇਟ ਕਰ ਚੁੱਕਾ ਹੈ | ਉਸ ਦੀਆਂ ਪੱਥਰ ਬਣ ਚੁੱਕੀਆਂ ਅੱਖਾਂ ਕੰਧਾਂ 'ਤੇ ਲੱਗੀਆਂ ਤਸਵੀਰਾਂ ਨੂੰ ਨਿਹਾਰਦੀਆਂ ਰਹਿੰਦੀਆਂ ਹਨ, ਪਰ ਹੁਣ ਉਨ੍ਹਾਂ ਤਸਵੀਰਾਂ 'ਚੋਂ ਕੋਈ ਆਵਾਜ਼ ਨਹੀਂ ਆਉਂਦੀ | ਇਹ ਕਹਾਣੀ ਸਿਰਫ਼ ਇਕ ਪਰਿਵਾਰ ਦੀ ਨਹੀਂ, ਸਗੋਂ ਸਾਡੇ ਸਮਾਜ ਦੇ ਸੀਨੇ 'ਤੇ ਲੱਗੇ ਡੂੰਘੇ ਜ਼ਖ਼ਮ ਦੀ ਤਸਵੀਰ ਹੈ, ਜੋ ਆਮ ਹੀ ਵੇਖਣ ਨੂੰ ਮਿਲ ਜਾਣਗੀਆਂ |
![]()
ਜਦੋਂ ਵੀ ਕਿਸੇ ਘਰ 'ਚੋਂ ਨਸ਼ੇ ਕਾਰਨ ਕੋਈ ਜਵਾਨੀ ਰੁਖ਼ਸਤ ਹੁੰਦੀ ਹੈ ਤਾਂ ਸਿਰਫ਼ ਇਕ ਇਨਸਾਨ ਨਹੀਂ ਮਰਦਾ, ਸਗੋਂ ਉਸ ਦੇ ਨਾਲ ਮਾਪਿਆਂ ਦੇ ਸੁਪਨੇ, ਉਮੀਦਾਂ ਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਵੀ ਦਫ਼ਨ ਹੋ ਜਾਂਦਾ ਹੈ | ਸਵਾਲ ਇਹ ਉੱਠਦਾ ਹੈ ਕਿ ਆਖ਼ਰ ਇਹ ਸਰਿੰਜਾਂ ਤੇ ਚਿੱਟੇ ਦਾ ਜ਼ਹਿਰ ਸਾਡੇ ਪਿੰਡਾਂ, ਸ਼ਹਿਰਾਂ ਅਤੇ ਘਰਾਂ ਦੀਆਂ ਬਰੂਹਾਂ ਤੱਕ ਕਿਵੇਂ ਪਹੁੰਚ ਰਿਹਾ ਹੈ? ਕੀ ਇਹ ਸਿਰਫ਼ ਇਕ ਪ੍ਰਸ਼ਾਸਨਿਕ ਨਾਕਾਮੀ ਹੈ ਜਾਂ ਫਿਰ ਸਾਡੀ ਸਮਾਜਿਕ ਬੇਰੁਖ਼ੀ ਦਾ ਨਤੀਜਾ ਹੈ? ਸਰਕਾਰਾਂ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸਭ ਤੋਂ ਵੱਡੀ ਬਣਦੀ ਹੈ | ਸਿਰਫ਼ ਕਾਗਜ਼ੀ ਦਾਅਵੇ, ਚੋਣਾਂ ਵੇਲੇ ਕੀਤੇ ਵਾਅਦੇ ਤੇ ਨਸ਼ਾ ਛੁਡਾਊ ਮੁਹਿੰਮਾਂ ਦੇ ਬੈਨਰ ਲਗਾਉਣ ਨਾਲ ਜ਼ਮੀਨੀ ਹਕੀਕਤ ਨਹੀਂ ਬਦਲਦੀ | ਜਦੋਂ ਤੱਕ ਨਸ਼ਾ ਵੇਚਣ ਵਾਲੇ ਵੱਡੇ ਤਸਕਰਾਂ, ਸਰਹੱਦ ਪਾਰੋਂ ਆਉਂਦੀ ਖੇਪ ਨੂੰ ਸੁਰੱਖਿਆ ਦੇਣ ਵਾਲੇ ਤੱਤਾਂ ਤੇ ਕਾਨੂੰਨ ਦੀਆਂ ਕਮਜ਼ੋਰੀਆਂ ਦਾ ਫ਼ਾਇਦਾ ਉਠਾਉਣ ਵਾਲੇ ਮਾਫ਼ੀਆ 'ਤੇ ਸਖ਼ਤੀ ਨਾਲ ਸ਼ਿਕੰਜਾ ਨਹੀਂ ਕੱਸਿਆ ਜਾਂਦਾ, ਉਦੋਂ ਤੱਕ ਇਹ ਅੱਗ ਨਹੀਂ ਬੁਝ ਸਕਦੀ | ਨਸ਼ਾ ਛੁਡਾਊ ਕੇਂਦਰਾਂ ਦੀ ਹਾਲਤ ਸੁਧਾਰਨ, ਇਲਾਜ ਨੂੰ ਆਮ ਲੋਕਾਂ ਤੱਕ ਦੀ ਪਹੁੰਚ ਵਿਚ ਲਿਆਉਣ ਅਤੇ ਨੌਜਵਾਨਾਂ ਨੂੰ ਸਾਰਥਕ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਸਖ਼ਤ ਲੋੜ ਹੈ | ਜੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਇਮਾਨਦਾਰੀ ਨਾਲ ਸਖ਼ਤੀ ਕਰਨ ਤਾਂ ਕੋਈ ਵਜ੍ਹਾ ਨਹੀਂ ਕਿ ਗਲੀਆਂ-ਮੁਹੱਲਿਆਂ ਵਿਚ ਵਿਕਦਾ ਜ਼ਹਿਰ ਬੰਦ ਨਾ ਹੋਵੇ | ਪਰ ਇਸ ਦੇ ਨਾਲ ਹੀ ਇਕ ਸਮਾਜ ਦੇ ਤੌਰ 'ਤੇ ਸਾਨੂੰ ਵੀ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ | ਅਸੀਂ ਅਕਸਰ ਉਦੋਂ ਤੱਕ ਚੁੱਪ ਰਹਿੰਦੇ ਹਾਂ ਜਦੋਂ ਤੱਕ ਅੱਗ ਸਾਡੇ ਆਪਣੇ ਘਰ ਤੱਕ ਨਹੀਂ ਪਹੁੰਚ ਜਾਂਦੀ | ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਦੋਸਤਾਨਾ ਰਿਸ਼ਤਾ ਬਣਾਉਣਾ ਪਵੇਗਾ ਤਾਂ ਜੋ ਉਹ ਕਿਸੇ ਤਣਾਅ, ਮਾੜੀ ਸੰਗਤ ਜਾਂ ਉਲਝਣ ਕਾਰਨ ਗ਼ਲਤ ਰਾਹ ਵੱਲ ਨਾ ਤੁਰ ਪੈਣ |
ਜੇਕਰ ਕਿਸੇ ਬੱਚੇ ਦੇ ਵਿਵਹਾਰ ਵਿਚ ਬਦਲਾਅ ਆਉਂਦਾ ਹੈ ਤਾਂ ਉਸ ਨੂੰ ਛੁਪਾਉਣ ਜਾਂ ਸ਼ਰਮ ਮਹਿਸੂਸ ਕਰਨ ਦੀ ਬਜਾਏ ਸਮੇਂ ਸਿਰ ਮਦਦ ਲੈਣੀ ਚਾਹੀਦੀ ਹੈ | ਗਲੀ-ਮੁਹੱਲੇ ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਕਜੁੱਟ ਹੋ ਕੇ ਆਪਣੇ ਇਲਾਕੇ ਵਿਚ ਨਸ਼ਾ ਵੇਚਣ ਵਾਲਿਆਂ ਦਾ ਡਟ ਕੇ ਸਮਾਜਿਕ ਬਾਈਕਾਟ ਕਰਨਾ ਪਵੇਗਾ | ਜਦੋਂ ਤੱਕ ਲੋਕ ਇਕ ਅਵਾਜ਼ ਬਣ ਕੇ ਖੜ੍ਹੇ ਨਹੀਂ ਹੋਣਗੇ, ਉਦੋਂ ਤੱਕ ਇਹ ਕਾਲਾ ਕਾਰੋਬਾਰ ਜੜ੍ਹੋਂ ਖ਼ਤਮ ਨਹੀਂ ਹੋ ਸਕਦਾ |
ਉਸ ਵਿਸ਼ਾਲ ਅਤੇ ਸੁੰਨੇ ਘਰ ਵਿਚ ਬੈਠੇ ਬੇਸਹਾਰਾ ਬਾਪ ਦੀ ਚੀਕ ਸਾਡੇ ਸਾਰਿਆਂ ਦੇ ਜ਼ਮੀਰ ਨੂੰ ਝੰਜੋੜਦੀ ਹੈ | ਉਹ ਆਲੀਸ਼ਾਨ ਮਹਿਲ ਅੱਜ ਇਕ ਚਿਤਾਵਨੀ ਬਣ ਕੇ ਖੜ੍ਹਾ ਹੈ ਕਿ ਦੌਲਤ, ਜਾਇਦਾਦ ਅਤੇ ਵੱਡੇ ਮਕਾਨ ਕਿਸੇ ਕੰਮ ਦੇ ਨਹੀਂ, ਜੇਕਰ ਉਨ੍ਹਾਂ 'ਚ ਆਪਣੇ ਜਿਉਣ ਵਾਲੇ ਜੀਅ ਹੀ ਨਾ ਰਹਿਣ | ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਆਪਣੀ ਨੀਤੀ ਤੇ ਨੀਅਤ ਦੋਵੇਂ ਸਾਫ਼ ਕਰੇ ਅਤੇ ਸਮਾਜ ਆਪਣੀ ਜ਼ਿੰਮੇਵਾਰੀ ਨੂੰ ਪਛਾਣੇ ਤਾਂ ਜੋ ਕਿਸੇ ਹੋਰ ਬਜ਼ੁਰਗ ਪਿਤਾ ਨੂੰ ਆਪਣੇ ਪੁੱਤਾਂ ਦੀਆਂ ਲਾਸ਼ਾਂ 'ਤੇ ਰੋਣ ਲਈ ਮਜਬੂਰ ਨਾ ਹੋਣਾ ਪਵੇ |
-ਅਟਵਾਲ ਹਾਊਸ ਕਾਲੋਨੀ, ਗੜ੍ਹਾ, ਫਿਲੌਰ |
ਮੋਬਾਈਲ : 99883-32541