ਦੇਸ਼ ਭਰ 'ਚ ਜਨਤਕ ਨਿਰਮਾਣ ਕਾਰਜਾਂ ਦੇ ਕਈ ਪ੍ਰੋਜੈਕਟਾਂ ਦੇ ਢਹਿਣ, ਟੁੱਟਣ ਤੇ ਨੁਕਸਾਨਗ੍ਰਸਤ ਹੋਣ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ | ਇਨ੍ਹਾਂ 'ਚੋਂ ਬਹੁਤੇੇ ਪ੍ਰੋਜੈਕਟਾਂ ਦਾ ਉਦਘਾਟਨ ਖ਼ੁਦ ਪ੍ਰਧਾਨ ਮੰਤਰੀ ਦੁਆਰਾ ਕੀਤਾ ਗਿਆ ਹੈ | ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਬਹੁਚਰਚਿਤ 594 ਕਿਲੋਮੀਟਰ ਲੰਬੇ 36,000 ਕਰੋੜ ਰੁਪਏ ਦੀ ਲਾਗਤ ਨਾਲ ਬਣੇ 6-ਲੇਨ ਗੰਗਾ ਐਕਸਪ੍ਰੈੱਸਵੇਅ (ਮੇਰਠ-ਪ੍ਰਯਾਗਰਾਜ ਸੈਕਸ਼ਨ) 'ਤੇ ਉਨਾਓ ਨੇੜੇ ਭਾਰੀ ਮੌਨਸੂਨ ਬਾਰਿਸ਼ ਤੇ ਮਿੱਟੀ ਦੇ ਖੁਰਨ ਕਾਰਨ 10 ਮੀਟਰ ਡੂੰਘਾ ਟੋਆ ਪੈ ਗਿਆ ਸੀ | ਇਸ ਤੋਂ ਪਹਿਲਾਂ ਇਸ ਮਾਰਗ 'ਤੇ ਅਮਰੋਹਾ ਦੇ ਨੇੜੇ 20 ਮੀਟਰ ਦੀ ਦਰਾੜ ਨੇ ਸੜਕ ਨੂੰ ਵੱਡਾ ਨੁਕਸਾਨ ਪਹੁੰਚਾਇਆ ਸੀ, ਜਦਕਿ ਇਸੇ ਮਾਰਗ 'ਤੇ ਹਾਪੁੜ ਵਿਖੇ ਸੜਕ ਖਰਾਬ ਹੋਣ ਕਰਕੇ ਇਕ ਐਸ.ਯੂ.ਵੀ. ਦੇ ਪਲਟ ਜਾਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਸੀ | ਲਗਭਗ 1.25 ਬਿਲੀਅਨ ਡਾਲਰ ਦੀ ਲਾਗਤ ਵਾਲੇ ਦਿੱਲੀ-ਦੇਹਰਾਦੂਨ ਐਕਸਪ੍ਰੈੱਸਵੇਅ ਦਾ ਉਦਘਾਟਨ ਪ੍ਰਧਾਨ ਮੰਤਰੀ ਮੋਦੀ ਦੁਆਰਾ 14 ਅਪ੍ਰੈਲ ਨੂੰ ਬਹੁਤ ਧੂਮਧਾਮ ਨਾਲ ਕੀਤਾ ਗਿਆ ਸੀ, ਜਿਸ 'ਤੇ 3 ਮਹੀਨਿਆਂ ਦੇ ਅੰਦਰ ਜੁਲਾਈ 'ਚ ਸ਼ਾਮਲੀ ਨੇੜੇ ਦੋ ਵੱਡੇ ਟੋਏ ਪੈ ਗਏੇ | ਦੇਸ਼ ਵਿਚ ਹਾਈਵੇਅ ਨਿਰਮਾਣ ਕਰਵਾਉਣ ਵਾਲੀ ਕੇਂਦਰੀ ਏਜੰਸੀ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐਨ.ਐਚ.ਏ.ਆਈ.) ਨੇ ਦੱਸਿਆ ਕਿ ਸੜਕ ਤੋਂ ਮੀਂਹ ਦੇ ਪਾਣੀ ਨੂੰ ਕੱਢਣ ਲਈ ਲੋੜੀਂਦੀਆਂ ਢਲਾਣਾਂ ਤੇ ਡਰੇਨੇਜ ਚੈਨਲ ਤਿਆਰ ਨਹੀਂ ਸਨ, ਫਿਰ ਵੀ ਪ੍ਰੋਜੈਕਟ ਡਾਇਰੈਕਟਰ, ਅਥਾਰਟੀ ਇੰਜੀਨੀਅਰ ਤੇ ਨਿਰਮਾਣ ਠੇਕੇਦਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਕਈ ਕਰਮਚਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ |

ਬਿਹਾਰ ਵਿਚ ਤਾਂ ਅਕਸਰ ਜਨਤਕ ਉਸਾਰੀਆਂ, ਖਾਸ ਕਰਕੇ ਪੁਲਾਂ ਦੇ ਡਿੱਗਣ ਦੀਆਂ ਬਹੁਤ ਜ਼ਿਆਦਾ ਘਟਨਾਵਾਂ ਵਾਪਰਦੀਆਂ ਰਹੀਆਂ ਹਨ | ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਵਿਚ ਲਾਲਗੰਜ ਨੇੜੇ 10 ਸਤੰਬਰ ਨੂੰ ਨਿਰਮਾਣ ਅਧੀਨ ਇਕ ਚਾਰ-ਮਾਰਗੀ ਪੁਲ ਦਾ ਇਕ ਵੱਡਾ ਕੰਕਰੀਟ ਸਲੈਬ ਲੋਹੇ ਦੇ ਗਾਡਰ ਲਾਂਚਰ ਸਮੇਤ ਡਿੱਗ ਗਿਆ, ਇਸ ਹਾਦਸੇ 'ਚ 8 ਕਾਮੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ | ਇਹ ਪੁਲ ਕੇਂਦਰ ਸਰਕਾਰ ਦੇ ਭਾਰਤਮਾਲਾ ਪ੍ਰੋਜੈਕਟ ਦਾ ਹਿੱਸਾ ਸੀ | ਇਸ ਤੋਂ ਪਹਿਲਾਂ 4 ਮਈ ਨੂੰ ਭਾਗਲਪੁਰ 'ਚ ਗੰਗਾ ਨਦੀ 'ਤੇ ਬਣੇ ਮਹੱਤਵਪੂਰਨ ਵਿਕਰਮਸ਼ਿਲਾ ਪੁਲ ਦਾ ਇਕ ਵੱਡਾ ਸਲੈਬ ਨਦੀ 'ਚ ਡਿੱਗ ਗਿਆ, ਇਕ ਹਫ਼ਤਾ ਪਹਿਲਾਂ ਪੁਲ ਦੇ ਮੁੱਖ ਇੰਜੀਨੀਅਰ ਨੇ ਇਸ ਪੁਲ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਦੱਸਿਆ ਸੀ | ਇਸ ਘਟਨਾ ਤੋਂ ਬਾਅਦ ਭਾਗਲਪੁਰ ਦਾ ਉੱਤਰੀ ਬਿਹਾਰ, ਬੰਗਾਲ ਤੇ ਝਾਰਖੰਡ ਨਾਲ ਸੰਪਰਕ ਕਈ ਦਿਨਾਂ ਤੱਕ ਟੁੱਟ ਗਿਆ ਸੀ | ਇਸ ਤੋਂ ਪਹਿਲਾਂ ਪਿਛਲੇ ਮਾਰਚ ਗੋਪਾਲਗੰਜ ਵਿਚ ਘੋਘਾਰੀ ਨਦੀ 'ਤੇ ਇਕ ਛੋਟਾ ਪੁਲ ਡਿੱਗਣ ਬਾਅਦ ਨਿਰਮਾਣ ਕਾਰਜ ਨਾਲ ਜੁੜੇ 3 ਇੰਜੀਨੀਅਰਾਂ ਨੂੰ ਮੁਅੱਤਲ ਕਰਨ ਤੋਂ ਇਲਾਵਾ ਠੇਕੇਦਾਰ ਨੂੰ ਬਲੈਕਲਿਸਟ ਕਰ ਦਿੱਤਾ ਗਿਆ ਸੀ | ਇਹ ਬਹੁਤ ਹੈਰਾਨੀਜਨਕ ਹੈ ਕਿ ਜਦੋਂ ਭਾਰਤ ਇਕ ਵਿਕਸਿਤ ਰਾਸ਼ਟਰ ਬਣਨ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ ਤਾਂ ਦੇਸ਼ ਭਰ ਵਿਚ ਜਾਰੀ ਨਿਰਮਾਣ ਕਾਰਜਾਂ ਦੇ ਢਹਿ-ਢੇਰੀ ਹੋਣ ਨਾਲ ਕਈ ਹਾਦਸੇ ਵਾਪਰ ਰਹੇ ਹਨ |
ਪਿਛਲੇ ਦੋ ਸਾਲਾਂ ਦੌਰਾਨ ਰਾਸ਼ਟਰੀ ਰਾਜਮਾਰਗ, ਐਕਸਪ੍ਰੈੱਸਵੇਅ, ਹਵਾਈ ਅੱਡੇ, ਫਲਾਈਓਵਰ, ਪੁਲ, ਮੂਰਤੀਆਂ ਤੇ ਕਈ ਜਨਤਕ ਇਮਾਰਤਾਂ ਸਮੇਤ ਦੋ ਦਰਜਨ ਦੇ ਲਗਭਗ ਵੱਡੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਢਹਿ-ਢੇਰੀ ਜਾਂ ਹਾਦਸਾਗ੍ਰਸਤ ਹੋ ਚੁੱਕੇ ਹਨ | ਬਿਹਾਰ 'ਚ 1700 ਕਰੋੜ ਰੁਪਏ ਦੀ ਲਾਗਤ ਨਾਲ ਖਗੜੀਆ ਤੇ ਭਾਗਲਪੁਰ ਵਿਚਕਾਰ ਬਣਾਇਆ ਜਾ ਰਿਹਾ 3 ਕਿਲੋਮੀਟਰ ਲੰਮਾ ਪੁਲ 3 ਵਾਰ ਡਿੱਗ ਚੁੱਕਾ ਹੈ | ਆਈ.ਆਈ.ਆਈ.ਟੀ. ਰੁੜਕੀ ਵਲੋਂ ਇਸ ਪ੍ਰੋਜੈਕਟ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਉਸਾਰੀ ਸਮੱਗਰੀ ਦੀ ਗੁਣਵੱਤਾ ਬਹੁਤ ਹੀ ਘਟੀਆ ਸੀ | ਭਾਰਤ ਦੇ 'ਹਾਈਵੇ ਮੇਕਰ' ਵਜੋਂ ਜਾਣੇ ਜਾਂਦੇ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਹਾਈਵੇ ਨਿਰਮਾਣ 'ਚ ਗਿਰਾਵਟ ਨੂੰ ਲੈ ਕੇ ਚਿੰਤਤ ਦਿਖਾਈ ਦਿੰਦੇ ਹਨ | ਹਾਲ ਹੀ 'ਚ ਦੇਸ਼ ਦੇ ਸਭ ਤੋਂ ਮਹੱਤਵਪੂਰਨ ਪ੍ਰੋਜੈਕਟ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦੇ ਕਈ ਹਿੱਸਿਆਂ 'ਤੇ ਘਟੀਆ ਸੜਕ ਨਿਰਮਾਣ ਦਾ ਪਤਾ ਲੱਗਾ ਹੈ | ਰਾਜਸਥਾਨ ਦੇ ਦੌਸਾ ਤੇ ਸਵਾਈ ਮਾਧੋਪੁਰ 'ਚ ਟੋਏ ਪੈਣ ਬਾਅਦ ਗੁਜਰਾਤ ਦੇ ਅੰਕਲੇਸ਼ਵਰ 'ਚ 8 ਫੁੱਟ ਡੂੰਘਾ ਟੋਆ ਪੈ ਗਿਆ | ਗੁਜਰਾਤ 'ਚ ਸਾਂਚੋਰ-ਸੰਤਾਲਪੁਰ ਹਾਈਵੇਅ 'ਤੇ ਮੀਂਹ ਕਾਰਨ ਤਰੇੜਾਂ ਪੈ ਗਈਆਂ ਹਨ | ਇਸ ਮਾਮਲੇ 'ਚ ਸੜਕ ਠੇਕੇਦਾਰ ਨੂੰ 2.8 ਕਰੋੜ ਦਾ ਜੁਰਮਾਨਾ ਲਗਾਇਆ ਗਿਆ ਹੈ | ਗਡਕਰੀ ਪਹਿਲਾਂ ਹੀ 19 ਨਵੇਂ ਹਾਈਵੇ ਪ੍ਰੋਜੈਕਟਾਂ ਦੇ ਨਿਰਮਾਣ ਵਿਚ ਕਮੀਆਂ ਕਾਰਨ ਐਨ.ਐਚ.ਏ.ਆਈ. ਦੇ 11 ਅਧਿਕਾਰੀਆਂ ਨੂੰ ਬਰਖਾਸਤ ਕਰ ਚੁੱਕੇ ਹਨ |
ਦੇਸ਼ ਭਰ 'ਚ ਹੋਈਆਂ ਇਨ੍ਹਾਂ ਘਟਨਾਵਾਂ ਨੇ ਕਈ ਸਵਾਲ ਖੜ੍ਹੇ ਕੀਤੇ ਹਨ | ਪਹਿਲਾ ਇਹ ਕਿ ਅਜਿਹੇ ਦੇਸ਼ ਦੇ ਵਿਕਸਿਤ ਰਾਸ਼ਟਰ ਦੇ ਦਿ੍ਸ਼ਟੀਕੋਣ ਨੂੰ ਚਕਨਾਚੂਰ ਕਰ ਦਿੰਦੇ ਹਨ, ਦੂਜਾ ਇਹ ਘਰੇਲੂ ਤੇ ਅੰਤਰਰਾਸ਼ਟਰੀ ਪੱਧਰ 'ਤੇ ਸਾਡੇ ਜਨਤਕ ਨਿਰਮਾਣ ਦੀ ਘਟੀਆ ਗੁਣਵੱਤਾ ਨੂੰ ਉਜਾਗਰ ਕਰ ਦਿੰਦੇ ਹਨ | ਇਹ ਘਟਨਾਵਾਂ ਇਸ ਗੱਲ ਦੀਆਂ ਵੀ ਸਪੱਸ਼ਟ ਉਦਾਹਰਣ ਹਨ ਕਿ ਦੇਸ਼ ਦੇ ਜਨਤਕ ਵਿਵਸਥਾ 'ਚ ਭਿ੍ਸ਼ਟਾਚਾਰ ਕਿੰਨਾ ਫੈਲਿਆ ਹੋਇਆ ਹੈ | ਇਹ ਸਾਡੀ ਪ੍ਰਸ਼ਾਸਕੀ ਮਸ਼ੀਨਰੀ ਦੀ 'ਭਿ੍ਸ਼ਟਾਚਾਰ ਪ੍ਰਤੀ ਸਹਿਣਸ਼ੀਲਤਾ ਨਹੀਂ' ਦੀ ਢਿੱਲ ਨੂੰ ਉਜਾਗਰ ਕਰਦੀਆਂ ਹਨ | ਆਰਥਿਕ ਦਿ੍ਸ਼ਟੀ ਤੋਂ ਇਹ 'ਜਨਤਕ ਪੈਸੇ ਦੀਆਂ' ਧੱਜੀਆਂ ਉਡਾਉਣ ਦੀ ਪ੍ਰਤੀਕ ਹਨ | ਚਿੰਤਾਜਨਕ ਗੱਲ ਇਹ ਹੈ ਕਿ ਅਜਿਹੇ ਨਿਰਮਾਣ ਕੁਝ ਲੋਕਾਂ ਦੀ ਲਾਪਰਵਾਹੀ ਤੇ ਲਾਲਚ ਦੀ ਕੀਮਤ 'ਤੇ ਦੇਸ਼ 'ਚ ਕਈ ਹਾਦਸਿਆਂ ਦੀ ਵਜ੍ਹਾ ਬਣਦੇ ਹਨ | ਉਦਾਹਰਣ ਵਜੋਂ ਉੱਤਰ-ਪੂਰਬੀ ਭਾਰਤ 'ਚ ਨਿਰਮਾਣ ਅਧੀਨ ਇਕ ਪਣ-ਬਿਜਲੀ ਪ੍ਰੋਜੈਕਟ ਦੀ ਇਕ ਸੁਰੰਗ ਢਹਿ ਜਾਣ ਨਾਲ 9 ਮਜ਼ਦੂਰ ਮਾਰੇ ਗਏ ਤੇ 15 ਹੋਰ ਗੰਭੀਰ ਜ਼ਖ਼ਮੀ ਹੋ ਗਏ | ਚੰਗੇ ਪ੍ਰਸ਼ਾਸਨ ਲਈ ਜਾਣੇ ਜਾਂਦੇ ਕੇਰਲਾ 'ਚ ਨਿਰਮਾਣ ਅਧੀਨ 26 ਹਾਈਵੇ ਪ੍ਰੋਜੈਕਟਾਂ 'ਚੋਂ 8 ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ | ਮੱਲਾਪੁਰਮ 'ਚ ਐਨ.ਐਚ 66 'ਤੇ 250 ਕਿਲੋਮੀਟਰ ਲੰਬਾ ਐਲੀਵੇਟਿਡ ਕੋਰੀਡੋਰ ਡਿੱਗ ਗਿਆ | ਕੁੱਲ ਮਿਲਾ ਕੇ ਦੇਸ਼ 'ਚ ਬੁਨਿਆਦੀ ਢਾਂਚੇ ਦਾ ਤੇਜ਼ੀ ਨਾਲ ਵਿਸਥਾਰ ਕਰਕੇ ਦੇਸ਼ ਦੇ ਵਿਕਾਸ ਨੂੰ ਤੇਜ਼ ਗਤੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਸਿਸਟਮ ਦਾ ਭਿ੍ਸ਼ਟਾਚਾਰ ਇਸ ਨੂੰ ਸਾਕਾਰ ਨਹੀਂ ਹੋਣ ਦੇ ਰਿਹਾ |
ਸਵਾਲ ਇਹ ਹੈ ਕਿ ਇਨ੍ਹਾਂ ਘਟਨਾਵਾਂ ਲਈ ਘਟੀਆ ਉਸਾਰੀ ਸਮੱਗਰੀ ਤੇ ਕਮਿਸ਼ਨਖੋਰੀ ਜ਼ਿੰਮੇਵਾਰ ਹੋਣ ਦੇ ਨਾਲ-ਨਾਲ ਹੀ ਦੂਜੇ ਪਾਸੇ ਸਰਕਾਰੀ ਅਧਿਕਾਰੀਆਂ, ਸਿਆਸਤਦਾਨਾਂ ਤੇ ਠੇਕੇਦਾਰਾਂ ਵਿਚਕਾਰ ਇਕ ਅਪਵਿੱਤਰ ਗੱਠਜੋੜ ਵੱਲ ਵੀ ਇਸ਼ਾਰਾ ਕਰਦੀਆਂ ਹਨ | ਜਦੋਂ ਤੱਕ ਇਹ ਅਪਵਿੱਤਰ ਗੱਠਜੋੜ ਬੇਨਕਾਬ ਨਹੀਂ ਹੋ ਜਾਂਦਾ, ਜਨਤਕ ਨਿਰਮਾਣ ਪ੍ਰੋਜੈਕਟਾਂ ਦਾ ਢਹਿਣਾ ਬੰਦ ਨਹੀਂ ਹੋਵੇਗਾ ਅਤੇ ਉਸ ਸਮੇਂ ਤੱਕ ਵਿਕਸਿਤ ਭਾਰਤ ਸਿਰਫ਼ ਨਾਅਰਾ ਹੀ ਬਣਿਆ ਰਹੇਗਾ | ਦੱਸਣਯੋਗ ਹੈ ਕਿ ਭਿ੍ਸ਼ਟਾਚਾਰ ਤੋਂ ਇਲਾਵਾ ਮੌਨਸੂਨ ਅਨੁਕੂਲ ਨਿਰਮਾਣ ਡਿਜ਼ਾਈਨ ਦੀ ਘਾਟ, ਪ੍ਰੋਜੈਕਟ ਪ੍ਰਬੰਧਨ ਵਿਚ ਤਕਨੀਕੀ ਖਾਮੀਆਂ ਅਤੇ ਨਿਰਮਾਣ ਲਈ ਸਮਾਂ-ਸੀਮਾਵਾਂ ਅਨੁਸਾਰ ਪੂਰਾ ਕਰਨ ਦਿਖਾਈ ਗਈ ਜਲਦਬਾਜ਼ੀ ਵੀ ਇਨ੍ਹਾਂ ਪ੍ਰੋਜੈਕਟਾਂ ਦੇ ਟੁੱਟਣ 'ਤੇ ਹਾਦਸਿਆਂ ਦੀ ਵਜ੍ਹਾ ਬਣ ਰਹੀ ਹੈ | ਸਥਾਈ ਨਿਰਮਾਣ ਪ੍ਰੋਜੈਕਟਾਂ 'ਚ ਹਰ ਤਰ੍ਹਾਂ ਦੀ ਸੰਵੇਦਨਸ਼ੀਲਤਾ ਵਰਤ ਕੇ ਇਨ੍ਹਾਂ ਨੂੰ ਹਰ ਮੌਸਮ ਦੇ ਅਨੁਕੂਲ ਬਣਾਉਣ ਤੋਂ ਇਲਾਵਾ ਅਜਿਹੇ ਪ੍ਰੋਜੈਕਟਾਂ ਨੂੰ ਪੂਰੀ ਤਰ੍ਹਾਂ ਸਮਰੱਥ, ਇਮਾਨਦਾਰ ਤੇ ਕੁਸ਼ਲ ਨਿਰਮਾਣ ਕੰਪਨੀਆਂ ਨੂੰ ਹੀ ਠੇਕੇ 'ਤੇ ਦੇਣਾ ਚਾਹੀਦਾ ਹੈ | ਜੇਕਰ ਸਾਰੀਆਂ ਨਿਰਮਾਣ ਸਾਈਟਾਂ ਦੀ ਜਾਂਚ ਮੌਨਸੂਨ ਸੀਜ਼ਨ ਦੌਰਾਨ ਪੂਰੀ ਕਰਨ ਤੋਂ ਬਾਅਦ ਇਨ੍ਹਾਂ ਨੂੰ ਪਾਸ ਕੀਤਾ ਜਾਵੇ ਤਾਂ ਇਹ ਸਭ ਤੋਂ ਵਧੀਆ ਹੋਵੇਗਾ |
-(ਲੇਖਕ ਸੀਨੀਅਰ ਆਰਥਿਕ ਪੱਤਰਕਾਰ ਤੇ 'ਇਕਾਨਮੀ ਇੰਡੀਆ' ਮੈਗਜ਼ੀਨ ਦੇ ਸੰਪਾਦਕ ਹਨ |)