08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਅਜੇ ਵੀ ਅਸਪੱਸ਼ਟ ਹੈ ਪੰਜਾਬ ਦੀ ਰਾਜਨੀਤਕ ਸਥਿਤੀ

ਅਜੇ ਵੀ ਅਸਪੱਸ਼ਟ ਹੈ ਪੰਜਾਬ ਦੀ ਰਾਜਨੀਤਕ ਸਥਿਤੀ

Ad Position 21
No active advertisement
ਅਜੀਤ ਡੈਸਕ 09-10-2026

ਸਿਆਸਤ ਹੀ ਕਯਾ ਵੋ ਜੋ ਸਮਝ ਲੇ ਹਰ ਕੋਈ ਜਿਸ ਕੋ,

ਹੈ ਇਲਮ-ਏ-ਛਲ, ਸਿਆਸਤ ਤੋ ਕਿਸੀ ਨੇ ਨਾਮ ਰਖ ਦੀਆ |

ਅਸਲ ਵਿਚ ਅੱਜਕਲ੍ਹ ਹੀ ਨਹੀਂ ਸਦੀਆਂ ਤੋਂ ਹੀ ਛਲ ਤੇ ਧੋਖਾ ਸਿਆਸਤ ਜਾਂ ਰਾਜਨੀਤੀ ਦਾ ਹਿੱਸਾ ਰਹੇ ਹਨ, ਮਹਾਭਾਰਤ ਤੇ ਰਮਾਇਣ ਕਾਲਾਂ ਵਿਚ ਵੀ ਰਾਜਿਆਂ-ਮਹਾਰਾਜਿਆਂ ਦੀਆਂ ਲੜਾਈਆਂ ਤੇ ਗੱਲਬਾਤ ਛਲ ਅਤੇ ਧੋਖੇ ਦੇ ਆਸਰੇ ਚਲਦੀ ਰਹੀ ਹੈ | ਇਸ ਵੇਲੇ ਵੀ ਦੁਨੀਆ ਦੀ ਸਿਆਸਤ ਵਿਚ ਛਲ-ਬਲ ਤੇ ਵਲ ਵਿਸ਼ੇਸ਼ ਅਹਿਮੀਅਤ ਰੱਖਦੇ ਹਨ | ਸਾਡੇ ਸਾਹਮਣੇ ਹੈ ਕਿ ਦੁਨੀਆ ਦੇ ਸਭ ਤੋਂ ਤਾਕਤਵਰ ਮੰਨੇ ਜਾਂਦੇ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਤਾਂ ਸ਼ਰੇਆਮ ਸਵੇਰੇ ਕੁਝ ਕਹਿੰਦੇ ਹਨ ਤੇ ਸ਼ਾਮ ਨੂੰ  ਕੁਝ ਹੋਰ ਹੀ ਹੁਕਮ ਜਾਰੀ ਕਰ ਦਿੰਦੇ ਹਨ | ਇਹੀ ਹਾਲ ਸਾਡੇ ਭਾਰਤ ਦੇਸ਼ ਦੀ ਕੌਮੀ ਰਾਜਧਾਨੀ ਦਾ ਹੈ ਤੇ ਇਹੀ ਹਾਲ ਪੰਜਾਬ ਦੀ ਰਾਜਨੀਤੀ ਦਾ ਵੀ ਹੈ | ਅਜਿਹਾ ਵਕਤ ਵੀ ਆਉਂਦਾ ਰਿਹਾ ਹੈ, ਜਦੋਂ ਸਟੇਟਸਮੈਨ ਲਫ਼ਜ਼ ਨੂੰ  ਰਾਜਨੇਤਾ ਦਾ ਪ੍ਰਾਏਵਾਚੀ ਮੰਨਿਆ ਜਾਂਦਾ ਰਿਹਾ ਹੈ | ਸਟੇਟਸਮੈਨ ਦੀਆਂ ਵਿਸ਼ੇਸ਼ਤਾਵਾਂ ਵਿਚ ਕੂਟਨੀਤੀ ਦੇ ਨਾਲ-ਨਾਲ ਦੂਰ-ਦਰਸ਼ਿਤਾ, ਉੱਚ ਨੈਤਿਕ ਕਦਰਾਂ-ਕੀਮਤਾਂ ਵਾਲਾ ਤੇ ਦਲਗਤ ਰਾਜਨੀਤੀ ਤੋਂ ਉੱਪਰ ਉੱਠਿਆ ਵਿਅਕਤੀ ਹੀ ਸ਼ਾਮਿਲ ਹੋ ਸਕਦਾ ਹੈ | ਕਿਸੇ ਹੱਦ ਤੱਕ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਅਜਿਹੇ ਨੇਤਾ ਸਨ | ਪਰ ਹੁਣ ਦੁਨੀਆ ਵਿਚ ਸਟੇਟਸਮੈਨ ਦੇ ਅਰਥਾਂ ਵਾਲਾ ਰਾਜਨੇਤਾ ਮਿਲਣਾ  ਬਹੁਤ ਮੁਸ਼ਕਿਲ ਜਾਪਦਾ ਹੈ | ਖ਼ੈਰ ਮੈਂ ਗੱਲ ਪੰਜਾਬ ਦੀ ਸਿਆਸਤ ਦੀ ਕਰਨੀ ਚਾਹੁੰਦਾ ਹਾਂ | ਪੰਜਾਬ ਦੀ ਸਿਆਸਤ ਇਸ ਵੇਲੇ ਪੂਰੀ ਤਰ੍ਹਾਂ ਅਸਪੱਸ਼ਟ ਤੇ ਭੰਬਲਭੂਸੇ ਵਿਚ ਪਈ ਨਜ਼ਰ ਆ ਰਹੀ ਹੈ | ਇਸ ਵੇਲੇ ਇਹ ਕਹਿਣਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਫਲਾਣੀ ਪਾਰਟੀ ਜਿੱਤ ਸਕਦੀ ਹੈ, ਲਗਭਗ ਅਸੰਭਵ ਜਿਹਾ ਹੀ ਜਾਪ ਰਿਹਾ ਹੈ | ਬੇਸ਼ੱਕ ਹਾਲ ਦੀ ਘੜੀ ਲੱਖ ਮੁਸ਼ਕਿਲਾਂ ਦੇ ਬਾਵਜੂਦ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਰਮਿਆਨ ਹੀ ਹੁੰਦਾ ਜਾਪਦਾ ਹੈ | ਪਰ ਭਾਜਪਾ ਨੂੰ  ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ | ਅਜੇ ਚੋਣਾਂ ਵਿਚ 5 ਮਹੀਨੇ ਦੇ ਕਰੀਬ ਦਾ ਸਮਾਂ ਬਾਕੀ ਹੈ ਤੇ ਭਾਜਪਾ ਜੋ ਸ਼ਾਮ, ਦਾਮ, ਦੰਡ, ਭੇਦ ਦੀ ਵਰਤੋਂ ਵਿਚ ਸਭ ਤੋਂ ਮਾਹਿਰ ਤੇ ਸਮਰੱਥ ਪਾਰਟੀ ਹੈ, ਉਹ ਅਸਲ ਵਿਚ ਕੀ ਕਰੇਗੀ ਅਜੇ ਕਿਸੇ ਨੂੰ  ਨਹੀਂ ਪਤਾ | ਪਹਿਲਾ ਸਵਾਲ ਤਾਂ ਇਹੀ ਹੈ ਕਿ ਅਕਾਲੀ ਦਲ (ਬਾਦਲ) ਨਾਲ ਸਮਝੌਤਾ ਕਰਦੀ ਹੈ ਜਾਂ ਨਹੀਂ? ਕੀ ਅਕਾਲੀ ਦਲ ਪੁਨਰ ਸੁਰਜੀਤ ਨਾਲ ਉਸ ਦਾ ਸਮਝੌਤਾ ਪੱਕਾ ਹੈ? ਪਰ ਅਕਾਲੀ ਦਲ ਪੁਨਰ ਸੁਰਜੀਤ ਅਜੇ ਵੀ ਪਾਰਟੀ ਵਲੋਂ ਖ਼ਾਸ ਸਥਾਪਿਤ ਨਹੀਂ ਹੋ ਸਕਿਆ | ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸਥਿਤੀ ਵੀ ਅਜੇ ਸਪੱਸ਼ਟ ਨਹੀਂ | ਜਦੋਂ ਕਿ ਕਾਂਗਰਸ ਵਿਚ ਨਵੇਂ ਪ੍ਰਧਾਨ ਪ੍ਰਗਟ ਸਿੰਘ ਦੀ ਨਿਯੁਕਤੀ ਨਾਲ ਫੁੱਟ ਭਾਵੇਂ ਘਟੀ ਹੈ ਪਰ ਅਜੇ ਵੀ ਖ਼ਤਮ ਨਹੀਂ ਹੋਈ, ਇਸ ਦੇ ਨੇਤਾ ਅਜੇ ਵੀ ਇਕ-ਦੂਜੇ 'ਤੇ ਹਾਵੀ ਹੋਣ ਦੇ ਯਤਨਾਂ ਵਿਚ ਹਨ, ਜਦੋਂ ਕਿ ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਪਹਿਲਾਂ ਹੀ ਮੁੱਖ ਮੰਤਰੀ ਬਣਨ ਦੇ ਦਾਅਵੇਦਾਰਾਂ ਦੀ ਵੱਡੀ ਸੂਚੀ ਵਿਚ ਇਕ ਹੋਰ ਦਾ ਵਾਧਾ ਹੋ ਗਿਆ ਹੈ | ਬੇਸ਼ੱਕ ਆਪ ਦੇ ਨੇਤਾਵਾਂ ਖਿਲਾਫ਼ ਸੀ.ਬੀ.ਆਈ. ਵਲੋਂ ਦਰਜ ਕੇਸ ਨਾਲ ਇਕ ਵਾਰ ਤਾਂ 'ਆਪ' ਨੂੰ  ਕਾਫ਼ੀ ਨੁਕਸਾਨ ਹੋਇਆ ਹੈ ਪਰ ਵੇਖਣ ਵਾਲੀ ਗੱਲ ਹੈ ਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ  ਜੇਕਰ ਇਸ ਮਾਮਲੇ ਵਿਚ ਕੋਈ ਕਲੀਨ ਚਿਟ ਮਿਲ ਗਈ ਤਾਂ ਇਹ ਨੁਕਸਾਨ ਉਨ੍ਹਾਂ ਦੇ ਫਾਇਦੇ ਵਿਚ ਵੀ  ਬਦਲ ਸਕਦਾ ਹੈ | ਕੁਝ ਲੋਕ ਇਹ ਸਮਝਦੇ ਹਨਕਿ ਭਾਜਪਾ ਕਾਂਗਰਸ ਨੂੰ  ਖਤਮ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ, ਉਂਝ ਰਾਸ਼ਟਰੀ ਰਾਜਨੀਤੀ ਵਿਚ ਆਮ ਆਦਮੀ ਪਾਰਟੀ ਇੰਡੀਆ ਗੱਠਬੰਧਨ ਤੋਂ ਲਗਭਗ ਬਾਹਰ ਤੇ ਇਕੱਲੀ ਪਾਰਟੀ ਹੀ ਰਹਿ ਗਈ ਹੈ | ਇਸ ਲਈ ਸਮਝਿਆ ਜਾਂਦਾ ਹੈ ਕਿ ਜੇ ਭਾਜਪਾ ਆਪ ਜਿੱਤਣ ਦੀ ਸਥਿਤੀ ਵਿਚ ਨਹੀਂ ਆਉਂਦੀ ਤਾਂ ਉਸ ਲਈ ਕਾਂਗਰਸ ਨਾਲੋਂ 'ਆਪ' ਦਾ ਜਿੱਤਣਾ ਜ਼ਿਆਦਾ ਲਾਹੇਵੰਦ ਹੋਵੇਗਾ | ਪਰ ਕੁਝ ਹੋਰ ਸਿਆਣੇ ਤੇ ਰਾਜਨੀਤੀ ਦੇ ਜਾਣਕਾਰ ਇਹ ਵੀ ਸਮਝਦੇ ਹਨ ਕਿ ਭਾਜਪਾ ਇਸ ਵਾਰ ਅਜਿਹੀਆਂ ਸਥਿਤੀਆਂ ਦਾ ਨਿਰਮਾਣ ਕਰ ਰਹੀ ਹੈ ਕਿ ਪੰਜਾਬ ਵਿਚ ਹੰਗ ਅਸੰਬਲੀ (ਭਾਵ ਕਿਸੇ ਵੀ ਪਾਰਟੀ ਨੂੰ  ਬਹੁਮਤ ਨਾ ਮਿਲੇ) ਬਣੇ | ਇਸ ਤਰ੍ਹਾਂ ਬਾਅਦ ਵਿਚ ਉਹ ਹੋਰ ਪਾਰਟੀਆਂ ਨੂੰ  ਤੋੜ ਕੇ ਭਾਜਪਾ ਦੀ ਅਗਵਾਈ  ਵਾਲੀ ਸਰਕਾਰ ਬਣਾਉਣ ਦੇ ਸਮਰੱਥ ਹੋ ਸਕਦੀ ਹੈ | ਖ਼ੈਰ ਕੁਝ ਵੀ ਹੋਵੇ, ਭਾਵੇਂ ਪੰਜਾਬ ਦੀ ਸਥਿਤੀ ਅਸਪੱਸ਼ਟ ਹੈ ਪਰ ਭਾਜਪਾ, ਕੇਂਦਰ ਸਰਕਾਰ, ਏਜੰਸੀਆਂ ਦਾ ਰੋਲ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਨਤੀਜਿਆਂ ਨੂੰ  ਕਾਫੀ ਹੱਦ ਤੱਕ ਪ੍ਰਭਾਵਿਤ ਕਰੇਗਾ | ਮਿਰਜ਼ਾ ਗਾਲਿਬ ਦੇ ਲਫ਼ਜ਼ਾਂ ਵਿਚ:
ਬਕ ਰਹਾ ਹੂੰ ਜਨੂੰ ਮੇਂ ਕਯਾ ਕਯਾ ਕੁਛ,
ਕੁਛ ਨਾ ਸਮਝੇ ਖ਼ੁਦਾ ਕਰੇ ਕੋਈ |
ਸਮਝ ਤੋਂ ਬਾਹਰ ਦੀ ਗੱਲ

ਕੌਮੀ ਇਨਸਾਫ਼ ਮੋਰਚੇ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਜੋ ਬੰਦੀ ਸਿੰਘਾਂ ਦੀ ਰਿਹਾਈ ਅਤੇ ਪੈਰੋਲ ਆਦਿ ਲੈ ਕੇ ਦੇਣ ਆਦਿ ਦੇ ਕੇਸਾਂ 'ਤੇ ਕੰਮ ਕਰ ਰਹੇ ਹਨ, ਆਪਣੇ ਸਾਥੀ ਨੇਤਾਵਾਂ ਸਮੇਤ 5 ਅਕਤੂਬਰ, 2026 ਨੂੰ  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ  ਮਿਲੇ, ਇਸ ਮਿਲਣੀ ਤੋਂ ਬਾਅਦ ਜੋ ਵੀਡੀਓ ਉਨ੍ਹਾਂ ਨੇ ਜਾਰੀ ਕੀਤੀ ਅਤੇ ਮੇਰੇ ਨਾਲ ਨਿੱਜੀ ਗੱਲਬਾਤ ਵਿਚ, ਜੋ ਉਨ੍ਹਾਂ ਨੇ ਕਿਹਾ, ਉਹ ਸੱਚਮੁੱਚ ਮੇਰੀ ਸਮਝ ਤੋਂ ਬਾਹਰ ਹੈ | ਸ਼ਾਇਦ ਇਸ ਦੇ ਅਰਥ ਪਾਠਕ ਵਧੇਰੇ ਸਪੱਸ਼ਟਤਾ ਨਾਲ ਸਮਝ ਸਕਣ | ਐਡਵੋਕੇਟ ਮੰਝਪੁਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਮੁੱਖ ਮੰਤਰੀ ਮਾਨ ਨਾਲ ਸਿਰਫ਼ ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਜਾਂ ਪੈਰੋਲ ਦੇਣ ਬਾਰੇ ਗੱਲ ਕੀਤੀ, ਜੋ ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਹਨ | ਉਨ੍ਹਾਂ ਨੇ ਮੁੱਖ ਮੰਤਰੀ ਨੂੰ  ਕਿਹਾ ਕਿ ਇਨ੍ਹਾਂ ਬੰਦੀ ਸਿੰਘਾਂ ਨੂੰ  ਪੈਰੋਲ ਦੇਣਾ ਨਿਰੋਲ ਪੰਜਾਬ ਸਰਕਾਰ ਅਤੇ ਪੰਜਾਬ ਦੇ ਪੁਲਿਸ ਅਫਸਰਾਂ ਦੀ ਮਰਜ਼ੀ 'ਤੇ ਨਿਰਭਰ ਹੈ | ਤੁਸੀਂ ਇਸ ਦੇ ਪੂਰੀ ਤਰ੍ਹਾਂ ਸਮਰੱਥ ਹੋ | ਪਰ ਮੰਝਪੁਰ ਅਨੁਸਾਰ ਮੁੁੱਖ ਮੰਤਰੀ ਮਾਨ ਨੇ ਜਵਾਬ ਵਿਚ ਕਿਹਾ ਹੈ ਕਿ ਉਹ ਕਿਸੇ ਵੀ ਸਿੱਖ ਬੰਦੀ ਦੀ ਰਿਹਾਈ ਬਾਰੇ ਜਾਂ ਪੈਰੋਲ ਬਾਰੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕਰਨਗੇ | ਮੰਝਪੁਰ ਦਾ ਕਹਿਣਾ ਹੈ ਕਿ ਜਦੋਂ ਅਸੀਂ ਕਿਹਾ ਕਿ ਇਹ ਤਾਂ ਸਿਰਫ਼ ਸਿਆਸੀ ਬਿਆਨਬਾਜ਼ੀ ਹੈ, ਕਿਉਂਕਿ ਜੇਕਰ ਕਿਸੇ ਬੰਦੀ ਨੂੰ  ਪੈਰੋਲ ਦੇਣ ਦੀ ਸਿਫਾਰਸ਼ ਕੋਈ ਐਸ.ਐਸ.ਪੀ. ਕਰ ਦੇਵੇ ਤਾਂ ਗ੍ਰਹਿ ਮੰਤਰੀ ਸਮੇਤ ਕੋਈ ਵੀ ਉਸ ਨੂੰ  ਰੋਕ ਨਹੀਂ ਸਕਦਾ | ਮੰਝਪੁਰ ਅਨੁਸਾਰ ਇਸ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪੰਜਾਬ ਵਿਚ ਕੇਂਦਰੀ ਗ੍ਰਹਿ ਮੰਤਰੀ ਦੀ ਮਰਜ਼ੀ ਬਿਨਾਂ ਸੀਵਰੇਜ ਦਾ ਢੱਕਣ ਤੱਕ ਨਹੀਂ ਬਦਲ ਸਕਦੇ | ਇਹ ਠੀਕ ਹੈ ਕਿ ਇਸ ਗੱਲ ਦਾ ਬਹੁਤ ਚਰਚਾ ਰਿਹਾ ਹੈ ਕਿ ਮੁੱਖ ਮੰਤਰੀ ਮਾਨ ਤੇ ਗ੍ਰਹਿ ਮੰਤਰੀ ਸ਼ਾਹ ਵਿਚ ਬਹੁਤ ਨੇੜਤਾ ਹੈ | ਪਰ ਇਹ ਗੱਲ ਜੋ ਕਿ ਜ਼ਿੰਮੇਵਾਰ ਵਕੀਲ ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਕਹਿ ਰਿਹਾ ਹੈ, ਉਸ ਦੇ ਅਰਥ ਸੱਚਮੁੱਚ ਹੀ ਮੇਰੀ ਸਮਝ ਤੋਂ ਬਾਹਰ ਹਨ:
ਕੁਛ ਭੀ ਸਮਝ ਆਤਾ ਨਹੀਂ ਕਿ ਹੈ ਕਯਾ ਮਤਲਬ ਇਸ ਕਾ,
ਰੌਸ਼ਨੀ ਮੇਂ ਦਿਨ ਕੀ, ਸਿਤਾਰੇ ਭੀ ਨਜ਼ਰ ਆਏਾ ਕਯੰੂ?
(ਲਾਲ ਫਿਰੋਜ਼ਪੁਰੀ)
ਰਾਹੁਲ ਤੇ ਪਿ੍ਅੰਕਾ ਦੇ ਰਾਖੇ ਸੰਸਦ ਮੈਂਬਰ

ਹਾਲਾਂਕਿ ਕਾਂਗਰਸ ਦੇ ਮੁੱਖ ਨੇਤਾਵਾਂ ਰਾਹੁਲ ਗਾਂਧੀ ਤੇ ਉਨ੍ਹਾਂ ਦੀ ਭੈਣ ਪਿ੍ਅੰਕਾ ਗਾਂਧੀ ਕੋਲ ਵੱਡੀਆਂ ਸੁਰੱਖਿਆ ਛਤਰੀਆਂ ਹਨ ਤੇ ਬੁਹਤ ਵੱਡੀ ਗਿਣਤੀ ਵਿਚ ਸੁਰੱਖਿਆ ਕਰਮਚਾਰੀ, ਉਨ੍ਹਾਂ ਦੇ ਆਸ-ਪਾਸ ਹੁੰਦੇ ਹਨ | ਪਰ ਅੱਜਕਲ੍ਹ ਜਦੋਂ ਰਾਹੁਲ ਤੇ ਪਿ੍ਅੰਕਾ ਗਾਂਧੀ ਰੋਸ ਵਿਖਾਵੇ ਕਰ ਰਹੇ ਹਨ ਤਾਂ ਇਹ ਗੱਲ ਬਹੁਤ ਚਰਚਾ ਵਿਚ ਹੈ ਕਿ ਤਿੰਨ ਪਾਰਲੀਮੈਂਟ ਮੈਂਬਰ ਜਿਨ੍ਹਾਂ ਵਿਚੋਂ ਦੋ ਪੰਜਾਬ ਤੋਂ ਅਤੇ ਇਕ ਹਰਿਆਣੇ ਤੋਂ ਹੈ, ਸੁਰੱਖਿਆ ਬਲਾਂ ਤੋਂ ਵੀ ਵੱਧ ਅੱਗੇ ਹੋ ਕੇ ਉਨ੍ਹਾਂ ਦਾ ਧਿਆਨ ਰੱਖ ਰਹੇ ਹਨ | ਇਨ੍ਹਾਂ ਦਿਨਾਂ ਵਿਚ ਪੰਜਾਬ ਕਾਂਗਰਸ ਦੇ ਸਾਬਕ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹਰਿਆਣਾ ਦੇ ਦਪਿੰਦਰ ਸਿੰਘ ਹੁੁਡਾ ਕਾਂਗਰਸ ਦੇ ਹਰ ਵਿਖਾਵੇ ਵਿਚ ਪਿ੍ਅੰਕਾ ਗਾਂਧੀ ਦੇ ਆਸ-ਪਾਸ ਨਜ਼ਰ ਆਉਂਦੇ ਹਨ, ਜਦੋਂਕਿ ਐਮ.ਪੀ. ਗੁਰਜੀਤ ਸਿੰਘ ਔਜਲਾ ਰਾਹੁਲ ਗਾਂਧੀ ਦੇ ਨਾਲ ਸਰਗਰਮ ਦਿਖਾਈ ਦਿੰਦੇ ਹਨ | ਸ਼ਾਇਦ ਇਹ ਵੀ ਇਕ ਕਾਰਨ ਹੈ ਕਿ ਇਹ ਚਰਚਾ ਬਹੁਤ ਜ਼ੋਰਾਂ 'ਤੇ ਹੈ ਕਿ ਜਲਦੀ ਹੀ ਰਾਜਾ ਵੜਿੰਗ ਨੂੰ  ਕਾਂਗਰਸ ਹਾਈਕਮਾਨ ਕਿਸੇ ਵੱਡੇ ਅਹੁਦੇ ਨਾਲ ਨਿਵਾਜ ਸਕਦੀ ਹੈ |
ਦਿੱਲੀ ਗੁਰਦੁਆਰਾ ਚੋਣਾਂ
ਹਾਲਾਂਕਿ ਅਜੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦਾ ਐਲਾਨ ਨਹੀਂ ਹੋਇਆ, ਪਰ ਇਸ ਲਈ ਤਿਆਰੀਆਂ ਹੋ ਰਹੀਆਂ ਹਨ ਤੇ ਵੋਟਾਂ ਬਣ ਰਹੀਆਂ ਹਨ | ਇਹ ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਮੁੱਖ ਮੁਕਾਬਲਾ ਇਸ ਵੇਲੇ ਇਸ ਵਿਚ ਕਮੇਟੀ 'ਤੇ ਕਾਬਜ਼ ਭਾਜਪਾ ਸਮੱਰਥਕ ਕਾਲਕਾ ਧੜਾ ਜੋ ਅਸਲ ਵਿਚ ਭਾਜਪਾ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਦਾ ਧੜਾ ਮੰਨਿਆ ਜਾਂਦਾ ਹੈ ਅਤੇ ਅਕਾਲੀ ਦਲ ਬਾਦਲ ਜਿਸ ਵਿਚ ਅੱਜਕਲ੍ਹ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ.ਕੇ. ਦੇ ਧੜੇ ਵੀ ਸ਼ਾਮਿਲ ਹਨ, ਦਰਮਿਆਨ ਹੀ ਹੋਵੇਗਾ | ਭਾਵੇਂ ਪਿਛਲੀ ਵਾਰ ਦੀਆਂ ਚੋਣਾਂ ਵਿਚ ਆਪ ਸਮੱਰਥਕ ਗੁੱਟ ਵੀ ਇਨ੍ਹਾਂ ਚੋਣਾਂ ਵਿਚ ਕਾਫੀ ਸਰਗਰਮ ਸਨ ਪਰ ਇਸ ਵਾਰ ਅਜੇ ਤੱਕ ਉਨ੍ਹਾਂ ਦੀ ਕੋਈ ਸਰਗਰਮੀ ਨਜ਼ਰ ਨਹੀਂ ਆ ਰਹੀ | ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਸਰਗਰਮ ਹਨ ਪਰ ਉਹ ਕਿਸ ਧੜੇ ਨਾਲ ਜਾਣਗੇ ਅਜੇ ਸਪੱਸ਼ਟ ਨਹੀਂ ਹੈ | ਜਦੋਂਕਿ ਭਾਈ ਬਲਦੇਵ ਸਿੰਘ ਰਾਗੀ ਦਾ ਸਦਭਾਵਨਾ ਦਲ ਵੀ ਅਜੇ ਇਸ ਵਾਰ ਦਿੱਲੀ ਵਿਚ ਬਹੁਤਾ ਸਰਗਰਮ ਦਿਖਾਈ ਨਹੀਂ ਦਿੱਤਾ | ਪਰ ਬਾਦਲ ਅਕਾਲੀ ਦਲ ਅਤੇ ਕਾਲਕਾ ਧੜੇ ਵਿਚ ਸਿੱਧਾ ਮੁਕਾਬਲਾ ਹੁੰਦਾ ਹੈ ਜਾਂ ਫਿਰ ਕੋਈ ਸਮਝੌਤਾ, ਇਸ ਦਾ ਫ਼ੈਸਲਾ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਅਤੇ ਭਾਜਪਾ ਦੇ ਸਮਝੌਤੇ ਦੇ ਅਸਾਰਾਂ 'ਤੇ ਵੀ ਨਿਰਭਰ ਕਰੇਗਾ ਅਤੇ ਇਸ ਗੱਲ 'ਤੇ ਵੀ ਨਿਰਭਰ ਕਰੇਗਾ ਕਿ ਦਿੱਲੀ ਗੁਰਦੁਆਰਾ ਚੋਣਾਂ ਪੰਜਾਬ ਵਿਧਾਨ ਸਭਾ ਤੋਂ ਪਹਿਲਾਂ ਹੁੰਦੀਆਂ ਹਨ ਜਾਂ ਬਾਅਦ ਵਿਚ |
ਇਸ ਵੇਲੇ ਦਿੱਲੀ ਅਤੇ ਸੰਸਾਰ ਭਰ ਦੇ ਸਿੱਖਾਂ ਲਈ ਸੋਚਣ ਦੀ ਇਕ ਗੱਲ ਇਹ ਹੈ ਕਿ ਸਾਲ 2021 ਵਿਚ ਜਦੋਂ ਪਿਛਲੀਆਂ ਦਿੱਲੀ ਗੁਰਦੁਆਰਾ ਚੋਣਾਂ ਹੋਈਆਂ ਸਨ, ਉਸ ਵੇਲੇ ਦਿੱਲੀ ਗੁਰਦੁਆਰਾ ਕਮੇਟੀ ਦੇ ਕੁੱਲ 3 ਲੱਖ 42 ਹਜ਼ਾਰ ਵੋਟਰ ਸਨ ਪਰ ਇਸ ਵਾਰ ਹੁਣ ਤੱਕ ਕਾਫੀ ਜ਼ੋਰ ਲਾ ਕੇ ਅਗਸਤ 2026 ਤੱਕ ਵੋਟਾਂ ਇਕ ਲੱਖ 59 ਹਜ਼ਾਰ ਹੀ ਬਣੀਆਂ ਸਨ | ਇਸ ਗੱਲ ਦਾ ਕਾਫੀ ਚਰਚਾ ਹੋਇਆ ਹੈ ਕਿ ਵੋਟਾਂ ਬਣਾਉਣ ਲਈ ਕਾਫੀ ਜ਼ੋਰ ਵੀ ਲੱਗਾ ਪਰ ਫਿਰ ਵੀ 14 ਸਤੰਬਰ, 2026 ਤੱਕ ਕੁੱਲ ਵੋਟਾਂ 1 ਲੱਖ 89 ਹਜ਼ਾਰ ਹੀ ਕਿਉਂ ਬਣ ਸਕੀਆਂ ਸਨ? ਇਹ ਪਿਛਲੀ ਵਾਰ ਨਾਲੋਂ 45 ਫ਼ੀਸਦੀ ਦੇ ਕਰੀਬ ਅਤੇ ਡੇਢ ਲੱਖ ਦੇ ਕਰੀਬ ਘੱਟ ਹਨ | ਬੇਸ਼ੱਕ ਅਜੇ ਅੰਤਿਮ ਵੋਟਰ ਸੂਚੀਆਂ ਨਹੀਂ ਛਪੀਆਂ ਪਰ ਦਿੱਲੀ ਦੇ 46 ਹਲਕਿਆਂ ਵਿਚ ਇੰਨੀ ਵੱਡੀ ਗਿਣਤੀ ਵਿਚ ਸਿੱਖ ਵੋਟਾਂ ਦਾ ਘਟਣਾ ਹੈਰਾਨੀ ਦੀ ਹੀ ਗੱਲ ਨਹੀਂ ਫਿਕਰ ਦੀ ਵੀ ਗੱਲ ਹੈ ਕਿ ਅਜਿਹੇ ਕਿਹੜੇ ਹਾਲਾਤ ਹਨ ਕਿ ਇੰਨੀ ਵੱਡੀ ਗਿਣਤੀ ਵਿਚ ਗੁਰਦੁਆਰਾ ਪ੍ਰਬੰਧ ਵਿਚੋਂ ਸਿੱਖਾਂ ਦੀ ਦਿਲਚਸਪੀ ਘਟੀ ਹੈ ਜਾਂ ਦਿੱਲੀ ਵਿਚ ਸਿੱਖਾਂ ਦੀ ਗਿਣਤੀ ਹੀ ਏਨੀ ਤੇਜ਼ੀ ਨਾਲ ਘਟ ਰਹੀ ਹੈ, ਜੇ ਅਜਿਹਾ ਹੈ ਤਾਂ ਕਿਉਂ? 
ਹਰ ਸੋਚ ਮੇਂ ਸੰਗੀਨ ਫ਼ਜ਼ਾਓਾ ਕਾ ਫਸਾਨਾ,
ਹਰ ਫਿਕਰ ਮੇਂ ਸ਼ਾਮਿਲ ਹੂਆ ਤਹਿਰੀਰ ਕਾ ਮਾਤਮ |
(ਕਰਾਮਾਤ ਬੁਖ਼ਾਰੀ)
(ਸੰਗੀਨ ਫ਼ਜ਼ਾਓ-ਭਾਰੀ ਮੌਸਮ, ਤਹਿਰੀਰ ਕਾ ਮਾਤਮ-ਲਿਖ਼ਤ ਦਾ ਸੋਗ)

-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
E. mail : hslall@ymail.com

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਦੀਆਂ ਮੁਸ਼ਕਿਲਾਂ ਵਿਚ ਵਾਧਾ ਅਗਲੀ ਖ਼ਬਰ ਬਹੁਪੱਖੀ ਅਦਾਕਾਰ ਸਨ ਨਾਨਾ ਪਾਟੇਕਰ
Ad Position 24