ਕਾਂਗਰਸ ਦੇ ਜਨਰਲ ਸਕੱਤਰ ਜੋ ਕਿ ਪੰਜਾਬ ਦੇ ਇੰਚਾਰਜ ਵੀ ਹਨ, ਵਲੋਂ ਚਾਹੇ ਦੇਰ ਨਾਲ ਹੀ ਸਹੀ ਸੂਬੇ ਵਿਚ ਆਪਣੀ ਸਰਗਰਮੀ ਵਧਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ | 16 ਅਕਤੂਬਰ ਤੋਂ 20 ਅਕਤੂਬਰ ਤੱਕ ਆਪਣੇ ਇਸ ਦੌਰੇ ਵਿਚ ਉਹ ਸੂਬੇ ਵਿਚ ਅਮਨ-ਕਾਨੂੰਨ ਦੀ ਵਿਗੜਦੀ ਸਥਿਤੀ ਨੂੰ ਮੁੱਖ ਤੌਰ 'ਤੇ ਉਭਾਰਨ ਲਈ ਉਨ੍ਹਾਂ ਪਰਿਵਾਰਾਂ ਨਾਲ ਵੀ ਮੁਲਾਕਾਤ ਕਰ ਰਹੇ ਹਨ, ਜੋ ਗੈਂਗਸਟਰਵਾਦ ਦਾ ਨਿਸ਼ਾਨਾ ਬਣੇ ਰਹੇ ਹਨ | ਉਨ੍ਹਾਂ ਨੇ ਅਕਸਰ ਇਹ ਵੀ ਕਿਹਾ ਹੈ ਕਿ ਗੈਂਗਸਟਰਾਂ ਅਤੇ ਨਸ਼ਿਆਂ ਦੇ ਵਪਾਰੀਆਂ ਦਾ ਆਪਸੀ ਗੂੜ੍ਹਾ ਰਿਸ਼ਤਾ ਹੈ | ਬਿਨਾਂ ਸ਼ੱਕ ਇਨ੍ਹਾਂ ਦੋਹਾਂ ਗੰਭੀਰ ਸਮੱਸਿਆਵਾਂ ਨੇ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਸਾਹਮਣੇ ਵੱਡੀਆਂ ਚੁਣੌਤੀਆਂ ਖੜ੍ਹੀਆਂ ਕਰੀ ਰੱਖੀਆਂ ਹਨ | ਸਚਿਨ ਪਾਇਲਟ ਵੀ ਵਾਰ-ਵਾਰ ਆਪਣੇ ਬਿਆਨਾਂ ਵਿਚ ਇਨ੍ਹਾਂ ਦਾ ਜ਼ਿਕਰ ਕਰਦੇ ਹਨ ਅਤੇ ਸੂਬੇ ਦੀ ਮੌਜੂਦਾ ਸਰਕਾਰ ਨੂੰ ਇਸ ਲਈ ਦੋਸ਼ੀ ਠਹਿਰਾਉਂਦੇ ਹਨ | ਬਿਨਾਂ ਸ਼ੱਕ ਸਰਕਾਰਾਂ ਵਲੋਂ ਲਗਾਤਾਰ ਵੱਡੇ ਯਤਨਾਂ ਦੇ ਬਾਵਜੂਦ ਵੀ ਇਨ੍ਹਾਂ ਸਮੱਸਿਆਵਾਂ ਨੂੰ ਕਾਬੂ ਵਿਚ ਨਹੀਂ ਲਿਆਂਦਾ ਜਾ ਸਕਿਆ |
ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਆਗੂਆਂ ਨੇ ਪਿਛਲੀਆਂ ਚੋਣਾਂ ਤੋਂ ਪਹਿਲਾਂ ਇਹ ਐਲਾਨ ਕੀਤੇ ਸਨ ਕਿ ਉਹ ਕੁਝ ਮਹੀਨਿਆਂ ਵਿਚ ਹੀ ਨਸ਼ਿਆਂ ਦੀ ਬਿਮਾਰੀ ਤੋਂ ਲੋਕਾਂ ਨੂੰ ਨਿਜਾਤ ਦਿਵਾ ਦੇਣਗੇ, ਪਰ ਅਜਿਹਾ ਹੋਇਆ ਦਿਖਾਈ ਨਹੀਂ ਦਿੱਤਾ, ਨਾਲ ਹੀ ਇਸ ਗੱਲ ਨੂੰ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਕਿ ਇਹ ਵਰਤਾਰਾ ਪਿਛਲੇ ਲੰਮੇ ਸਮੇਂ ਤੋਂ ਚਾਲੂ ਹੈ | ਪਿਛਲੀਆਂ ਸਰਕਾਰਾਂ ਨੇ ਵੀ ਇਸ ਨੂੰ ਕਾਬੂ ਕਰਨ ਲਈ ਵੱਡੇ ਅਤੇ ਕਰੜੇ ਪ੍ਰਬੰਧ ਕੀਤੇ ਸਨ | ਤਿੰਨ ਵਾਰ ਅਕਾਲੀ-ਭਾਜਪਾ ਸਰਕਾਰਾਂ ਅਤੇ ਦੋ ਵਾਰ ਕਾਂਗਰਸ ਦੀਆਂ ਸਰਕਾਰਾਂ ਨੇ ਵੀ ਇਸ ਖ਼ਤਰਨਾਕ ਬਿਮਾਰੀ ਦੇ ਖ਼ਾਤਮੇ ਲਈ ਸਮੇਂ ਤੱਕ ਵੀ ਤੈਅ ਕੀਤੇ ਸਨ | ਕੈਪਟਨ ਅਮਰਿੰਦਰ ਸਿੰਘ ਨੇ ਤਾਂ ਹੱਥ ਵਿਚ ਗੁਟਕਾ ਸਾਹਿਬ ਫੜ ਕੇ ਭਰੀ ਸਭਾ ਵਿਚ ਇਹ ਵਾਅਦਾ ਕੀਤਾ ਸੀ ਕਿ ਉਹ ਹਕੂਮਤ ਸੰਭਾਲਦਿਆਂ ਹੀ ਕੱਝ ਮਹੀਨਿਆਂ ਵਿਚ ਇਸ ਵਬਾ ਨੂੰ ਖ਼ਤਮ ਕਰ ਦੇਣਗੇ ਪਰ ਉਹ ਇਸ ਵਿਚ ਸਫ਼ਲ ਨਹੀਂ ਸਨ ਹੋਏ | ਇਸ ਲਈ ਵਿਰੋਧੀ ਧਿਰਾਂ ਵਿਚ ਬੈਠੇ ਇਨ੍ਹਾਂ ਸਿਆਸਤਦਾਨਾਂ ਨੂੰ ਇਸ ਮਸਲੇ 'ਤੇ ਨੈਤਿਕ ਤੌਰ 'ਤੇ ਇਸ ਲਈ ਉਂਗਲਾਂ ਨਹੀਂ ਉਠਾਉਣੀਆਂ ਚਾਹੀਦੀਆਂ, ਕਿਉਂਕਿ ਉਹ ਆਪ ਵੀ ਇਸ ਸੰਬੰਧੀ ਕਟਹਿਰੇ ਵਿਚ ਖੜ੍ਹੇ ਦਿਖਾਈ ਦਿੰਦੇ ਹਨ | ਦੂਸਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਵੀ ਪਿਛਲੇ ਲੰਮੇ ਸਮੇਂ ਤੋਂ ਚੋਣਾਂ ਦੀਆਂ ਤਿਆਰੀਆਂ ਕਰ ਰਹੀਆਂ ਹਨ ਅਤੇ ਉਹ ਆਪੋ-ਆਪਣੀ ਨੀਤੀ ਵੀ ਘੜ ਰਹੀਆਂ ਹਨ | ਇਨ੍ਹਾਂ ਪਾਰਟੀਆਂ ਦੇ ਢਾਂਚੇ ਵਿਚ ਵੱਡੀਆਂ ਦਰਾਰਾਂ ਪਈਆਂ ਵੀ ਦਿਖਾਈ ਦੇ ਰਹੀਆਂ ਹਨ | ਪਰ ਪਿਛਲੇ ਮਹੀਨਿਆਂ ਵਿਚ ਜਿਸ ਤਰ੍ਹਾਂ ਸੂਬਾ ਕਾਂਗਰਸ ਪਾਰਟੀ ਦੀ ਫੁੱਟ ਸਾਹਮਣੇ ਆਈ ਅਤੇ ਇਸ ਦੇ ਆਗੂਆਂ ਦਾ ਜਿਸ ਤਰ੍ਹਾਂ ਆਪਸ ਵਿਚ ਹੀ ਤਕਰਾਰ ਬਣਿਆ ਰਿਹਾ, ਉਸ ਨੇ ਇਸ ਪਾਰਟੀ ਦੀ ਹੁਣ ਤੱਕ ਦੀ ਚੋਣ ਸਰਗਰਮੀ ਨੂੰ ਬੇਹੱਦ ਧੀਮੀ ਕਰੀ ਰੱਖਿਆ ਹੈ | ਹਾਲੇ ਤੱਕ ਵੀ ਪਾਰਟੀ ਦੀ ਉੱਪਰਲੀ ਕੇਂਦਰੀ ਲੀਡਰਸ਼ਿਪ ਕੌਮੀ ਅਤੇ ਕੌਮਾਂਤਰੀ ਮਸਲਿਆਂ 'ਤੇ ਇਸ ਕਦਰ ਉਲਝੀ ਦਿਖਾਈ ਦਿੰਦੀ ਹੈ ਕਿ ਉਸ ਕੋਲ ਪੰਜਾਬ ਦੀ ਸਾਰ ਲੈਣ ਦੀ ਵਿਹਲ ਹੀ ਨਹੀਂ ਹੈ | ਦੂਜੇ ਪਾਸੇ ਪਾਰਟੀ ਅੰਦਰਲੀ ਧੜੇਬੰਦੀ ਕਰਕੇ ਉਸ ਨੂੰ ਇੱਥੋਂ ਦੇ ਇੰਚਾਰਜਾਂ ਨੂੰ ਵੀ ਬਦਲਣਾ ਪਿਆ ਹੈ |
ਸਚਿਨ ਪਾਇਲਟ ਇਕ ਸੁਲਝੇ ਹੋਏ ਨੌਜਵਾਨ ਸਿਆਸਤਦਾਨ ਹਨ, ਜਿਨ੍ਹਾਂ 'ਤੇ ਪਾਰਟੀ ਨੇ ਹੁਣ ਟੇਕ ਰੱਖੀ ਹੈ | ਉਹ ਰਾਜਸਥਾਨ ਦੀ ਸਰਕਾਰ ਵਿਚ ਉਪ ਮੁੱਖ ਮੰਤਰੀ ਵੀ ਰਹੇ ਹਨ | ਦਿੱਲੀ ਵਿਚ ਕਾਂਗਰਸ ਦੀਆਂ ਸਰਕਾਰਾਂ ਸਮੇਂ ਉਨ੍ਹਾਂ ਦੇ ਪਿਤਾ ਰਾਜੇਸ਼ ਪਾਇਲਟ ਅਤੇ ਉਨ੍ਹਾਂ ਦਾ ਆਪਣਾ ਵੀ ਬੋਲਬਾਲਾ ਰਿਹਾ ਹੈ ਪਰ ਆਪਣੇ ਸੂਬੇ ਰਾਜਸਥਾਨ ਦੀ ਸਿਆਸਤ ਵਿਚ ਉਹ ਲੰਮੇ ਸਮੇਂ ਤੱਕ ਆਪਣੀ ਪਾਰਟੀ ਵਿਚ ਉੱਠੇ ਮਤਭੇਦਾਂ ਵਿਚ ਵੀ ਉਲਝੇ ਰਹੇ ਹਨ, ਜਿਨ੍ਹਾਂ ਦਾ ਉਸ ਸਮੇਂ ਕੋਈ ਸੰਤੁਸ਼ਟੀਜਨਕ ਹੱਲ ਨਹੀਂ ਸੀ ਕੱਢਿਆ ਗਿਆ | ਹੁਣ ਇਹ ਸੋਚਣ ਵਾਲੀ ਗੱਲ ਹੋਵੇਗੀ ਕਿ ਉਹ ਪੰਜਾਬ ਦੇ ਕਾਂਗਰਸੀਆਂ ਨੂੰ ਆਉਂਦੀਆਂ ਚੋਣਾਂ ਲਈ ਇਕਜੁੱਟ ਕਰਨ ਵਿਚ ਕਿੰਨੇ ਕੁ ਕਾਮਯਾਬ ਹੋ ਸਕਣਗੇ |
-ਬਰਜਿੰਦਰ ਸਿੰਘ ਹਮਦਰਦ