ਫ਼ਿਲਮੀ ਅਤੇ ਰੰਗਮੰਚ ਦੀ ਦੁਨੀਆ ਵਿਚ ਕੁੱਕੂ ਦੀਵਾਨ ਕਿਸੇ ਵੀ ਜਾਣ ਪਹਿਚਾਣ ਦਾ ਮੁਹਤਾਜ ਨਹੀ, ਉਸ ਦੀ ਅਦਾਕਾਰੀ ਅੱਜ ਫ਼ਿਲਮਾਂ, ਰੰਗਮੰਚ, ਵੱਖ-ਵੱਖ ਚੈਨਲਾਂ ਉੱਤੇ ਚਲਦੇ ਲੜੀਵਾਰ ਸੀਰੀਅਲਾਂ (ਨਾਟਕਾਂ), ਵੈੱਬ ਸੀਰੀਜ਼ ਅਤੇ ਗੀਤਾਂ ਦੀਆਂ ਵੀਡੀਓਜ਼ ਰਾਹੀਂ ਭਾਰਤ, ਪਾਕਿਸਤਾਨ, ਬੰਗਲਾਦੇਸ਼, ਗੱਲ ਕੀ ਸਾਰੇ ਦੱਖਣੀ ਏਸ਼ੀਆ ਖਿੱਤੇ ਨਾਲ ਸੰਬੰਧਿਤ ਵੱਖ-ਵੱਖ ਮੁਲਕਾਂ ਵਿਚ ਵਸਦੇ ਲੋਕਾਂ ਤੱਕ ਪਹੁੰਚ ਚੁੱਕੀ ਹੈ ਅਤੇ ਉਸ ਦੁਆਰਾ ਵੱਖ-ਵੱਖ ਫ਼ਿਲਮਾਂ, ਨਾਟਕਾਂ, ਵੈੱਬ ਸੀਰੀਜ਼, ਗੀਤਾਂ ਦੀਆਂ ਵੀਡੀਓਜ਼ ਆਦਿ ਵਿਚ ਨਿਭਾਏ ਵੱਖ-ਵੱਖ ਕਿਰਦਾਰਾਂ ਤੋਂ ਲੋਕ ਭਲੀ ਭਾਂਤ ਜਾਣੂ ਹਨ। ਪੰਜਾਬ ਦੇ ਜ਼ਿਲ੍ਹਾ ਰੋਪੜ ਦੀ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਦੇ ਕਸਬੇ ਨੂਰਪੁਰ ਬੇਦੀ ਵਿਖੇ ਪਿਤਾ ਸਵਰਗੀ ਕਿਦਾਰ ਨਾਥ ਅਤੇ ਮਾਤਾ ਸ੍ਰੀਮਤੀ ਰਖਸ਼ਾ ਦੇਵੀ ਦੇ ਗ੍ਰਹਿ ਵਿਖੇ ਜਨਮੇਂ ਕੁੱਕੂ ਦੀਵਾਨ ਨੂੰ ਸਟੇਜ ਅਤੇ ਅਦਾਕਾਰੀ ਦੀ ਚੇਟਕ ਪਿੰਡ ਵਿਚ ਹੁੰਦੀ ਰਾਮਲੀਲ੍ਹਾ ਤੋਂ ਲੱਗੀ, ਫਿਰ ਉਹ ਮੁੱਢਲੀ ਪੜ੍ਹਾਈ ਪਿੰਡ ਤੋਂ ਕਰਨ ਉਪਰੰਤ ਉਚੇਰੀ ਪੜ੍ਹਾਈ ਲਈ ਚੰਡੀਗੜ੍ਹ ਆ ਗਏ ਜਿੱਥੇ ਪੜ੍ਹਦਿਆਂ ਹੀ ਸੱਭਿਆਚਾਰਕ, ਸਾਹਿਤਕ ਅਤੇ ਰੰਗਮੰਚ ਦੀਆਂ ਗਤੀਵਿਧੀਆਂ ਲਈ ਮਸ਼ਹੂਰ ਸੰਸਥਾ ਸਰਘੀ ਕਲਾ ਕੇਂਦਰ ਨਾਲ ਜੁੜ ਗਏ ਅਤੇ ਸੰਜੀਵਨ ਸਿੰਘ, ਰੰਜੀਵਨ ਸਿੰਘ ਅਤੇ ਸਾਥੀਆਂ ਨਾਲ ਮਿਲ ਕੇ ਰੰਗਮੰਚ ਦੇ ਵੱਡੇ ਪਲੇਟਫ਼ਾਰਮ 'ਤੇ ਕੰਮ ਕਰਨ ਦਾ ਮੌਕਾ ਮਿਲਿਆ ਜਿੱਥੇ ਉਸ ਦੀ ਅਦਾਕਾਰੀ ਵਿਚ ਏਨਾ ਨਿਖ਼ਾਰ ਆਇਆ ਕਿ ਉਸ ਨੂੰ ਫ਼ਿਲਮਾਂ ਦੀਆਂ ਪੇਸ਼ਕਸ਼ਾਂ ਆਉਣ ਲੱਗ ਪਈਆਂ। ਉੱਦੋਂ ਕਿਸੇ ਨੂੰ ਚਿੱਤ ਚੇਤਾ ਵੀ ਨਹੀ ਹੋਵੇਗਾ ਕਿ ਰਾਮਲੀਲ੍ਹਾ ਵਿਚ ਵੱਖ-ਵੱਖ ਕਿਰਦਾਰ ਨਿਭਾਉਣ ਵਾਲਾ ਇਹ ਨੌਜਵਾਨ ਇੱਕ ਦਿਨ ਏਨਾ ਮਸ਼ਹੂਰ ਹੋ ਜਾਵੇਗਾ। ਉਸਦੀ ਪਹਿਲੀ ਫ਼ਿਲਮ ਸੀ 'ਟ੍ਰੇਨ ਟੂ ਪਾਕਿਸਤਾਨ' ਖੁਸ਼ਵੰਤ ਸਿੰਘ ਦੇ ਨਾਵਲ ਤੇ ਪਾਮੇਲਾ ਰੂਕਸ ਦੀ ਨਿਰਦੇਸ਼ਨਾ ਹੇਠ ਬਣੀ ਇਸ ਫ਼ਿਲਮ ਵਿਚ ਕੁੱਕੂ ਨੇ ਨਿਰਮਲ ਪਾਂਡੇ, ਸਿਮਰਤੀ ਮਿਸ਼ਰਾ, ਮੋਹਨ ਅਗਾਸੇ ਅਤੇ ਦਿਵਿਆ ਦੱਤਾ ਨਾਲ ਕੰਮ ਕੀਤਾ ਸੀ ਜਿੱਥੇ ਉਸ ਦੀ ਅਦਾਕਾਰੀ ਨੂੰ ਬਹੁਤ ਸਲਾਹਿਆ ਗਿਆ। ਕੁੱਕੂ ਦੀਵਾਨ ਨੂੰ ਜਿੱਥੇ ਕਾਫੀ ਗਿਣਤੀ ਵਿਚ ਹਿੰਦੀ ਅਤੇ ਪੰਜਾਬੀ ਵੀਡੀਓਜ਼ ਵਿਚ ਕੰਮ ਕਰਨ ਦਾ ਮੌਕਾ ਮਿਲਿਆ ਉੱਥੇ ਹੀ ਉਹ ਬਾਲੀਵੁੱਡ ਦੀਆਂ ਵੈੱਬ ਸੀਰੀਜ਼ ਅਤੇ ਫ਼ਿਲਮਾਂ ਵਿਚ ਸੁਨੀਲ ਸ਼ੈਟੀ, ਨੀਤੂ ਸਿੰਘ, ਵਰੁਣ ਧਵਨ, ਸੋਨੂ ਸੂਦ, ਰਣਬੀਰ ਸਿੰਘ, ਪੰਕਜ ਕਪੂਰ, ਸ਼ਾਹਿਦ ਕਪੂਰ, ਮਿਰਨਾਲ ਠਾਕੁਰ, ਕਿਆਰਾ ਅਡਵਾਨੀ ਅਤੇ ਹੋਰਨਾਂ ਨਾਲ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕਾ ਹੈ। ਉਹ ਫ਼ਿਲਮ 'ਧੁਰੰਦਰ-2' ਵਿਚ ਜਿੱਥੇ ਜੱਜ ਦੀ ਭੂਮਿਕਾ ਵਿਚ ਨਜ਼ਰ ਆਇਆ ਹੈ, ਉੱਥੇ ਹੀ ਹਿੰਦੀ ਫ਼ਿਲਮਾਂ ਜਰਸੀ, ਜੁੱਗ-ਜੁੱਗ ਜੀਓ, ਪੰਜਾਬੀ ਫ਼ਿਲਮਾਂ ਜੇ ਜੱਟ ਵਿਗੜ ਗਿਆ, ਸ਼ੂਟਰ, ਜਿੰਦ ਜਾਨ, ਕੰਜੂਸ ਮਜਨੂੰ-ਖ਼ਰਚੀਲੀ ਲੈਲਾ, ਸਿਕੰਦਰ-2, ਡਾਕੂਆਂ ਦਾ ਮੁੰਡਾ-2, ਵਿਚ ਵੀ ਯਾਦਗਾਰੀ ਭੁਮਿਕਾਵਾਂ ਵਿਚ ਨਜ਼ਰ ਆ ਚੁੱਕਾ ਹੈ। ਕੁੱਕੂ ਦੀਵਾਨ ਵੱਖ-ਵੱਖ ਟੀ. ਵੀ. ਚੈਨਲਾਂ 'ਤੇ ਚੱਲ ਚੁੱਕੇ ਅਤੇ ਚਲ ਰਹੇ ਲੜੀਵਾਰ ਸੀਰੀਅਲਾਂ ਉਡਾਰੀਆਂ, ਸੰਪੂਰਨਾਂ, ਬਾਦਲ ਪੇ ਪਾਊਂ ਹੈਂ, ਗੰਗਾ ਮਾਈ ਕੀ ਬੇਟੀਆਂ ਵਿਚ ਨਿਭਾਏ ਵੱਖ-ਵੱਖ ਕਿਰਦਾਰਾਂ ਕਰਕੇ ਵੀ ਲੋਕਾਂ ਵਿਚ ਹਰਮਨ ਪਿਆਰਾ ਹੈ। ਉਹ ਆਪਣੇ ਸਟੇਜ ਦੇ ਪਹਿਲੇ ਗੁਰੂ ਸੁਰੇਸ਼ ਬਖ਼ਸ਼ੀ, ਆਪਣੇ ਯਾਰਾਂ ਦੋਸਤਾਂ, ਅਧਿਆਪਕਾਂ ਅਤੇ ਆਪਣੇ ਪਰਿਵਾਰਕ ਮੈਂਬਰਾਂ ਦਾ ਬਹੁਤ ਰਿਣੀ ਹੈ ਜਿਹਨਾਂ ਦੇ ਸਾਥ ਅਤੇ ਸਹਿਯੋਗ ਸਦਕਾ ਉਸ ਨੂੰ ਇਹ ਮੁਕਾਮ ਹਾਸਿਲ ਹੋਇਆ ਹੈ।
-ਪੱਤਰਕਾਰ, ਟੋਰਾਂਟੋ, ਕੈਨੇਡਾ।