01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਨਯਨਤਾਰਾ ਤੋਂ ਹਨ ਸਲਮਾਨ ਖਾਨ ਨੂੰ ਉਮੀਦਾਂ

Ad Position 21
No active advertisement
ਅਜੀਤ ਡੈਸਕ 22-07-2026

ਦੱਖਣ ਭਾਰਤ ਦੇ ਮੰਨੇ-ਪ੍ਰਮੰਨੇ ਪ੍ਰੋਡਿਊਸਰ ਦਿਲ ਰਾਜੂ ਅਤੇ ਨਿਰਦੇਸ਼ਕ ਵਾਮਸ਼ੀ ਵਲੋਂ ਨਿਰਦੇਸ਼ਿਤ ਪੈਨ ਇੰਡੀਆ ਫ਼ਿਲਮ ਵਿਚ ਸਲਮਾਨ ਖਾਨ ਨਾਲ ਹੀਰੋਇਨ ਨਯਨਤਾਰਾ ਨਜ਼ਰ ਆਉਣ ਵਾਲੀ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਇਹ ਦੋ ਵੱਡੇ ਸਿਤਾਰੇ ਪਰਦੇ 'ਤੇ ਇਕੱਠੇ ਦਿਖਾਈ ਦੇਣਗੇ।
ਨਯਨਤਾਰਾ ਇਸ ਤੋਂ ਪਹਿਲਾਂ ਫ਼ਿਲਮ 'ਜਵਾਨ' ਵਿਚ ਵੱਡੇ ਪਰਦੇ 'ਤੇ ਸ਼ਾਹਰੁਖ ਖਾਨ ਨਾਲ ਰੋਮਾਂਸ ਕਰਦੇ ਹੋਏ ਨਜ਼ਰ ਆ ਚੁੱਕੀ ਹੈ। ਦੱਖਣ ਭਾਰਤ ਦੀ ਅਦਾਕਾਰਾ ਹੋਣ ਕਾਰਨ ਨਯਨਤਾਰਾ ਦੀ ਦੱਖਣ ਭਾਰਤ ਵਿਚ ਕੋਈ ਖ਼ਾਸ ਹਰਮਨਪਿਆਰਤਾ ਨਾ ਹੋਣ ਦੇ ਬਾਵਜੂਦ ਬਲਾਕਬੱਸਟਰ ਫ਼ਿਲਮ 'ਜਵਾਨ' ਵਿਚ ਸ਼ਾਹਰੁਖ ਨਾਲ ਉਸ ਦੀ ਜੋੜੀ ਅਤੇ ਕੰਮ ਦੋਵੇਂ ਬਹੁਤ ਪਸੰਦ ਕੀਤੇ ਗਏ ਸਨ।
ਨਿਰਮਾਤਾ ਦਾ ਮੰਨਣਾ ਹੈ ਕਿ ਸ਼ਾਹਰੁਖ ਤੋਂ ਬਾਅਦ ਇਸ ਵਾਰ ਸਲਮਾਨ ਦੀ ਸਟਾਰ ਪਾਵਰ ਅਤੇ ਨਯਨਤਾਰਾ ਦੀ ਖ਼ੂਬਸੂਰਤੀ ਅਤੇ ਡੂੰਘਾਈ ਵਾਲੀ ਅਦਾਕਾਰੀ ਦੇ ਮਿਸ਼ਰਨ ਨਾਲ ਵੱਡੇ ਪਰਦੇ 'ਤੇ ਇਕ ਬਿਹਤਰੀਨ ਕੈਮਿਸਟਰੀ ਨਜ਼ਰ ਆਵੇਗੀ।
ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਅਗਲੇ ਸਾਲ ਤੱਕ ਫ਼ਿਲਮ ਸਿਨੇਮਾਘਰਾਂ ਵਿਚ ਆ ਜਾਵੇਗੀ। ਇਸ ਮਾਰਧਾੜ ਤੇ ਰੋਮਾਂਚਕ ਭਾਵ ਐਕਸ਼ਨ ਥ੍ਰਿਲਰ ਫ਼ਿਲਮ ਦਾ ਟਾਈਟਲ ਹਾਲੇ ਤੱਕ ਤੈਅ ਨਹੀਂ ਹੋਇਆ ਹੈ। ਫ਼ਿਲਮ ਵਿਚ ਵੱਡੇ ਪੱਧਰ 'ਤੇ ਐਕਸ਼ਨ ਵਿਚਾਲੇ ਕਿਰਦਾਰਾਂ ਦੀ ਭਾਵੁਕਤਾ ਯਾਤਰਾ ਦਿਖਾਈ ਜਾਵੇਗੀ।
ਨਿਰਦੇਸ਼ਕ ਵਾਮਸ਼ੀ ਵੱਡੇ ਪੱਧਰ 'ਤੇ ਫ਼ਿਲਮਾਂ ਬਣਾਉਣ ਦੇ ਨਾਲ-ਨਾਲ ਉਨ੍ਹਾਂ ਵਿਚ ਮਜ਼ਬੂਤ ਭਾਵੁਕਤਾ ਕਹਾਣੀ ਪਰੋਣ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਸਾਲ 2007 ਵਿਚ ਆਈ ਫ਼ਿਲਮ 'ਮੁੰਨਾ' ਤੋਂ ਨਿਰਦੇਸ਼ਨ ਦੇ ਖੇਤਰ ਵਿਚ ਕਦਮ ਰੱਖਿਆ ਸੀ।
ਇਸ ਤੋਂ ਬਾਅਦ ਉਹ 'ਵਰਿੰਦਾਵਨ', 'ਯੇਵਾਡੂ', 'ਉਪਿਰੀ' ਅਤੇ 'ਮਹਾਰਿਸ਼ੀ' ਵਰਗੀਆਂ ਫ਼ਿਲਮਾਂ ਨਿਰਦੇਸ਼ਤ ਕਰ ਚੁੱਕੇ ਹਨ। ਫ਼ਿਲਮ 'ਮਹਾਰਿਸ਼ੀ' ਲਈ ਨੈਸ਼ਨਲ ਪੁਰਸਕਾਰ ਮਿਲਣ ਤੋਂ ਬਾਅਦ ਵਾਮਸ਼ੀ ਦੇ ਮਾਣ-ਸਨਮਾਨ ਵਿਚ ਚੰਗਾ ਵਾਧਾ ਹੋਇਆ ਹੈ। ਦੱਖਣ ਵਿਚ ਇਕ ਤੋਂ ਵਧ ਕੇ ਇਕ ਫ਼ਿਲਮਾਂ ਕਰ ਚੁੱਕੀ ਨਯਨਤਾਰਾ ਨੂੰ ਉਥੇ 'ਲੇਡੀ ਸੁਪਰਸਟਾਰ' ਕਿਹਾ ਜਾਂਦਾ ਹੈ। ਉਸ ਦੀਆਂ ਆਕਰਸ਼ਕ ਅਤੇ ਖ਼ੂਬਸੂਰਤ ਅਦਾਵਾਂ ਉਸ ਨੂੰ ਦੱਖਣ ਭਾਰਤ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਅਭਿਨੇਤਰੀਆਂ ਵਿਚੋਂ ਇਕ ਬਣਾਉਂਦੀਆਂ ਹਨ। ਉਹ ਦੱਖਣ ਭਾਰਤ ਦੀਆਂ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਅਭਿਨੇਤਰੀਆਂ ਵਿਚ ਸ਼ੁਮਾਰ ਹੈ।
ਪਿਛਲੀ ਵਾਰ ਆਰ. ਮਾਧਵਨ ਅਤੇ ਸਿਧਾਰਥ ਦੇ ਨਾਲ ਫ਼ਿਲਮ 'ਟੈਸਟ' ਵਿਚ ਨਜ਼ਰ ਆਉਣ ਵਾਲੀ ਨਯਨਤਾਰਾ ਨੇ 9 ਜੂਨ, 2022 ਨੂੰ ਫ਼ਿਲਮ ਨਿਰਦੇਸ਼ਕ ਵਿਗਨੇਸ਼ ਸ਼ਿਵਾਨ ਨਾਲ ਵਿਆਹ ਕੀਤਾ ਸੀ। ਉਸ ਦੇ ਦੋ ਜੌੜੇ ਬੇਟੇ ਉਈਰ ਰੁਦਰੋਨਿਲ ਅਤੇ ਸ਼ਿਵਾਨ ਹਨ। ਵਿਆਹ ਤੋਂ ਬਾਅਦ ਵੀ ਨਯਨਤਾਰਾ ਦੇ ਹੱਥ ਵਿਚ ਇਸ ਸਮੇਂ ਫ਼ਿਲਮਾਂ ਦੀ ਲੰਮੀ ਸੂਚੀ ਹੈ, ਜਿਨ੍ਹਾਂ ਵਿਚੋਂ ਕੁਝ ਫ਼ਿਲਮਾਂ 2026 ਵਿਚ ਅਤੇ ਕੁਝ ਉਸ ਤੋਂ ਬਾਅਦ ਅਗਲੇ ਸਾਲ ਰਿਲੀਜ਼ ਹੋਣਗੀਆਂ। ਨਯਨਤਾਰਾ ਆਪਣੇ ਪਤੀ ਵਿਗਨੇਸ਼ ਸ਼ਿਵਾਨ ਨਾਲ ਮਿਲ ਕੇ ਰਾਊਡੀ ਪਿਕਚਰਜ਼ ਦੇ ਨਾਂਅ ਨਾਲ ਆਪਣਾ ਪ੍ਰੋਡਕਸ਼ਨ ਹਾਊਸ ਵੀ ਚਲਾਉਂਦੀ ਹੈ।
ਸਲਮਾਨ ਖਾਨ ਦੀਆਂ ਪਿਛਲੀਆਂ ਫ਼ਿਲਮਾਂ 'ਕਿਸੀ ਕਾ ਭਾਈ ਕਿਸੀ ਕੀ ਜਾਨ', 'ਟਾਈਗਰ-3' ਅਤੇ 'ਸਿਕੰਦਰ' ਕੁਝ ਖ਼ਾਸ ਨਹੀਂ ਚੱਲੀਆਂ। ਇਕ ਲੰਮੇ ਸਮੇਂ ਤੋਂ ਉਸ ਦੇ ਕਰੀਅਰ ਵਿਚ ਭਟਕਾਅ ਜਿਹਾ ਨਜ਼ਰ ਆ ਰਿਹਾ ਹੈ। ਇਸ ਤਰ੍ਹਾਂ ਸਲਮਾਨ 'ਤੇ ਆਧਾਰਿਤ ਫ਼ਿਲਮ ਦੇਣ ਦਾ ਪ੍ਰਸੰਸਕਾਂ ਵਲੋਂ ਕਾਫ਼ੀ ਦਬਾਅ ਹੈ।
ਸਲਮਾਨ ਇਨ੍ਹੀਂ ਦਿਨੀਂ ਫ਼ਿਲਮ 'ਬੈਟਲ ਆਫ਼ ਗਲਵਾਨ' ਤੋਂ ਇਲਾਵਾ 'ਕਿੱਕ' ਦੇ ਵਿਸਥਾਰ 'ਕਿੱਕ-2' ਅਤੇ 'ਬੱਬਰ ਸ਼ੇਰ' ਵਰਗੀਆਂ ਫ਼ਿਲਮਾਂ ਵਿਚ ਰੁੱਝਾ ਹੋਇਆ ਹੈ। ਪਰ ਜਿਸ ਤਰ੍ਹਾਂ ਫ਼ਿਲਮ 'ਸਿਕੰਦਰ' ਤੋਂ ਬਾਅਦ ਉਸ ਨੂੰ ਇਕ ਵੱਡੀ ਹਿਟ ਦੀ ਭਾਲ ਹੈ, ਉਸ ਦੀ ਉਹ ਭਾਲ ਨਯਨਤਾਰਾ ਨਾਲ ਇਸ ਫ਼ਿਲਮ ਤੋਂ ਪੂਰੀ ਹੋ ਸਕਦੀ ਹੈ।
-0-

Ad Position 22
No active advertisement
ਪਿਛਲੀ ਖ਼ਬਰ ਦੀਪਿਕਾ ਪਾਦੂਕੋਨ ਹਰ ਚੁਣੌਤੀ ਸਵੀਕਾਰ ਅਗਲੀ ਖ਼ਬਰ ਅਜੀਤ' ਖ਼ਬਰਾਂ, 22 ਜੁਲਾਈ 2026
Ad Position 24
No active advertisement