ਨਵੀਂ ਦਿੱਲੀ, 11 ਮਾਰਚ (ਪੀ. ਟੀ. ਆਈ.)-ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਵਲੋਂ ਪੱਛਮੀ ਏਸ਼ੀਆ ਵਿਚ ਚੱਲ ਰਹੇ ਟਕਰਾਅ ਦਰਮਿਆਨ ਖਿਡਾਰੀਆਂ ਦੇ ਯਾਤਰਾ ਪ੍ਰਬੰਧਾਂ ਬਾਰੇ ਚਿੰਤਾਵਾਂ ਦੇ ਵਿਚਕਾਰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) 2026 ਦੇ ਪਹਿਲੇ ਪੜਾਅ ਦੀ ਸਮਾਂ-ਸਾਰਣੀ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਅਨੁਸਾਰ ਮੌਜੂਦਾ ਚੈਂਪੀਅਨ ਰਾਇਲ ਚੈਲੰਜਰਜ਼ ਬੈਂਗਲੁਰੂ 28 ਮਾਰਚ ਨੂੰ ਬੈਂਗਲੁਰੂ ਵਿਖੇ ਆਈ.ਪੀ.ਐਲ. 2026 ਦੇ ਸ਼ੁਰੂਆਤੀ ਮੈਚ ਵਿਚ ਸਨਰਾਈਜ਼ਰਜ਼ ਹੈਦਰਾਬਾਦ ਨਾਲ ਭਿੜੇਗਾ | ਬੀ.ਸੀ.ਸੀ.ਆਈ. ਵਲੋਂ ਪਹਿਲੇ 20 ਮੈਚਾਂ ਦੀ ਸਮਾਂ-ਸਾਰਣੀ ਦਾ ਐਲਾਨ ਕੀਤਾ ਗਿਆ ਹੈ, ਜਦੋਂਕਿ ਤਾਮਿਲਨਾਡੂ, ਅਸਾਮ ਅਤੇ ਪੱਛਮੀ ਬੰਗਾਲ ਵਿਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਤੋਂ ਬਾਅਦ ਪੂਰਾ ਸ਼ਡਿਊਲ ਜਾਰੀ ਕੀਤਾ ਜਾਵੇਗਾ | ਸ਼ੁਰੂਆਤੀ ਦੂਜੇ ਮੈਚ 'ਚ ਮੁੰਬਈ ਇੰਡੀਅਨਜ਼ ਵਾਨਖੇੜੇ ਸਟੇਡੀਅਮ 'ਚ ਕੋਲਕਾਤਾ ਨਾਈਟ ਰਾਈਡਰਜ਼ ਦੀ ਮੇਜ਼ਬਾਨੀ ਕਰੇਗਾ ਅਤੇ ਸ਼ੁਰੂਆਤੀ ਹਫ਼ਤੇ 'ਚ ਕੋਈ ਡਬਲ-ਹੈਡਰ ਨਹੀਂ ਹੋਵੇਗਾ | ਬੀ.ਸੀ.ਸੀ.ਆਈ. ਨੇ ਕਿਹਾ ਕਿ ਸੀਜ਼ਨ ਦੌਰਾਨ ਰਾਇਲ ਚੈਲੇਂਜਰਜ਼ ਬੈਂਗਲੁਰੂ, ਬੈਂਗਲੁਰੂ 'ਚ 5 ਘਰੇਲੂ ਮੈਚ ਅਤੇ ਰਾਏਪੁਰ 'ਚ ਦੋ ਮੈਚ ਖੇਡੇਗਾ | ਪੰਜਾਬ ਕਿੰਗਜ਼ ਚੰਡੀਗੜ੍ਹ 'ਚ ਚਾਰ ਘਰੇਲੂ ਮੈਚ ਅਤੇ ਧਰਮਸ਼ਾਲਾ 'ਚ ਤਿੰਨ, ਜਦੋਂਕਿ ਰਾਜਸਥਾਨ ਰਾਇਲਜ਼ ਗੁਹਾਟੀ 'ਚ ਤਿੰਨ ਮੈਚ ਅਤੇ ਜੈਪੁਰ 'ਚ ਚਾਰ ਘਰੇਲੂ ਮੈਚ ਖੇਡੇਗਾ | ਇਸ ਸਮੇਂ ਦੌਰਾਨ (ਪਹਿਲੇ 16 ਦਿਨ) ਟੂਰਨਾਮੈਂਟ ਵਿਚ ਚਾਰ ਡਬਲ-ਹੈਡਰ ਹੋਣਗੇ, ਦੁਪਹਿਰ ਦੇ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 03:30 ਵਜੇ ਸ਼ੁਰੂ ਹੋਣਗੇ ਅਤੇ ਸ਼ਾਮ ਦੇ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 07:30 ਵਜੇ ਸ਼ੁਰੂ ਹੋਣਗੇ |
ਖੇਡ ਸੰਸਾਰ
Free
ਆਈ.ਪੀ.ਐਲ. 2026 ਦੇ ਪਹਿਲੇ ਪੜਾਅ ਦੀ ਸਮਾਂ-ਸਾਰਣੀ ਜਾਰੀ <br/>
ਅਜੀਤ ਡੈਸਕ
12-03-2026