ਮਾਊਂਟ ਮੌਂਗਾਨੁਈ, 15 ਨਵੰਬਰ (ਏਜੰਸੀ)-ਭਾਰਤੀ ਟੀਮ ਨੇ ਸ਼ਾਨਦਾਰ ਗੇਂਦਬਾਜ਼ੀ ਦੇ ਦਮ ’ਤੇ ਨਿਊਜ਼ੀਲੈਂਡ ਨੂੰ ਪੰਜਵੇਂ ਤੇ ਆਖਰੀ ਇਕ ਦਿਨਾ ਮੈਚ ’ਚ 22 ਦੌੜਾਂ ਨਾਲ ਹਰਾ ਕੇ 7 ਸਾਲ ਬਾਅਦ ਪੰਜ ਮੈਚਾਂ ਦੀ ਲੜੀ 3-1 ਨਾਲ ਆਪਣੇ ਨਾਂਅ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਪੂਰੀ ਟੀਮ 42.1 ਓਵਰਾਂ ’ਚ 209 ਦੌੜਾਂ ’ਤੇ ਸਿਮਟ ਗਈ ਸੀ, ਪਰ ਅਰਸ਼ਦੀਪ ਸਿੰਘ ਦੀ ਅਗਵਾਈ ’ਚ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਿਊਜ਼ੀਲੈਂਡ ਨੂੰ 48.1 ਓਵਰਾਂ ’ਚ 187 ਦੌੜਾਂ ’ਤੇ ਹੀ ਆਊਟ ਕਰ ਦਿੱਤਾ। ਇਸ ਲੜੀ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਆਪਣੇ ਘਰੇਲੂ ਮੈਦਾਨਾਂ ‘ਤੇ ਲਗਾਤਾਰ 11 ਇਕ ਦਿਨਾ ਲੜੀਆਂ ਜਿੱਤੀਆਂ ਸਨ। ਇਸ ਜਿੱਤ ਨਾਲ ਭਾਰਤ ਨੇ ਵਿਦੇਸ਼ੀ ਧਰਤੀ ’ਤੇ ਇਕ ਦਿਨਾ ਕ੍ਰਿਕਟ ਵਿਚ ਆਪਣੀ ਪਹਿਲੀ ਲੜੀ ਜਿੱਤ ਕੇ ਇਕ ਹੋਰ ਖਾਸ ਉਪਲਬਧੀ ਹਾਸਲ ਕੀਤੀ। ਭਾਰਤੀ ਬੱਲੇਬਾਜ਼ ਲਗਾਤਾਰ ਦੂਜੇ ਮੈਚ ’ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਪਰ ਭਾਰਤੀ ਗੇਂਦਬਾਜ਼ਾਂ ਨੇ ਸ਼ੁਰੂ ਤੋਂ ਹੀ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ’ਤੇ ਦਬਾਅ ਬਣਾਈ ਰੱਖਿਆ। ਅਰਸ਼ਦੀਪ ਸਿੰਘ ਨੇ 30 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਮੁਹੰਮਦ ਸਿਰਾਜ ਨੇ 50 ਦੌੜਾਂ ਦੇ ਕੇ 2 ਵਿਕਟਾਂ ਤੇ ਅਕਸ਼ਰ ਪਟੇਲ ਨੇ 28 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਇਸ ਦੌਰੇ ਵਿਚ ਆਪਣਾ ਪਹਿਲਾ ਮੈਚ ਖੇਡ ਰਹੇ ਸਿਰਾਜ ਨੇ ਟਿਮ ਸੀਫਰਟ (14) ਨੂੰ ਆਊਟ ਕਰਵਾਇਆ। ਭਾਰਤੀ ਬੱਲੇਬਾਜ਼ਾਂ ਤੋਂ ਉਮੀਦ ਸੀ ਕਿ ਉਹ 2 ਦਿਨ ਪਹਿਲਾਂ ਇਸੇ ਮੈਦਾਨ ਉੱਤੇ ਚੌਥੇ ਮੈਚ ’ਚ 89 ਦੌੜਾਂ ਉੱਤੇ ਆਊਟ ਹੋਣ ਤੋਂ ਬਾਅਦ ਇਸ ਵਾਰ ਵਧੀਆ ਖੇਡਣਗੇ। ਪਰ ਅਜਿਹਾ ਨਹੀਂ ਹੋਇਆ।ਭਾਰਤ ਨੂੰ ਚੰਗੀ ਸ਼ੁਰੂਆਤ ਦੀ ਲੋੜ ਸੀ, ਪਰ ਰੋਹਿਤ ਸ਼ਰਮਾ ਫਿਰ ਨਾਕਾਮ ਰਹੇ ਤੇ ਸਿਰਫ਼ 7 ਦੌੜਾਂ ਬਣਾ ਕੇ ਆਊਟ ਹੋ ਗਏ। ਵਿਰਾਟ ਕੋਹਲੀ (5) ਵੀ ਜਲਦੀ ਆਊਟ ਹੋ ਗਏ। ਰੁਤੁਰਾਜ ਗਾਇਕਵਾੜ 18 ਦੌੜਾਂ ਬਣਾ ਕੇ ਆਉਟ ਹੋ ਗਏ। ਇਸ ਤਰ੍ਹਾਂ ਭਾਰਤ ਦਾ ਸਕੋਰ ਤਿੰਨ ਵਿਕਟਾਂ ’ਤੇ 34 ਦੌੜਾਂ ਹੋ ਗਿਆ। ਸ਼੍ਰੇਅਸ ਅਈਅਰ (22) ਅਤੇ ਅਕਸ਼ਰ ਪਟੇਲ (46) ਨੇ ਚੌਥੀ ਵਿਕਟ ਲਈ 52 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਨਾਲ ਭਾਰਤੀ ਟੀਮ ਦੀ ਵਾਪਸੀ ਦੀ ਉਮੀਦ ਬਣੀ। ਨਿਊਜ਼ੀਲੈਂਡ ਦੇ ਕਪਤਾਨ ਮਿਚੇਲ ਸੈਂਟਨਰ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਸ ਨੇ 47 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਉਸਨੇ ਨਮਨ ਧੀਰ, ਔਕਿਬ ਨਬੀ ਤੇ ਯਸ਼ ਠਾਕੁਰ ਨੂੰ ਆਉਟ ਕੀਤਾ। ਅਖੀਰ ’ਚ ਅਰਸ਼ਦੀਪ ਸਿੰਘ (14) ਤੇ ਮੁਹੰਮਦ ਸਿਰਾਜ (ਨਾਬਾਦ 14) ਨੇ ਕੁਝ ਵਧੀਆ ਸ਼ਾਟ ਲਗਾਏ। ਇਸ ਨਾਲ ਭਾਰਤੀ ਟੀਮ 200 ਦੌੜਾਂ ਦਾ ਅੰਕੜਾ ਪਾਰ ਕਰਨ ’ਚ ਕਾਮਯਾਬ ਰਹੀ।
ਖੇਡ ਸੰਸਾਰ
Free
ਭਾਰਤ ਨੇ ਨਿਊਜ਼ੀਲੈਂਡ ਨੂੰ 7 ਸਾਲ ਬਾਅਦ ਇਕ ਦਿਨਾ ਲੜੀ ’ਚ ਹਰਾਇਆ
ਮਾਊਂਟ ਮੌਂਗਾਨੁਈ, 15 ਨਵੰਬਰ (ਏਜੰਸੀ)-ਭਾਰਤੀ ਟੀਮ ਨੇ ਸ਼ਾਨਦਾਰ ਗੇਂਦਬਾਜ਼ੀ ਦੇ ਦਮ ’ਤੇ ਨਿਊਜ਼ੀਲੈਂਡ ਨੂੰ ਪੰਜਵੇਂ ਤੇ ਆਖਰੀ ਇਕ ਦਿਨਾ ਮੈਚ ’ਚ 22 ਦੌੜਾਂ ਨਾਲ ਹਰਾ ਕੇ 7 ਸਾਲ ਬਾਅਦ ਪੰਜ ਮੈਚਾਂ ਦੀ ਲੜੀ 3-1 ਨਾਲ ਆਪਣੇ ਨਾਂਅ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਪੂਰੀ ਟੀਮ 42.
ਅਜੀਤ ਡੈਸਕ
16-11-2026