ਢਾਕਾ, 4 ਅਪ੍ਰੈਲ (ਪੀ.ਟੀ.ਆਈ.)-ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਨੇ ਸਤੰਬਰ 'ਚ ਹੋਣ ਵਾਲੇ ਭਾਰਤ ਦੇ ਟੈਸਟ ਦੌਰੇ ਨੂੰ ਬਚਾਉਣ ਤੇ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ 'ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਤੱਕ ਪਹੁੰਚ ਕੀਤੀ ਹੈ | ਦੋਵਾਂ ਦੇਸ਼ਾਂ ਵਿਚਕਾਰ ਸਬੰਧ ਉਦੋਂ ਤਣਾਅਪੂਰਨ ਹੋ ਗਏ ਸਨ ਜਦੋਂ ਬੀ.ਸੀ.ਬੀ. ਨੇ ਭਾਰਤ ਵਿਚ ਹੋਣ ਵਾਲੇ ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ ਸੀ | ਇਹ ਮੰਨਿਆ ਜਾਂਦਾ ਹੈ ਕਿ ਬੀ.ਸੀ.ਬੀ. ਪ੍ਰਧਾਨ ਅਮੀਨੁਲ ਇਸਲਾਮ ਬੁਲਬੁਲ ਦਾ ਕਾਰਜਕਾਲ ਜਲਦੀ ਹੀ ਖਤਮ ਹੋ ਸਕਦਾ ਹੈ ਤੇ ਇਕ ਅੰਤਰਿਮ ਬੋਰਡ ਬੀ.ਸੀ.ਸੀ.ਆਈ. ਨਾਲ ਗੱਲਬਾਤ ਸ਼ੁਰੂ ਕਰ ਸਕਦਾ ਹੈ | ਬੀ.ਸੀ.ਸੀ.ਆਈ. ਦੇ ਇਕ ਸੂਤਰ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਬੀ.ਸੀ.ਬੀ. ਨੇ ਭਾਰਤੀ ਬੋਰਡ ਨੂੰ ਇਕ ਪੱਤਰ ਭੇਜਿਆ ਹੈ | ਇਹ ਸਿਰਫ਼ ਭਾਰਤੀ ਪੁਰਸ਼ ਟੀਮ ਦੇ ਸਤੰਬਰ 'ਚ ਬੰਗਲਾਦੇਸ਼ ਦੇ ਵ੍ਹਾਈਟ-ਬਾਲ ਦੌਰੇ ਬਾਰੇ ਨਹੀਂ ਹੈ, ਸਗੋਂ ਪੁਰਸ਼ਾਂ ਦੇ 50-ਓਵਰ ਏਸ਼ੀਆ ਕੱਪ ਬਾਰੇ ਵੀ ਹੈ, ਜੋ ਕਿ ਅਗਲੇ ਸਾਲ ਬੀ.ਸੀ.ਬੀ. ਵਲੋਂ ਕਰਵਾਇਆ ਜਾਣਾ ਹੈ | ਇਹ ਵੀ ਧਿਆਨ ਦੇਣ ਯੋਗ ਹੈ ਕਿ ਬੀ.ਸੀ.ਬੀ. ਭਾਰਤ ਦੀ ਮੇਜ਼ਬਾਨੀ ਕਰਨ ਲਈ ਬਹੁਤ ਉਤਸੁਕ ਹੈ, ਕਿਉਂਕਿ ਭਾਰਤੀ ਟੀਮ ਦੇ 6 ਵ੍ਹਾਈਟ-ਬਾਲ ਮੈਚਾਂ ਲਈ ਲੀਨੀਅਰ ਤੇ ਡਿਜੀਟਲ ਪ੍ਰਸਾਰਣ ਅਧਿਕਾਰਾਂ ਦੀ ਵਿਕਰੀ ਤੋਂ ਪ੍ਰਾਪਤ ਹੋਣ ਵਾਲਾ ਮਾਲੀਆ ਇਸ ਸਾਲ ਬੋਰਡ ਦੀ ਵਿੱਤੀ ਸਥਿਤੀ ਵਿਚ ਕਾਫ਼ੀ ਸੁਧਾਰ ਕਰੇਗਾ |
ਖੇਡ ਸੰਸਾਰ
Free
ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਬੀ.ਸੀ.ਸੀ.ਆਈ. ਨਾਲ ਕੀਤਾ ਸੰਪਰਕ <br/>
ਅਜੀਤ ਡੈਸਕ
05-04-2026