ਗੁਹਾਟੀ, 4 ਅਪ੍ਰੈਲ (ਪੀ.ਟੀ.ਆਈ.)-ਆਸਾਮ ਦੇ ਮਸ਼ਹੂਰ ਫੁੱਟਬਾਲਰ ਗਿਲਬਰਟਸਨ ਸੰਗਮਾ, ਜਿਨ੍ਹਾਂ ਨੂੰ 'ਗੋਲਡਨ ਬੂਟ ਖਿਡਾਰੀ' ਦਾ ਉਪਨਾਮ ਮਿਲਿਆ, ਦਾ ਗੁਹਾਟੀ ਸਥਿਤ ਉਨ੍ਹਾਂ ਦੇ ਘਰ ਵਿਖੇ ਦੇਹਾਂਤ ਹੋ ਗਿਆ | ਉਹ 71 ਸਾਲ ਦੇ ਸਨ | ਸੰਗਮਾ ਪਿਛਲੇ ਕੁਝ ਸਾਲਾਂ ਤੋਂ ਉਮਰ ਨਾਲ ਸਬੰਧਤ ਬਿਮਾਰੀਆਂ ਨਾਲ ਜੂਝ ਰਹੇ ਸਨ | ਉਨ੍ਹਾਂ ਦੇ ਅੰਤਿਮ ਸੰਸਕਾਰ ਐਤਵਾਰ ਨੂੰ ਕੀਤੇ ਜਾਣ ਦੀ ਸੰਭਾਵਨਾ ਹੈ | ਸੰਗਮਾ ਨੂੰ ਫੁੱਟਬਾਲ ਦੇ ਮੈਦਾਨ ਵਿਚ ਆਪਣੇ ਅਸਾਧਾਰਨ ਹੁਨਰ ਲਈ 'ਗੋਲਡਨ ਬੂਟ ਖਿਡਾਰੀ' ਵਜੋਂ ਜਾਣਿਆ ਜਾਂਦਾ ਸੀ | ਉਹ ਰਾਜ ਪੁਲਿਸ ਟੀਮ ਦਾ ਮੈਂਬਰ ਸੀ ਤੇ ਕਈ ਸੀਜ਼ਨਾਂ ਲਈ ਸੰਤੋਸ਼ ਟਰਾਫੀ ਵਿਚ ਅਸਾਮ ਦੀ ਨੁਮਾਇੰਦਗੀ ਵੀ ਕੀਤੀ | 2022 ਵਿਚ, ਸੰਗਮਾ ਨੂੰ 'ਅਸਾਮ ਸÏਰਭ' ਨਾਲ ਸਨਮਾਨਿਤ ਕੀਤਾ ਗਿਆ, ਜੋ ਕਿ ਰਾਜ ਦਾ ਦੂਜਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਹੈ | ਉਨ੍ਹਾਂ ਨੇ ਆਸਾਮ ਪੁਲਿਸ ਟੀਮ ਨੂੰ ਬੋਰਡੋਲੋਈ ਟਰਾਫੀ ਤੇ ਸੁਤੰਤਰਤਾ ਦਿਵਸ ਕੱਪ ਸਮੇਤ ਕਈ ਟਰਾਫੀਆਂ ਜਿੱਤਣ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ | ਜ਼ਿਕਰਯੋਗ ਹੈ ਕਿ 1970 ਦੇ ਦਹਾਕੇ ਦੇ ਮੱਧ ਵਿਚ ਸੰਗਮਾ ਨੂੰ ਇੰਡੋਨੇਸ਼ੀਆ ਤੇ ਥਾਈਲੈਂਡ ਵਿਚ ਖੇਡੇ ਗਏ ਤਿੰਨ ਅੰਤਰਰਾਸ਼ਟਰੀ ਦੋਸਤਾਨਾ ਮੈਚਾਂ ਲਈ ਭਾਰਤੀ ਰਾਸ਼ਟਰੀ ਟੀਮ ਵਿਚ ਚੁਣਿਆ ਗਿਆ ਸੀ |
ਖੇਡ ਸੰਸਾਰ
Free
'ਗੋਲਡਨ ਬੂਟ ਖਿਡਾਰੀ' ਗਿਲਬਰਟਸਨ ਸੰਗਮਾ ਦਾ ਦਿਹਾਂਤ <br/>
ਅਜੀਤ ਡੈਸਕ
05-04-2026