ਸਨੌਰ, 15 ਜੂਨ (ਗੀਤਵਿੰਦਰ ਸਿੰਘ ਸੋਖਲ)-ਜ਼ਿਲ੍ਹਾ ਪਟਿਆਲਾ ਦੇ ਹਲਕਾ ਸਨੌਰ ਨਾਲ ਸੰਬੰਧਤ ਹੋਣਹਾਰ ਨੌਜਵਾਨ ਕ੍ਰਿਕਟਰ ਸਾਗਰ ਵਿਰਕ ਦੀ ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਵਿਚ ਚੋਣ ਹੋਣ ਨਾਲ ਇਲਾਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਸਾਗਰ ਦੀ ਇਸ ਸ਼ਾਨਦਾਰ ਉਪਲੱਬਧੀ ‘ਤੇ ਪਰਿਵਾਰਕ ਮੈਂਬਰਾਂ, ਦੋਸਤਾਂ, ਖੇਡ ਪ੍ਰੇਮੀਆਂ ਅਤੇ ਇਲਾਕਾ ਵਾਸੀਆਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। 17 ਸਾਲਾ ਸਾਗਰ ਵਿਰਕ ਨੇ ਦੱਸਿਆ ਕਿ ਉਹ ਪਿਛਲੇ 9 ਸਾਲਾਂ ਤੋਂ ਕ੍ਰਿਕਟ ਨਾਲ ਜੁੜੇ ਹੋਏ ਹਨ ਤੇ ਬਚਪਨ ਤੋਂ ਹੀ ਉਨ੍ਹਾਂ ਦਾ ਸੁਪਨਾ ਭਾਰਤ ਲਈ ਖੇਡਣ ਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੰਜ਼ਿਲ ਤੱਕ ਪਹੁੰਚਣ ਲਈ ਉਨ੍ਹਾਂ ਨੇ ਨਿਰੰਤਰ ਮਿਹਨਤ, ਅਨੁਸ਼ਾਸਨ ਅਤੇ ਸਮਰਪਣ ਨਾਲ ਅਭਿਆਸ ਕੀਤਾ। ਸਾਗਰ ਨੇ ਜ਼ਿਲ੍ਹਾ, ਰਾਜ ਅਤੇ ਵੱਖ-ਵੱਖ ਰਾਸ਼ਟਰੀ ਪੱਧਰ ਦੇ ਟੂਰਨਾਮੈਂਟਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਵੱਖਰੀ ਪਛਾਣ ਬਣਾਈ ਹੈ। ਹੁਣ ਭਾਰਤ ਦੀ ਅੰਡਰ-19 ਟੀਮ ਵਿਚ ਚੋਣ ਹੋਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਸਾਗਰ ਦੇ ਕੋਚ ਨੇ ਕਿਹਾ ਕਿ ਸਾਗਰ ਸ਼ੁਰੂ ਤੋਂ ਹੀ ਬਹੁਤ ਮਿਹਨਤੀ ਅਤੇ ਪ੍ਰਤਿਭਾਸ਼ਾਲੀ ਖਿਡਾਰੀ ਰਿਹਾ ਹੈ। ਸਾਗਰ ਦੇ ਪਿਤਾ ਅਮਨਦੀਪ ਸਿੰਘ ਵਿਰਕ ਨੇ ਕਿਹਾ ਕਿ ਅੱਜ ਉਨ੍ਹਾਂ ਦਾ ਸੁਪਨਾ ਸਾਕਾਰ ਹੋਇਆ ਹੈ।
ਖੇਡ ਸੰਸਾਰ
Free
ਪਟਿਆਲਾ ਦੇ ਸਾਗਰ ਵਿਰਕ ਦੀ ਭਾਰਤੀ ਅੰਡਰ-19 ਕ੍ਰਿਕਟ ਟੀਮ ’ਚ ਚੋਣ
ਅਜੀਤ ਡੈਸਕ
16-06-2026