ਗਿਆਨ ਸਿੰਘ ਚੀਮਾ ਨੂੰ ਉਮਰ ਭਰ ਦੀਆਂ ਸੇਵਾਵਾਂ ਲਈ ਪੁਰਸਕਾਰ
ਲੰਡਨ, 5 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ’ਚ ਬੀਤੇ ਤਿੰਨ ਸਾਲਾਂ ਤੋਂ ਕਰਵਾਈਆਂ ਜਾਂਦੀਆਂ ਸਿੱਖ ਖੇਡਾਂ ਤੋਂ ਬਾਅਦ ਪਹਿਲੀ ਵਾਰ ਲੰਡਨ ’ਚ ਸਿੱਖ ਖੇਡ ਪੁਰਸਕਾਰ ਦੌਰਾਨ ਵੱਖ-ਵੱਖ ਖੇਡਾਂ ’ਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਪੁਰਸਕਾਰ ਦਿੱਤੇ ਗਏ।
ਬਰਤਾਨੀਆ ਵਿਚ ਸਿੱਖ ਭਾਈਚਾਰੇ ਦੇ ਸਭ ਤੋਂ ਤੇਜ਼ੀ ਨਾਲ ਸਰਗਰਮ ਹੋ ਰਹੀਆਂ ‘ਸਿੱਖ ਗੇਮਜ਼ ਯੂ.ਕੇ.’ ਵੱਲੋਂ ਇਕ ਨਵਾਂ ਇਤਿਹਾਸ ਰਚਦਿਆਂ ਪਹਿਲੇ ‘ਨੈਸ਼ਨਲ ਸਿੱਖ ਸਪੋਰਟਸ ਅਵਾਰਡਜ਼ 2026’ ਦਾ ਸਫ਼ਲਤਾਪੂਰਵਕ ਕਰਵਾਏ ਗਏ। ਇਹ ਸ਼ਾਨਦਾਰ ਸਮਾਗਮ ਲੰਡਨ ਦੇ ਪ੍ਰਸਿੱਧ ‘ਐਲੀਅਨਜ਼ ਸਟੇਡੀਅਮ, ਟਵਿਕਨਹੈਮ’ ਵਿਖੇ ਕਰਵਾਇਆ ਗਿਆ, ਜਿਸ ਵਿਚ ਖੇਡ, ਕਾਰੋਬਾਰ ਅਤੇ ਸਮਾਜਿਕ ਖੇਤਰ ਦੀਆਂ 500 ਤੋਂ ਵੱਧ ਉੱਘੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਇਸ ਵੱਕਾਰੀ ਸਮਾਗਮ ਦੌਰਾਨ ਦੇਸ਼-ਵਿਦੇਸ਼ ’ਚ ਸਿੱਖ ਭਾਈਚਾਰੇ ਦਾ ਨਾਂਅ ਰੌਸ਼ਨ ਕਰਨ ਵਾਲੇ ਚੋਟੀ ਦੇ ਖਿਡਾਰੀਆਂ ਤੇ ਜਮੀਨੀ ਪੱਧਰ ’ਤੇ ਬਿਨਾਂ ਕਿਸੇ ਸੁਆਰਥ ਦੇ ‘ਸੇਵਾ’ ਕਰਨ ਵਾਲੇ ਵਾਲੰਟੀਅਰਾਂ ਨੂੰ ਸਨਮਾਨਿਤ ਕੀਤਾ ਗਿਆ।
ਵੇਟਲਿਫਟਿੰਗ ਦੇ ਦਿੱਗਜ ਗਿਆਨ ਸਿੰਘ ਚੀਮਾ ਨੂੰ ‘ਲਾਈਫਟਾਈਮ ਅਚੀਵਮੈਂਟ ਅਵਾਰਡ’ ਉਮਰ ਭਰ ਦੀਆਂ ਪ੍ਰਾਪਤੀਆਂ ਪੁਰਸਕਾਰ ਦਿੱਤਾ ਗਿਆ। ਚੀਮਾ ਦਾ ਖੇਡ ਇਤਿਹਾਸ 50 ਸਾਲਾਂ ਤੋਂ ਵੱਧ ਲੰਮਾ ਹੈ। ਉਨ੍ਹਾਂ ਨੇ 1982 ਦੀਆਂ ਏਸ਼ੀਆਈ ਖੇਡਾਂ ਵਿਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਤੋਂ ਬਾਅਦ, ਯੂ.ਕੇ. ਵਿਚ ਇਕ ਬਿਹਤਰੀਨ ਕੋਚ ਵਜੋਂ ਸੇਵਾਵਾਂ ਨਿਭਾਉਂਦੇ ਹੋਏ ਉਨ੍ਹਾਂ ਨੇ 2004 ਦੀਆਂ ਐਥਨਜ਼ ਓਲੰਪਿਕ ਤੇ ਤਿੰਨ ਰਾਸ਼ਟਰਮੰਡਲ ਖੇਡਾਂ ਵਿਚ ਖਿਡਾਰੀਆਂ ਦੀ ਅਗਵਾਈ ਕੀਤੀ। ਇਸ ਦੌਰਾਨ ਕੁੱਲ 15 ਵੱਖ-ਵੱਖ ਕੈਟਾਗਰੀਆਂ ’ਚ ਪੁਰਸਕਾਰ ਦਿੱਤੇ ਗਏ, ਜਿਨ੍ਹਾਂ ਵਿੱਚ ਗਿਆਨ ਸਿੰਘ ਚੀਮਾ ਤੋਂ ਇਲਾਵਾ ਐਰਨ ਰਾਏ ( ਗੋਲਫ਼ਰ), ਸੰਗੀਤਾ ਬਿਰਦੀ, ਨਵਦੀਪ ਸਿੰਘ, ਦੀਪਾ ਸਿੰਘ, ਮੇਵਾ ਸਿੰਘ ਢੇਸੀ, ਬਲਜੀਤ ਸਿੰਘ ਕੂਨਰ, ਢਿੱਲੋਂ ਸਿੰਘ ਸੱਗੂ, ਸਰੀਤ ਕੌਰ ਬਿਨਿੰਗ, ਧਿਆਨ ਪਾਹਲ, ਮਹਿਲਾ ਲੈਲਾ ਸਿੱਧੂ, ਕਵਲਰਾਜ ਕੌਰ, ਐਰਨ ਪਾਲ ਤੇਜ ਰੇਖੀ ਸਮੇਤ ਗੁਰੂ ਹਰਿਗੋਬਿੰਦ ਸਪੋਰਟਸ ਕਲੱਬ, ਬਰੈਫੋਰਡ ਟਾਈਗਰਜ਼ ਹਾਕੀ ਕਲੱਬ, ਨੂੰ ਸਨਮਾਨਿਤ ਕੀਤਾ ਗਿਆ।
ਸਿੱਖ ਖੇਡ ਪੁਰਸਕਾਰ ਦੌਰਾਨ ਵੱਖ-ਵੱਖ ਖੇਡਾਂ ’ਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ
ਅਜੀਤ ਡੈਸਕ
06-07-2026