ਜਲੰਧਰ, 16 ਜੁਲਾਈ ( ਡਾ ਜਤਿੰਦਰ ਸਾਬੀ )-19 ਸਾਲ ਪਹਿਲਾਂ ਜਿਸ ਬੱਚੇ ਨੂੰ ਲਿਓਨੇਲ ਮੇਸੀ ਨੇ ਆਪਣੇ ਹੱਥਾਂ ਨਾਲ ਨਿਹਲਾਇਆ ਸੀ, ਅੱਜ ਉਹੀ ਲਾਮੀਨ ਯਾਮਾਲ ਬਣਿਆ ਅਰਜਨਟੀਨਾ ਦੇ ਵਿਸ਼ਵ ਕੱਪ ਸੁਪਨੇ ਦਾ ਸਭ ਤੋਂ ਵੱਡਾ ਇਮਤਿਹਾਨ। ਫੀਫਾ ਵਿਸ਼ਵ ਕੱਪ 2026 ਦਾ ਫਾਈਨਲ ਵੀ ਅਜਿਹੀ ਹੀ ਇਕ ਇਤਿਹਾਸਕ ਕਹਾਣੀ ਦਾ ਗਵਾਹ ਬਣਨ ਜਾ ਰਿਹਾ ਹੈ। ਇਕ ਪਾਸੇ ਅਰਜਨਟੀਨਾ ਦੇ ਮਹਾਨ ਫੁੱਟਬਾਲਰ ਲਿਓਨੇਲ ਮੈਸੀ ਅਤੇ ਦੂਜੇ ਪਾਸੇ ਸਪੇਨ ਦਾ ਨੌਜਵਾਨ ਸੁਪਰਸਟਾਰ ਲਾਮੀਨ ਯਾਮਾਲ, ਜਿਸ ਨੂੰ ਅੱਜ ਦੁਨੀਆ ਫੁੱਟਬਾਲ ਦਾ ਭਵਿੱਖ ਮੰਨਦੀ ਹੈ। ਇਹ ਸਿਰਫ਼ ਦੋ ਮਹਾਨ ਖਿਡਾਰੀਆਂ ਦੀ ਟੱਕਰ ਨਹੀਂ, ਸਗੋਂ ਦੋ ਪੀੜ੍ਹੀਆਂ, ਦੋ ਯੁੱਗਾਂ ਅਤੇ ਦੋ ਸੁਪਨਿਆਂ ਦਾ ਮਹਾਂ-ਮੁਕਾਬਲਾ ਹੈ। ਫਾਈਨਲ ਤੋਂ ਪਹਿਲਾਂ 2007 ਦੀ ਇਕ ਤਸਵੀਰ ਨੇ ਸੋਸ਼ਲ ਮੀਡੀਆ ’ਤੇ ਭਾਵਨਾਵਾਂ ਦੀ ਲਹਿਰ ਦੌੜਾ ਦਿੱਤੀ ਹੈ। ਉਸ ਤਸਵੀਰ ਵਿਚ 20 ਸਾਲਾ ਲਿਓਨੇਲ ਮੈਸੀ ਨੇ ਆਪਣੀ ਗੋਦ ਵਿਚ ਪੰਜ ਮਹੀਨੇ ਦੇ ਲਾਮੀਨ ਯਾਮਾਲ ਨੂੰ ਚੁੱਕਿਆ ਹੋਇਆ ਹੈ ਅਤੇ ਚੈਰਿਟੀ ਫੋਟੋਸ਼ੂਟ ਦੌਰਾਨ ਉਸ ਨੂੰ ਪਿਆਰ ਨਾਲ ਨਿਹਲਾ ਰਹੇ ਹਨ। ਉਸ ਵੇਲੇ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹੀ ਬੱਚਾ ਇਕ ਦਿਨ ਵਿਸ਼ਵ ਕੱਪ ਦੇ ਫਾਈਨਲ ਵਿਚ ਮੈਸੀ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਬਣ ਕੇ ਖੜ੍ਹਾ ਹੋਵੇਗਾ। 2007 ਵਿਚ ਯੂਨੀਸੇਫ ਅਤੇ ਕੈਟਾਲੋਨੀਆ ਦੇ ਅਖ਼ਬਾਰ ਡਿਆਰੀਓ ਸਪੋਰਟ ਨੇ ਇੱਕ ਚੈਰਿਟੀ ਮੁਹਿੰਮ ਚਲਾਈ। ਲਾਟਰੀ ਜਿੱਤਣ ਵਾਲੇ ਪਰਿਵਾਰ ਨੂੰ ਬਾਰਸੀਲੋਨਾ ਦੇ ਖਿਡਾਰੀਆਂ ਨਾਲ ਫੋਟੋਸ਼ੂਟ ਦਾ ਮੌਕਾ ਮਿਲਣਾ ਸੀ। ਕਿਸਮਤ ਨੇ ਲਾਮੀਨ ਯਾਮਾਲ ਦੇ ਪਰਿਵਾਰ ਦਾ ਨਾਂਅ ਚੁਣਿਆ। ਯਾਮਾਲ ਦੀ ਮਾਤਾ ਉਸ ਨੂੰ ਸਟੇਡੀਅਮ ਲੈ ਕੇ ਆਈ, ਜਿੱਥੇ ਲਿਓਨੇਲ ਮੈਸੀ ਨੇ ਉਸ ਬੱਚੇ ਨੂੰ ਗੋਦ ਵਿਚ ਚੁੱਕਿਆ। ਉਹ ਪਲ ਉਸ ਵੇਲੇ ਇੱਕ ਆਮ ਤਸਵੀਰ ਸੀ, ਪਰ ਅੱਜ ਉਹ ਫੁੱਟਬਾਲ ਇਤਿਹਾਸ ਦੀ ਸਭ ਤੋਂ ਕੀਮਤੀ ਯਾਦਾਂ ਵਿਚ ਸ਼ਾਮਲ ਹੋ ਚੁੱਕਿਆ ਹੈ।
ਖੇਡ ਸੰਸਾਰ
Free
ਫ਼ੀਫ਼ਾ ਵਿਸ਼ਵ ਕੱਪ 2026 ਫਾਈਨਲ ਤੋਂ ਪਹਿਲਾਂ ਕਿਸਮਤ ਦਾ ਅਨੋਖਾ ਕਨੈਕਸ਼ਨ
ਅਜੀਤ ਡੈਸਕ
17-07-2026