ਅਟਲਾਂਟਾ, 16 ਜੁਲਾਈ (ਏਜੰਸੀ)-ਫੀਫਾ ਵਿਸ਼ਵ ਕੱਪ 2026 ਦੇ ਦੂਜੇ ਸੈਮੀਫਾਈਨਲ ’ਚ ਮੌਜੂਦਾ ਵਿਸ਼ਵ ਚੈਂਪੀਅਨ ਅਰਜਨਟੀਨਾ ਨੇ ਇੰਗਲੈਂਡ ਨੂੰ 2-1 ਨਾਲ ਹਰਾਉਂਦੇ ਹੋਏ ਲਗਾਤਾਰ ਦੂਜੀ ਵਾਰ ਵਿਸ਼ਵ ਕੱਪ ਫਾਈਨਲ ’ਚ ਆਪਣੀ ਜਗ੍ਹਾ ਬਣਾਈ। ਦੋਵਾਂ ਵਿਚਾਲੇ ਖੇਡਿਆ ਗਿਆ ਮੁਕਾਬਲਾ ਸ਼ੁਰੂਆਤ ਤੋਂ ਹੀ ਸਖ਼ਤ ਰਿਹਾ। ਮੈਚ ਦੇ ਤੀਜੇ ਮਿੰਟ ’ਚ ਹੀ ਇੰਗਲੈਂਡ ਦੇ ਮਿਡਫੀਲਡਰ ਐਲੀਅਟ ਐਂਡਰਸਨ ਦੇ ਟੈਕਲ ਤੋਂ ਬਾਅਦ ਜ਼ਮੀਨ ‘ਤੇ ਡਿੱਗ ਜਾਣ ਕਾਰਨ ਦੋਵਾਂ ਟੀਮਾਂ ਦੇ ਖਿਡਾਰੀ ਆਹਮੋ-ਸਾਹਮਣੇ ਆ ਗਏ, ਜਿਸ ਤੋਂ ਬਾਅਦ ਰੈਫਰੀ ਨੂੰ ਇਸ ਮਾਮਲੇ ’ਚ ਦਖਲ ਦੇਣਾ ਪਿਆ। 32ਵੇਂ ਮਿੰਟ ਵਿਚ ਜੂਡ ਬੇਲਿੰਘਮ ’ਤੇ ਫਾਊਲ ਹੋਣ ਤੋਂ ਬਾਅਦ ਇੰਗਲੈਂਡ ਨੂੰ ਬਾਕਸ ਦੇ ਬਾਹਰ ਇਕ ਫ੍ਰੀ-ਕਿਕ ਦਿੱਤਾ ਗਿਆ। ਡੇਕਲਨ ਰਾਈਸ ਨੇ ਬਾਕਸ ’ਚ ਇਕ ਇਨਸਵਿੰਗ ਕਰਾਸ ਦਿੱਤਾ, ਜਿਸਨੂੰ ਜੌਨ ਸਟੋਨਸ ਨੇ ਹੈਡਰ ਨਾਲ ਪ੍ਰਾਪਤ ਕੀਤਾ; ਹਾਲਾਂਕਿ, ਉਸਦੇ ਵਲੋਂ ਕੀਤੀ ਗਈ ਗੋਲ ਦੀ ਕੋਸ਼ਿਸ਼ ਨਾਕਾਮ ਰਹੀ। ਮੈਚ ਦੌਰਾਨ ਪਹਿਲੇ ਅੱਧ ’ਚ ਦੋਵੇਂ ਟੀਮਾਂ ਨੇ ਇਕ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ, ਜਿਸਦੇ ਚਲਦੇ ਹੋਏ ਮੈਚ ਦੇ ਪਹਿਲੇ 45 ਮਿੰਟਾਂ ’ਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਇਸ ਦੌਰਾਨ ਮੈਦਾਨ ’ਤੇ ਸਖ਼ਤ ਟੱਕਰ, ਕਈ ਫਾਊਲ ਤੇ ਪੀਲੇ ਕਾਰਡ ਵੀ ਦੇਖਣ ਨੂੰ ਮਿਲੇ, ਜਿਸ ਕਾਰਨ ਮੁਕਾਬਲਾ ਬੇਹਦ ਰੋਮਾਂਚ ਭਰਪੂਰ ਬਣਿਆ। ਦੂਜੇ ਅੱਧ ਦੀ ਸ਼ੁਰੂਆਤ ਤੋਂ ਬਾਅਦ ਇੰਗਲੈਂਡ ਨੇ ਹਮਲਾਵਰ ਰਣਨੀਤੀ ਅਪਣਾਈ ਤੇ ਇਸ ਦਾ ਨਤੀਜਾ 55ਵੇਂ ਮਿੰਟ ’ਚ ਮਿਲਿਆ, ਜਦੋਂ ਐਂਥਨੀ ਗੋਰਡਨ ਨੇ ਗੋਲ ਕਰ ਕੇ ਇੰਗਲੈਂਡ ਨੂੰ ਅੱਗੇ ਕਰ ਦਿੱਤਾ। ਇਸ ਤੋਂ ਬਾਅਦ ਅਰਜਨਟੀਨਾ ਨੇ ਬਰਾਬਰੀ ਲਈ ਲਗਾਤਾਰ ਹਮਲੇ ਕੀਤੇ, ਪਰ ਇੰਗਲੈਂਡ ਦੀ ਰੱਖਿਆ ਲਾਈਨ ਮਜ਼ਬੂਤੀ ਨਾਲ ਡਟੀ ਰਹੀ। 85ਵੇਂ ਮਿੰਟ ਵਿਚ ਆਖਰਕਾਰ ਅਰਜਨਟੀਨਾ ਨੇ ਇੰਗਲੈਂਡ ਵਿਰੁੱਧ ਬਰਾਬਰੀ ਕੀਤੀ। ਐਂਜ਼ੋ ਫਰਨਾਂਡੇਜ਼ ਨੇ ਲਿਓਨਲ ਮੈਸੀ ਦੇ ਪਾਸ ’ਤੇ ਸ਼ਾਨਦਾਰ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਫਰਨਾਂਡੇਜ਼ ਨੇ ਕਾਫ਼ੀ ਦੂਰੀ ਤੋਂ ਸ਼ਾਟ ਲਿਆ ਤੇ ਇੰਗਲੈਂਡ ਦੇ ਗੋਲਕੀਪਰ ਨੂੰ ਹਰਾਉਣ ਵਿਚ ਸਫਲ ਰਿਹਾ। 90 ਮਿੰਟਾਂ ਬਾਅਦ ਟੀਮਾਂ ਬਰਾਬਰ ਸਨ ਤੇ ਅਜਿਹਾ ਲਗ ਰਿਹਾ ਸੀ ਕਿ ਮੈਚ ਦੇ ਸਮੇਂ ਵਿਚ 30 ਹੋਰ ਮਿੰਟ ਦਾ ਵਾਧਾ ਕੀਤਾ ਜਾ ਸਕਦਾ ਹੈ ਪਰ ਸਟਾਪੇਜ ਟਾਈਮ ਦੇ ਦੂਜੇ ਮਿੰਟ ’ਚ, ਲੌਟਾਰੋ ਮਾਰਟੀਨੇਜ਼ ਨੇ ਗੋਲ ਕਰਕੇ ਅਰਜਨਟੀਨਾ ਨੂੰ 2-1 ਨਾਲ ਅੱਗੇ ਕਰ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਇਸ ਗੋਲ ’ਚ ਵੀ ਮੈਸੀ ਨੇ ਭੂਮਿਕਾ ਨਿਭਾਈ। ਉਸਨੇ 90+2 ਮਿੰਟ ’ਚ ਮਾਰਟੀਨੇਜ਼ ਨੂੰ ਪਾਸ ਪ੍ਰਦਾਨ ਕੀਤਾ ਤੇ ਮਾਰਟੀਨੇਜ਼ ਨੇ ਇਸਨੂੰ ਗੋਲ ’ਚ ਬਦਲਣ ਵਿਚ ਕੋਈ ਗਲਤੀ ਨਹੀਂ ਕੀਤੀ।
ਖੇਡ ਸੰਸਾਰ
Free
ਅਰਜਨਟੀਨਾ ਲਗਾਤਾਰ ਦੂਜੀ ਵਾਰ ਫਾਈਨਲ ’ਚ
ਅਜੀਤ ਡੈਸਕ
17-07-2026