ਨਵਾਂ ਸਾਲ ਚੜਦਿਆਂ ਹੀ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਨ ਲੱਗੇ
ਅਜੀਤ ਡੈਸਕ
03-01-2026
ਲੈਸਟਰ (ਇੰਗਲੈਂਡ), 2 ਜਨਵਰੀ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਪ੍ਰਮੁੱਖ ਸ਼ਹਿਰ ਬਰਮਿੰਘਮ 'ਚ ਨਵੇਂ ਸਾਲ ਦੀ ਰਾਤ ਲੋਕਾਂ ਦੀਆਂ ਉਮੀਦਾਂ 'ਤੇ ਇਕ ਵਾਰ ਫਿਰ ਪਾਣੀ ਫਿਰ ਗਿਆ | ਸੋਸ਼ਲ ਮੀਡੀਆ 'ਤੇ ਫੈਲਾਏ ਗਏ ਝੂਠੇ ਇਸ਼ਤਿਹਾਰਾਂ ਕਾਰਨ ਹਜ਼ਾਰਾਂ ਲੋਕ ਨਵੇਂ ਸਾਲ ਦੀ ਰਾਤ ਸੈਂਟਨਰੀ ਸਕੁਐਰ ਵਿਚ ਇਕੱਠੇ ਹੋ ਗਏ, ਪਰ ਅੱਧੀ ਰਾਤ ਤੱਕ ਕੋਈ ਵੀ ਆਤਿਸ਼ਬਾਜ਼ੀ ਜਾਂ ਸਮਾਰੋਹ ਨਹੀਂ ਹੋਇਆ | ਜਾਣਕਾਰੀ ਅਨੁਸਾਰ ਫੇਸਬੁੱਕ ਤੇ ਹੋਰ ਆਨਲਾਈਨ ਪਲੇਟਫਾਰਮਾਂ 'ਤੇ 'ਸ਼ਹਿਰ ਦੀ ਸਭ ਤੋਂ ਵੱਡੀ ਨਿਊ ਇਅਰ ਪਾਰਟੀ' ਦੇ ਨਾਂ 'ਤੇ ਫਰਜ਼ੀ ਇਸ਼ਤਿਹਾਰ ਜਾਰੀ ਕੀਤੇ ਗਏ ਸਨ, ਜਿਨ੍ਹਾਂ 'ਚ ਵੱਡੀ ਪੱਧਰ ਦੀ ਆਤਿਸ਼ਬਾਜ਼ੀ ਤੇ ਮਨੋਰੰਜਕ ਪ੍ਰੋਗਰਾਮਾਂ ਦੇ ਵਾਅਦੇ ਕੀਤੇ ਗਏ | ਇਨ੍ਹਾਂ ਇਸ਼ਤਿਹਾਰਾਂ 'ਤੇ ਭਰੋਸਾ ਕਰਦਿਆਂ ਪਰਿਵਾਰਾਂ ਸਮੇਤ ਹਜ਼ਾਰਾਂ ਲੋਕ ਕੜਾਕੇ ਦੀ ਠੰਡ ਚ ਨਿਰਧਾਰਿਤ ਥਾਂ 'ਤੇ ਪਹੁੰਚ ਗਏ | ਰਾਤ 12 ਵੱਜਣ 'ਤੇ ਜਦੋਂ ਨਾ ਕੋਈ ਆਤਿਸ਼ਬਾਜ਼ੀ ਹੋਈ ਅਤੇ ਨਾ ਹੀ ਕਿਸੇ ਪ੍ਰੋਗਰਾਮ ਦੀ ਸ਼ੁਰੂਆਤ, ਤਾਂ ਭੀੜ 'ਚ ਨਿਰਾਸ਼ਾ ਤੇ ਗੁੱਸਾ ਫੈਲ ਗਿਆ | ਲੋਕ ਆਪਣੇ ਆਪ ਨੂੰ ਠੱਗਿਆ -ਠੱਗਿਆ ਮਹਿਸੂਸ ਕਰਨ ਲੱਗੇ |