ਲੰਡਨ, 4 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਨਵੇਂ ਸਾਲ ਦੇ ਦਿਨ ਦੱਖਣੀ ਲੰਡਨ ਦੇ ਘਰ 'ਚ ਮਿ੍ਤਕ ਪਾਏ ਗਏ ਵਿਅਕਤੀ ਦੀ ਪਹਿਚਾਣ 41 ਸਾਲਾ ਕਲੀਮ ਸ਼ੇਖ ਵਜੋਂ ਹੋਈ ਹੈ | ਜੋ ਇਕ ਭਾਰਤੀ ਨਾਗਰਿਕ ਹੈ | ਮੈਟਰੋਪੁਲੀਟਨ ਪੁਲਿਸ ਨੇ ਕਿਹਾ ਕਿ ਨਵੇਂ ਸਾਲ ਦੇ ਦਿਨ ਪੁਲਿਸ ਰਾਤ 8 ਵਜੇ ਲੈਂਬਥ ਦੇ ਬੌਂਡਵੇਅ ਸਥਿਤ ਇਕ ਘਰ 'ਚ ਦਾਖਿਲ ਹੋਈ ਸੀ | ਜਿੱਥੋਂ 41 ਸਾਲਾ ਕਲੀਮ ਸ਼ੇਖ ਦੀ ਲਾਸ਼ ਮਿਲੀ ਤੇ ਉਕਤ ਮਾਮਲੇ 'ਚ ਉਸੇ ਸੜਕ ਦੇ ਰਹਿਣ ਵਾਲੇ ਡੈਨੀਅਲ ਲੇਵੀ ਨੂੰ ਗਿ੍ਫਤਾਰ ਕੀਤਾ ਗਿਆ ਹੈ | ਬੀਤੇ ਕੱਲ 48 ਸਾਲਾ ਡੈਨੀਅਲ ਲੇਵੀ 'ਤੇ ਕਤਲ ਦਾ ਦੋਸ਼ ਲਗਾਇਆ ਗਿਆ ਤੇ ਉਸਨੂੰ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਗਿਆ ਹੈ | ਪੁਲਿਸ ਮੁਤਾਬਕ ਡੈਨੀਅਲ 5 ਜਨਵਰੀ ਨੂੰ ਓਲਡ ਬੇਲੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ | ਮੈਟਰੋਪੋਲੀਟਨ ਪੁਲਿਸ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਕਲੀਮ ਸ਼ੇਖ ਇਕ ਭਾਰਤੀ ਨਾਗਰਿਕ ਸੀ | ਉਸਦੇ ਭਾਰਤ 'ਚ ਰਹਿੰਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ ਤੇ ਮਾਹਰ ਅਧਿਕਾਰੀਆਂ ਵਲੋਂ ਸਹਾਇਤਾ ਕੀਤੀ ਜਾ ਰਹੀ ਹੈ | ਜਾਂਚ ਅਧਿਕਾਰੀ ਡਿਟੈਕਟਿਵ ਚੀਫ਼ ਇੰਸਪੈਕਟਰ ਫਿਲ ਕਲਾਰਕ ਨੇ ਕਿਹਾ 'ਇਸ ਔਖੇ ਸਮੇਂ 'ਚ ਸਾਡੀਆਂ ਭਾਵਨਾਵਾਂ ਕਲੀਮ ਦੇ ਪਰਿਵਾਰ ਨਾਲ ਹਨ | ਘਟਨਾ ਦੇ ਸੰਬੰਧ 'ਚ ਇਸ ਵੇਲੇ ਕਿਸੇ ਹੋਰ ਸ਼ੱਕੀ ਦੀ ਭਾਲ ਨਹੀਂ ਕੀਤੀ ਜਾ ਰਹੀ | ਹੱਤਿਆ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ |