ਲੰਡਨ, 4 ਜਨਵਰੀ, (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀ ਮੂਲ ਦੀ ਕਾਰੋਬਾਰੀ ਕਰਨਜੀਤ ਕੌਰ ਜੌਹਲ ਬੀਤੇ ਸਾਲ 12 ਦਿਨ ਲਈ ਅਮਰੀਕਾ ਦੇ ਸ਼ਹਿਰ ਸ਼ਾਨ-ਫਰਾਂਸਿਸਕੋ ਗਈ, ਇਸ ਦੌਰਾਨ ਉਸ ਦਾ ਮੋਬਾਇਲ ਫੋਨ ਬਿੱਲ 1 ਲੱਖ 53 ਹਜ਼ਾਰ ਪੌਂਡ ਲਗਭਗ 1 ਕਰੋੜ 85 ਲੱਖ ਰੁਪਏ ਆਇਆ ਹੈ | ਲਗਭਗ ਪ੍ਰਤੀਕਾਲ ਦੀ ਕੀਮਤ 37 ਹਜ਼ਾਰ ਪੌਂਡ ਦੱਸੀ ਜਾਂਦੀ ਹੈ | 27 ਸਾਲਾ ਕਰਨਜੀਤ ਕੌਰ ਉਸ ਸਮੇਂ ਹੈਰਾਨ ਰਹਿ ਗਈ ਜਦੋਂ ਉਸਦੀ ਮੋਬਾਈਲ ਕੰਟਰੈਕਟ ਪ੍ਰਦਾਤਾ ਕਰੀਜ਼ ਬਿਜ਼ਨਸ ਨੇ ਇਕ ਈ-ਮੇਲ ਭੇਜੀ ਜਿਸ 'ਚ ਖੁਲਾਸਾ ਕੀਤਾ ਗਿਆ ਕਿ ਉਸਦਾ ਮਈ ਦਾ ਬਿੱਲ 57,386 ਪੌਂਡ ਤੱਕ ਪਹੁੰਚ ਗਿਆ ਹੈ | ਜਦੋਂ ਉਸ ਨੇ ਚਿੰਤਾਵਾਂ ਜ਼ਾਹਰ ਕੀਤੀਆਂ ਤਾਂ ਪਤਾ ਲੱਗਦਾ ਕਿ ਉਸ ਦਾ ਜੂਨ ਦਾ ਬਿੱਲ ਮਿਲਾ ਕੇ 96,098 ਪੌਂਡ ਤੱਕ ਹੈ | ਵੈਸਟ ਮਿਡਲੈਂਡਜ਼ ਦੀ ਕਰਨਜੀਤ ਨੇ ਕਿਹਾ ਕਿ ਉਸਨੇ ਆਪਣਾ ਖਾਤਾ ਸਥਾਪਤ ਕਰਦੇ ਸਮੇਂ ਵੱਧ ਤੋਂ ਵੱਧ ਬਿੱਲ 100 ਪੌਂਡ ਤੱਕ ਕਰਨ ਦੀ ਬੇਨਤੀ ਕੀਤੀ ਸੀ | ਹਾਲਾਂਕਿ ਕਰੀਜ਼ ਤੋਂ ਆਈਆਂ ਈ-ਮੇਲਾਂ ਤੋਂ ਪਤਾ ਲੱਗਦਾ ਹੈ ਕਿ ਉਸ ਦੀਆਂ ਕਾਲ ਰਿਕਾਰਡਿੰਗਾਂ 'ਚ ਇਸ ਬੇਨਤੀ ਦਾ ਕੋਈ ਸਬੂਤ ਨਹੀਂ ਹੈ | ਕਰਨਜੀਤ ਨੇ ਕਿਹਾ ਕਿ ਇਸ ਅਦਾਇਗੀ ਨੂੰ ਲੈ ਕੇ ਉਸ ਦੀ ਪ੍ਰਾਪਰਟੀ ਫਰਮ ਦੇ ਕ੍ਰੈਡਿਟ ਸਕੋਰ ਨੂੰ ਨੁਕਸਾਨ ਹੋਇਆਂ ਹੈ | ਮੇਰਾ ਬਿੱਲ ਕਦੇ ਵੀ 68 ਪੌਂਡ ਤੋਂ ਵੱਧ ਨਹੀਂ ਆਇਆ ਸੀ | ਮੈਂ ਅਕਸਰ ਵਿਦੇਸ਼ ਯਾਤਰਾ ਕਰਦੀ ਹਾਂ | ਮੈਨੂੰ ਅਮਰੀਕਾ 'ਚ ਆਪਣੇ ਸਮੇਂ ਦੌਰਾਨ ਕੋਈ ਚੇਤਾਵਨੀ ਜਾਂ ਕੋਈ ਖਰਚ ਸੂਚਨਾ ਨਹੀਂ ਮਿਲੀ |