ਟੋਰਾਂਟੋ, 4 ਜਨਵਰੀ (ਹਰਜੀਤ ਸਿੰਘ ਬਾਜਵਾ)-ਓਾਟਾਰੀਓ ਖਾਲਸਾ ਦਰਬਾਰ ਗੁਰੂਦੁਆਰਾ ਸਾਹਿਬ ਡਿਕਸੀ ਰੋਡ ਮਿਸੀਸਾਗਾ ਵਿਖੇ ਨਵੇਂ ਸਾਲ ਦੀ ਆਮਦ 'ਤੇ ਸਾਰਾ ਦਿਨ ਗੁਰਮਿਤ ਸਮਾਗਮ ਕਰਵਾਏ ਗਏ ਤੇ 31 ਦਸੰਬਰ ਰਾਤ ਨੂੰ ਸੰਗਤਾਂ ਨੇ ਭਾਰੀ ਇਕੱਠ 'ਚ ਜ਼ੈਕਾਰਿਆਂ ਦੀ ਗੂੰਜ 'ਚ ਸਾਲ 2025 ਨੂੰ ਅਲਵਿਦਾ ਤੇ ਨਵੇਂ ਸਾਲ 2026 ਨੂੰ ਜੀ ਆਇਆਂ ਆਖਿਆ ਇਹਨਾਂ ਸਮਾਗਮਾਂ 'ਚ ਸਿੱਖ ਪੰਥ ਦੇ ਪ੍ਰਸਿੱਧ ਕਥਾਵਾਚਕ, ਰਾਗੀ ਤੇ ਢਾਡੀ ਜਥਿਆਂ ਵੱਲੋਂ ਹਾਜ਼ਰੀ ਭਰੀ ਗਈ | ਇਸ ਮੌਕੇ ਗੁਰੂਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਭੁਪਿੰਦਰ ਸਿੰਘ, ਦੂਜੇ ਗ੍ਰੰਥੀ ਸਿੰਘਾਂ ਤੇ ਸੰਗਤਾਂ ਵੱਲੋਂ ਜਪੁਜੀ ਸਾਹਿਬ ਦੇ ਪਾਠ ਕੀਤੇ ਗਏ ਤੇ ਪੰਥ ਅਤੇ ਸਮੁੱਚੀ ਲੁਕਾਈ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ | ਇਹਨਾਂ ਸਮਾਗਮਾਂ 'ਚ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਹਰਪਾਲ ਸਿੰਘ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਨਵੇਂ ਸਾਲ ਦੀਆਂ ਵਧਾਈਆਂ ਦਿੰਦਿਆਂ ਆਈਆਂ ਸੰਗਤਾਂ ਨੂੰ ਗੁਰੂ ਦੇ ਲੜ ਲੱਗਣ ਦੀ ਬੇਨਤੀ ਕੀਤੀ, ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਨਿਭਾਉਂਦਿਆਂ ਗੁਰੂ ਘਰ ਦੇ ਮੁੱਖ ਸਕੱਤਰ ਭਾਈ ਪਰਮਜੀਤ ਸਿੰਘ ਗਿੱਲ, ਸਹਾਇਕ ਸਕੱਤਰ ਭਾਈ ਸਰਬਜੀਤ ਸਿੰਘ ਨੇ ਵੀ ਸੰਗਤਾਂ ਨਾਲ ਸਾਂਝ ਪਾਈ | ਸਮਾਗਮ ਦੌਰਾਨ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਉਂਨ ਅਤੇ ਡਿਪਟੀ ਮੇਅਰ ਹਰਕੀਰਤ ਸਿੰਘ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ | ਇਸ ਮੌਕੇ ਹਾਜ਼ਰ ਸੰਗਤਾਂ ਨੂੰ ਗੁਰੂਘਰ ਦੇ ਸਮੂਹ ਹਜ਼ੂਰੀ ਰਾਗੀ ਜਥਿਆਂ ਭਾਈ ਸ਼ਮਸ਼ੇਰ ਸਿੰਘ, ਭਾਈ ਦਰਸ਼ਨਜੀਤ ਸਿੰਘ, ਭਾਈ ਰਵਿੰਦਰ ਸਿੰਘ ਦੇ ਜਥਿਆਂ, ਭਾਈ ਸੁਖਦੇਵ ਸਿੰਘ, ਭਾਈ ਓਾਕਾਰ ਸਿੰਘ, ਭਾਈ ਜਗਦੀਸ਼ ਸਿੰਘ, ਭਾਈ ਕੁਲਵਿੰਦਰ ਸਿੰਘ, ਭਾਈ ਹਰਵਿੰਦਰ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਅਵਤਾਰ ਸਿੰਘ ਨਵਾਂਸ਼ਹਿਰ, ਭਾਈ ਮਨਜੋਤ ਸਿੰਘ, ਭਾਈ ਇੰਦਰਜੀਤ ਸਿਘ, ਭਾਈ ਰਣਜੀਤ ਸਿੰਘ ਆਦਿ ਨੇ ਗੁਰਬਾਣੀ ਕੀਰਤਨ ਤੇ ਭਾਈ ਗੁਲਜ਼ਾਰ ਸਿੰਘ ਵੱਲੋਂ ਕਥਾ ਵਿਚਾਰਾਂ ਨਾਲ ਹਾਜ਼ਰੀ ਭਰੀ ਜਦੋਂ ਕਿ ਗਿਆਨੀ ਅਮਨਦੀਪ ਸਿੰਘ ਭੁੱਲਾਰਾਈ ਦੇ ਜਥੇ ਵੱਲੋਂ ਸੰਗਤਾਂ ਨੂੰ ਢਾਡੀ ਵਾਰਾਂ ਸਰਵਣ ਕਰਵਾਈਆਂ ਗਈਆਂ | ਇਸ ਮੌਕੇ ਕਮੇਟੀ ਦੇ ਵਾਈਸ ਪ੍ਰਧਾਨ ਗੁਰਿੰਦਰਜੀਤ ਸਿੰਘ ਭੁੱਲਰ, ਚੇਅਰਮੈਨ ਬਲਜੀਤ ਸਿੰਘ ਪੰਡੋਰੀ, ਖ਼ਜ਼ਾਨਚੀ, ਭੁਪਿੰਦਰ ਸਿੰਘ ਬਾਠ, ਨਵਜੀਤ ਸਿੰਘ, ਸਰਦਾਰਾ ਸਿੰਘ, ਜਸਵਿੰਦਰ ਸਿੰਘ, ਗੁਰਦੇਵ ਸਿੰਘ ਨਾਹਲ , ਦਵਿੰਦਰ ਸਿੰਘ ਧਾਲੀਵਾਲ ਸਮੇਤ ਸਾਰੇ ਕਮੇਟੀ ਮੈਂਬਰ ਮੌਜੂਦ ਸਨ |