ਲੈਸਟਰ (ਇੰਗਲੈਂਡ), 5 ਜਨਵਰੀ (ਸੁਖਜਿੰਦਰ ਸਿੰਘ ਢੱਡੇ)-ਬਰਤਾਨਵੀ ਸ਼ਾਹੀ ਪਰਿਵਾਰ 'ਚ ਪਿਛਲੇ ਕਾਫ਼ੀ ਸਮੇਂ ਤੋਂ ਚੱਲ ਰਹੀ ਤਣਾਅਪੂਰਨ ਸਥਿਤੀ ਦੇ ਦਰਮਿਆਨ ਹੁਣ ਰਿਸ਼ਤਿਆਂ ਨੂੰ ਸੁਧਾਰਨ ਸਬੰਧੀ ਚਰਚਾ ਮੁੜ ਤੇਜ਼ ਹੋ ਗਈ ਹੈ | ਮੀਡੀਆ ਰਿਪੋਰਟਾਂ ਅਨੁਸਾਰ ਪਿ੍ੰਸ ਹੈਰੀ ਦੀ ਇਹ ਖ਼ਾਹਿਸ਼ ਹੈ ਕਿ ਉਨ੍ਹਾਂ ਦੇ ਪਿਤਾ ਕਿੰਗ ਚਾਰਲਜ਼ ਆਪਣੇ ਅਮਰੀਕਾ ਦੌਰੇ ਦੌਰਾਨ ਆਪਣੇ ਪੌਤਿਆਂ ਆਰਚੀ ਤੇ ਲਿਲੀਬੈਟ ਨਾਲ ਮੁਲਾਕਾਤ ਕਰਨ | ਇਸ ਸੰਭਾਵਨਾ ਨੂੰ ਸ਼ਾਹੀ ਪਰਿਵਾਰ ਦੇ ਰਿਸ਼ਤਿਆਂ ਲਈ ਇਕ ਮਹੱਤਵਪੂਰਨ ਮੋੜ ਵਜੋਂ ਵੇਖਿਆ ਜਾ ਰਿਹਾ ਹੈ | ਰਿਪੋਰਟਾਂ ਮੁਤਾਬਕ ਕਿੰਗ ਚਾਰਲਜ਼ ਅਪ੍ਰੈਲ ਮਹੀਨੇ 'ਚ ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਹਨ | ਇਸ ਦੌਰੇ ਨੂੰ ਲੈ ਕੇ ਇਹ ਅਟਕਲਾਂ ਵੀ ਲੱਗ ਰਹੀਆਂ ਹਨ ਕਿ ਕੀ ਇਹ ਮੌਕਾ ਪਿਤਾ-ਪੁੱਤਰ ਦਰਮਿਆਨ ਦੂਰੀਆਂ ਘਟਾਉਣ 'ਚ ਮਦਦਗਾਰ ਸਾਬਤ ਹੋ ਸਕੇਗਾ | ਕਿਹਾ ਜਾ ਰਿਹਾ ਹੈ ਕਿ ਹੈਰੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਦਾ ਆਪਣੇ ਦਾਦਾ ਨਾਲ ਰਿਸ਼ਤਾ ਬਣਿਆ ਰਹੇ ਤੇ ਪਰਿਵਾਰਕ ਤਣਾਅ ਨੂੰ ਹੌਲੀ-ਹੌਲੀ ਘਟਾਇਆ ਜਾਵੇ | ਸ਼ਾਹੀ ਮਾਮਲਿਆਂ ਨਾਲ ਜੁੜੇ ਜਾਣਕਾਰਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਬਿਆਨਾਂ, ਇੰਟਰਵਿਊਆਂ ਤੇ ਵਪਾਰਕ ਸਮਝੌਤਿਆਂ ਕਾਰਨ ਸ਼ਾਹੀ ਪਰਿਵਾਰ ਤੇ ਹੈਰੀ-ਮੇਘਨ ਦਰਮਿਆਨ ਖਟਾਸ ਵਧੀ ਸੀ | ਇਸ ਕਾਰਨ ਦੋਹਾਂ ਧਿਰਾਂ ਦੇ ਰਿਸ਼ਤਿਆਂ 'ਤੇ ਗਹਿਰਾ ਅਸਰ ਪਿਆ | ਹਾਲਾਂਕਿ ਹੁਣ ਪਰਿਵਾਰਕ ਪੱਧਰ 'ਤੇ ਸਲਾਹ-ਮਸ਼ਵਰੇ ਤੇ ਮਿਲਾਪ ਦੀਆਂ ਸੰਭਾਵਨਾਵਾਂ ਸਾਹਮਣੇ ਆਉਣ ਨਾਲ ਆਸ ਜਤਾਈ ਜਾ ਰਹੀ ਹੈ ਕਿ ਹਾਲਾਤ ਬਿਹਤਰ ਹੋ ਸਕਦੇ ਹਨ | ਰਾਜਨੀਤਕ ਤੇ ਸ਼ਾਹੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਕਿੰਗ ਚਾਰਲਜ਼ ਆਪਣੇ ਪੌਤਿਆਂ ਨਾਲ ਮੁਲਾਕਾਤ ਕਰਦੇ ਹਨ ਤਾਂ ਇਹ ਸਿਰਫ਼ ਨਿੱਜੀ ਪੱਧਰ 'ਤੇ ਹੀ ਨਹੀਂ, ਸਗੋਂ ਜਨਤਕ ਤੌਰ 'ਤੇ ਵੀ ਇਕ ਸਕਾਰਾਤਮਕ ਸੰਦੇਸ਼ ਦੇਵੇਗਾ | ਇਸ ਨਾਲ ਇਹ ਦਰਸਾਇਆ ਜਾ ਸਕੇਗਾ ਕਿ ਸ਼ਾਹੀ ਪਰਿਵਾਰ ਅੰਦਰ ਚੱਲ ਰਹੇ ਵਿਵਾਦਾਂ ਦੇ ਬਾਵਜੂਦ ਰਿਸ਼ਤਿਆਂ ਨੂੰ ਸੰਭਾਲਣ ਦੀ ਕੋਸ਼ਿਸ਼ ਜਾਰੀ ਹੈ | ਫਿਲਹਾਲ ਬਕਿੰਗਹਮ ਪੈਲੇਸ ਵੱਲੋਂ ਇਸ ਮਾਮਲੇ 'ਤੇ ਕੋਈ ਸਰਕਾਰੀ ਬਿਆਨ ਜਾਰੀ ਨਹੀਂ ਕੀਤਾ ਗਿਆ, ਪਰ ਬਰਤਾਨੀਆ ਤੇ ਅਮਰੀਕਾ ਦੋਵਾਂ 'ਚ ਇਹ ਮਸਲਾ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ | ਆਉਣ ਵਾਲੇ ਦਿਨਾਂ 'ਚ ਇਹ ਸਪਸ਼ਟ ਹੋ ਜਾਵੇਗਾ ਕਿ ਕੀ ਇਹ ਦੌਰਾ ਸ਼ਾਹੀ ਪਰਿਵਾਰ ਲਈ ਰਿਸ਼ਤਿਆਂ ਦੀ ਨਵੀਂ ਸ਼ੁਰੂਆਤ ਸਾਬਤ ਹੁੰਦਾ ਹੈ ਜਾਂ ਨਹੀਂ |