ਲੈਸਟਰ (ਇੰਗਲੈਂਡ), 5 ਜਨਵਰੀ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਗ੍ਰੀਨਲੈਂਡ ਨੂੰ ਲੈ ਕੇ ਚੱਲ ਰਹੀ ਅੰਤਰਰਾਸ਼ਟਰੀ ਚਰਚਾ ਵਿਚਕਾਰ 2-ਟੁੱਕ ਸ਼ਬਦਾਂ 'ਚ ਕਿਹਾ ਹੈ ਕਿ ਗ੍ਰੀਨਲੈਂਡ ਦੇ ਭਵਿੱਖ ਬਾਰੇ ਫ਼ੈਸਲਾ ਕਰਨ ਦਾ ਪੂਰਾ ਹੱਕ ਸਿਰਫ਼ ਗ੍ਰੀਨਲੈਂਡ ਤੇ ਡੈਨਮਾਰਕ ਨੂੰ ਹੀ ਹੈ | ਉਨ੍ਹਾਂ ਆਖਿਆ ਕਿ ਕਿਸੇ ਵੀ ਹੋਰ ਦੇਸ਼ ਵੱਲੋਂ ਦਬਾਅ, ਧਮਕੀ ਜਾਂ ਦਖ਼ਲ ਕਤਈ ਕਬੂਲ ਨਹੀਂ ਕੀਤਾ ਜਾ ਸਕਦਾ | ਪ੍ਰਧਾਨ ਮੰਤਰੀ ਸਟਾਰਮਰ ਨੇ ਕਿਹਾ ਕਿ ਗ੍ਰੀਨਲੈਂਡ ਡੈਨਮਾਰਕ ਦੇ ਅਧੀਨ ਖੁਦਮੁਖਤਿਆਰ ਖੇਤਰ ਹੈ ਤੇ ਇਸ ਨਾਲ ਜੁੜਿਆ ਹਰ ਫ਼ੈਸਲਾ ਉਥੋਂ ਦੇ ਲੋਕਾਂ ਦੀ ਰਜ਼ਾਮੰਦੀ ਤੇ ਡੈਨਮਾਰਕ ਦੀ ਸਹਿਮਤੀ ਨਾਲ ਹੀ ਹੋ ਸਕਦਾ ਹੈ | ਉਨ੍ਹਾਂ ਜ਼ੋਰ ਦਿੱਤਾ ਕਿ ਜ਼ਬਰਦਸਤੀ ਨਾਲ ਕਿਸੇ ਖੇਤਰ ਦੀ ਕਿਸਮਤ ਨਹੀਂ ਬਦਲੀ ਜਾ ਸਕਦੀ | ਇਹ ਬਿਆਨ ਉਸ ਪਿਛੋਕੜ 'ਚ ਆਇਆ ਹੈ ਜਦੋਂ ਗ੍ਰੀਨਲੈਂਡ ਬਾਰੇ ਕੁਝ ਤਿੱਖੇ ਬਿਆਨਾਂ ਨੇ ਯੂਰਪ ਭਰ 'ਚ ਚਿੰਤਾ ਪੈਦਾ ਕਰ ਦਿੱਤੀ ਸੀ | ਕੀਅਰ ਸਟਾਰਮਰ ਨੇ ਦੱਸਿਆ ਕਿ ਉਨ੍ਹਾਂ ਨੇ ਡੈਨਮਾਰਕ ਦੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਕੇ ਬਰਤਾਨੀਆ ਦੀ ਪੂਰੀ ਹਮਾਇਤ ਦਾ ਭਰੋਸਾ ਦਿੱਤਾ ਹੈ | ਉਨ੍ਹਾਂ ਆਖਿਆ ਕਿ ਬਰਤਾਨੀਆ ਡੈਨਮਾਰਕ ਦੇ ਨਾਲ ਖੜ੍ਹਾ ਹੈ ਤੇ ਯੂਰਪ 'ਚ ਅਮਨ ਤੇ ਸਥਿਰਤਾ ਨੂੰ ਕਿਸੇ ਵੀ ਕੀਮਤ 'ਤੇ ਖਤਰੇ 'ਚ ਨਹੀਂ ਪੈਣ ਦਿੱਤਾ ਜਾਵੇਗਾ | ਲੇਬਰ ਪਾਰਟੀ ਅੰਦਰੋਂ ਵੀ ਕਈ ਸੰਸਦ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ 'ਚ ਸਖ਼ਤ ਤੇ ਸਪਸ਼ਟ ਰੁਖ ਜਾਰੀ ਰੱਖਿਆ ਜਾਵੇ | ਸਿਆਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਦਾ ਇਹ ਬਿਆਨ ਛੋਟੇ ਤੇ ਖੁਦਮੁਖਤਿਆਰ ਖੇਤਰਾਂ ਲਈ ਹੌਂਸਲਾ ਵਧਾਉਣ ਵਾਲਾ ਹੈ ਤੇ ਇਹ ਸੰਦੇਸ਼ ਦਿੰਦਾ ਹੈ ਕਿ ਲੋਕਾਂ ਦੀ ਇੱਛਾ ਤੋਂ ਬਿਨਾਂ ਕਿਸੇ ਖੇਤਰ ਦਾ ਭਵਿੱਖ ਤੈਅ ਨਹੀਂ ਕੀਤਾ ਜਾ ਸਕਦਾ |